ਘੱਟ ਜਾਂ ਜ਼ਿਆਦਾ ਨੀਂਦ ਲਈ ਤਾਂ ਛੇਤੀ ਆ ਸਕਦਾ ਹੈ ਬੁਢਾਪਾ, ਜਾਣੋ ਕਿੰਨੀ ਨੀਂਦ ਕਾਫ਼ੀ ਹੈ

ਤਸਵੀਰ ਸਰੋਤ, AFP via Getty Images
- ਲੇਖਕ, ਰੌਨਕ ਭੈੜਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਰੋਜ਼ਾਨਾ ਕਿੰਨੇ ਘੰਟੇ ਦੀ ਨੀਂਦ ਲੈਣਾ ਜ਼ਰੂਰੀ ਹੈ, ਇਹ ਸਵਾਲ ਅਕਸਰ ਲੋਕਾਂ ਦੇ ਮਨ ਵਿੱਚ ਰਹਿੰਦਾ ਹੈ। ਆਮ ਤੌਰ 'ਤੇ 6 ਤੋਂ 8 ਘੰਟੇ ਦੀ ਨੀਂਦ ਨੂੰ ਕਾਫ਼ੀ ਮੰਨਿਆ ਜਾਂਦਾ ਹੈ।
ਪਰ ਜੇ ਕੋਈ ਵਿਅਕਤੀ ਇਸ ਤੋਂ ਕਾਫ਼ੀ ਘੱਟ ਜਾਂ ਜ਼ਿਆਦਾ ਸੌਂਦਾ ਹੈ ਤਾਂ ਇਸ ਦਾ ਅਸਰ ਉਸ ਦੀ ਸਿਹਤ ਅਤੇ ਸਰੀਰ ਦੀ ਉਮਰ ਵਧਣ ਦੀ ਪ੍ਰਕਿਰਿਆ 'ਤੇ ਪੈ ਸਕਦਾ ਹੈ।
ਹੈਲਥ ਜਰਨਲ ਨੇਚਰ ਵਿੱਚ ਪ੍ਰਕਾਸ਼ਿਤ ਇੱਕ ਖੋਜ ਵਿੱਚ ਖੋਜਕਰਤਾਵਾਂ ਨੇ ਪਾਇਆ ਹੈ ਕਿ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਨੀਂਦ ਲੈਣ ਵਾਲੇ ਲੋਕਾਂ ਵਿੱਚ ਜਲਦੀ ਬੁੱਢੇ ਹੋਣ ਦੇ ਸੰਕੇਤ ਦਿਖਾਈ ਦੇ ਸਕਦੇ ਹਨ।
ਇਸ ਅਧਿਐਨ ਲਈ ਕੋਲੰਬੀਆ ਯੂਨੀਵਰਸਿਟੀ ਦੇ ਕੰਪਿਊਟਰ ਨਿਊਰੋਸਾਇੰਟਿਸਟ ਜਨਹਾਓ ਵੇਨ ਅਤੇ ਉਨ੍ਹਾਂ ਦੀ ਟੀਮ ਨੇ ਯੂਕੇ ਬਾਇਓਬੈਂਕ ਦੇ ਕਰੀਬ 5 ਲੱਖ ਲੋਕਾਂ ਦੇ ਸਿਹਤ ਸਬੰਧੀ ਅੰਕੜਿਆਂ ਦਾ ਅਧਿਐਨ ਕੀਤਾ।
ਅਧਿਐਨ ਮੁਤਾਬਕ, ਰੋਜ਼ਾਨਾ 6 ਤੋਂ 8 ਘੰਟੇ ਸੌਣ ਵਾਲੇ ਲੋਕਾਂ ਵਿੱਚ ਕਈ ਸਿਹਤ ਸਮੱਸਿਆਵਾਂ ਦਾ ਖ਼ਤਰਾ ਘੱਟ ਪਾਇਆ ਗਿਆ। ਜਦਕਿ, ਬਹੁਤ ਘੱਟ ਜਾਂ ਬਹੁਤ ਜ਼ਿਆਦਾ ਨੀਂਦ ਲੈਣ ਵਾਲੇ ਲੋਕਾਂ ਵਿੱਚ ਸਰੀਰ ਦੀ ਉਮਰ ਵਧਣ ਨਾਲ ਜੁੜੇ ਸੰਕੇਤ ਵਧੇਰੇ ਦੇਖਣ ਨੂੰ ਮਿਲੇ।
ਹਾਲਾਂਕਿ, ਖੋਜ ਇਹ ਵੀ ਸਾਬਿਤ ਨਹੀਂ ਕਰਦੀ ਕਿ ਰੋਜ਼ਾਨਾ 6 ਤੋਂ 8 ਘੰਟੇ ਦੀ ਨੀਂਦ ਲੈਣ ਨਾਲ ਸਿੱਧੇ ਤੌਰ 'ਤੇ ਸਿਹਤ ਬਿਹਤਰ ਹੁੰਦੀ ਹੈ ਜਾਂ ਉਮਰ ਵਧਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ।

ਤਸਵੀਰ ਸਰੋਤ, Getty Images
ਖੋਜਕਰਤਾਵਾਂ ਨੂੰ ਨੀਂਦ ਦੀ ਮਿਆਦ ਅਤੇ ਸਰੀਰ ਦੀ ਉਮਰ ਵਧਣ ਵਿਚਕਾਰ ਕਈ ਮਾਮਲਿਆਂ ਵਿੱਚ 'U ਆਕਾਰ' ਦਾ ਸਬੰਧ ਦਿਖਾਈ ਦਿੱਤਾ। ਇਸ ਦਾ ਮਤਲਬ ਹੈ ਕਿ ਆਮ ਮਿਆਦ ਦੀ ਨੀਂਦ ਲੈਣ ਵਾਲੇ ਲੋਕਾਂ ਦੀ ਸਥਿਤੀ ਬਿਹਤਰ ਰਹੀ, ਜਦਕਿ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਸੌਣ ਵਾਲਿਆਂ ਵਿੱਚ ਉਮਰ ਵਧਣ ਨਾਲ ਜੁੜੇ ਸੰਕੇਤ ਵਧੇਰੇ ਪਾਏ ਗਏ।
ਹਾਲਾਂਕਿ, ਖੋਜ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਰੀਰ ਦੇ ਸਾਰੇ ਅੰਗਾਂ ਲਈ ਨੀਂਦ ਦੀ ਇੱਕੋ ਜਿਹੀ ਮਿਆਦ ਜ਼ਰੂਰੀ ਨਹੀਂ ਹੈ। ਮਿਸਾਲ ਵਜੋਂ, ਦਿਲ ਦੀ ਸਿਹਤ ਲਈ 6 ਘੰਟੇ ਦੀ ਨੀਂਦ ਬਿਹਤਰ ਪਾਈ ਗਈ, ਜਦਕਿ ਦਿਮਾਗ਼ ਲਈ 8 ਘੰਟੇ ਦੀ ਨੀਂਦ ਬਿਹਤਰ ਪਾਈ ਗਈ।
ਕੀ ਨੀਂਦ ਦੇ ਮਿਆਦ ਦਾ ਲੋਕਾਂ ਦੀ ਉਮਰ ਵਧਣ ਨਾਲ ਸਬੰਧ ਹੈ ਜਾਂ ਉਮਰ ਵਧਣ ਕਾਰਨ ਉਨ੍ਹਾਂ ਦੀ ਨੀਂਦ ਪ੍ਰਭਾਵਿਤ ਹੁੰਦੀ ਹੈ? ਇਸ ਦੇ ਜਵਾਬ ਵਿੱਚ ਖੋਜਕਰਤਾ ਕਹਿੰਦੇ ਹਨ, "ਮੇਰੀ ਰਾਇ ਵਿੱਚ ਦੋਵਾਂ ਦਾ ਇੱਕ-ਦੂਜੇ 'ਤੇ ਅਸਰ ਹੁੰਦਾ ਹੈ।"
ਯਾਨੀ ਨੀਂਦ ਸਿਹਤ ਅਤੇ ਉਮਰ ਵਧਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਦੂਜੇ ਪਾਸੇ ਸਿਹਤ ਵਿੱਚ ਬਦਲਾਅ ਵੀ ਵਿਅਕਤੀ ਦੀ ਨੀਂਦ ਦੀ ਮਿਆਦ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਉਮਰ 'ਤੇ ਨਿਰਭਰ ਕਰਦੀ ਦਾ ਸਲੀਪ ਸਾਈਕਲ

ਤਸਵੀਰ ਸਰੋਤ, Getty Images
ਨਿਊਰੋਲੋਜਿਸਟ ਡਾਕਟਰ ਪ੍ਰਤੀਕ ਕਿਸ਼ੋਰ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਦੇ ਹਨ ਕਿ ਉਮਰ ਦਾ ਨੀਂਦ ਨਾਲ ਸਿੱਧਾ ਸਬੰਧ ਹੈ। ਜਵਾਨ ਲੋਕਾਂ ਦਾ ਕੁਦਰਤੀ ਸਲੀਪ ਸਾਈਕਲ 6 ਤੋਂ 8 ਘੰਟਿਆਂ ਦਾ ਹੁੰਦਾ ਹੈ, ਜਦਕਿ ਬਜ਼ੁਰਗ ਲੋਕਾਂ ਦੀ ਨੀਂਦ ਦੀ ਮਿਆਦ ਘੱਟ ਹੋ ਜਾਂਦੀ ਹੈ।
ਨਿਊਰੋਲੋਜਿਸਟ ਡਾਕਟਰ ਜੋਤੀ ਸ਼ਰਮਾ ਵੀ ਇਸ ਨਾਲ ਸਹਿਮਤ ਹਨ। ਉਨ੍ਹਾਂ ਮੁਤਾਬਕ, ਜਨਮ ਦੇ ਸਮੇਂ ਇੱਕ ਬੱਚਾ ਕਰੀਬ 18 ਤੋਂ 20 ਘੰਟਿਆਂ ਤੱਕ ਸੌਂ ਸਕਦਾ ਹੈ। ਪਰ ਉਮਰ ਵਧਣ ਦੇ ਨਾਲ ਨੀਂਦ ਦੀ ਇਹ ਮਿਆਦ ਘੱਟ ਹੁੰਦੀ ਜਾਂਦੀ ਹੈ। ਬਾਲਗਾਂ ਲਈ 6 ਤੋਂ 8 ਘੰਟੇ ਦੀ ਨੀਂਦ ਨੂੰ ਕਾਫ਼ੀ ਮੰਨਿਆ ਜਾਂਦਾ ਹੈ।
"ਜੇ ਨੀਂਦ ਇਸ ਤੋਂ ਘੱਟ ਜਾਂ ਬਹੁਤ ਜ਼ਿਆਦਾ ਹੋਵੇ ਤਾਂ ਇਸ ਦਾ ਅਸਰ ਸਰੀਰ ਦੇ ਵੱਖ-ਵੱਖ ਅੰਗਾਂ ਦੇ ਕੰਮ ਕਰਨ ਦੀ ਸਮਰੱਥਾ 'ਤੇ ਪੈ ਸਕਦਾ ਹੈ।"
ਘੱਟ ਜਾਂ ਜ਼ਿਆਦਾ ਨੀਂਦ ਨਾਲ ਸਰੀਰ ਬੁੱਢਾ ਛੇਤੀ ਆ ਸਕਦਾ ਹੈ?

ਤਸਵੀਰ ਸਰੋਤ, Getty Images
ਨੀਂਦ ਦੌਰਾਨ ਸਰੀਰ ਵਿੱਚ ਕਈ ਮਹੱਤਵਪੂਰਨ ਹਾਰਮੋਨ ਅਤੇ ਐਂਜ਼ਾਈਮ ਸਰਗਰਮ ਹੁੰਦੇ ਹਨ, ਜੋ ਸਰੀਰ ਦੀ ਮੁਰੰਮਤ ਵਿੱਚ ਮਦਦ ਕਰਦੇ ਹਨ।
ਡਾਕਟਰ ਪ੍ਰਤੀਕ ਕਿਸ਼ੋਰ ਮੁਤਾਬਕ, ਪੂਰੀ ਨੀਂਦ ਨਾ ਲੈਣ 'ਤੇ ਸਰੀਰ ਵਿੱਚ ਸੋਜ ਯਾਨੀ ਇਨਫ਼ਲਮੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਇਹ ਸਥਿਤੀ ਧਮਨੀਆਂ ਵਿੱਚ ਰੁਕਾਵਟ (ਬਲੌਕੇਜ) ਪੈਦਾ ਕਰ ਸਕਦੀ ਹੈ, ਜਿਸ ਨਾਲ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖ਼ਤਰਾ ਵਧ ਸਕਦਾ ਹੈ।
"ਇਸ ਤੋਂ ਇਲਾਵਾ, ਨੀਂਦ ਦੀ ਕਮੀ ਬਲੱਡ ਸ਼ੂਗਰ ਦੇ ਪੱਧਰ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸ ਨਾਲ ਗੁਰਦਿਆਂ ਅਤੇ ਦਿਮਾਗ਼ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।"
ਨੇਚਰ ਵਿੱਚ ਪ੍ਰਕਾਸ਼ਿਤ ਖੋਜ ਵੀ ਇਸੇ ਵੱਲ ਇਸ਼ਾਰਾ ਕਰਦੀ ਹੈ ਕਿ ਘੱਟ ਜਾਂ ਜ਼ਿਆਦਾ ਨੀਂਦ ਲੈਣ ਨਾਲ ਸਰੀਰ ਦੇ ਅੰਗਾਂ 'ਤੇ ਅਸਰ ਪੈਂਦਾ ਹੈ, ਜਿਸ ਨਾਲ ਸਰੀਰ ਜਲਦੀ ਬੁੱਢਾ ਹੋਣ ਵੱਲ ਵਧ ਸਕਦਾ ਹੈ।
ਹਾਲਾਂਕਿ, ਬੀਬੀਸੀ ਇਸ ਤੱਥ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰਦਾ।
ਨੀਂਦ ਦੀ ਕਮੀ ਅਤੇ ਉਮਰ ਵਧਣ ਵਿਚਕਾਰ ਸਬੰਧ ਨੂੰ ਲੈ ਕੇ ਪਹਿਲਾਂ ਵੀ ਖੋਜਾਂ ਸਾਹਮਣੇ ਆ ਚੁੱਕੀਆਂ ਹਨ।
ਲਾਸ ਐਂਜਲਸ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਇੱਕ ਖੋਜ ਵਿੱਚ ਪਾਇਆ ਗਿਆ ਕਿ ਸਿਰਫ਼ ਇੱਕ ਰਾਤ ਪੂਰੀ ਨੀਂਦ ਨਾ ਲੈਣ ਨਾਲ ਬਜ਼ੁਰਗ ਲੋਕਾਂ ਦੀਆਂ ਕੋਸ਼ਿਕਾਵਾਂ ਵਿੱਚ ਉਮਰ ਵਧਣ ਦੀ ਪ੍ਰਕਿਰਿਆ ਤੇਜ਼ ਹੋ ਸਕਦੀ ਹੈ। ਖੋਜ ਵਿੱਚ ਨੀਂਦ ਦੀ ਕਮੀ ਨੂੰ ਕਈ ਸਿਹਤ ਸਮੱਸਿਆਵਾਂ ਦੇ ਵਧੇ ਹੋਏ ਖ਼ਤਰੇ ਨਾਲ ਜੋੜਿਆ ਗਿਆ।
ਇਸ ਅਧਿਐਨ ਵਿੱਚ 61 ਤੋਂ 86 ਸਾਲ ਦੀ ਉਮਰ ਦੇ 29 ਬਜ਼ੁਰਗ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਖੋਜ ਦੌਰਾਨ ਉਨ੍ਹਾਂ ਨੂੰ ਚਾਰ ਰਾਤਾਂ ਤੱਕ ਵੱਖ-ਵੱਖ ਤਰ੍ਹਾਂ ਦੀ ਨੀਂਦ ਦਿੱਤੀ ਗਈ। ਇਸ ਵਿੱਚ ਇੱਕ ਰਾਤ ਉਨ੍ਹਾਂ ਦੀ ਨੀਂਦ ਰਾਤ 3 ਵਜੇ ਤੋਂ ਸਵੇਰੇ 7 ਵਜੇ ਤੱਕ, ਯਾਨੀ ਸਿਰਫ਼ 4 ਘੰਟਿਆਂ ਦੀ ਕਰ ਦਿੱਤੀ ਗਈ।
ਖੋਜਕਰਤਾਵਾਂ ਨੇ ਹਰ ਸਵੇਰ ਇਨ੍ਹਾਂ ਲੋਕਾਂ ਦੇ ਖ਼ੂਨ ਦੇ ਨਮੂਨੇ ਲਏ ਅਤੇ ਉਨ੍ਹਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਦਾ ਅਧਿਐਨ ਕੀਤਾ।
ਇਸ ਵਿੱਚ ਪਾਇਆ ਗਿਆ ਕਿ ਘੱਟ ਨੀਂਦ ਤੋਂ ਬਾਅਦ ਸਰੀਰ ਦੀਆਂ ਕੁਝ ਕੋਸ਼ਿਕਾਵਾਂ ਵਿੱਚ ਅਜਿਹੇ ਬਦਲਾਅ ਹੋਏ, ਜੋ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਣ ਅਤੇ ਉਨ੍ਹਾਂ ਦੇ ਸਮੇਂ ਤੋਂ ਪਹਿਲਾਂ ਬੁੱਢੇ ਹੋਣ ਦੀ ਪ੍ਰਕਿਰਿਆ ਨਾਲ ਜੁੜੇ ਸਨ।
ਇਸ ਅਧਿਐਨ ਦੀ ਮੁੱਖ ਖੋਜਕਰਤਾ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਕਜ਼ਿਨਜ਼ ਸੈਂਟਰ ਫ਼ਾਰ ਸਾਈਕੋਨਿਊਰੋਇਮਿਊਨੋਲੋਜੀ ਦੀ ਅਸਿਸਟੈਂਟ ਪ੍ਰੋਫੈਸਰ ਡਾਕਟਰ ਜੂਡਿਥ ਕੈਰੋਲ ਨੇ ਕਿਹਾ, "ਬਜ਼ੁਰਗ ਲੋਕਾਂ ਵਿੱਚ ਸਿਰਫ਼ ਇੱਕ ਰਾਤ ਪੂਰੀ ਨੀਂਦ ਨਾ ਲੈਣ ਨਾਲ ਸਰੀਰ ਵਿੱਚ ਅਜਿਹੇ ਮਹੱਤਵਪੂਰਨ ਜੈਵਿਕ ਬਦਲਾਅ ਹੋ ਸਕਦੇ ਹਨ, ਜੋ ਉਮਰ ਵਧਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹਨ।"
ਨੀਂਦ ਨਾਲ ਜੁੜੇ ਹਨ ਦਿਲ-ਦਿਮਾਗ਼ ਦੇ ਤਾਰ

ਨੀਂਦ ਦੀ ਕਮੀ ਦਾ ਅਸਰ ਸਿਰਫ਼ ਸਰੀਰ 'ਤੇ ਹੀ ਨਹੀਂ, ਸਗੋਂ ਦਿਮਾਗ਼ 'ਤੇ ਵੀ ਪੈ ਸਕਦਾ ਹੈ।
ਡਾਕਟਰ ਜੋਤੀ ਸ਼ਰਮਾ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਦਿਮਾਗ਼ ਇੱਕ ਕੰਪਿਊਟਰ ਵਾਂਗ ਕੰਮ ਕਰਦਾ ਹੈ, ਜੋ ਸੌਂਣ ਵੇਲੇ ਵੀ ਸਰਗਰਮ ਰਹਿੰਦਾ ਹੈ। ਇਸ ਦੌਰਾਨ ਉਹ ਦਿਨ ਭਰ ਦੀਆਂ ਯਾਦਾਂ ਨੂੰ ਵਿਵਸਥਿਤ ਕਰਨ, ਯਾਨੀ ਯਾਦਾਂ ਨੂੰ ਪੱਕਾ ਕਰਨ ਦਾ ਕੰਮ ਕਰਦਾ ਹੈ। ਇਸ ਦੇ ਨਾਲ ਹੀ, ਨੀਂਦ ਦੌਰਾਨ ਦਿਮਾਗ਼ ਵਿੱਚ ਜਮ੍ਹਾਂ ਗੰਦਗੀ ਅਤੇ ਬੇਕਾਰ ਪਦਾਰਥ ਵੀ ਸਾਫ਼ ਹੁੰਦੇ ਹਨ।"
ਦਿਮਾਗ਼ ਅਤੇ ਦਿਲ ਇੱਕ-ਦੂਜੇ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ। ਡਾਕਟਰ ਪ੍ਰਤੀਕ ਕਿਸ਼ੋਰ ਮੁਤਾਬਕ, ਦਿਮਾਗ਼ ਸਰੀਰ ਦੀਆਂ ਕਈ ਗਤੀਵਿਧੀਆਂ ਨੂੰ ਨਿਯੰਤਰਿਤ ਕਰਦਾ ਹੈ। ਜੇਕਰ ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਉਚਿਤ ਸਮਾਂ ਨਹੀਂ ਮਿਲਦਾ, ਤਾਂ ਇਸ ਦਾ ਅਸਰ ਦਿਲ ਦੇ ਕੰਮ ਕਰਨ ਦੀ ਸਮਰੱਥਾ 'ਤੇ ਵੀ ਪੈ ਸਕਦਾ ਹੈ।
ਡਾਕਟਰ ਪ੍ਰਤੀਕ ਕਿਸ਼ੋਰ ਕਹਿੰਦੇ ਹਨ, "ਸਿਰਫ਼ ਬਿਸਤਰੇ 'ਤੇ ਬਿਤਾਏ ਗਏ ਘੰਟਿਆਂ ਨਾਲੋਂ ਵੱਧ ਮਹੱਤਵਪੂਰਨ ਹੈ ਚੰਗੀ ਗੁਣਵੱਤਾ ਵਾਲੀ ਨੀਂਦ। ਯਾਨੀ ਕੋਈ ਵਿਅਕਤੀ 8 ਘੰਟੇ ਬਿਸਤਰੇ 'ਤੇ ਰਹਿਣ ਦੇ ਬਾਵਜੂਦ ਜੇ ਵਾਰ-ਵਾਰ ਜਾਗਦਾ ਹੈ ਜਾਂ ਉਸ ਦੀ ਨੀਂਦ ਵਾਰ-ਵਾਰ ਟੁੱਟਦੀ ਰਹਿੰਦੀ ਹੈ, ਤਾਂ ਉਸ ਨੂੰ ਪੂਰਾ ਆਰਾਮ ਨਹੀਂ ਮਿਲ ਪਾਉਂਦਾ।"

ਤਸਵੀਰ ਸਰੋਤ, Getty Images
ਅਕਸਰ ਲੋਕ ਘੁਰਾੜਿਆਂ ਨੂੰ ਡੂੰਘੀ ਨੀਂਦ ਦੀ ਨਿਸ਼ਾਨੀ ਮੰਨਦੇ ਹਨ, ਜਦਕਿ ਇਹ ਜ਼ਰੂਰੀ ਨਹੀਂ ਹੈ। ਡਾਕਟਰ ਜੋਤੀ ਸ਼ਰਮਾ ਮੁਤਾਬਕ, ਘੁਰਾੜੇ ਆਉਣ ਦਾ ਮਤਲਬ ਇਹ ਹੋ ਸਕਦਾ ਹੈ ਕਿ ਨੀਂਦ ਵਾਰ-ਵਾਰ ਟੁੱਟ ਰਹੀ ਹੈ।
ਇਸੇ ਤਰ੍ਹਾਂ, ਲੋੜ ਤੋਂ ਜ਼ਿਆਦਾ ਸੌਣਾ ਵੀ ਨੀਂਦ ਦੀ ਮਾੜੀ ਗੁਣਵੱਤਾ ਦੀ ਨਿਸ਼ਾਨੀ ਹੋ ਸਕਦਾ ਹੈ। ਇਸ ਨਾਲ ਤਣਾਅ ਦਾ ਪੱਧਰ ਵਧ ਸਕਦਾ ਹੈ ਅਤੇ ਰੋਗ-ਪ੍ਰਤੀਰੋਧਕ ਪ੍ਰਣਾਲੀ 'ਤੇ ਅਸਰ ਪੈ ਸਕਦਾ ਹੈ।
ਇਸ ਦੇ ਨਾਲ ਹੀ, ਕੁਝ ਮਾਮਲਿਆਂ ਵਿੱਚ ਦੌਰੇ ਜਾਂ ਦਿਲ ਦੇ ਦੌਰੇ ਦਾ ਖ਼ਤਰਾ ਵੀ ਵਧ ਸਕਦਾ ਹੈ।
ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੀ ਡਾਕਟਰ ਕ੍ਰਿਸਟੀਨ ਯਾਫੇ ਮੁਤਾਬਕ, ਦਿਮਾਗ਼ ਦੀ ਸਿਹਤ ਬਣਾਈ ਰੱਖਣ ਲਈ ਨਿਯਮਤ ਸਮੇਂ 'ਤੇ ਸੌਣਾ-ਜਾਗਣਾ, ਕਸਰਤ ਕਰਨਾ, ਸੌਣ ਤੋਂ ਪਹਿਲਾਂ ਕੈਫ਼ੀਨ ਅਤੇ ਸ਼ਰਾਬ ਤੋਂ ਬਚਣਾ ਅਤੇ ਮਨ ਨੂੰ ਸ਼ਾਂਤ ਕਰਨ ਵਾਲੀਆਂ ਤਕਨੀਕਾਂ ਦੀ ਵਰਤੋਂ ਮਦਦਗਾਰ ਹੋ ਸਕਦੀ ਹੈ।
ਡਾਕਟਰ ਜੋਤੀ ਸ਼ਰਮਾ ਨੀਂਦ ਦੀ ਤੁਲਨਾ ਮੋਬਾਈਲ ਦੀ ਚਾਰਜਿੰਗ ਨਾਲ ਕਰਦੇ ਹਨ। ਜਿਸ ਤਰ੍ਹਾਂ ਬਿਨਾਂ ਚਾਰਜ ਕੀਤੇ ਮੋਬਾਈਲ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਦਾ, ਉਸੇ ਤਰ੍ਹਾਂ ਪੂਰੀ ਨੀਂਦ ਨਾ ਮਿਲਣ 'ਤੇ ਦਿਮਾਗ਼ ਅਗਲੇ ਦਿਨ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਨਹੀਂ ਕਰ ਪਾਉਂਦਾ।
ਕਿਵੇਂ ਪਤਾ ਲਗਾਇਆ ਜਾਵੇ ਕਿ ਤੁਹਾਡੇ ਲਈ ਕਿੰਨੀ ਨੀਂਦ ਜ਼ਰੂਰੀ ਹੈ?

ਤਸਵੀਰ ਸਰੋਤ, Getty Images
ਹਰ ਵਿਅਕਤੀ ਦੀ ਨੀਂਦ ਦੀ ਲੋੜ ਵੱਖਰੀ ਹੋ ਸਕਦੀ ਹੈ। ਡਾਕਟਰ ਜੋਤੀ ਸ਼ਰਮਾ ਮੁਤਾਬਕ, ਇਸ ਨੂੰ ਸਮਝਣ ਦਾ ਇੱਕ ਤਰੀਕਾ ਇਹ ਹੈ ਕਿ ਕਿਸੇ ਦਿਨ ਬਿਨਾਂ ਅਲਾਰਮ ਲਗਾਏ ਸੌਂਵੋ ਅਤੇ ਦੇਖੋ ਕਿ ਸਰੀਰ ਕੁਦਰਤੀ ਤੌਰ 'ਤੇ ਕਦੋਂ ਜਾਗਦਾ ਹੈ।
"ਜੇਕਰ ਜਾਗਣ ਤੋਂ ਬਾਅਦ ਤੁਸੀਂ ਤਰੋਤਾਜ਼ਾ ਅਤੇ ਐਕਟਿਵ ਮਹਿਸੂਸ ਕਰਦੇ ਹੋ, ਤਾਂ ਇਹ ਸੰਕੇਤ ਹੋ ਸਕਦਾ ਹੈ ਕਿ ਤੁਹਾਡੇ ਸਰੀਰ ਨੂੰ ਓਨੀ ਨੀਂਦ ਕਾਫ਼ੀ ਲੱਗ ਰਹੀ ਹੈ।"
ਕਈ ਵਾਰ ਜਾਗਣ ਤੋਂ ਬਾਅਦ ਸਰੀਰ ਵਿੱਚ ਦਰਦ ਹੁੰਦਾ ਹੈ ਜਾਂ ਸਿਰ ਵਿੱਚ ਵੀ ਦਰਦ ਹੋਣ ਲੱਗਦਾ ਹੈ, ਇਹ ਕਿਸ ਗੱਲ ਦਾ ਸੰਕੇਤ ਹੈ?
ਇਸ ਦੇ ਜਵਾਬ ਵਿੱਚ ਡਾਕਟਰ ਜੋਤੀ ਸ਼ਰਮਾ ਕਹਿੰਦੇ ਹਨ, "ਇਹ ਸਪਸ਼ਟ ਸੰਕੇਤ ਹੈ ਕਿ ਤੁਸੀਂ ਭਾਵੇਂ ਨੀਂਦ ਲਈ ਹੋਵੇ, ਪਰ ਇਹ ਚੰਗੀ ਗੁਣਵੱਤਾ ਵਾਲੀ ਨੀਂਦ ਨਹੀਂ ਸੀ। ਸੰਭਵ ਹੈ ਕਿ ਤੁਹਾਡੀ ਨੀਂਦ ਵਿਚਕਾਰ ਟੁੱਟੀ ਹੋਵੇ ਜਾਂ ਤੁਸੀਂ ਆਰਾਮਦਾਇਕ ਢੰਗ ਨਾਲ ਨਾ ਸੌਂ ਸਕੇ ਹੋਵੋ।"
ਹਾਲਾਂਕਿ, ਜੇਕਰ ਲਗਾਤਾਰ ਨੀਂਦ ਨਾਲ ਜੁੜੀ ਪਰੇਸ਼ਾਨੀ ਰਹਿੰਦੀ ਹੈ, ਬਹੁਤ ਜ਼ਿਆਦਾ ਘੁਰਾੜੇ ਆਉਂਦੇ ਹਨ ਜਾਂ ਕਾਫ਼ੀ ਸਮਾਂ ਸੌਣ ਦੇ ਬਾਵਜੂਦ ਸਾਰਾ ਦਿਨ ਥਕਾਵਟ ਰਹਿੰਦੀ ਹੈ, ਤਾਂ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































