ਪੰਜਾਬ ਦੀ ਰਾਜਨੀਤੀ 'ਚ 'ਨਸ਼ਾ' ਫਿਰ ਤੋਂ ਕੇਂਦਰ ਬਿੰਦੂ: 'ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ' ਮੁਹਿੰਮ ਦੇ ਕੀ ਹਨ ਸਿਆਸੀ ਮਾਅਨੇ

ਭਗਵੰਤ ਮਾਨ, ਨਿਤਿਨ ਨਬੀਨ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਨਸ਼ਾ ਪੰਜਾਬ ਦਾ ਇੱਕ ਵੱਡਾ ਸਿਆਸੀ ਅਤੇ ਸਮਾਜਿਕ ਮੁੱਦਾ ਹੈ ਅਤੇ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਦੌਰਾਨ ਇਹ ਅਹਿਮ ਮੁੱਦਾ ਰਿਹਾ ਹੈ

ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਪੰਜਾਬ ਵਿੱਚ ਨਸ਼ਾ ਵਿਰੋਧੀ ਯਾਤਰਾ ਦਾ ਆਗਾਜ਼ ਸ਼ੁੱਕਰਵਾਰ ਨੂੰ ਪਠਾਨਕੋਟ ਤੋਂ ਕਰ ਦਿੱਤਾ ਹੈ।

ਨਸ਼ਾ ਵਿਰੋਧੀ ਯਾਤਰਾ ਮੁਹਿੰਮ ਤਹਿਤ ਭਾਜਪਾ ਅਗਲੇ 13 ਦਿਨਾਂ ਵਿੱਚ ਸੂਬੇ ਵਿੱਚ ਵੱਖ-ਵੱਖ ਥਾਵਾਂ ਤੋਂ ਚਾਰ ਯਾਤਰਾਵਾਂ ਕੱਢ ਰਹੀ ਹੈ, ਜੋ ਹਰ ਵਿਧਾਨ ਸਭਾ ਇਲਾਕੇ ਵਿੱਚ ਜਾਣਗੀਆਂ।

ਸਾਰੀਆਂ ਯਾਤਰਾਵਾਂ 30 ਸਤੰਬਰ ਨੂੰ ਜਲੰਧਰ ਵਿੱਚ ਇਕੱਠੀਆਂ ਹੋਣਗੀਆਂ, ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਮਾਪਤੀ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ।

ਇੱਕ ਪਾਸੇ ਜਿੱਥੇ ਭਾਜਪਾ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਦੀ ਗੱਲ ਕਰ ਰਹੀ ਹੈ, ਉੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਸ ਮੁੱਦੇ ਉੱਤੇ ਉਲਟਾ ਭਾਜਪਾ ਨੂੰ ਸਵਾਲ ਕਰ ਰਹੀਆਂ ਹਨ, ਉਧਰ ਸਿਆਸੀ ਮਾਮਲਿਆਂ ਦੇ ਜਾਣਕਾਰ ਇਸ ਮੁਹਿੰਮ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ।

ਨਸ਼ਾ ਪੰਜਾਬ ਦਾ ਇੱਕ ਵੱਡਾ ਸਿਆਸੀ ਅਤੇ ਸਮਾਜਿਕ ਮੁੱਦਾ ਹੈ ਅਤੇ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਦੌਰਾਨ ਇਹ ਅਹਿਮ ਮੁੱਦਾ ਰਿਹਾ ਹੈ।

ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਨਸ਼ਾ ਖ਼ਤਮ ਕਰਨ ਦਾ ਦਾਅਵਾ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਸੀ ਪਰ ਸਰਕਾਰ ਅਜੇ ਤੱਕ ਨਸ਼ੇ ਨੂੰ ਜੜ ਤੋਂ ਖ਼ਤਮ ਕਰਨ ਵਿੱਚ ਅਸਫਲ ਰਹੀ ਹੈ।

ਵੈਸੇ ਸਰਕਾਰ ਨੇ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਤਹਿਤ ਨਸ਼ੇ ਦੀ ਸਮਗਲਿੰਗ, ਨਸ਼ੇ ਦੀ ਬਰਾਮਦਗੀ ਅਤੇ ਨਸ਼ਾ ਪੀੜਤਾਂ ਦਾ ਪੁਨਰਵਾਸ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਮੁਤਾਬਕ 'ਯੁੱਧ ਨਸ਼ਿਆਂ ਵਿਰੁੱਧ' ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੰਜਾਬ ਪੁਲਿਸ ਵੱਲੋਂ 60,582 ਮਾਮਲੇ ਦਰਜ ਕੀਤੇ ਗਏ ਹਨ, 708 ਵੱਡੇ ਤਸਕਰਾਂ ਸਣੇ 79,784 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ।

ਕੀ ਹੈ 'ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ' ਮੁਹਿੰਮ

ਭਾਜਪਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਹਰੀ ਝੰਡੀ ਦਿਖਾਉਂਦੇ ਹੋੇ ਬੀਜੇਪੀ ਦੇ ਆਗੂ

ਪੰਜਾਬ ਭਾਜਪਾ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਪਠਾਨਕੋਟ, ਫ਼ਤਿਹਗੜ੍ਹ ਸਾਹਿਬ, ਫ਼ਾਜ਼ਿਲਕਾ ਅਤੇ ਤਲਵੰਡੀ ਸਾਬੋ ਤੋਂ ਚਾਰ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ ਜਿਸ ਵਿੱਚ ਕਰੀਬ 4,000 ਕਿਲੋਮੀਟਰ ਦੀ ਦੂਰੀ ਅਤੇ ਸਾਰੀਆਂ 117 ਵਿਧਾਨ ਸਭਾ ਸੀਟਾਂ ਨੂੰ ਕਵਰ ਕੀਤਾ ਜਾਵੇਗਾ।

'ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ,' ਨਾਅਰੇ ਤਹਿਤ ਕੱਢੀ ਜਾਣ ਵਾਲੀ ਪਹਿਲੀ ਯਾਤਰਾ ਵੀਰਵਾਰ ਨੂੰ ਪਠਾਨਕੋਟ ਤੋਂ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਵਿੱਚ ਪੰਜਾਬ ਭਾਜਪਾ ਦੀ ਪੂਰੀ ਲੀਡਰਸ਼ਿਪ ਦਿਖਾਈ ਦਿੱਤੀ।

ਇਸ ਦੌਰਾਨ ਨਿਤਿਨ ਨਬੀਨ ਨੇ ਆਖਿਆ ਨਸ਼ਾ ਵੱਡੀ ਸਮੱਸਿਆ ਹੈ ਅਤੇ ਇਸ ਤਹਿਤ ਚਾਰ ਸੂਤਰੀ ਪ੍ਰੋਗਰਾਮ ਤਹਿਤ ਕੰਮ ਕੀਤਾ ਜਾਵੇਗਾ, ਜਿਸ ਤਹਿਤ ਪਹਿਲਾਂ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨਾ ਹੈ, ਦੂਜਾ ਨਸ਼ੇ ਦੇ ਸਮਗਲਰਾਂ ਨੂੰ ਗ੍ਰਿਫਤਾਰ ਕਰਨਾ ਹੈ, ਤੀਜਾ ਨਸ਼ੇ ਤੋਂ ਕਮਾਈ ਜਾਇਦਾਦ ਨੂੰ ਖ਼ਤਮ ਕਰਨਾ ਹੈ ਅਤੇ ਚੌਥਾ ਨਸ਼ੇ ਦੇ ਪੀੜਤਾਂ ਦੇ ਪੁਨਰਵਾਸ ਲਈ ਯਤਨ ਕੀਤੇ ਜਾਣਗੇ।

ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇਸ਼ ਵਿਚੋਂ ਨਕਸਲਵਾਦ ਨੂੰ ਖ਼ਤਮ ਕਰਨ ਦੀ ਤਰਜ਼ ਉੱਤੇ ਪੰਜਾਬ ਵਿੱਚੋਂ ਵੀ ਸਰਕਾਰ ਬਣਨ ਦੇ ਦੋ ਸਾਲ ਦੇ ਅੰਦਰ ਨਸ਼ੇ ਦੀ ਜੜ ਵੱਢਣ ਦਾ ਵਾਅਦਾ ਸੂਬੇ ਦੇ ਲੋਕਾਂ ਨਾਲ ਕਰ ਰਹੀ ਹੈ ਅਤੇ ਇਸ ਗੱਲ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਮੰਚ ਉੱਤੇ ਦੁਹਰਾਇਆ ਵੀ।

ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬਾਘਾ ਨੂੰ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਇੰਚਾਰਜ ਲਗਾਇਆ ਗਿਆ ਹੈ।

ਇਸ ਤੋਂ ਇਲਾਵਾ 19 ਸਤੰਬਰ ਨੂੰ ਦਿੱਲੀ ਦੀ ਮੁੱਖ ਮੰਤਰ ਰੇਖਾ ਗੁਪਤਾ ਫ਼ਤਿਹਗੜ੍ਹ ਸਾਹਿਬ ਤੋਂ ਦੂਜੀ, ਕੇਂਦਰੀ ਕਾਨੂੰਨ ਮੰਤਰੀ ਅਰਜੁਨ ਮੇਘਵਾਲ 20 ਸਤੰਬਰ ਨੂੰ ਫ਼ਾਜ਼ਿਲਕਾ ਤੋਂ ਤੀਜੀ, ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ 21 ਸਤੰਬਰ ਨੂੰ ਤਲਵੰਡੀ ਸਾਬੋ, ਬਠਿੰਡਾ ਤੋਂ ਚੌਥੀ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।

ਪੰਜਾਬ ਭਾਜਪਾ ਦੇ ਇੰਚਾਰਜ ਵਿਨੀਤ ਜੋਸ਼ੀ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਆਖਿਆ "ਇੱਕ ਸਮੇਂ ਵਿੱਚ 100 ਤੋਂ ਵੱਧ ਵਾਹਨਾਂ ਦੇ ਨਾਲ ਚੱਲਣ ਵਾਲੀ ਯਾਤਰਾ ਹਰ ਵਿਧਾਨ ਸਭਾ ਹਲਕੇ ਵਿੱਚ ਜਾਵੇਗੀ। ਜਿਸ ਵਿੱਚ ਪ੍ਰਮੁੱਖ ਆਗੂ ਮੁੱਖ ਵਾਹਨ ਵਿੱਚ ਹੋਣਗੇ ਅਤੇ ਸਥਾਨਕ ਜ਼ਿਲ੍ਹੇ ਦੀਆਂ ਗੱਡੀਆਂ ਪਿੱਛੇ ਚੱਲਣਗੀਆਂ।

ਅਗਲੇ ਜ਼ਿਲ੍ਹੇ ਦੀ ਸਰਹੱਦ 'ਤੇ, ਉਸ ਜ਼ਿਲ੍ਹੇ ਦੀਆਂ ਗੱਡੀਆਂ ਪਿਛਲੀਆਂ ਗੱਡੀਆਂ ਦੀ ਜਗ੍ਹਾ ਲੈ ਲੈਣਗੀਆਂ ਤਾਂ ਕਿ ਹਰ ਜ਼ਿਲ੍ਹੇ ਦੀ ਸਥਾਨਕ ਲੀਡਰਸ਼ਿਪ ਆਪਣੇ ਖੇਤਰ ਵਿੱਚ ਦਿਖਾਈ ਦੇਵੇ।

ਉਨ੍ਹਾਂ ਮੁਤਾਬਕ ਯਾਤਰਾ ਦੇ ਪ੍ਰਮੁੱਖ ਵਹੀਕਲ ਨੂੰ ਰੱਥ ਦਾ ਰੂਪ ਦਿੱਤਾ ਗਿਆ ਹੈ ਅਤੇ ਇਸ ਦਾ ਡਿਜ਼ਾਈਨ ਉਸ ਵਾਹਨ ਵਰਗਾ ਹੈ, ਜੋ ਭਾਜਪਾ ਨੇ ਇਸੇ ਸਾਲ ਮਾਰਚ ਮਹੀਨੇ ਵਿੱਚ ਪੱਛਮੀ ਬੰਗਾਲ ਵਿੱਚ ਆਪਣੀ ਪਰਿਵਰਤਨ ਯਾਤਰਾ ਦੌਰਾਨ ਵਰਤਿਆ ਸੀ।

ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਨੂੰ 'ਨਸ਼ੇ ਦੇ ਹੌਟ ਸਪਾਟ' ਕਿਹਾ ਗਿਆ

ਪੰਜਾਬ ਵਿੱਚ ਨਸ਼ਾ
ਤਸਵੀਰ ਕੈਪਸ਼ਨ, ਐੱਨਸੀਬੀ ਮੁਤਾਬਕ ਦੇਸ਼ ਦੇ 272 ਜ਼ਿਲ੍ਹੇ ਨਸ਼ੇ ਦੇ ਹੌਟ ਸਪਾਟ ਵਜੋਂ ਜਾਣੇ ਜਾਂਦੇ ਹਨ ਅਤੇ ਇਸ ਵਿੱਚੋਂ ਪੰਜਾਬ ਦੇ ਸੱਤ ਜ਼ਿਲ੍ਹੇ ਹਨ

ਵੈਸੇ ਤਾਂ ਨਸ਼ੇ ਦੀਆਂ ਘਟਨਾਵਾਂ ਪੰਜਾਬ ਦੇ ਸਾਰਿਆਂ ਜਿਲਿਆਂ ਵਿੱਚੋਂ ਸਮੇਂ-ਸਮੇਂ ਉੱਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਕੇਂਦਰ ਸਰਕਾਰ ਦੇ ਅਦਾਰੇ ਐੱਨਸੀਬੀ ਮੁਤਾਬਕ ਦੇਸ਼ ਦੇ 272 ਜ਼ਿਲ੍ਹੇ ਨਸ਼ੇ ਦੇ ਹੌਟ ਸਪਾਟ ਵਜੋਂ ਜਾਣੇ ਜਾਂਦੇ ਹਨ ਅਤੇ ਇਸ ਵਿੱਚੋਂ ਪੰਜਾਬ ਦੇ ਸੱਤ ਜ਼ਿਲ੍ਹੇ ਹਨ ਜਿਸ ਵਿੱਚ ਪਠਾਨਕੋਟ ਅਤੇ ਲੁਧਿਆਣਾ ਪ੍ਰਮੁੱਖ ਹਨ।

ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਅਗਵਾਈ ਵਿੱਚ ਇਸ ਸਾਲ ਜੂਨ ਮਹੀਨੇ ਵਿੱਚ ਨਾਰਕੋ-ਕੋਆਰਡੀਨੇਸ਼ਨ ਸੈਂਟਰ (NCORD) ਦੀ 10ਵੀਂ ਉੱਚ-ਪੱਧਰੀ ਬੈਠਕ ਵਿੱਚ "ਨਸ਼ੀਲੇ ਪਦਾਰਥਾਂ ਦੇ ਕੰਟਰੋਲ 'ਤੇ ਵਿਜ਼ਨ ਡਾਕੂਮੈਂਟ (2026-2029)" ਅਤੇ "ਐੱਨਸੀਬੀ ਦੀ ਸਾਲਾਨਾ ਰਿਪੋਰਟ -2025" ਜਾਰੀ ਕੀਤੀ ਗਈ ਸੀ।

ਜਿਸ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 'ਆਨਲਾਈਨ ਡਰੱਗਜ਼ ਡਿਸਪੋਜ਼ਲ ਫੋਰਟਨਾਈਟ ਕੈਂਪੇਨ' ਦੀ ਸ਼ੁਰੂਆਤ ਵੀ ਕੀਤੀ ਜਿਸ ਵਿੱਚ 6,000 ਕਰੋੜ ਰੁਪਏ ਤੋਂ ਵੱਧ ਕੀਮਤ ਦੇ 2,09,500 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦਾ ਟੀਚਾ ਰੱਖਿਆ ਗਿਆ ਹੈ।

16 ਸਤੰਬਰ ਨੂੰ ਚੰਡੀਗੜ੍ਹ ਵਿੱਚ ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਅਮਨਜੀਤ ਸਿੰਘ ਨੇ ਦੱਸਿਆ ਸੀ ਕਿ ਭਾਰਤ ਸਰਕਾਰ ਵੱਲੋਂ 2029 ਤੱਕ ਨਸ਼ੇ ਦੇ ਖ਼ਾਤਮੇ ਲਈ ਰੋਡ ਮੈਪ ਤਿਆਰ ਕੀਤਾ ਗਿਆ ਹੈ ਜਿਸ ਉੱਤੇ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ।

ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਭਾਜਪਾ ਨੂੰ ਸਵਾਲ

 ਹਰਪਾਲ ਸਿੰਘ ਚੀਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਪਾਲ ਸਿੰਘ ਚੀਮਾ ਨੇ ਇਸ ਮੁੱਦੇ ਉੱਤੇ ਭਾਜਪਾ ਉੱਤੇ ਸਵਾਲ ਖੜੇ ਕੀਤੇ ਹਨ

ਪੰਜਾਬ ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਨੂੰ ਆਮ ਆਦਮੀ ਪਾਰਟੀ ਨੇ "ਸਿਆਸੀ ਨੌਟੰਕੀ" ਕਰਾਰ ਦਿੱਤਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਮੁਤਾਬਕ 2007 ਤੋਂ 2017 ਤੱਕ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਦੌਰਾਨ ਹੀ ਪੰਜਾਬ ਵਿੱਚ 'ਚਿੱਟੇ' (ਸਿੰਥੈਟਿਕ ਨਸ਼ੇ) ਦਾ ਸਭ ਤੋਂ ਵੱਧ ਪ੍ਰਸਾਰ ਹੋਇਆ ਸੀ। ਉਸ ਸਮੇਂ ਭਾਜਪਾ ਨੇ ਅਜਿਹੀ ਕੋਈ ਯਾਤਰਾ ਕਿਉਂ ਨਹੀਂ ਕੱਢੀ?

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਪੰਜਾਬ ਸਰਕਾਰ ਨਸ਼ੇ ਨੂੰ ਰੋਕਣ ਲਈ ਯਤਨ ਕਰ ਰਹੀ ਹੈ ਪਰ ਭਾਜਪਾ ਇਸ ਮੁੱਦੇ ਉੱਤੇ ਸਿਆਸਤ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਆਖਿਆ ਭਾਜਪਾ ਆਪਣੇ ਸ਼ਾਸਨ ਵਾਲੇ ਰਾਜਾਂ ਵਿੱਚ ਨਸ਼ਿਆਂ ਦੇ ਮੁੱਦੇ 'ਤੇ ਚੁੱਪ ਹੈ ਅਤੇ ਸਿਰਫ਼ ਪੰਜਾਬ ਨੂੰ ਬਦਨਾਮ ਕਰਨ ਅਤੇ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਰਾਜਨੀਤੀ ਕਰਨ ਲਈ ਇਹ ਮੁਹਿੰਮ ਚਲਾ ਰਹੀ ਹੈ।

ਦੂਜੇ ਪਾਸੇ ਪੰਜਾਬ ਕਾਂਗਰਸ ਨੇ ਵੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ 'ਤੇ ਖ਼ਾਸ ਤੌਰ 'ਤੇ ਪੰਜਾਬ ਦੀਆਂ ਸਰਹੱਦਾਂ ਰਾਹੀਂ ਭਾਰਤ ਵਿੱਚ ਵੱਡੀ ਮਾਤਰਾ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਸਵਾਲ ਖੜੇ ਕੀਤੇ।

ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਭਾਜਪਾ ਵੱਲੋਂ ਕੱਢੀ ਜਾ ਰਹੀ 'ਯਾਤਰਾ' 'ਤੇ ਪ੍ਰਤੀਕਰਮ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਇਹ ਸੱਚ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨਸ਼ਿਆਂ ਨੂੰ ਰੋਕਣ ਵਿੱਚ ਨਾ ਸਿਰਫ਼ ਅਸਫਲ ਰਹੀ ਹੈ, ਸਗੋਂ ਨਸ਼ਿਆਂ ਦੀ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ।

ਪਰ ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੀ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਉਨ੍ਹਾਂ ਇਸ਼ਾਰਾ ਕੀਤਾ ਕਿ ਲਗਭਗ ਸਾਰਾ ਨਸ਼ਾ ਵਿਦੇਸ਼ਾਂ ਤੋਂ ਪਾਕਿਸਤਾਨ ਦੇ ਰਸਤੇ ਪੰਜਾਬ ਵਿੱਚ ਤਸਕਰੀ ਕਰ ਕੇ ਲਿਆਂਦਾ ਜਾ ਰਿਹਾ ਹੈ।

ਉਨ੍ਹਾਂ ਸਵਾਲ ਕੀਤਾ ਕਿ ਬੀ.ਐੱਸ.ਐੱਫ. ਸੂਬੇ ਵਿੱਚ ਨਸ਼ਿਆਂ ਦੇ ਇਸ ਦਾਖ਼ਲੇ ਨੂੰ ਰੋਕਣ ਅਤੇ ਕੰਟਰੋਲ ਕਰਨ ਵਿੱਚ ਅਸਫਲ ਕਿਉਂ ਰਹੀ ਹੈ? ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪੰਜਾਬ ਦੇ ਲੋਕਾਂ ਨੂੰ ਜਵਾਬ ਅਤੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ।

ਜਾਣਕਾਰਾਂ ਦੀ ਰਾਇ 'ਚ ਭਾਜਪਾ ਦੀ ਯਾਤਰਾ ਦਾ ਕੀ ਹੈ ਮਕਸਦ

 ਭਾਜਪਾ ਦੀ ਨਸ਼ੇ ਦੇ ਵਿਰੋਧ ਵਿੱਚ ਯਾਤਰਾ

ਰਾਜਨੀਤਿਕ ਮਾਮਲਿਆਂ ਦੇ ਮਾਹਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਕੁਲਦੀਪ ਸਿੰਘ ਮੁਤਾਬਕ ਪੰਜਾਬ ਵਿੱਚ ਇਸ ਸਮੇਂ ਨਸ਼ਾ ਅਤੇ ਅਪਰਾਧ ਵੱਡੇ ਮੁੱਦੇ ਹਨ ਅਤੇ ਭਾਜਪਾ ਇਸ ਯਾਤਰਾ ਰਾਹੀਂ ਕਈ ਪੱਖਾਂ ਨੂੰ ਉਭਾਰਨਾ ਚਾਹੁੰਦੀ ਹੈ, ਜਿਸ ਵਿੱਚ ਰਾਜਨੀਤਿਕ ਅਤੇ ਭਾਵਨਾਤਮਕ ਪਹਿਲੂ ਸ਼ਾਮਲ ਹਨ।

ਸਾਬਕਾ ਪ੍ਰੋਫੈਸਰ ਕੁਲਦੀਪ ਸਿੰਘ ਨੇ ਆਖਿਆ "ਮੌਜੂਦਾ ਸਰਕਾਰ ਯਤਨਾਂ ਦੇ ਬਾਵਜੂਦ ਨਸ਼ੇ ਉੱਤੇ ਕਾਬੂ ਪਾਉਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਦੱਸਿਆ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਦਲੀਲ ਦੇ ਰਹੀ ਹੈ ਕਿ ਭਾਜਪਾ ਦੇ ਰਾਜ ਵਾਲੇ ਸੂਬਿਆਂ ਤੋਂ ਪੰਜਾਬ ਵਿੱਚ ਨਸ਼ਾ ਆਉਂਦਾ ਹੈ, ਪਰ ਨਸ਼ੇ ਉੱਤੇ ਭਗਵੰਤ ਮਾਨ ਸਰਕਾਰ ਕਾਬੂ ਪਾਉਣ ਵਿੱਚ ਅਸਫਲ ਕਿਉਂ ਹੋਈ, ਇਸ ਬਾਰੇ ਗੱਲ ਹੀ ਨਹੀਂ ਕੀਤੀ ਜਾ ਰਹੀ।"

"ਇਸ ਤੋਂ ਇਲਾਵਾ ਭਾਜਪਾ ਇਸ ਯਾਤਰਾ ਰਾਹੀਂ ਆਪਣਾ ਸੰਗਠਨ ਵੀ ਮਜ਼ਬੂਤ ਕਰਨਾ ਚਾਹੁੰਦੀ ਹੈ, ਕਿਉਂਕਿ ਪੰਜਾਬ ਦੀਆਂ 117 ਸੀਟਾਂ 'ਤੇ ਉਹ ਇਕੱਲੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।"

ਪ੍ਰੋਫੈਸਰ ਕੁਲਦੀਪ ਸਿੰਘ ਆਖਦੇ ਹਨ ਕਿ "ਇਹ ਯਾਤਰਾ ਸਾਰੇ ਵਿਧਾਨ ਸਭਾ ਹਲਕਿਆਂ ਵਿੱਚੋਂ ਦੀ ਲੰਘੇਗੀ, ਜਿਸ ਨਾਲ ਪਾਰਟੀ ਨੂੰ ਪਿੰਡ-ਪਿੰਡ ਤੱਕ ਆਪਣੇ ਵਰਕਰਾਂ ਨੂੰ ਸਰਗਰਮ ਕਰਨ ਦਾ ਮੌਕਾ ਮਿਲੇਗਾ।"

ਉਨ੍ਹਾਂ ਮੁਤਾਬਕ ਨਸ਼ੇ ਕਾਰਨ ਮੌਤਾਂ ਵੀ ਹੋਈਆਂ ਹਨ ਇਸ ਕਰਕੇ ਇਹ ਭਾਵਨਾਤਮਕ ਮੁੱਦਾ ਵੀ ਹੈ ਅਤੇ ਭਾਜਪਾ ਯਾਤਰਾ ਦੌਰਾਨ ਨਸ਼ੇ ਤੋਂ ਪੀੜਤ ਪਰਿਵਾਰਾਂ ਨੂੰ ਮੁੱਖ ਰੱਖ ਕੇ ਆਮ ਲੋਕਾਂ ਨਾਲ ਭਾਵਨਾਤਮਕ ਤੌਰ 'ਤੇ ਜੁੜਨ ਦੀ ਕੋਸ਼ਿਸ਼ ਵੀ ਕਰ ਰਹੀ ਹੈ।

ਪੰਜਾਬ ਯੂਨੀਵਰਸਿਟੀ ਦੇ ਰਾਜਨੀਤਿਕ ਵਿਭਾਗ ਦੇ ਸਾਬਕਾ ਪ੍ਰੋਫੈਸਰ ਖ਼ਾਲਿਦ ਮੁਹੰਮਦ ਮੁਤਾਬਕ ਬੇਸ਼ੱਕ ਭਾਜਪਾ ਨੇ ਨਸ਼ੇ ਦਾ ਮੁੱਦਾ ਉਭਾਰ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਆਗਾਜ਼ ਪਠਾਨਕੋਟ ਤੋਂ ਕਰ ਦਿੱਤਾ ਹੈ,ਪਰ ਉਸ ਨੂੰ ਇਸ ਮੁੱਦੇ ਉੱਤੇ ਕਈ ਸਵਾਲਾਂ ਦਾ ਸਾਹਮਣਾ ਵੀ ਕਰਨਾ ਪਵੇਗਾ।

ਉਨ੍ਹਾਂ ਮੁਤਾਬਕ ਪੰਜਾਬ ਵਿੱਚ ਨਸ਼ੇ ਦਾ ਸਭ ਤੋਂ ਜ਼ਿਆਦਾ ਉਭਾਰ 2007-2017 ਵਿੱਚ ਹੋਇਆ ਸੀ ਅਤੇ ਉਸ ਵਕਤ ਸੂਬੇ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ, ਇਸ ਮੁੱਦੇ ਉੱਤੇ ਭਾਜਪਾ ਕੁਝ ਵੀ ਨਹੀਂ ਬੋਲਦੀ।

ਉਨ੍ਹਾਂ ਦੱਸਿਆ ਪੰਜਾਬ ਵਿੱਚ ਦੋ ਤਰਾਂ ਦਾ ਨਸ਼ਾ ਹੈ ਇੱਕ ਸਿੰਥੈਟਿਕ ਨਸ਼ਾ ਅਤੇ ਦੂਜਾ ਸਰਹੱਦ ਪਾਰ ਤੋਂ ਆਉਣ ਵਾਲੀ ਕਿਸਮ (ਹੈਰੋਇਨ, ਚਰਸ ਆਦਿ)। ਪਰ ਸਰਹੱਦ ਪਾਰ ਤੋਂ ਆਉਂਦੇ ਨਸ਼ਿਆਂ (ਡਰੋਨ ਆਦਿ) ਨੂੰ ਰੋਕਣਾ ਕੇਂਦਰ ਸਰਕਾਰ (ਬੈਐਸਐਫ) ਦੀ ਵੀ ਜ਼ਿੰਮੇਵਾਰੀ ਹੈ, ਅਤੇ ਇਹੀ ਸਵਾਲ ਵਿਰੋਧੀ ਪਾਰਟੀਆਂ (ਆਪ, ਕਾਂਗਰਸ) ਚੁੱਕ ਰਹੀਆਂ ਹਨ।

ਕੁਝ ਰਾਜਨੀਤਿਕ ਜਾਣਕਾਰ ਇਹ ਵੀ ਮੰਨਦੇ ਹਨ ਕਿ ਭਾਜਪਾ ਦਾ ਵੋਟ ਬੈਂਕ ਪਹਿਲਾਂ ਜ਼ਿਆਦਾਤਰ ਸ਼ਹਿਰਾਂ ਤੱਕ ਸੀਮਤ ਸੀ ਅਤੇ ਯਾਤਰਾ ਨਾਲ ਪਾਰਟੀ ਨੂੰ ਪੰਜਾਬ ਦੇ ਪਿੰਡਾਂ ਵਿੱਚ ਆਪਣਾ ਆਧਾਰ ਬਣਾਉਣ ਚਾਹੁੰਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)