ਏਆਈ ਸਮਾਰਟ ਚਸ਼ਮੇ ਨਾਲ ਮਹਿਲਾ ਲੈਕਚਰਾਰ ਨੂੰ ਚੋਰੀ-ਛਿਪੇ ਕੀਤਾ ਗਿਆ ਰਿਕਾਰਡ, ਭਾਰਤ ਵਿੱਚ ਇਸ ਬਾਰੇ ਕੀ ਹੈ ਕਾਨੂੰਨ

ਏਆਈ ਸਮਾਰਟ ਚਸ਼ਮੇ

ਤਸਵੀਰ ਸਰੋਤ, Joan Cros/NurPhoto via Getty Images

ਤਸਵੀਰ ਕੈਪਸ਼ਨ, ਅਕਸਰ ਜਿਨ੍ਹਾਂ ਲੋਕਾਂ ਦਾ ਵੀਡੀਓ ਬਣਾਇਆ ਜਾਂਦਾ ਹੈ, ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਤੋਂ ਇਜਾਜ਼ਤ ਲਈ ਜਾਂਦੀ ਹੈ
    • ਲੇਖਕ, ਵਿਨੀਤ ਭੱਲਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 11 ਮਿੰਟ

ਦਿੱਲੀ 'ਚ ਰਹਿਣ ਵਾਲੇ 29 ਸਾਲ ਦੇ ਟ੍ਰਾਂਸਜੈਂਡਰ ਸਕਾਈ ਨੂੰ ਏਆਈ ਸਮਾਰਟ ਚਸ਼ਮੇ ਨਾਲ ਉਨ੍ਹਾਂ ਦੀ ਜਾਣਕਾਰੀ ਤੋਂ ਬਿਨ੍ਹਾਂ ਰਿਕਾਰਡ ਕੀਤਾ ਗਿਆ ਸੀ।

ਇਸ ਤਜਰਬੇ ਬਾਰੇ ਸਕਾਈ ਕਹਿੰਦੇ ਹਨ, "ਅਜਿਹਾ ਲੱਗਾ ਜਿਵੇਂ ਮੈਂ ਦੁਬਾਰਾ ਸਕੂਲ ਵਿੱਚ ਹਾਂ ਅਤੇ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪਰ ਇਸ ਵਾਰ ਇਹ ਸਭ ਬਹੁਤ ਵੱਡੇ ਪੱਧਰ ਉੱਤੇ ਹੋ ਰਿਹਾ ਸੀ।"

ਇਹ ਘਟਨਾ ਅਪ੍ਰੈਲ ਮਹੀਨੇ ਦੀ ਹੈ। ਸਕਾਈ ਦਿੱਲੀ ਦੇ ਜੰਤਰ-ਮੰਤਰ ਉੱਤੇ ਟ੍ਰਾਂਸਜੈਂਡਰ ਵਿਅਕਤੀ (ਅਧਿਕਾਰਾਂ ਦੀ ਸੁਰੱਖਿਆ) ਸੋਧ ਕਾਨੂੰਨ, 2026 ਦੇ ਖ਼ਿਲਾਫ਼ ਹੋਏ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਗਏ ਸਨ।

ਸਕਾਈ ਦੇ ਮੁਤਾਬਕ, ਇੱਕ ਵਿਅਕਤੀ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਨੂੰ 'ਅਨਿਰੁੱਧਾਚਾਰਿਆ' ਅਤੇ 'ਪੂਕੀ ਬਾਬਾ' ਕਹਿਣ ਲੱਗਾ।

'ਪੂਕੀ ਬਾਬਾ' ਹਿੰਦੂ ਧਰਮਗੁਰੂ ਅਨਿਰੁੱਧਾਚਾਰਿਆ ਲਈ ਇੰਟਰਨੈੱਟ ਉੱਤੇ ਵਰਤਿਆ ਜਾਣ ਵਾਲਾ ਇੱਕ ਲੋਕਪ੍ਰਿਯ ਨਾਮ ਹੈ। ਸਕਾਈ ਨੂੰ ਉਸ ਸਮੇਂ ਪਤਾ ਨਹੀਂ ਸੀ ਕਿ ਉਨ੍ਹਾਂ ਦੀ ਰਿਕਾਰਡਿੰਗ ਹੋ ਰਹੀ ਸੀ।

ਰੀਲ ਵਾਇਰਲ ਹੋਈ ਤਾਂ ਪੂਰੀ ਗੱਲ ਪਤਾ ਚੱਲੀ

ਏਆਈ ਸਮਾਰਟ ਚਸ਼ਮੇ

ਤਸਵੀਰ ਸਰੋਤ, David Paul Morris/Bloomberg via Getty Images

ਤਸਵੀਰ ਕੈਪਸ਼ਨ, ਬੀਬੀਸੀ ਨੇ ਅਜਿਹੇ ਤਿੰਨ ਲੋਕਾਂ ਨਾਲ ਗੱਲ ਕੀਤੀ, ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਉਨ੍ਹਾਂ ਦੀ ਮਾਨਸਿਕ ਸਥਿਤੀ ਉੱਤੇ ਗੰਭੀਰ ਅਸਰ ਪਿਆ

ਕਰੀਬ ਇੱਕ ਮਹੀਨੇ ਬਾਅਦ ਇਸ ਘਟਨਾ ਦੀ ਰੀਲ ਇੰਸਟਾਗ੍ਰਾਮ ਉੱਤੇ ਵਾਇਰਲ ਹੋਈ, ਉਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਵੀਡੀਓ ਬਣਾਇਆ ਗਿਆ ਸੀ।

ਇਸੇ ਪ੍ਰਦਰਸ਼ਨ ਵਿੱਚ ਉਸ ਇੰਸਟਾਗ੍ਰਾਮ ਅਕਾਊਂਟ ਨੂੰ ਚਲਾਉਣ ਵਾਲੇ ਵਿਅਕਤੀ ਨੇ ਟ੍ਰਾਂਸਫੈਮਿਨਿਨ ਗ੍ਰਾਫ਼ਿਕ ਡਿਜ਼ਾਈਨਰ ਸ਼ੁਬਨਮ ਦੀ ਵੀ ਚੋਰੀ-ਛਿਪੇ ਰਿਕਾਰਡਿੰਗ ਕੀਤੀ ਸੀ।

ਸ਼ੁਬਨਮ ਦੇ ਵੀਡੀਓ ਉੱਤੇ ਕਈ ਲੋਕਾਂ ਨੇ ਉਨ੍ਹਾਂ ਨੂੰ ਗਾਲਾਂ ਕੱਢੀਆਂ।

ਅਗਲੇ ਕੁਝ ਦਿਨਾਂ ਵਿੱਚ ਸਕਾਈ ਨੇ ਦੇਖਿਆ ਕਿ ਦੋਵਾਂ ਵੀਡੀਓਜ਼ ਦੇ ਕੁਝ ਸਕਿੰਟਾਂ ਵਾਲੇ ਹਿੱਸੇ ਨੂੰ ਕਈ ਹੋਰ ਅਕਾਊਂਟਾਂ ਨੇ ਐਡਿਟ ਕਰਕੇ ਦੁਬਾਰਾ ਪੋਸਟ ਕੀਤਾ। ਉਨ੍ਹਾਂ ਤੋਂ ਮੀਮ ਵੀ ਬਣਾਏ ਗਏ।

ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਇਨ੍ਹਾਂ ਵੀਡੀਓਜ਼ ਨੂੰ ਲੱਖਾਂ ਵਾਰ ਦੇਖਿਆ ਗਿਆ।

ਸਕਾਈ ਦਾ ਕਹਿਣਾ ਹੈ ਕਿ ਵੀਡੀਓ ਅਤੇ ਉਨ੍ਹਾਂ ਉੱਤੇ ਲਿਖੇ ਗਏ ਕਮੈਂਟਾਂ ਤੋਂ ਉਨ੍ਹਾਂ ਨੂੰ ਅਪਮਾਨਿਤ ਮਹਿਸੂਸ ਹੋਇਆ। ਉਨ੍ਹਾਂ ਨੂੰ ਬਹੁਤ ਜ਼ਿਆਦਾ ਤਣਾਅ ਅਤੇ ਆਨਲਾਈਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਡੇਟਿੰਗ ਐਪ ਉੱਤੇ ਅਣਜਾਣ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ। ਅਸਲ ਜ਼ਿੰਦਗੀ ਵਿੱਚ ਵੀ ਲੋਕਾਂ ਨੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ।

ਇਹ ਘਟਨਾ ਸੋਸ਼ਲ ਮੀਡੀਆ ਲਈ ਵੀਡੀਓ ਬਣਾਉਣ ਦੇ ਇੱਕ ਵਧਦੇ ਰੁਝਾਨ ਦਾ ਹਿੱਸਾ ਹੈ। ਇਸ ਵਿੱਚ ਸਮਾਰਟ ਗਲਾਸੇਜ਼ (ਚਸ਼ਮੇ) ਪਹਿਨ ਕੇ ਜਨਤਕ ਥਾਵਾਂ ਉੱਤੇ ਲੋਕਾਂ ਦੀ ਚੋਰੀ-ਛਿਪੇ ਰਿਕਾਰਡਿੰਗ ਕੀਤੀ ਜਾਂਦੀ ਹੈ।

ਅਕਸਰ ਜਿਨ੍ਹਾਂ ਲੋਕਾਂ ਦਾ ਵੀਡੀਓ ਬਣਾਇਆ ਜਾਂਦਾ ਹੈ, ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਤੋਂ ਇਜਾਜ਼ਤ ਲਈ ਜਾਂਦੀ ਹੈ।

'ਜਨਤਕ ਥਾਵਾਂ ਉੱਤੇ ਮੈਨੂੰ ਹਰ ਸਮੇਂ ਡਰ ਲੱਗਣ ਲੱਗਾ'

ਏਆਈ ਸਮਾਰਟ ਚਸ਼ਮੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਟਾ ਨੇ ਬੀਬੀਸੀ ਨੂੰ ਦਿੱਤੇ ਬਿਆਨ ਵਿੱਚ ਦਾਅਵਾ ਕੀਤਾ ਕਿ ਉਸ ਨੇ "ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹਜ਼ਾਰਾਂ ਵੀਡੀਓ ਅਤੇ ਪੋਸਟਾਂ ਹਟਾਈਆਂ ਹਨ"

ਬੀਬੀਸੀ ਨੇ ਅਜਿਹੇ ਤਿੰਨ ਲੋਕਾਂ ਨਾਲ ਗੱਲ ਕੀਤੀ, ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਉਨ੍ਹਾਂ ਦੀ ਮਾਨਸਿਕ ਸਥਿਤੀ ਉੱਤੇ ਗੰਭੀਰ ਅਸਰ ਪਿਆ।

ਇਨ੍ਹਾਂ ਵਿੱਚ ਕੋਲਕਾਤਾ ਦੇ ਲੈਕਚਰਾਰ ਪੂਜਾ (ਬਦਲਿਆ ਹੋਇਆ ਨਾਮ) ਵੀ ਸ਼ਾਮਲ ਹਨ।

ਪੂਜਾ ਦੀ ਸ਼ਿਕਾਇਤ ਉੱਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਲੈ ਕੇ ਦਰਜ ਹੋਇਆ ਇਹ ਪਹਿਲਾ ਪੁਲਿਸ ਮਾਮਲਾ ਹੋ ਸਕਦਾ ਹੈ।

11 ਜੂਨ ਦੀ ਸ਼ਾਮ ਪੂਜਾ ਸ਼ਹਿਰ ਦੀ ਇੱਕ ਘੱਟ ਰੌਸ਼ਨੀ ਵਾਲੀ ਗਲੀ ਤੋਂ ਆਪਣੇ ਘਰ ਜਾ ਰਹੇ ਸਨ। ਉਸੇ ਸਮੇਂ ਇੱਕ ਵਿਅਕਤੀ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ।

ਉਸ ਨੇ ਪੂਜਾ ਦੀ ਤਾਰੀਫ਼ ਕੀਤੀ, ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਮੰਗਿਆ ਅਤੇ ਉਨ੍ਹਾਂ ਨਾਲ ਗੱਲ ਕਰਨ ਦੀ ਜ਼ਿੱਦ ਕਰਨ ਲੱਗਾ।

ਪੂਜਾ ਨੇ ਦਿਲਚਸਪੀ ਨਹੀਂ ਦਿਖਾਈ, ਪਰ ਉਹ ਵਿਅਕਤੀ ਲਗਾਤਾਰ ਉਨ੍ਹਾਂ ਦੇ ਪਿੱਛੇ ਪਿਆ ਰਿਹਾ। ਆਖਿਰਕਾਰ ਪੂਜਾ ਉੱਥੋਂ ਨਿੱਕਲਣ ਵਿੱਚ ਕਾਮਯਾਬ ਰਹੇ।

ਪੂਜਾ ਨੇ ਬੀਬੀਸੀ ਨੂੰ ਕਿਹਾ, "ਉਸ ਦੇ ਹੱਥ ਵਿੱਚ ਅਜਿਹਾ ਕੋਈ ਕੈਮਰਾ ਜਾਂ ਹੋਰ ਉਪਕਰਣ ਦਿਖਾਈ ਨਹੀਂ ਦੇ ਰਿਹਾ ਸੀ, ਜਿਸ ਤੋਂ ਮੈਨੂੰ ਲੱਗੇ ਕਿ ਉਹ ਰਿਕਾਰਡਿੰਗ ਕਰ ਰਿਹਾ ਹੈ।"

ਅਗਲੇ ਦਿਨ ਪੂਜਾ ਦੇ ਇੱਕ ਵਿਦਿਆਰਥੀ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਮੁਲਾਕਾਤ ਦਾ ਵੀਡੀਓ ਇੰਸਟਾਗ੍ਰਾਮ ਉੱਤੇ ਘੁੰਮ ਰਿਹਾ ਹੈ।

ਪੂਜਾ ਨੂੰ ਪਤਾ ਲੱਗਾ ਕਿ ਉਸ ਵਿਅਕਤੀ ਨੇ ਪਿੱਛੇ ਤੋਂ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਚੋਰੀ-ਛਿਪੇ ਰਿਕਾਰਡਿੰਗ ਸ਼ੁਰੂ ਕਰ ਦਿੱਤੀ ਸੀ। ਉਸ ਨੇ ਦੋਵਾਂ ਵਿਚਾਲੇ ਹੋਈ ਪੂਰੀ ਗੱਲਬਾਤ ਰਿਕਾਰਡ ਕੀਤੀ ਸੀ।

ਉਸ ਨੇ ਬਾਅਦ ਵਿੱਚ ਵੀਡੀਓ ਨੂੰ ਐਡਿਟ ਕਰ ਦਿੱਤਾ। ਵੀਡੀਓ ਵਿੱਚੋਂ ਉਹ ਹਿੱਸੇ ਹਟਾ ਦਿੱਤੇ ਗਏ, ਜਿਨ੍ਹਾਂ ਵਿੱਚ ਉਹ ਲਗਾਤਾਰ ਪੂਜਾ ਦੇ ਪਿੱਛੇ ਪਿਆ ਹੋਇਆ ਸੀ ਅਤੇ ਪੂਜਾ ਅਸਹਿਜ ਦਿਖਾਈ ਦੇ ਰਹੇ ਸਨ।

ਐਡਿਟ ਕੀਤੇ ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ, ਜਿਵੇਂ ਦੋਵੇਂ ਆਪਣੀ ਮਰਜ਼ੀ ਨਾਲ ਆਰਾਮ ਨਾਲ ਗੱਲ ਕਰ ਰਹੇ ਹੋਣ।

ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਇਸ ਨੂੰ "ਉਮਰ ਵਿੱਚ ਵੱਡੀਆਂ ਮਹਿਲਾਵਾਂ ਨਾਲ ਕਿਵੇਂ ਗੱਲ ਸ਼ੁਰੂ ਕਰੀਏ" ਸਿਖਾਉਣ ਵਾਲੇ ਵੀਡੀਓ ਦੇ ਤੌਰ ਉੱਤੇ ਪੋਸਟ ਕੀਤਾ ਸੀ।

ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਕਈ ਮਰਦਾਂ ਨੇ ਪੂਜਾ ਦੇ ਸਰੀਰ ਅਤੇ ਸ਼ਕਲ-ਸੂਰਤ ਉੱਤੇ ਟਿੱਪਣੀਆਂ ਕੀਤੀਆਂ।

ਕਈ ਲੋਕਾਂ ਨੇ ਵੀਡੀਓ ਬਣਾਉਣ ਵਾਲੇ ਵਿਅਕਤੀ ਤੋਂ ਪੁੱਛਿਆ ਕਿ ਸੜਕ ਉੱਤੇ ਮਹਿਲਾਵਾਂ ਨਾਲ ਗੱਲ ਕਰਨ ਲਈ ਉਸ ਤੋਂ "ਕੋਚਿੰਗ" ਕਿਵੇਂ ਲਈ ਜਾ ਸਕਦੀ ਹੈ।

ਪੂਜਾ ਨੂੰ ਆਪਣੇ ਦੋਸਤਾਂ ਦੇ ਦੱਸਣ ਤੋਂ ਬਾਅਦ ਪਤਾ ਚੱਲਿਆ ਕਿ ਉਸ ਵਿਅਕਤੀ ਨੇ ਸਮਾਰਟ ਗਲਾਸੇਜ਼ ਪਹਿਨੇ ਹੋਏ ਸਨ। ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ, ਜਿਵੇਂ ਦੋਵੇਂ ਆਪਣੀ ਮਰਜ਼ੀ ਨਾਲ ਆਰਾਮ ਨਾਲ ਗੱਲ ਕਰ ਰਹੇ ਹੋਣ।

ਪੂਜਾ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰਦੇ। ਇਸ ਲਈ ਉਨ੍ਹਾਂ ਨੇ ਸ਼ੁਰੂ ਵਿੱਚ ਨਾ ਤਾਂ ਵੀਡੀਓ ਦੇਖਿਆ ਅਤੇ ਨਾ ਹੀ ਉਸ ਉੱਤੇ ਆਏ ਕਮੈਂਟ ਪੜ੍ਹੇ। ਪਹਿਲਾਂ ਉਨ੍ਹਾਂ ਨੂੰ ਮਾਮਲਾ ਇੰਨਾ ਗੰਭੀਰ ਵੀ ਨਹੀਂ ਲੱਗਾ।

ਪਰ ਕਈ ਦੋਸਤਾਂ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਵੀਡੀਓ ਉੱਤੇ ਆਏ ਕਮੈਂਟਾਂ ਬਾਰੇ ਦੱਸਿਆ, ਜੋ ਪਰੇਸ਼ਾਨ ਕਰਨ ਵਾਲੇ ਸਨ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵੀਡੀਓ ਬਣਾਉਣ ਵਾਲਾ ਵਿਅਕਤੀ ਇਸ ਨੂੰ ਸੋਸ਼ਲ ਮੀਡੀਆ ਉੱਤੇ ਪਾ ਕੇ ਪੈਸੇ ਕਮਾ ਸਕਦਾ ਹੈ। ਇਸ ਤੋਂ ਬਾਅਦ ਪੂਜਾ ਨੂੰ ਮਾਮਲੇ ਦੀ ਗੰਭੀਰਤਾ ਸਮਝ ਆਈ।

ਉਨ੍ਹਾਂ ਕਿਹਾ, "ਮੈਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਇਸ ਗੱਲ ਤੋਂ ਹੋਈ ਕਿ ਇਹ ਮਹਿਲਾਵਾਂ ਨੂੰ ਇੱਕ ਚੀਜ਼ ਸਮਝਣ ਵਾਲੇ ਕਿਸੇ ਮਹਿਲਾ-ਵਿਰੋਧੀ 'ਪਿਕ-ਅੱਪ ਆਰਟਿਸਟ' ਦੀ ਯੋਜਨਾ ਦਾ ਹਿੱਸਾ ਸੀ।"

ਅਗਸਤ ਵਿੱਚ ਇੱਕ ਜਨਤਕ ਥਾਂ ਉੱਤੇ ਇੱਕ ਹੋਰ ਨੌਜਵਾਨ ਹੱਥ ਵਿੱਚ ਫ਼ੋਨ ਲੈ ਕੇ ਪੂਜਾ ਕੋਲ ਆਇਆ।

ਪੂਜਾ ਨੂੰ ਡਰ ਲੱਗਾ ਕਿ ਕਿਤੇ ਦੁਬਾਰਾ ਉਨ੍ਹਾਂ ਦੀ ਚੋਰੀ-ਛਿਪੇ ਰਿਕਾਰਡਿੰਗ ਤਾਂ ਨਹੀਂ ਕੀਤੀ ਜਾ ਰਹੀ। ਉਹ ਉੱਥੋਂ ਭੱਜ ਗਏ।

ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਜਾਣ ਦਾ ਫ਼ੈਸਲਾ ਕੀਤਾ। ਪਰ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਾਉਣਾ ਵੀ ਆਸਾਨ ਨਹੀਂ ਸੀ।

ਪੂਜਾ ਦੇ ਮੁਤਾਬਕ, ਪੁਲਿਸ ਸ਼ੁਰੂ ਵਿੱਚ ਐੱਫਆਈਆਰ ਦਰਜ ਕਰਨ ਲਈ ਤਿਆਰ ਨਹੀਂ ਸੀ।

ਪੁਲਿਸ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਹ ਵਿਆਹੁਤਾ ਹਨ ਅਤੇ ਕੀ ਉਹ ਮੁਲਜ਼ਮ ਨੂੰ ਪਹਿਲਾਂ ਤੋਂ ਜਾਣਦੇ ਸਨ।

ਕਈ ਘੰਟਿਆਂ ਤੱਕ ਕੋਸ਼ਿਸ਼ ਕਰਨ ਤੋਂ ਬਾਅਦ ਆਖ਼ਿਰਕਾਰ ਉਸ ਵਿਅਕਤੀ ਦੇ ਖ਼ਿਲਾਫ਼ ਐੱਫਆਈਆਰ ਦਰਜ ਹੋਈ।

ਉਸ ਉੱਤੇ ਗ਼ਲਤ ਤਰੀਕੇ ਨਾਲ ਰਸਤਾ ਰੋਕਣ, ਚੋਰੀ-ਛਿਪੇ ਦੇਖਣ ਜਾਂ ਰਿਕਾਰਡਿੰਗ ਕਰਨ ਅਤੇ ਪਿੱਛਾ ਕਰਨ ਦੇ ਇਲਜ਼ਾਮ ਲਗਾਏ ਗਏ।

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਐੱਫਆਈਆਰ ਦਰਜ ਹੋਣ ਦੇ ਕੁਝ ਦਿਨਾਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਉਸ ਨੂੰ ਇੱਕ ਦਿਨ ਲਈ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ। ਇਸ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਅਤੇ ਬਾਅਦ ਵਿੱਚ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਗਿਆ।

ਮਾਰਕ ਜ਼ਕਰਬਰਗ

ਤਸਵੀਰ ਸਰੋਤ, David Paul Morris/Bloomberg via Getty Images

ਤਸਵੀਰ ਕੈਪਸ਼ਨ, ਇੰਸਟਾਗ੍ਰਾਮ ਅਤੇ ਫ਼ੇਸਬੁੱਕ ਦੀ ਮਾਲਕ ਕੰਪਨੀ ਮੈਟਾ ਦਾ ਕਹਿਣਾ ਹੈ ਕਿ ਉਸ ਦੇ ਏਆਈ ਚਸ਼ਮੇ ਬਣਾਉਂਦੇ ਸਮੇਂ ਸ਼ੁਰੂ ਤੋਂ ਹੀ ਨਿੱਜਤਾ ਦਾ ਧਿਆਨ ਰੱਖਿਆ ਗਿਆ ਹੈ

ਚੋਰੀ-ਛਿਪੇ ਰਿਕਾਰਡਿੰਗ ਉੱਤੇ ਕੋਈ ਖ਼ਾਸ ਕਾਨੂੰਨ ਨਹੀਂ

ਟੈਕਨੋਲੋਜੀ ਨਾਲ ਜੁੜੇ ਮਾਮਲਿਆਂ ਦੀ ਵਕੀਲ ਅਤੇ ਇੰਟਰਨੈੱਟ ਉੱਤੇ ਨਾਗਰਿਕ ਅਧਿਕਾਰਾਂ ਲਈ ਕੰਮ ਕਰਨ ਵਾਲੀ ਮੀਸ਼ੀ ਚੌਧਰੀ ਨੇ ਬੀਬੀਸੀ ਨੂੰ ਕਿਹਾ ਕਿ ਏਆਈ ਚਸ਼ਮਿਆਂ ਦੀ ਗ਼ਲਤ ਵਰਤੋਂ ਹੋ ਸਕਦੀ ਹੈ।

ਇਸ ਦੇ ਬਾਵਜੂਦ ਭਾਰਤ ਦੇ ਮੌਜੂਦਾ ਕਾਨੂੰਨ ਅਜਿਹੀ ਚੋਰੀ-ਛਿਪੇ ਰਿਕਾਰਡਿੰਗ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ।

ਉਨ੍ਹਾਂ ਮੁਤਾਬਕ, ਅਜਿਹੀ ਰਿਕਾਰਡਿੰਗ ਕਰਨਾ "ਅਕਸਰ ਬਹੁਤ ਗ਼ਲਤ ਹੁੰਦਾ ਹੈ, ਪਰ ਕਾਨੂੰਨ ਵਿੱਚ ਇਸ ਨੂੰ ਸਪਸ਼ਟ ਤੌਰ ਉੱਤੇ ਅਪਰਾਧ ਨਹੀਂ ਮੰਨਿਆ ਗਿਆ ਹੈ।"

ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਕੀ ਦਿਖਾਇਆ ਗਿਆ ਹੈ, ਇਸ ਦੇ ਆਧਾਰ ਉੱਤੇ ਮਾਣਹਾਨੀ, ਚੋਰੀ-ਛਿਪੇ ਦੇਖਣ ਜਾਂ ਰਿਕਾਰਡਿੰਗ ਕਰਨ, ਪਿੱਛਾ ਕਰਨ ਅਤੇ ਅਪਰਾਧਿਕ ਧਮਕੀ ਵਰਗੇ ਅਪਰਾਧਾਂ ਦਾ ਮਾਮਲਾ ਬਣ ਸਕਦਾ ਹੈ।

ਪਰ ਕਿਸੇ ਜਨਤਕ ਥਾਂ ਉੱਤੇ ਚੋਰੀ-ਛਿਪੇ ਰਿਕਾਰਡਿੰਗ ਕਰਨ ਤੋਂ ਸਪਸ਼ਟ ਤੌਰ ਉੱਤੇ ਰੋਕਣ ਵਾਲਾ ਕੋਈ ਖ਼ਾਸ ਕਾਨੂੰਨ ਨਹੀਂ ਹੈ।

ਇਸੇ ਕਾਰਨ ਨਿੱਜਤਾ ਦੀ ਉਲੰਘਣਾ ਨਾਲ ਜੁੜੇ ਅਜਿਹੇ ਮਾਮਲੇ ਕਾਨੂੰਨੀ ਤੌਰ ਉੱਤੇ ਅਜਿਹੀ ਸਥਿਤੀ ਵਿੱਚ ਫਸ ਜਾਂਦੇ ਹਨ, ਜਿੱਥੇ ਇਹ ਸਪਸ਼ਟ ਨਹੀਂ ਹੁੰਦਾ ਕਿ ਕਿਸ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇ।

ਨਾਲ ਹੀ, ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਉੱਤੇ ਇਸ ਦਾ ਗੰਭੀਰ ਅਸਰ ਪੈ ਸਕਦਾ ਹੈ।

ਪੂਜਾ ਕਹਿੰਦੇ ਹਨ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਹਰ ਸਮੇਂ ਡਰ ਅਤੇ ਸ਼ੱਕ ਰਹਿਣ ਲੱਗਾ। ਹੁਣ ਜਨਤਕ ਥਾਵਾਂ ਉੱਤੇ ਜਾਣ ਤੋਂ ਵੀ ਉਨ੍ਹਾਂ ਨੂੰ ਘਬਰਾਹਟ ਹੁੰਦੀ ਹੈ।

ਵੀਡੀਓ ਹਟਵਾਉਣ ਦੀ ਮੁਸ਼ਕਿਲ

ਚੋਰੀ-ਛਿਪੇ ਰਿਕਾਰਡਿੰਗ ਦਾ ਸਾਹਮਣਾ ਕਰਨ ਵਾਲੇ ਤਿੰਨਾਂ ਲੋਕਾਂ ਨੇ ਬੀਬੀਸੀ ਨੂੰ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਅਜਿਹੇ ਵੀਡੀਓਜ਼ ਹਟਵਾਉਣਾ ਬੇਹੱਦ ਮੁਸ਼ਕਿਲ ਸੀ।

ਮੈਟਾ ਦੇ ਨਿਯਮ ਪਰੇਸ਼ਾਨ ਕਰਨ ਦੀ ਇਜਾਜ਼ਤ ਨਹੀਂ ਦਿੰਦੇ।

ਪਰ ਇੰਸਟਾਗ੍ਰਾਮ ਉੱਤੇ ਕਿਸੇ ਪੋਸਟ ਦੀ ਸ਼ਿਕਾਇਤ ਕਰਦੇ ਸਮੇਂ ਨਿੱਜਤਾ ਦੀ ਉਲੰਘਣਾ ਜਾਂ ਸਮਾਰਟ ਗਲਾਸੇਜ਼ ਨਾਲ ਬਿਨਾਂ ਸਹਿਮਤੀ ਰਿਕਾਰਡਿੰਗ ਦੀ ਕੋਈ ਵੱਖਰੀ ਸ਼੍ਰੇਣੀ ਨਹੀਂ ਹੈ।

ਇਸ ਕਾਰਨ ਲੋਕਾਂ ਨੂੰ ਆਪਣੀ ਸ਼ਿਕਾਇਤ "ਬੁਲਿੰਗ ਅਤੇ ਪਰੇਸ਼ਾਨੀ" ਦੀ ਸ਼੍ਰੇਣੀ ਵਿੱਚ ਦਰਜ ਕਰਨੀ ਪੈਂਦੀ ਹੈ।

ਸਕਾਈ ਅਤੇ ਸ਼ੁਬਨਮ ਨੇ ਇੰਸਟਾਗ੍ਰਾਮ ਉੱਤੇ ਸ਼ਿਕਾਇਤ ਦਰਜ ਕੀਤੀ ਸੀ ਕਿ ਉਨ੍ਹਾਂ ਦੇ ਵੀਡੀਓਜ਼ ਪਲੇਟਫਾਰਮ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ।

ਇਸ ਦੇ ਬਾਵਜੂਦ ਦੋਵੇਂ ਵੀਡੀਓਜ਼ ਕਰੀਬ ਇੱਕ ਮਹੀਨੇ ਤੱਕ ਆਨਲਾਈਨ ਰਹੇ।

ਮੁੰਬਈ ਦੀ ਰਾਤੀ ਫ਼ਾਊਂਡੇਸ਼ਨ ਦੇ ਦਖ਼ਲ ਤੋਂ ਬਾਅਦ ਹੀ ਮੂਲ ਅਕਾਊਂਟ ਤੋਂ ਦੋਵੇਂ ਵੀਡੀਓਜ਼ ਹਟਾਏ ਗਏ।

ਰਾਤੀ ਫ਼ਾਊਂਡੇਸ਼ਨ ਮਹਿਲਾਵਾਂ, ਬੱਚਿਆਂ ਅਤੇ ਕਮਜ਼ੋਰ ਸਮਝੇ ਜਾਣ ਵਾਲੇ ਲਿੰਗਕ ਭਾਈਚਾਰਿਆਂ ਲਈ ਸੁਰੱਖਿਅਤ ਥਾਂ ਬਣਾਉਣ ਦਾ ਕੰਮ ਕਰਦੀ ਹੈ।

ਮੈਟਾ ਦਾ ਸੁਰੱਖਿਆ ਭਾਈਵਾਲ ਹੋਣ ਕਾਰਨ ਇਸ ਸੰਸਥਾ ਕੋਲ ਸ਼ਿਕਾਇਤ ਕਰਨ ਦਾ ਇੱਕ ਵੱਖਰਾ ਤਰੀਕਾ ਮੌਜੂਦ ਹੈ। ਇਸੇ ਰਾਹੀਂ ਵੀਡੀਓਜ਼ ਹਟਾਏ ਜਾ ਸਕੇ।

ਹਾਲਾਂਕਿ, ਇਨ੍ਹਾਂ ਵੀਡੀਓਜ਼ ਦੇ ਐਡਿਟ ਕੀਤੇ ਗਏ ਕਈ ਰੂਪ ਅਜੇ ਵੀ ਸੋਸ਼ਲ ਮੀਡੀਆ ਉੱਤੇ ਮੌਜੂਦ ਹਨ।

ਪੂਜਾ ਵਾਲਾ ਵੀਡੀਓ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੱਕ ਆਨਲਾਈਨ ਰਿਹਾ। ਇਸ ਦੌਰਾਨ ਇਸ ਨੂੰ 25 ਲੱਖ ਵਾਰ ਦੇਖਿਆ ਗਿਆ।

ਉਨ੍ਹਾਂ ਦੇ ਦੋਸਤਾਂ ਨੇ ਇੰਸਟਾਗ੍ਰਾਮ ਉੱਤੇ ਸ਼ਿਕਾਇਤ ਕੀਤੀ ਸੀ ਕਿ ਵੀਡੀਓ ਇਸ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ। ਇਸ ਤੋਂ ਬਾਅਦ ਵੀ ਵੀਡੀਓ ਨਹੀਂ ਹਟਾਇਆ ਗਿਆ।

ਜਦੋਂ ਪੂਜਾ ਪੁਲਿਸ ਕੋਲ ਗਏ ਅਤੇ ਇੱਕ ਪੁਲਿਸ ਅਧਿਕਾਰੀ ਨੇ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਸਿੱਧਾ ਫ਼ੋਨ ਕੀਤਾ, ਉਦੋਂ ਉਸ ਨੇ ਵੀਡੀਓ ਹਟਾਈ।

ਪੁਣੇ ਵਿੱਚ ਇੱਕ ਨਾਬਾਲਗ ਦੀ ਰਿਕਾਰਡਿੰਗ

ਏਆਈ ਸਮਾਰਟ ਚਸ਼ਮੇ

ਤਸਵੀਰ ਸਰੋਤ, David Paul Morris/Bloomberg via Getty Images

ਤਸਵੀਰ ਕੈਪਸ਼ਨ, ਨਾਗਰਿਕ ਅਧਿਕਾਰਾਂ ਲਈ ਕੰਮ ਕਰਨ ਵਾਲੇ ਮੀਸ਼ੀ ਚੌਧਰੀ ਨੇ ਬੀਬੀਸੀ ਨੂੰ ਕਿਹਾ ਕਿ ਏਆਈ ਚਸ਼ਮਿਆਂ ਦੀ ਗ਼ਲਤ ਵਰਤੋਂ ਹੋ ਸਕਦੀ ਹੈ

ਪੁਣੇ ਵਿੱਚ ਹੋਈ ਇੱਕ ਦੂਜੀ ਘਟਨਾ ਵਿੱਚ ਦੋ ਕੁੜੀਆਂ ਦੀ ਏਆਈ ਗਲਾਸੇਜ਼ ਨਾਲ ਉਨ੍ਹਾਂ ਦੀ ਸਹਿਮਤੀ ਤੋਂ ਬਿਨ੍ਹਾਂ ਰਿਕਾਰਡਿੰਗ ਕੀਤੀ ਗਈ ਸੀ। ਇਨ੍ਹਾਂ ਵਿੱਚੋਂ ਇੱਕ ਕੁੜੀ ਨਾਬਾਲਗ ਸੀ।

ਰਾਤੀ ਫ਼ਾਊਂਡੇਸ਼ਨ ਨੇ ਤਿੰਨ ਦਿਨਾਂ ਦੇ ਅੰਦਰ ਇਹ ਵੀਡੀਓ ਹਟਵਾ ਦਿੱਤਾ।

ਹਾਲਾਂਕਿ, ਅਜਿਹੇ ਵੀਡੀਓਜ਼ ਪੋਸਟ ਕਰਨ ਵਾਲੇ ਅਕਾਊਂਟ ਅਜੇ ਵੀ ਐਕਟਿਵ ਹਨ।

ਉਹ ਲਗਾਤਾਰ ਅਜਿਹੇ ਵੀਡੀਓ ਅਪਲੋਡ ਕਰ ਰਹੇ ਹਨ ਜੋ ਇੰਝ ਲੱਗਦੇ ਹਨ ਕਿ ਆਸ-ਪਾਸ ਮੌਜੂਦ ਲੋਕਾਂ ਦੀ ਸਹਿਮਤੀ ਤੋਂ ਬਿਨ੍ਹਾਂ ਸਮਾਰਟ ਚਸ਼ਮੇ ਨਾਲ ਰਿਕਾਰਡ ਕੀਤੇ ਗਏ ਹਨ। ਇਨ੍ਹਾਂ ਵੀਡੀਓਜ਼ ਨੂੰ ਲੱਖਾਂ ਵਾਰ ਦੇਖਿਆ ਜਾ ਰਿਹਾ ਹੈ।

ਇਨ੍ਹਾਂ ਵਿੱਚੋਂ ਦੋ ਅਕਾਊਂਟਾਂ ਦੇ ਇੰਸਟਾਗ੍ਰਾਮ ਉੱਤੇ ਇਸ ਸਮੇਂ 3.9 ਲੱਖ ਤੋਂ 4.4 ਲੱਖ ਤੱਕ ਫੌਲੋਅਰਜ਼ ਹਨ।

ਇਨ੍ਹਾਂ ਵਿੱਚੋਂ ਇੱਕ ਅਕਾਊਂਟ ਨੇ ਟ੍ਰਾਂਸਜੈਂਡਰ ਲੋਕਾਂ ਦਾ ਵੀਡੀਓ ਪੋਸਟ ਕੀਤਾ ਸੀ। ਦੂਜੇ ਅਕਾਊਂਟ ਨੇ ਪੁਣੇ ਦੀਆਂ ਨਾਬਾਲਗ ਕੁੜੀਆਂ ਦਾ ਵੀਡੀਓ ਪਾਇਆ ਸੀ।

ਪੂਜਾ ਦਾ ਵੀਡੀਓ ਪੋਸਟ ਕਰਨ ਵਾਲੇ ਅਕਾਊਂਟ ਦੇ ਵੀ 10 ਹਜ਼ਾਰ ਤੋਂ ਜ਼ਿਆਦਾ ਫੌਲੋਅਰਜ਼ ਹਨ।

ਛਾਇਆ ਰਾਜਪੂਤ ਮੁੰਬਈ ਦੀ ਸੰਸਥਾ ਪੁਆਇੰਟ ਆਫ਼ ਵਿਊ ਦੀ ਡਿਜੀਟਲ ਅਧਿਕਾਰ ਹੈਲਪਲਾਈਨ ਦੇ ਸਹਿ-ਪ੍ਰਬੰਧਕ ਹਨ। ਇਹ ਸੰਸਥਾ ਇੰਟਰਨੈੱਟ ਉੱਤੇ ਲਿੰਗਕ ਬਰਾਬਰੀ ਅਤੇ ਨਿਆਂ ਲਈ ਕੰਮ ਕਰਦੀ ਹੈ।

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਪੋਸਟਾਂ ਦੀ ਆਪਣੇ ਆਪ ਜਾਂਚ ਕਰਨ ਵਾਲੇ ਸਿਸਟਮ ਅਕਸਰ ਭਾਰਤ ਵਿੱਚ ਨਿੱਜਤਾ ਦੀ ਉਲੰਘਣਾ ਦੇ ਸਮਾਜਿਕ ਅਤੇ ਸੱਭਿਆਚਾਰਕ ਸੰਦਰਭ ਨੂੰ ਨਹੀਂ ਸਮਝ ਪਾਉਂਦੇ।

ਇਹ ਸਿਸਟਮ ਆਮ ਤੌਰ ਉੱਤੇ ਜਿਨਸੀ ਸਮੱਗਰੀ ਜਾਂ ਨਗਨਤਾ ਵਰਗੀਆਂ ਗੰਭੀਰ ਉਲੰਘਣਾਵਾਂ ਨੂੰ ਹੀ ਪਛਾਣ ਕੇ ਹਟਾਉਂਦੇ ਹਨ।

ਪਰ ਆਮ ਦਿਖਾਈ ਦੇਣ ਵਾਲੀ ਕਿਸੇ ਪੋਸਟ ਕਾਰਨ ਵੀ ਕਿਸੇ ਮਹਿਲਾ ਜਾਂ ਕਿਸੇ ਵਿਅਕਤੀ ਨੂੰ ਵੱਡੇ ਪੱਧਰ ਉੱਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

'ਸਿਰਫ਼ ਦਿਖਾਵੇ ਦੀ ਖਾਨਾਪੂਰਤੀ'

ਮੀਸ਼ੀ ਚੌਧਰੀ
ਟੈਕਨੋਲੋਜੀ ਨਾਲ ਜੁੜੇ ਮਾਮਲਿਆਂ ਦੇ ਵਕੀਲ

ਇੰਸਟਾਗ੍ਰਾਮ ਅਤੇ ਫ਼ੇਸਬੁੱਕ ਦੀ ਮਾਲਕ ਕੰਪਨੀ ਮੈਟਾ ਦਾ ਕਹਿਣਾ ਹੈ ਕਿ ਉਸ ਦੇ ਏਆਈ ਚਸ਼ਮੇ ਬਣਾਉਂਦੇ ਸਮੇਂ ਸ਼ੁਰੂ ਤੋਂ ਹੀ ਨਿੱਜਤਾ ਦਾ ਧਿਆਨ ਰੱਖਿਆ ਗਿਆ ਹੈ।

ਮੈਟਾ ਦੇ ਇੱਕ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ, "ਹਰੇਕ ਚਸ਼ਮੇ ਵਿੱਚ ਰਿਕਾਰਡਿੰਗ ਦੱਸਣ ਵਾਲੀ ਇੱਕ ਐਲਈਡੀ ਲਾਈਟ ਲੱਗੀ ਹੈ। ਫ਼ੋਟੋ ਜਾਂ ਵੀਡੀਓ ਬਣਾਉਂਦੇ ਸਮੇਂ ਇਹ ਲਾਈਟ ਜਗਦੀ-ਬੁਝਦੀ ਹੈ।"

"ਫ਼ੋਟੋ ਜਾਂ ਵੀਡੀਓ ਨੂੰ ਬਾਅਦ ਵਿੱਚ ਸੇਵ ਜਾਂ ਸ਼ੇਅਰ ਕੀਤਾ ਜਾ ਸਕਦਾ ਹੈ। ਇਸ ਲਾਈਟ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਜੇ ਕੋਈ ਇਸ ਨੂੰ ਢੱਕਦਾ ਹੈ ਜਾਂ ਖ਼ਰਾਬ ਕਰਦਾ ਹੈ ਤਾਂ ਕੈਮਰਾ ਕੰਮ ਕਰਨਾ ਬੰਦ ਕਰ ਦਿੰਦਾ ਹੈ।"

ਜੁਲਾਈ ਵਿੱਚ ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਕਿਹਾ ਸੀ, "ਜੇ ਤੁਸੀਂ ਲੋਕਾਂ ਦਾ ਫ਼ਾਇਦਾ ਚੁੱਕਣ ਅਤੇ ਉਨ੍ਹਾਂ ਨੂੰ ਪਰੇਸ਼ਾਨ ਕਰਨ ਵਾਲਾ ਵੀਡੀਓ ਪੋਸਟ ਕਰਦੇ ਹੋ, ਤਾਂ ਅਸੀਂ ਉਸ ਨੂੰ ਹਟਾ ਦੇਵਾਂਗੇ।"

"ਅਸੀਂ ਨਹੀਂ ਚਾਹੁੰਦੇ ਕਿ ਲੋਕ ਚੋਰੀ-ਛਿਪੇ ਦੂਜਿਆਂ ਦੇ ਵੀਡੀਓ ਬਣਾਉਣ, ਉਨ੍ਹਾਂ ਨੂੰ ਪਰੇਸ਼ਾਨ ਕਰਨ ਅਤੇ ਫਿਰ ਅਜਿਹੇ ਵੀਡੀਓ ਸਾਡੇ ਪਲੇਟਫਾਰਮ ਉੱਤੇ ਪੋਸਟ ਕਰਨ।"

ਮੈਟਾ ਨੇ ਬੀਬੀਸੀ ਨੂੰ ਦਿੱਤੇ ਬਿਆਨ ਵਿੱਚ ਦਾਅਵਾ ਕੀਤਾ ਕਿ ਉਸ ਨੇ "ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹਜ਼ਾਰਾਂ ਵੀਡੀਓ ਅਤੇ ਪੋਸਟਾਂ ਹਟਾਈਆਂ ਹਨ।"

ਕੰਪਨੀ ਨੇ ਇਹ ਵੀ ਕਿਹਾ ਕਿ ਉਸ ਨੇ ਇਸ ਤਰ੍ਹਾਂ ਦੇ ਵੀਡੀਓ ਨਾਲ ਜੁੜੇ ਸਰਚ ਸ਼ਬਦਾਂ ਅਤੇ ਹੈਸ਼ਟੈਗ ਨੂੰ ਬਲਾਕ ਕੀਤਾ ਹੈ। ਇਨ੍ਹਾਂ ਵਿੱਚ 'ਰਿਜ਼', 'ਪਿਕ-ਅੱਪ ਆਰਟਿਸਟ' ਅਤੇ 'ਕੋਲਡ ਅਪ੍ਰੋਚ' ਵਰਗੇ ਸ਼ਬਦ ਸ਼ਾਮਿਲ ਹਨ।

ਹਾਲਾਂਕਿ, ਸ਼ੁਬਨਮ ਨੇ ਐਲਈਡੀ ਲਾਈਟ ਨੂੰ ਕੰਪਨੀਆਂ ਦੀ "ਸਿਰਫ਼ ਦਿਖਾਵੇ ਦੀ ਖਾਨਾਪੂਰਤੀ" ਦੱਸਿਆ, ਜੋ ਜ਼ਿੰਮੇਵਾਰੀ ਤੋਂ ਬਚਣ ਲਈ ਕੀਤੀ ਗਈ ਹੈ।

ਉਨ੍ਹਾਂ ਕਿਹਾ, "ਚਸ਼ਮੇ ਦੇ ਇੱਕ ਕੋਨੇ ਵਿੱਚ ਲੱਗੀ ਛੋਟੀ ਜਿਹੀ ਚਿੱਟੀ ਲਾਈਟ ਨੂੰ ਪਛਾਣਨ ਲਈ ਹੁਣ ਤੁਹਾਡੇ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਤੁਸੀਂ ਆਪਣਾ ਪੂਰਾ ਧਿਆਨ ਹਰ ਵਿਅਕਤੀ ਦੇ ਚਸ਼ਮੇ ਨੂੰ ਦੇਖਣ ਅਤੇ ਸਮਝਣ ਵਿੱਚ ਲਗਾ ਦਿਓ।"

ਏਆਈ ਗਲਾਸੇਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੀਡੀਓ ਪੋਸਟ ਕਰਨ ਵਾਲੇ ਅਕਾਊਂਟ ਹਾਲੇ ਵੀ ਐਕਟਿਵ ਹਨ, ਅਜਿਹੇ ਵਿੱਚ ਕਾਰਵਾਈ ਕਰਨਾ ਮੁਸ਼ਕਿਲ ਹੋ ਜਾਂਦਾ ਹੈ

ਮੈਟਾ ਦੇ ਚਸ਼ਮੇ ਵਿੱਚ ਲੱਗੀ ਐਲਈਡੀ ਲਾਈਟ ਨੂੰ ਲੈ ਕੇ ਕੀਤੇ ਗਏ ਦਾਅਵਿਆਂ 'ਤੇ ਪਿਛਲੇ ਮਹੀਨੇ ਦਿ ਗਾਰਡੀਅਨ ਵਿੱਚ ਛਪੀ ਇੱਕ ਰਿਪੋਰਟ ਨੇ ਵੀ ਸਵਾਲ ਚੁੱਕੇ ਹਨ।

ਰਿਪੋਰਟ ਦੇ ਮੁਤਾਬਕ, ਅਮਰੀਕਾ ਵਿੱਚ ਕਈ ਆਨਲਾਈਨ ਸੇਵਾਵਾਂ ਦੇਣ ਵਾਲੇ ਪੈਸੇ ਲੈ ਕੇ ਮੈਟਾ ਦੇ ਚਸ਼ਮੇ (ਗਲਾਸੇਜ਼) ਦੀ ਐਲਈਡੀ ਲਾਈਟ ਨੂੰ ਬੰਦ ਕਰ ਦਿੰਦੇ ਹਨ।

ਮੈਟਾ ਨੇ ਕਿਹਾ ਕਿ ਉਹ ਇੱਕ ਨਵਾਂ "ਟੈਂਪਰ ਡਿਟੈਕਸ਼ਨ ਅਪਡੇਟ" ਜਾਰੀ ਕਰ ਰਹੀ ਹੈ। ਇਸ ਦਾ ਐਲਾਨ ਅਗਸਤ ਵਿੱਚ ਕੀਤਾ ਗਿਆ ਸੀ।

ਕੰਪਨੀ ਮੁਤਾਬਕ, ਇਹ ਅਪਡੇਟ ਉਨ੍ਹਾਂ ਕੋਸ਼ਿਸ਼ਾਂ ਨੂੰ ਰੋਕਣ ਲਈ ਹੈ, ਜਿਨ੍ਹਾਂ ਵਿੱਚ ਲੋਕ ਪਹਿਲਾਂ ਰਿਕਾਰਡਿੰਗ ਸ਼ੁਰੂ ਕਰਦੇ ਹਨ ਅਤੇ ਫਿਰ ਰਿਕਾਰਡਿੰਗ ਬਾਰੇ ਦੱਸਣ ਵਾਲੀ ਐਲਈਡੀ ਲਾਈਟ ਨੂੰ ਢੱਕ ਦਿੰਦੇ ਹਨ।

ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਮੈਟਾ ਤੋਂ ਇਲਾਵਾ ਦੂਜੀਆਂ ਕੰਪਨੀਆਂ ਦੇ ਏਆਈ ਚਸ਼ਮਿਆਂ ਵਿੱਚ ਉਹ ਚਿੱਟੀ ਲਾਈਟ ਨਾ ਹੋਵੇ, ਜਿਸ ਨੂੰ ਮੈਟਾ ਸੁਰੱਖਿਆ ਦਾ ਜ਼ਰੀਆ ਦੱਸਦੀ ਹੈ।

ਇਸ ਸਮੇਂ ਮੈਟਾ ਤੋਂ ਇਲਾਵਾ ਦੂਜੀਆਂ ਕੰਪਨੀਆਂ ਦੇ ਸਭ ਤੋਂ ਸਸਤੇ ਏਆਈ ਚਸ਼ਮਿਆਂ ਦੀ ਕੀਮਤ ਕਰੀਬ 11 ਹਜ਼ਾਰ ਰੁਪਏ ਹੈ।

ਮੈਟਾ ਦੇ ਸਭ ਤੋਂ ਸਸਤੇ ਏਆਈ ਚਸ਼ਮਿਆਂ ਦੀ ਕੀਮਤ ਕਰੀਬ 22 ਹਜ਼ਾਰ ਰੁਪਏ ਹੈ। ਇਸ ਨਾਲ ਇਹ ਤਕਨਾਲੋਜੀ ਲਗਾਤਾਰ ਵੱਧ ਲੋਕਾਂ ਦੀ ਪਹੁੰਚ ਵਿੱਚ ਆ ਰਹੀ ਹੈ।

ਭਾਰਤ ਵਿੱਚ ਕਿੰਨੇ ਲੋਕਾਂ ਕੋਲ ਸਮਾਰਟ ਚਸ਼ਮੇ ਹਨ, ਇਸ ਦੀ ਸਹੀ ਗਿਣਤੀ ਹਾਲੇ ਪਤਾ ਨਹੀਂ ਹੈ।

ਹਾਲਾਂਕਿ, ਰਿਸਰਚ ਅਤੇ ਕਨਸਲਟਿੰਗ ਸੰਸਥਾ ਸਾਈਬਰਮੀਡੀਆ ਰਿਸਰਚ ਦੀ 'ਇੰਡੀਆ ਸਮਾਰਟ ਗਲਾਸੇਜ਼ ਮਾਰਕੀਟ ਰਿਵਿਊ ਫ਼ੌਰ ਸੀਵਾਈ 2025' ਰਿਪੋਰਟ ਦਾ ਅਨੁਮਾਨ ਹੈ ਕਿ 2030 ਤੱਕ ਭਾਰਤ ਵਿੱਚ ਸਮਾਰਟ ਚਸ਼ਮਿਆਂ ਦਾ ਬਾਜ਼ਾਰ 32 ਲੱਖ ਤੋਂ ਵੱਧ ਯੂਨਿਟ ਦਾ ਹੋ ਜਾਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)