ਲੱਕ, ਧੌਣ ਤੇ ਜੋੜਾਂ 'ਚ ਦਰਦ ਕਿਉਂ ਹੁੰਦਾ ਹੈ, ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਤੇ ਇਸ ਲਈ ਕਿਹੜੀਆਂ ਕਸਰਤਾਂ ਤੇ ਖਾਣਾ ਹੈ ਜ਼ਰੂਰੀ

ਇੱਕ ਮਹਿਲਾ

ਤਸਵੀਰ ਸਰੋਤ, Getty Images

    • ਲੇਖਕ, ਪ੍ਰਿਅੰਕਾ ਧੀਮਾਨ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 12 ਮਿੰਟ

ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ, ਬਹੁਤ ਸਾਰੇ ਲੋਕ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਲੱਗਦੇ ਹਨ।

ਬਹੁਤ ਸਾਰੇ ਜਵਾਨ ਲੋਕ ਵੀ ਅੱਜ-ਕੱਲ੍ਹ ਧੌਣ ਦਾ ਦਰਦ, ਲੱਕ ਦਾ ਦਰਦ ਤੇ ਜੋੜਾਂ ਦੇ ਦਰਦ ਵਰਗੀਆਂ ਸਮੱਸਿਆਵਾਂ ਝੱਲ ਰਹੇ ਹਨ ਪਰ ਕੀ ਇਨ੍ਹਾਂ ਸਮੱਸਿਆਵਾਂ ਨੂੰ ਆਉਣ ਤੋਂ ਪਹਿਲਾਂ ਰੋਕਿਆ ਜਾ ਸਕਦਾ ਹੈ ਤੇ ਜੇਕਰ ਤੁਹਾਡਾ ਸਰੀਰ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਸਦਾ ਇਲਾਜ ਕੀ ਹੈ, ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ਸਿਹਤ ਸੀਕ੍ਰੇਟਸ ਦੇ ਵਿੱਚ ਅੱਜ ਇਹੀ ਸਭ ਜਾਣਾਂਗੇ।

ਇਸ ਬਾਰੇ ਅਸੀਂ ਮੰਨੇ-ਪ੍ਰਮੰਨੇ ਆਰਥੋਪੈਡਿਕ ਸਰਜਨ ਡਾ. ਰੁਪਿੰਦਰ ਸਿੰਘ ਚਾਹਲ ਨਾਲ ਗੱਲਬਾਤ ਕੀਤੀ। ਉਹ ਮੌਜੂਦਾ ਵੇਲੇ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਸਪਾਈਨ ਸਰਜਰੀ ਵਿਭਾਗ ਦੇ ਵਾਈਸ ਚੇਅਰਮੈਨ ਹਨ।

ਸਵਾਲ- ਗਠੀਏ ਦੀ ਸਮੱਸਿਆ ਕੀ ਹੈ ਅਤੇ ਇਹ ਕਿਉਂ ਹੁੰਦੀ ਹੈ?

ਜਵਾਬ- ਗਠੀਆ ਜਾਂ ਅਰਥਰਾਈਟਿਸ ਦਾ ਮਤਲਬ ਹੈ ਕਿਸੇ ਚੀਜ਼ ਵਿੱਚ ਸੋਜਸ਼ ਆਉਣਾ। ਸਭ ਤੋਂ ਜ਼ਰੂਰੀ ਹੈ ਓਸਟੀਓਆਰਥਰਾਈਟਿਸ, ਜਿਹੜੀ ਕਿ ਵੱਧ ਉਮਰ ਨਾਲ ਜੋੜਿਆਂ ਵਿੱਚ ਸੋਜਸ਼ ਆ ਜਾਂਦੀ ਹੈ।

ਗਠੀਆ ਇੱਕ ਵਿਆਪਕ ਟਰਮ ਹੈ, ਇੱਕ ਇਕੱਲੀ ਬਿਮਾਰੀ ਨਹੀਂ ਹੈ। ਇਹਦੇ ਵਿੱਚ ਬਹੁਤ ਚੀਜ਼ਾਂ ਆਉਂਦੀਆਂ ਹਨ, ਜਿਵੇਂ ਓਸਟੀਓਆਰਥਰਾਈਟਿਸ ਤਾਂ ਜਦੋਂ ਬਜ਼ੁਰਗ ਹੁੰਦੇ ਜਾ ਰਹੇ ਹੋ ਤਾਂ ਜੋੜ ਵੀ ਘਸਦੇ ਆ। ਇਵੇਂ ਇੱਕ ਆਟੋ-ਇਮਿਊਨ ਬਿਮਾਰੀ ਹੁੰਦੀ ਹੈ, ਜਿਹਦੇ ਵਿੱਚ ਸਰੀਰ ਖੁਦ ਨੂੰ ਖਾਣ ਲੱਗ ਜਾਂਦਾ।

ਗਠੀਆ ਬਿਮਾਰੀਆਂ ਦਾ ਇੱਕ ਸਮੂਹ ਹੈ। ਇਹ ਇਸ ਕਰਕੇ ਵੱਧ ਰਿਹਾ ਕਿਉਂਕਿ ਇਹ ਜੀਵਨਸ਼ੈਲੀ ਨਾਲ ਜੁੜੀ ਬਿਮਾਰੀ ਬਣ ਗਿਆ ਹੈ। ਮੋਟਾਪਾ ਅਤੇ ਜੈਨੇਟਿਕ ਇਸ ਦਾ ਬਹੁਤ ਵੱਡਾ ਕਾਰਨ ਹੈ। ਇਸੇ ਤਰ੍ਹਾਂ ਸਿਗਰਟ, ਸ਼ਰਾਬ, ਜਿਆਦਾ ਭਾਰ ਤੇ ਡਾਇਬਟਿਸ ਵੀ ਮੁੱਖ ਕਾਰਨ ਹੈ।

ਪੱਤਰਕਾਰ ਪ੍ਰਿਅੰਕਾ ਧੀਮਾਨ ਤੇ ਡਾ. ਰੁਪਿੰਦਰ ਸਿੰਘ
ਤਸਵੀਰ ਕੈਪਸ਼ਨ, ਬੀਬੀਸੀ ਪੱਤਰਕਾਰ ਪ੍ਰਿਅੰਕਾ ਧੀਮਾਨ ਨੇ ਡਾ. ਰੁਪਿੰਦਰ ਸਿੰਘ ਚਾਹਲ ਨਾਲ ਹੱਡੀਆਂ ਦੀ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਹੈ

ਸਵਾਲ-ਬੱਚਿਆਂ ਵਿੱਚ ਇਹ ਸਮੱਸਿਆ ਆਉਣ ਦਾ ਕੀ ਕਾਰਨ ਹੈ?

ਜਵਾਬ- ਕੁਝ ਬੱਚਿਆਂ ਵਿੱਚ ਇਸ ਦਾ ਕਾਰਨ ਜੈਨੇਟਿਕ (ਵਿਰਾਸਤੀ) ਹੁੰਦਾ ਹੈ, ਖਾਸ ਕਰਕੇ ਜੋੜਾਂ ਨਾਲ ਸਬੰਧਤ ਸਮੱਸਿਆਵਾਂ ਜੋ ਸਮੇਂ ਦੇ ਨਾਲ-ਨਾਲ ਲਾਜ਼ਮੀ ਤੌਰ 'ਤੇ ਵਿਗੜਦੇ ਜਾਂਦੇ ਹਨ।

ਇਸ ਤੋਂ ਇਲਾਵਾ ਸਰੀਰਕ ਗਤੀਵਿਧੀਆਂ ਦੀ ਘਾਟ ਅਤੇ ਮੋਟਾਪਾ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੈ। ਫਿਰ ਖਾਣ-ਪੀਣ ਨਾਲ ਜੁੜੀਆਂ ਸਮੱਸਿਆਵਾਂ ਵੀ ਹਨ। ਅੱਜ-ਕੱਲ੍ਹ ਅਸੀਂ ਜੋ ਭੋਜਨ ਖਾਂਦੇ ਹਾਂ, ਖਾਸ ਕਰਕੇ 'ਜੰਕ ਫੂਡ' ਉਹ ਮਾੜੀ ਗੁਣਵੱਤਾ ਵਾਲਾ ਹੁੰਦਾ ਹੈ ਅਤੇ ਅਸੀਂ ਪੌਸ਼ਟਿਕ ਭੋਜਨ ਵੀ ਨਹੀਂ ਖਾਂਦੇ।

ਸਰੀਰਕ ਗਤੀਵਿਧੀ ਦੀ ਘਾਟ ਹੈ, ਖੇਡਾਂ ਅਤੇ ਖੁੱਲ੍ਹੇ ਮੈਦਾਨ ਅਲੋਪ ਹੋ ਗਏ ਹਨ ਅਤੇ ਸਕੂਲਾਂ ਵਿੱਚ ਖੇਡਣ ਲਈ ਬਹੁਤ ਘੱਟ ਥਾਂ ਬਚੀ ਹੈ।

ਸਵਾਲ-ਇਸ ਦੇ ਸ਼ੁਰੂਆਤੀ ਲੱਛਣ ਕੀ ਹੁੰਦੇ ਹਨ?

ਜਵਾਬ- ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜੋੜਾਂ ਦਾ ਦਰਦ ਲਗਾਤਾਰ ਗੰਭੀਰ ਹੁੰਦਾ ਜਾਂਦਾ ਹੈ।

ਆਮ ਦਰਦ ਦੇ ਉਲਟ, ਜਿਸ ਵਿੱਚ ਚੱਲਣ-ਫਿਰਨ ਤੋਂ ਬਾਅਦ ਕੁਝ ਤਕਲੀਫ ਪੈਦਾ ਹੋ ਸਕਦੀ ਹੈ ਪਰ ਉਹ ਆਪਣੇ ਆਪ ਠੀਕ ਹੋ ਜਾਂਦੀ ਹੈ, ਇਹ ਦਰਦ ਖਤਮ ਨਹੀਂ ਹੁੰਦਾ। ਇਸ ਵਿੱਚ ਸੋਜ ਆ ਜਾਂਦੀ ਹੈ ਅਤੇ ਜੋੜ ਦੀ ਹਿਲਜੁਲ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ।

ਜਿੱਥੇ ਰੋਜ਼ਾਨਾ ਦੀ ਸਰੀਰਕ ਮਿਹਨਤ ਕਾਰਨ ਹੋਣ ਵਾਲਾ ਦਰਦ ਆਮ ਤੌਰ 'ਤੇ ਕੁਝ ਦਿਨਾਂ ਵਿੱਚ ਠੀਕ ਹੋ ਜਾਂਦਾ ਹੈ, ਉੱਥੇ ਇਸ ਕਿਸਮ ਦਾ ਦਰਦ ਬਣਿਆ ਰਹਿੰਦਾ ਹੈ। ਕਈ ਵਾਰ, ਜੋੜ ਲਾਲ ਹੋ ਜਾਂਦਾ ਹੈ ਜਾਂ ਉਸ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ। ਇਹ ਸਾਰੇ ਲੱਛਣ ਦਰਸਾਉਂਦੇ ਹਨ ਕਿ ਜੋੜ ਦੀ ਉਮਰ ਘੱਟ ਹੋ ਗਈ ਹੈ।

ਇੱਕ ਮਹਿਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਲੋਰੋਸਿਸ ਇੱਕ ਅਹਿਮ ਕਾਰਕ ਹੈ ਜੋ ਦੰਦਾਂ ਅਤੇ ਹੱਡੀਆਂ ਦੋਵਾਂ ਨੂੰ ਕਮਜ਼ੋਰ ਕਰਦਾ ਹੈ

ਸਵਾਲ-ਤੁਹਾਡੇ ਕੋਲ ਸਭ ਤੋਂ ਵੱਧ ਕਿਹੜੀਆਂ ਸਮੱਸਿਆਵਾਂ ਵਾਲੇ ਮਰੀਜ਼ ਆਉਂਦੇ ਹਨ?

ਜਵਾਬ- ਸਭ ਤੋਂ ਵੱਧ ਤਾਂ ਸਾਡੇ ਕੋਲ ਅੱਜ ਦੀ ਤਰੀਕ ਵਿੱਚ ਇੱਕ ਤਾਂ ਜੋੜਾਂ ਦਾ ਦਰਦ ਹੀ ਹੈ, ਓਵਰਲੋਡਿੰਗ ਜਿਸਨੂੰ ਅਰਥਰਾਈਟਿਸ ਕਹਿਦੇ ਹਾਂ। ਸਾਡੇ ਪੰਜਾਬ ਵਿੱਚ ਕਹਿ ਦਿੰਦੇ ਆ ਕਿ ਇਸਦੀ ਗਰੀਸ ਘੱਟ ਗਈ।

ਦੂਜੀ ਗੱਲ ਹੈ ਹੱਡੀਆਂ ਦੀ ਕਮਜ਼ੋਰੀ। ਉਹ ਸਭ ਤੋਂ ਜ਼ਿਆਦਾ ਹੈ। ਤੀਜਾ ਹੈ ਕਿ ਪੰਜਾਬ ਦੇ ਅੱਧੇ ਹਿੱਸੇ ਵਿੱਚ ਪਾਣੀ ਬਹੁਤ ਮਾੜਾ ਹੈ। ਫਲੋਰੋਸਿਸ ਇੱਕ ਅਹਿਮ ਕਾਰਕ ਹੈ ਜੋ ਦੰਦਾਂ ਅਤੇ ਹੱਡੀਆਂ ਦੋਵਾਂ ਨੂੰ ਕਮਜ਼ੋਰ ਕਰਦਾ ਹੈ, ਜਿਸ ਨਾਲ ਹੱਡੀਆਂ ਟੁੱਟਣ ਦਾ ਖਤਰਾ ਵੱਧ ਜਾਂਦਾ ਹੈ।

ਸਵਾਲ-ਹੱਡੀਆਂ ਕਿਹੜੇ ਕਾਰਨਾਂ ਕਰਕੇ ਕਮਜ਼ੋਰ ਹੁੰਦੀਆਂ ਹਨ?

ਜਵਾਬ- ਹੱਡੀਆਂ ਕਮਜ਼ੋਰ ਜਾਂ ਤਾਂ ਬਿਮਾਰੀ ਕਰਕੇ ਹੋ ਸਕਦੀਆਂ ਜਾਂ ਸੱਟ ਲੱਗਣ ਕਰਕੇ ਹੋ ਸਕਦੀਆਂ ਨੇ ਜਾਂ ਫਿਰ ਪੌਸ਼ਟਿਕ ਤੱਤਾਂ ਦੀ ਕਮੀ, ਜਿਵੇਂ ਕਿ ਕੈਲਸ਼ੀਅਮ ਦੀ ਘਾਟ ਕਾਰਨ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਦਵਾਈਆਂ ਜਾਂ ਕਸਰਤ ਦੀ ਘਾਟ ਵੀ ਇਸ ਦਾ ਕਾਰਨ ਹੋ ਸਕਦਾ ਹੈ।

ਹੱਡੀਆਂ ਦੇ ਕਮਜ਼ੋਰ ਹੋਣ ਦੇ ਕਈ ਕਾਰਨ ਹਨ। ਨਸ਼ੀਲੇ ਪਦਾਰਥਾਂ ਦੀ ਵਰਤੋਂ, ਜਿਵੇਂ ਕਿ ਸਿਗਰਟਨੋਸ਼ੀ ਜਾਂ ਸ਼ਰਾਬ ਦਾ ਸੇਵਨ ਵੀ ਹੱਡੀਆਂ ਵਿੱਚੋਂ ਕੈਲਸ਼ੀਅਮ ਘਟਾ ਸਕਦਾ ਹੈ।

ਸਵਾਲ- ਜਦੋਂ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਤਾਂ ਸਰੀਰ ਵਿੱਚ ਹੋਰ ਕਿਹੜੀਆਂ ਸਮੱਸਿਆਵਾਂ ਆਉਂਦੀਆਂ ਹਨ?

ਜਵਾਬ- ਜਦੋਂ ਹੱਡੀ ਕਮਜ਼ੋਰ ਹੁੰਦੀ ਹੈ ਤਾਂ ਇਹ ਛੋਟੇ-ਛੋਟੇ ਫ੍ਰੈਕਚਰ ਵਾਰ-ਵਾਰ ਹੁੰਦੇ ਹਨ, ਜਿਸਦੇ ਨਤੀਜੇ ਵਜੋਂ ਲਗਾਤਾਰ ਦਰਦ ਹੁੰਦਾ ਹੈ। ਭਾਰ ਚੁੱਕਣ ਵਾਲੇ ਜੋੜ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਹਨ।

ਕਈ ਵਾਰ, ਕਿਸੇ ਵਿਅਕਤੀ ਨੂੰ ਕੋਈ ਖਾਸ ਸੱਟ ਨਹੀਂ ਲੱਗੀ ਹੋ ਸਕਦੀ ਹੈ ਪਰ ਫਿਰ ਵੀ ਉਹ ਥੋੜ੍ਹਾ ਜਿਹਾ ਪਿੱਠ ਦਰਦ ਵਰਗਾ ਮਹਿਸੂਸ ਕਰਦਾ ਹੈ। ਇਹ ਔਰਤਾਂ ਵਿੱਚ ਖਾਸ ਤੌਰ 'ਤੇ ਆਮ ਹੈ ਕਿਉਂਕਿ ਮੀਨੋਪੌਜ਼ ਤੋਂ ਬਾਅਦ ਐਸਟ੍ਰੋਜਨ ਦਾ ਪੱਧਰ ਘੱਟ ਜਾਂਦਾ ਹੈ। ਉਹ ਅਕਸਰ ਕਈ ਵਾਰ ਰੀੜ੍ਹ ਦੀ ਹੱਡੀ ਦੇ ਫ੍ਰੈਕਚਰ ਦਾ ਸ਼ਿਕਾਰ ਹੁੰਦੀਆਂ ਹਨ।

ਡਾ, ਰੁਪਿੰਦਰ ਸਿੰਘ ਚਾਹਲ ਦਾ ਬਿਆਨ

ਸਵਾਲ-ਗੋਡਿਆਂ ਵਿੱਚ ਦਰਦ ਰਹਿਣ ਦਾ ਕੀ ਕਾਰਨ ਹੈ?

ਜਵਾਬ- ਗੋਡੇ ਦਾ ਜੋੜ ਅਜੀਬ ਹੈ ਕਿਉਂਕਿ ਇਹ ਸਰੀਰ ਦਾ ਮੁੱਖ ਭਾਰ ਚੁੱਕਣ ਵਾਲਾ ਜੋੜ ਹੈ। ਇਸ ਦੀ ਹਿਲਜੁਲ ਸਿਰਫ਼ ਇੱਕੋ ਦਿਸ਼ਾ (ਪਲੇਨ) ਵਿੱਚ ਹੁੰਦੀ ਹੈ, ਤੁਸੀਂ ਇਸਨੂੰ ਜਾਂ ਤਾਂ ਮੋੜ ਸਕਦੇ ਹੋ ਜਾਂ ਸਿੱਧਾ ਕਰ ਸਕਦੇ ਹੋ। ਦੋਵਾਂ ਹੱਡੀਆਂ ਵਿਚਕਾਰ ਬਹੁਤ ਘੱਟ ਥਾਂ ਹੁੰਦੀ ਹੈ, ਜਿੱਥੇ 'ਕਾਰਟੀਲੇਜ' (ਨਰਮ ਹੱਡੀ) ਮੌਜੂਦ ਹੁੰਦਾ ਹੈ।

ਜੇਕਰ ਇਸ ਕਾਰਟੀਲੇਜ 'ਤੇ ਬਹੁਤ ਜ਼ਿਆਦਾ ਭਾਰ ਪੈਂਦਾ ਹੈ ਤਾਂ ਇਹ ਘਿਸ ਜਾਂਦਾ ਹੈ। ਇਸ ਤੋਂ ਇਲਾਵਾ, ਜੇਕਰ ਤੁਸੀਂ ਕੋਈ ਖੇਡ ਖੇਡ ਰਹੇ ਹੋ ਅਤੇ ਗੋਡਾ ਅਚਾਨਕ ਮੁੜ ਜਾਂਦਾ ਹੈ ਤਾਂ ਕਾਰਟੀਲੇਜ ਅੰਦਰੋਂ ਫਟ ਸਕਦਾ ਹੈ—ਇਸ ਸਥਿਤੀ ਨੂੰ 'ਮੈਨਿਸਕਸ ਟੀਅਰ' ਕਿਹਾ ਜਾਂਦਾ ਹੈ।

ਇਹ ਉਪਰ ਇੱਕ 'ਪੈਟੇਲਾ' ਹੈ, ਜਿਸਨੂੰ ਆਮ ਤੌਰ 'ਤੇ ਗੋਡੇ ਦੀ ਚੱਪਣੀ ਕਿਹਾ ਜਾਂਦਾ ਹੈ, ਇਹ ਜੋੜ ਦੇ ਉੱਪਰ ਸਥਿਤ ਹੁੰਦੀ ਹੈ। ਕਿਉਂਕਿ ਉੱਥੇ ਥਾਂ ਬਹੁਤ ਸੀਮਤ ਹੁੰਦੀ ਹੈ, ਇਸ ਲਈ ਸੱਟ ਲੱਗਣ 'ਤੇ ਉੱਥੇ ਖੂਨ ਜਾਂ ਤਰਲ ਪਦਾਰਥ ਇਕੱਠਾ ਹੋ ਸਕਦਾ ਹੈ, ਜਿਸ ਕਾਰਨ ਬਹੁਤ ਤੇਜ਼ ਦਰਦ ਹੁੰਦਾ ਹੈ।

ਸਵਾਲ-ਗੋਡੇ ਬਦਲਣ ਦੀ ਪ੍ਰਕਿਰਿਆ ਕੀ ਹੈ?

ਜਵਾਬ- ਅਕਸਰ ਲੋਕ ਸੋਚਦੇ ਹਨ ਮੇਰਾ ਗੋਡਾ ਕੰਮ ਨਹੀਂ ਕਰ ਰਿਹਾ ਹੈ ਤੇ ਮੈਂ ਬਸ ਇੱਕ ਨਵਾਂ ਗੋਡਾ ਲਗਵਾ ਲਵਾਂ ਅਤੇ ਇਹ ਫਿਰ ਤੋਂ ਕੰਮ ਕਰਨ ਲੱਗੇਗਾ। ਅਸਲ ਵਿੱਚ ਅਜਿਹਾ ਨਹੀਂ ਹੁੰਦਾ ਹੈ। ਗੋਡੇ ਦੇ ਅੰਦਰ ਦਾ ਕਾਰਟੀਲੇਜ ਘਿਸ ਜਾਂਦਾ ਹੈ ਅਤੇ ਹੱਡੀਆਂ ਦੇ ਵਿਚਕਾਰ ਦੀ ਜਗ੍ਹਾ ਖ਼ਤਮ ਹੋ ਜਾਂਦੀ ਹੈ।

ਲੋਕ ਅਕਸਰ ਇਸ ਜਗ੍ਹਾ ਦੇ ਚੌੜੇ ਜਾਂ ਤੰਗ ਹੋਣ ਦੀ ਗੱਲ ਕਰਦੇ ਹਨ; ਅਸਲ ਗੱਲ ਇਹ ਹੈ ਕਿ ਕਾਰਟੀਲੇਜ ਖ਼ਤਮ ਹੋ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਜੋੜ ਦੀ ਸਤ੍ਹਾ ਨੂੰ ਕੱਟ ਕੇ ਦੋ ਇੰਪਲਾਂਟ ਲਗਾਏ ਜਾਂਦੇ ਹਨ, ਜੋ ਸਟੀਲ ਜਾਂ ਟਾਈਟੇਨੀਅਮ ਦੇ ਬਣੇ ਹੁੰਦੇ ਹਨ।

ਅਤੇ ਉਨ੍ਹਾਂ ਦੇ ਵਿਚਕਾਰ ਇੱਕ ਪਲਾਸਟਿਕ ਦਾ ਹਿੱਸਾ ਲਗਾਇਆ ਜਾਂਦਾ ਹੈ ਤਾਂ ਜੋ ਗੋਡਾ ਮੁੜ ਸਕੇ। ਸਰਜਰੀ ਦੀ ਲੋੜ ਕਦੋਂ ਹੈ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਅੱਜ ਸਮੱਸਿਆ ਇਹ ਹੈ ਕਿ ਇਨ੍ਹਾਂ ਗੋਡੇ ਇੰਪਲਾਂਟਾਂ ਦੀ ਉਮਰ 15 ਤੋਂ 20 ਸਾਲ ਹੁੰਦੀ ਹੈ, ਇਸ ਲਈ ਇਹ ਪ੍ਰਕਿਰਿਆ ਆਖ਼ਰੀ ਵਿਕਲਪ ਹੋਣੀ ਚਾਹੀਦੀ ਹੈ।

ਗੋਡੇ ਦੇ ਆਮ ਦਰਦ ਲਈ ਗੋਡੇ ਰਿਪਲੇਸਮੈਂਟ ਕੋਈ ਸਟੈਂਡਰਡ ਇਲਾਜ ਨਹੀਂ ਹੈ। ਜੇ ਸਹੀ ਲੋੜ ਦੇ ਹਿਸਾਬ ਨਾਲ ਕੀਤੀ ਜਾਵੇ, ਤਾਂ ਇਹ ਸਰਜਰੀ ਬਹੁਤ ਫਾਇਦੇਮੰਦ ਹੁੰਦੀ ਹੈ। ਜੇ ਤੁਹਾਡਾ ਵਜ਼ਨ ਬਹੁਤ ਜ਼ਿਆਦਾ ਹੈ ਜਾਂ ਹੱਡੀਆਂ ਬਹੁਤ ਕਮਜ਼ੋਰ ਹਨ ਅਤੇ ਸਟੀਲ ਦਾ ਇੰਪਲਾਂਟ ਲਗਾ ਕੇ ਉਸ 'ਤੇ ਉਹ ਵਜ਼ਨ ਪਾਇਆ ਜਾਂਦਾ ਹੈ, ਤਾਂ ਉਹ ਠੀਕ ਤਰ੍ਹਾਂ ਕੰਮ ਨਹੀਂ ਕਰੇਗਾ। ਇਸ ਤੋਂ ਇਲਾਵਾ ਜੇ ਤੁਹਾਡੀਆਂ ਮਾਸਪੇਸ਼ੀਆਂ ਮਜ਼ਬੂਤ ਨਹੀਂ ਹਨ, ਤਾਂ ਤੁਸੀਂ ਠੀਕ ਤਰ੍ਹਾਂ ਤੁਰ ਨਹੀਂ ਸਕੋਗੇ।

ਗੋਡੇ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਮੁਤਾਬਕ ਗੋਡੇ ਦੇ ਆਮ ਦਰਦ ਲਈ ਗੋਡੇ ਰਿਪਲੇਸਮੈਂਟ ਕੋਈ ਸਟੈਂਡਰਡ ਇਲਾਜ ਨਹੀਂ ਹੈ।

ਸਵਾਲ-ਇਸ ਸਰਜਰੀ ਉਪਰ ਕਿੰਨਾ ਖਰਚਾ ਆਉਂਦਾ ਹੈ?

ਜਵਾਬ- ਇਸਦਾ ਖਰਚ ਹਸਪਤਾਲ ਦੇ ਹਿਸਾਬ ਨਾਲ ਵੱਖ-ਵੱਖ ਹੁੰਦਾ ਹੈ, ਉੱਥੇ ਕਿਹੜੀਆਂ ਸਹੂਲਤਾਂ ਹਨ ਅਤੇ ਹਸਪਤਾਲ ਕਿੱਥੇ ਹੈ। ਨਾਲ ਹੀ, ਵੱਖ-ਵੱਖ ਸੂਬਿਆਂ ਵਿੱਚ ਵੀ ਖਰਚ ਵੱਖ-ਵੱਖ ਹੁੰਦਾ ਹੈ।

ਇਸ ਤੋਂ ਇਲਾਵਾ, ਇੰਪਲਾਂਟ ਦਾ ਖਰਚ ਵੀ ਹੁੰਦਾ ਹੈ। ਇੱਕ ਖਾਸ ਇੰਪਲਾਂਟ ਹੈ ਜਿਸਦੀ ਕੀਮਤ ਸਰਕਾਰ ਨੇ ਤੈਅ ਕੀਤੀ ਹੈ, ਪਰ ਕੁੱਲ ਖਰਚ ਸ਼ਹਿਰ ਜਾਂ ਜਗ੍ਹਾ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦਾ ਹੈ।

ਇਸਦਾ ਮਤਲਬ ਹੈ ਕਿ ਕੁਝ ਥਾਵਾਂ 'ਤੇ ਇਸ ਪ੍ਰਕਿਰਿਆ ਦਾ ਖਰਚ ਲਗਭਗ ਦੋ ਤੋਂ ਢਾਈ ਲੱਖ ਰੁਪਏ ਹੋ ਸਕਦਾ ਹੈ, ਜਦਕਿ ਦੂਜੀਆਂ ਥਾਵਾਂ 'ਤੇ ਇਹ ਦਸ ਲੱਖ ਰੁਪਏ ਤੱਕ ਵੀ ਜਾ ਸਕਦਾ ਹੈ।

ਸਵਾਲ-ਪਿੱਠ ਦਾ ਅਤੇ ਗਰਦਨ ਦੇ ਦਰਦ ਦਾ ਕੀ ਕਾਰਨ ਹੁੰਦਾ?

ਜਵਾਬ- ਇਸਦਾ ਮੁੱਖ ਕਾਰਨ ਹੈ ਕਸਰਤ ਨਾ ਕਰਨਾ ਹੈ। ਗਲਤ ਪੋਸਚਰ ਅਤੇ ਦਿਨ ਭਰ ਬੈਠੇ ਰਹਿਣਾ, ਜਾਂ ਲਗਾਤਾਰ ਫ਼ੋਨ ਵਿੱਚ ਹੇਠਾਂ ਵੱਲ ਦੇਖਦੇ ਰਹਿਣਾ, ਜਿਸਨੂੰ 'ਟੈਕਸਟ ਨੈੱਕ' ਜਾਂ 'ਟੀਚਰ ਨੈੱਕ' ਕਿਹਾ ਜਾਂਦਾ ਹੈ, ਖਾਸ ਕਰਕੇ ਸਟੂਡੈਂਟਸ ਵਿੱਚ।

ਚੱਲਣ-ਫਿਰਨ ਜਾਂ ਹਿੱਲਣ-ਡੁੱਲਣ ਦੀ ਕਮੀ ਦੇ ਕਾਰਨ ਜੋੜਾਂ 'ਤੇ ਲਗਾਤਾਰ ਦਬਾਅ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਔਸਟੀਓਪੋਰੋਸਿਸ ਦਾ ਵੀ ਖ਼ਤਰਾ ਹੁੰਦਾ ਹੈ, ਜੇ ਤੁਸੀਂ ਚੱਲਦੇ-ਫਿਰਦੇ ਨਹੀਂ ਹੋ, ਤਾਂ ਹੱਡੀਆਂ ਵਿੱਚੋਂ ਕੈਲਸ਼ੀਅਮ ਘੱਟ ਹੋਣ ਲੱਗਦਾ ਹੈ, ਜਿਸ ਨਾਲ ਫ੍ਰੈਕਚਰ ਹੋ ਸਕਦਾ ਹੈ।

ਮਾਸਪੇਸ਼ੀਆਂ ਵੀ ਮਜ਼ਬੂਤ ਨਹੀਂ ਹੋ ਪਾਉਂਦੀਆਂ। ਇਹ ਮੁੱਖ ਕਾਰਨ ਹਨ। ਜੇ ਤੁਹਾਡੀ ਅੱਠ ਘੰਟੇ ਦੀ ਸ਼ਿਫਟ ਹੈ, ਤਾਂ ਤੁਹਾਨੂੰ ਹਰ 30 ਤੋਂ 45 ਮਿੰਟ ਵਿੱਚ ਉੱਠਣਾ ਚਾਹੀਦਾ ਹੈ।

ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਤੁਹਾਡੀ ਰੀੜ੍ਹ ਦੀ ਹੱਡੀ ਦੇ ਮਣਕਿਆਂ ਦੇ ਵਿਚਕਾਰ ਡਿਸਕ ਹੁੰਦੀਆਂ ਹਨ, ਇਹ ਡਿਸਕ ਸ਼ੌਕ ਐਬਜ਼ੌਰਬਰ ਦੀ ਤਰ੍ਹਾਂ ਕੰਮ ਕਰਦੀਆਂ ਹਨ। ਤੁਹਾਨੂੰ ਉਨ੍ਹਾਂ 'ਤੇ 'ਪੁਆਇੰਟ ਲੋਡਿੰਗ' ਨਹੀਂ ਹੋਣ ਦੇਣੀ ਚਾਹੀਦੀ ਯਾਨੀ ਤੁਹਾਨੂੰ ਬਹੁਤ ਦੇਰ ਤੱਕ ਇੱਕੋ ਪੋਜ਼ੀਸ਼ਨ ਵਿੱਚ ਖੜ੍ਹੇ ਜਾਂ ਬੈਠੇ ਨਹੀਂ ਰਹਿਣਾ ਚਾਹੀਦਾ।

ਪਿੱਠ ਦਾ ਦਰਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ ਦੱਸਦੇ ਹਨ ਕਿ ਗਰਦਨ ਨੂੰ ਘੁਮਾਉਣਾ ਨਹੀਂ ਚਾਹੀਦਾ

ਸਵਾਲ-ਪਿੱਠ ਤੇ ਗਰਦਨ ਦੇ ਦਰਦ ਲਈ ਕਿਹੜੀਆਂ ਕਸਰਤਾਂ ਹਨ?

ਜਵਾਬ- ਗਰਦਨ ਨਾਲ ਜੁੜੀਆਂ ਸਭ ਤੋਂ ਆਮ ਸਮੱਸਿਆਵਾਂ ਵਿੱਚੋਂ ਇੱਕ ਹੈ ਲੋਕਾਂ ਦਾ ਇਸਨੂੰ ਘੁਮਾਉਣਾ। ਅਜਿਹਾ ਕਦੇ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਕੋਈ ਸਾਧਾਰਨ ਗੋਲ ਬਾਲ ਤੇ ਸਾਕਟ ਜੁਆਇੰਟ ਨਹੀਂ ਹੈ।

ਹਰ ਵਾਰ ਜਦੋਂ ਤੁਸੀਂ ਇਸਨੂੰ ਘੁਮਾਉਂਦੇ ਹੋ, ਤਾਂ ਤੁਸੀਂ ਵਾਰ-ਵਾਰ ਜੁਆਇੰਟ ਕੈਪਸੂਲ ਨੂੰ ਨੁਕਸਾਨ ਪਹੁੰਚਾਉਂਦੇ ਹੋ। ਇਸ ਲਈ, ਇਸਦੀ ਬਜਾਏ ਗਰਦਨ ਨੂੰ ਛੇ ਖਾਸ ਦਿਸ਼ਾਵਾਂ ਵਿੱਚ ਸਟ੍ਰੈਚ ਕਰਨਾ ਬਹੁਤ ਜ਼ਰੂਰੀ ਹੈ। ਅੱਗੇ, ਪਿੱਛੇ ਅਤੇ ਦੋਵੇਂ ਪਾਸੇ। ਨਾਲ ਹੀ, ਆਪਣੇ ਮੋਢਿਆਂ ਨੂੰ ਵੀ ਘੁਮਾਓ, ਉਨ੍ਹਾਂ ਨੂੰ ਦਸ ਵਾਰ ਅੱਗੇ ਅਤੇ ਦਸ ਵਾਰ ਪਿੱਛੇ ਘੁਮਾਓ ਅਤੇ ਥੋੜ੍ਹਾ ਉੱਪਰ-ਹੇਠਾਂ ਵੀ ਕਰੋ।

ਮੈਂ ਡੈਸਕ ਜੌਬ ਵਾਲੇ ਮਰੀਜ਼ਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਹਰ ਘੰਟੇ ਇੱਕ ਵਾਰ ਅਜਿਹਾ ਕਰਨ। ਮੈਂ ਸਾਰਿਆਂ ਨੂੰ ਇਹ ਵੀ ਦੱਸਦਾ ਹਾਂ ਕਿ ਜੇ ਤੁਹਾਨੂੰ ਕੋਈ ਮਿਲਣ ਆ ਰਿਹਾ ਤਾਂ ਅੱਧੇ ਪੌਣੇ ਘੰਟੇ ਬਾਅਦ ਕੁਰਸੀ ਤੋਂ ਉੱਠ ਕੇ ਮਿਲੋ। ਇਸਦੇ ਦੋ ਫਾਇਦੇ ਹਨ: ਸਾਹਮਣੇ ਵਾਲਾ ਵਿਅਕਤੀ ਇਸ ਗੱਲ ਤੋਂ ਪ੍ਰਭਾਵਿਤ ਹੁੰਦਾ ਹੈ ਕਿ ਤੁਸੀਂ ਉਨ੍ਹਾਂ ਦਾ ਸਵਾਗਤ ਕਰਨ ਲਈ ਆਪਣੀ ਕੁਰਸੀ ਤੋਂ ਉੱਠੇ ਅਤੇ ਤੁਹਾਡੀ ਪਿੱਠ ਨੂੰ ਵੀ ਭਾਰ ਤੋਂ ਕੁਝ ਰਾਹਤ ਮਿਲਦੀ ਹੈ।

ਪੀਠ ਦਰਦ ਲਈ ਲੇਟ ਕੇ 'ਏਅਰ ਸਾਈਕਲਿੰਗ' ਕਰਨਾ ਠੀਕ ਹੈ। 'ਬ੍ਰਿਜਿੰਗ' ਕਰਨਾ ਵੀ ਸਹੀ ਹੈ।

ਸਵਾਲ- ਸਰੀਰਕ ਮੁਦਰਾ ਕਿਹੋ ਜਿਹੀ ਹੋਣੀ ਚਾਹੀਦੀ ਹੈ?

ਜਵਾਬ- ਜੇ ਤੁਸੀਂ ਲੰਬੇ ਸਮੇਂ ਤੱਕ ਬੈਠਦੇ ਹੋ, ਤਾਂ ਤੁਹਾਡੀ ਕੁਰਸੀ ਦੇ ਹੇਠਾਂ ਇੱਕ ਫੁੱਟਰੈਸਟ ਹੋਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਗੋਡੇ ਥੋੜ੍ਹੇ ਮੁੜੇ ਹੋਏ ਯਾਨੀ ਉੱਪਰ ਵੱਲ ਝੁਕੇ ਹੋਏ ਰਹਿਣ। ਨਾਲ ਹੀ, ਕੁਰਸੀ ਵਿੱਚ ਆਰਮਰੈਸਟ ਵੀ ਹੋਣੇ ਚਾਹੀਦੇ ਹਨ ਤਾਂ ਜੋ ਤੁਸੀਂ ਆਰਾਮ ਨਾਲ ਬੈਠ ਸਕੋ।

ਪਿੱਠ ਦੇ ਹੇਠਲੇ ਹਿੱਸੇ ਦੇ ਕਰਵ (ਲੋਰਡੋਸਿਸ) ਨੂੰ ਸਹਾਰਾ ਦੇਣ ਲਈ ਅੱਜ-ਕੱਲ੍ਹ ਅਜਿਹੀਆਂ ਕੁਰਸੀਆਂ ਮਿਲਦੀਆਂ ਹਨ ਜੋ ਰੀੜ੍ਹ ਦੀ ਹੱਡੀ ਦੇ ਨੈਚੁਰਲ ਆਕਾਰ ਨੂੰ ਸਪੋਰਟ ਕਰਦੀਆਂ ਹਨ। ਕੁਰਸੀ ਬਹੁਤ ਜ਼ਿਆਦਾ ਨਰਮ ਨਹੀਂ ਹੋਣੀ ਚਾਹੀਦੀ, ਇੰਨੀ ਨਰਮ ਕਿ ਤੁਸੀਂ ਉਸ ਵਿੱਚ ਧਸ ਜਾਓ ਅਤੇ ਉੱਠਣ ਵਿੱਚ ਮੁਸ਼ਕਲ ਹੋਵੇ।

ਕੁਰਸੀ ਥੋੜ੍ਹੀ ਮਜ਼ਬੂਤ ਅਤੇ ਠੋਸ ਹੋਣੀ ਚਾਹੀਦੀ ਹੈ। ਸਿਰਫ਼ ਬੈਠਣ ਦੇ ਤਰੀਕੇ ਤੋਂ ਇਲਾਵਾ, ਆਪਣਾ ਪੋਸਚਰ ਬਦਲਦੇ ਰਹਿਣਾ ਵੀ ਬਹੁਤ ਜ਼ਰੂਰੀ ਹੈ। ਇਸ ਲਈ ਹਰ 30 ਤੋਂ 45 ਮਿੰਟ ਵਿੱਚ ਉੱਠ ਕੇ ਥੋੜ੍ਹਾ ਟਹਿਲੋ। ਬੈਠਦੇ ਸਮੇਂ ਆਪਣੀ ਪਿੱਠ ਸਿੱਧੀ ਰੱਖੋ—ਸਿੱਧੇ ਪੋਸਚਰ ਵਿੱਚ ਬੈਠਣ ਦੀ ਕੋਸ਼ਿਸ਼ ਕਰੋ।

ਇੱਕ ਬਜ਼ੁਰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਮੁਤਾਬਕ ਬੈਠਦੇ ਸਮੇਂ ਆਪਣੀ ਪਿੱਠ ਸਿੱਧੀ ਰੱਖੋ ਤੇ ਸਿੱਧੇ ਪੋਸਚਰ ਵਿੱਚ ਬੈਠਣ ਦੀ ਕੋਸ਼ਿਸ਼ ਕਰੋ।

ਸਵਾਲ-ਹੱਡੀਆਂ ਮਜ਼ਬੂਤ ਰੱਖਣ ਲਈ ਕਿਸ ਤਰ੍ਹਾਂ ਦਾ ਖਾਣਾ ਹੋਣਾ ਚਾਹੀਦਾ?

ਜਵਾਬ- ਕੈਲਸ਼ੀਅਮ ਵਾਲੀ ਖੁਰਾਕ ਸਭ ਤੋਂ ਵਧੀਆ ਹੈ। ਦੁੱਧ ਕੈਲਸ਼ੀਅਮ ਦਾ ਇੱਕ ਚੰਗਾ ਸਰੋਤ ਹੈ। ਪਨੀਰ ਅਤੇ ਦਹੀਂ ਵਿੱਚ ਵੀ ਕੈਲਸ਼ੀਅਮ ਹੁੰਦਾ ਹੈ। ਮੋਰਿੰਗਾ ਜਿਸਨੂੰ ਡਰੰਮਸਟਿਕ ਵੀ ਕਿਹਾ ਜਾਂਦਾ ਹੈ। ਅਸੀਂ ਇਸ ਨੂੰ ਪੰਜਾਬ ਵਿੱਚ ਬਹੁਤ ਘੱਟ ਖਾਂਦੇ ਹਾਂ, ਜਦਕਿ ਦੱਖਣੀ ਭਾਰਤ ਵਿੱਚ ਇਸਦੀ ਵਰਤੋਂ ਕਾਫ਼ੀ ਹੁੰਦੀ ਹੈ। ਇਹ ਕੈਲਸ਼ੀਅਮ ਦਾ ਬਹੁਤ ਵਧੀਆ ਸਰੋਤ ਹੈ। ਬਦਾਮ ਅਤੇ ਰਾਗੀ ਵਿੱਚ ਵੀ ਕਾਫ਼ੀ ਕੈਲਸ਼ੀਅਮ ਹੁੰਦਾ ਹੈ।

ਜੇ ਤੁਹਾਨੂੰ ਕੋਈ ਅਜਿਹੀ ਬਿਮਾਰੀ ਹੈ ਜਿਸ ਕਰਕੇ ਸਰੀਰ ਕੈਲਸ਼ੀਅਮ ਨੂੰ ਠੀਕ ਤਰੀਕੇ ਨਾਲ ਸੋਖਦਾ ਨਹੀਂ, ਤਾਂ ਡਾਕਟਰ ਦੀ ਸਲਾਹ ਅਨੁਸਾਰ ਰੋਜ਼ਾਨਾ ਲੋੜ ਮੁਤਾਬਕ ਸਪਲੀਮੈਂਟ ਲਿਆ ਜਾ ਸਕਦਾ ਹੈ। ਪਰ ਇਨ੍ਹਾਂ ਸਪਲੀਮੈਂਟਾਂ ਨੂੰ ਲੋੜ ਤੋਂ ਵੱਧ ਲੈਣ ਦੇ ਨੁਕਸਾਨ ਵੀ ਹੋ ਸਕਦੇ ਹਨ, ਖ਼ਾਸ ਕਰਕੇ ਵਿਟਾਮਿਨ ਡੀ ਦੇ ਮਾਮਲੇ ਵਿੱਚ।

ਵਿਟਾਮਿਨ ਡੀ ਬਹੁਤ ਜ਼ਿਆਦਾ ਲੈਣ ਨਾਲ ਕਿਡਨੀਆਂ ਨੂੰ ਨੁਕਸਾਨ ਹੋ ਸਕਦਾ ਹੈ। ਇਹ ਇੱਕ ਫੈਟ ਵਿੱਚ ਘੁਲਣ ਵਾਲਾ ਵਿਟਾਮਿਨ ਹੈ, ਇਸ ਲਈ ਸਰੀਰ ਵਿੱਚ ਲੰਮੇ ਸਮੇਂ ਤੱਕ ਰਹਿ ਸਕਦਾ ਹੈ।

ਆਮ ਤੌਰ 'ਤੇ ਵਿਟਾਮਿਨ ਡੀ ਦੀ ਡੋਜ਼ ਡਾਕਟਰ ਦੀ ਸਲਾਹ ਮੁਤਾਬਕ ਦਿੱਤੀ ਜਾਂਦੀ ਹੈ। ਬਿਹਤਰ ਹੈ ਕਿ ਪਹਿਲਾਂ ਖੂਨ ਵਿੱਚ ਵਿਟਾਮਿਨ ਡੀ ਦਾ ਪੱਧਰ ਚੈੱਕ ਕਰਵਾਇਆ ਜਾਵੇ ਅਤੇ ਉਸਦੇ ਮੁਤਾਬਕ ਹੀ ਸਪਲੀਮੈਂਟ ਲਿਆ ਜਾਵੇ। ਬਿਨਾਂ ਲੋੜ ਤੋਂ ਵਿਟਾਮਿਨ ਡੀ ਨਹੀਂ ਲੈਣਾ ਚਾਹੀਦਾ।

ਅੱਜ-ਕੱਲ੍ਹ ਕੈਲਸ਼ੀਅਮ ਸਪਲੀਮੈਂਟ ਵਿੱਚ ਰੋਜ਼ਾਨਾ ਲੋੜ ਮੁਤਾਬਕ ਵਿਟਾਮਿਨ ਡੀ ਵੀ ਕੰਬੀਨੇਸ਼ਨ ਵਿੱਚ ਮਿਲ ਜਾਂਦਾ ਹੈ। ਕਈ ਲੋਕ ਆਪਣੇ ਆਪ ਹੀ ਹਫ਼ਤੇ ਵਿੱਚ ਵਿਟਾਮਿਨ ਡੀ ਦੀ ਇੱਕ ਗੋਲੀ ਲੈਣ ਲੱਗ ਜਾਂਦੇ ਹਨ।

ਪਰ ਵਿਟਾਮਿਨ ਡੀ ਨੂੰ ਬਿਨਾਂ ਡਾਕਟਰੀ ਸਲਾਹ ਦੇ ਜ਼ਿਆਦਾ ਮਾਤਰਾ ਵਿੱਚ ਨਹੀਂ ਲੈਣਾ ਚਾਹੀਦਾ। ਵਿਟਾਮਿਨ ਡੀ ਦੀ ਬਹੁਤ ਜ਼ਿਆਦਾ ਮਾਤਰਾ ਕਿਡਨੀਆਂ ਲਈ ਨੁਕਸਾਨਦਾਇਕ ਹੋ ਸਕਦੀ ਹੈ।

ਅੱਜ-ਕੱਲ੍ਹ ਲੋਕ ਦੋ ਸਪਲੀਮੈਂਟ ਕਾਫ਼ੀ ਜ਼ਿਆਦਾ ਲੈਂਦੇ ਹਨ, ਵਿਟਾਮਿਨ ਡੀ ਅਤੇ ਵਿਟਾਮਿਨ 12, ਵਿਟਾਮਿਨ 12 ਪਾਣੀ ਵਿੱਚ ਘੁਲਣਸ਼ੀਲ ਹੁੰਦਾ ਹੈ ਅਤੇ ਇਸਦੀ ਵਾਧੂ ਮਾਤਰਾ ਆਮ ਤੌਰ 'ਤੇ ਪਿਸ਼ਾਬ ਰਾਹੀਂ ਸਰੀਰ ਵਿੱਚੋਂ ਬਾਹਰ ਨਿਕਲ ਜਾਂਦਾ ਹੈ। ਪਰ ਵਿਟਾਮਿਨ ਡੀ ਦੇ ਮਾਮਲੇ ਵਿੱਚ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ।

ਡਾ. ਰੁਪਿੰਦਰ ਸਿੰਘ

ਸਵਾਲ- ਕੀ ਨਹੀਂ ਖਾਣਾ ਚਾਹੀਦਾ?

ਜਵਾਬ- ਸਿਗਰਟਨੋਸ਼ੀ ਅਤੇ ਸ਼ਰਾਬ ਨੁਕਸਾਨ ਕਰਦੀ ਹੈ। ਇਸ ਤੋਂ ਇਲਾਵਾ ਸਟੀਰੌਇਡ ਨੂੰ ਬਿਨਾਂ ਲੋੜ ਅਤੇ ਡਾਕਟਰੀ ਸਲਾਹ ਤੋਂ ਨਹੀਂ ਲੈਣਾ ਚਾਹੀਦਾ। ਸਟੀਰੌਇਡ ਹੱਡੀਆਂ ਨੂੰ ਕਮਜ਼ੋਰ ਕਰ ਸਕਦੇ ਹਨ।

ਸਟੀਰੌਇਡ ਕਈ ਹਾਲਾਤਾਂ ਵਿੱਚ ਜੀਵਨ ਬਚਾਉਣ ਵਾਲੀਆਂ ਦਵਾਈਆਂ ਹੁੰਦੀਆਂ ਹਨ ਪਰ ਡਾਕਟਰ ਇਨ੍ਹਾਂ ਦੀ ਡੋਜ਼ ਬਹੁਤ ਧਿਆਨ ਨਾਲ ਤੈਅ ਕਰਦੇ ਹਨ। ਇਹ ਵੀ ਤੈਅ ਕੀਤਾ ਜਾਂਦਾ ਹੈ ਕਿ ਦਵਾਈ ਕਿਵੇਂ ਸ਼ੁਰੂ ਕਰਨੀ ਹੈ, ਡੋਜ਼ ਹੌਲੀ-ਹੌਲੀ ਕਿਵੇਂ ਘਟਾਉਣੀ ਹੈ ਅਤੇ ਕਦੋਂ ਬੰਦ ਕਰਨੀ ਹੈ। ਸਟੀਰੌਇਡ ਨੂੰ ਕਈ ਵਾਰ ਇਕਦਮ ਬੰਦ ਨਹੀਂ ਕੀਤਾ ਜਾ ਸਕਦਾ।

ਮੁਸ਼ਕਲ ਉਦੋਂ ਆਉਂਦੀ ਹੈ ਜਦੋਂ ਸਟੀਰੌਇਡ ਬਿਨਾਂ ਲੋੜ ਤੋਂ ਦਿੱਤੇ ਜਾਂ ਲਏ ਜਾਂਦੇ ਹਨ, ਕਿਉਂਕਿ ਇਹ ਤੁਰੰਤ ਸੋਜ ਨੂੰ ਘਟਾ ਸਕਦੇ ਹਨ। ਇਸ ਲਈ ਹੱਡੀਆਂ ਦੀ ਸਿਹਤ ਦੇ ਮੱਦੇਨਜ਼ਰ ਸਟੀਰੌਇਡ ਸਿਰਫ਼ ਡਾਕਟਰ ਦੀ ਸਲਾਹ ਨਾਲ ਹੀ ਲੈਣੇ ਚਾਹੀਦੇ ਹਨ।

ਹੱਡੀਆਂ ਨੂੰ ਮਜ਼ਬੂਤ ਕਰਨ ਲਈ ਖੁਰਾਕ ਦੇ ਨਾਲ-ਨਾਲ ਕਸਰਤ ਸਭ ਤੋਂ ਮਹੱਤਵਪੂਰਨ ਹੈ। ਜਿੰਨਾ ਹੱਡੀਆਂ 'ਤੇ ਸਹੀ ਤਰੀਕੇ ਨਾਲ ਲੋਡ ਪਵੇਗਾ ਅਤੇ ਤੁਸੀਂ ਉਨ੍ਹਾਂ ਤੋਂ ਕੰਮ ਲਵੋਗੇ, ਉਨ੍ਹਾਂ ਦੀ ਮਜ਼ਬੂਤੀ ਬਣਾਈ ਰੱਖਣ ਵਿੱਚ ਉੱਨੀ ਹੀ ਮਦਦ ਮਿਲੇਗੀ।

ਸਵਾਲ-ਕਿਹੜੀ ਕਸਰਤ ਕਰਨੀ ਚਾਹੀਦੀ ਹੈ?

ਜਵਾਬ- ਮੈਂ ਟ੍ਰੈਡਮਿਲ ਦੀ ਵਰਤੋਂ ਨਾ ਕਰਨ ਦੀ ਸਖ਼ਤ ਸਲਾਹ ਦਿੰਦਾ ਹਾਂ। ਇਸ ਦਾ ਕਾਰਨ ਇਹ ਹੈ ਕਿ ਆਮ ਟ੍ਰੈਡਮਿਲਾਂ ਵਿੱਚ ਅਕਸਰ ਘਟੀਆ ਕੁਆਲਿਟੀ ਦੇ ਬੁਸ਼ਿੰਗ ਅਤੇ ਬੇਅਰਿੰਗ ਵਰਤੇ ਜਾਂਦੇ ਹਨ ਅਤੇ ਇਨ੍ਹਾਂ ਦੇ ਕੁਸ਼ਨਿੰਗ ਪੈਡ ਵੀ ਮਿਆਰੀ ਨਹੀਂ ਹੁੰਦੇ।

ਇਸ ਤੋਂ ਇਲਾਵਾ, ਤੁਸੀਂ ਮਸ਼ੀਨ ਦੀ ਨਿਰਧਾਰਤ ਗਤੀ 'ਤੇ ਦੌੜ ਰਹੇ ਹੁੰਦੇ ਹੋ, ਜੋ ਸ਼ਾਇਦ ਤੁਹਾਡੀ ਕੁਦਰਤੀ ਚਾਲ ਨਾਲ ਮੇਲ ਨਾ ਖਾਂਦੀ ਹੋਵੇ, ਜਿਸ ਨਾਲ ਤੁਹਾਡੇ ਗੋਡਿਆਂ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਰਹਿੰਦਾ ਹੈ। ਇਸ ਨਾਲੋਂ ਸਿਰਫ਼ ਸੈਰ ਕਰਨਾ ਬਿਹਤਰ ਹੈ।

ਸੈਰ ਕਰਨਾ ਬਹੁਤ ਵਧੀਆ ਹੈ। ਜੇ ਸੰਭਵ ਹੋਵੇ ਤਾਂ ਤੁਸੀਂ ਮਿੱਟੀ ਵਾਲੀ ਥਾਂ ਉਪਰ ਸੈਰ ਕਰੋ। ਪਾਰਕ ਵਿੱਚ ਰਬੜ ਟਰੈਕ ਵਰਗੀਆਂ ਸਤ੍ਹਾਂ ਚੰਗਾ ਵਿਕਲਪ ਹੋ ਸਕਦੀਆਂ ਹਨ।

ਸੈਰ ਕਰਦੇ ਸਮੇਂ ਚੰਗੀ ਗੁਣਵਤਾ ਵਾਲੇ ਬੂਟ ਪਾਉਣੇ ਵੀ ਜ਼ਰੂਰੀ ਹਨ। ਜੁੱਤੇ ਬਹੁਤ ਪੁਰਾਣੇ ਹੋ ਜਾਣ 'ਤੇ ਉਨ੍ਹਾਂ ਦੀ ਕੁਸ਼ਨਿੰਗ ਅਤੇ ਰਬੜ ਖਰਾਬ ਹੋ ਸਕਦੀ ਹੈ, ਇਸ ਲਈ ਬੂਟਾਂ ਦੀ ਹਾਲਤ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਜੇ ਤੁਸੀਂ ਪਹਿਲਾਂ ਤੋਂ ਜੌਗਿੰਗ ਕਰ ਰਹੇ ਹੋ ਅਤੇ ਤੁਹਾਡਾ ਸਰੀਰ ਇਸਦਾ ਆਦੀ ਹੈ ਤਾਂ ਜਾਰੀ ਰੱਖ ਸਕਦੇ ਹੋ। ਪਰ ਜੇ 40-45 ਸਾਲ ਦੀ ਉਮਰ ਵਿੱਚ ਅਚਾਨਕ ਫਿਟਨੈੱਸ ਸ਼ੁਰੂ ਕਰ ਰਹੇ ਹੋ, ਤਾਂ ਪਹਿਲਾਂ ਸੈਰ ਵਰਗੀ ਕਸਰਤ ਨਾਲ ਹੌਲੀ-ਹੌਲੀ ਸ਼ੁਰੂਆਤ ਕਰਨੀ ਬਿਹਤਰ ਹੈ।

ਇੱਕ ਮਹਿਲਾ

ਤਸਵੀਰ ਸਰੋਤ, Getty Images

ਸਵਾਲ-ਹੱਡੀਆਂ ਦੀਆਂ ਸਮੱਸਿਆਵਾਂ ਦਾ ਇਲਾਜ ਕਿਵੇਂ ਹੁੰਦਾ ਹੈ?

ਜਵਾਬ- ਸਾਲ ਵਿੱਚ ਇੱਕ ਵਾਰ ਰੂਟੀਨ ਹੈਲਥ ਚੈੱਕਅਪ ਕਰਵਾਉਣਾ ਚੰਗਾ ਰਹਿੰਦਾ ਹੈ। ਲੋੜ ਅਤੇ ਉਮਰ ਮੁਤਾਬਕ ਬਲੱਡ ਟੈਸਟ, ਹਾਰਟ ਚੈੱਕਅੱਪ ਅਤੇ ਔਰਤਾਂ ਲਈ ਪੈਪ ਸਮੀਅਰ ਅਤੇ ਮੈਮੋਗ੍ਰਾਮ ਵਰਗੀਆਂ ਜਾਂਚਾਂ ਦੀ ਸਲਾਹ ਦਿੱਤੀ ਜਾ ਸਕਦੀ ਹੈ।

ਅੱਜ ਦੇ ਸਮੇਂ ਵਿੱਚ ਬਚਾਅ ਸਭ ਤੋਂ ਮਹੱਤਵਪੂਰਨ ਹੈ। ਇਲਾਜ ਬਾਅਦ ਵਿੱਚ ਆਉਂਦਾ ਹੈ। ਜੇ ਸਮੱਸਿਆ ਦਾ ਸ਼ੁਰੂਆਤੀ ਪੜਾਅ ਵਿੱਚ ਪਤਾ ਲੱਗ ਜਾਵੇ ਤਾਂ ਕਈ ਵਾਰ ਉਸਨੂੰ ਗੰਭੀਰ ਹੋਣ ਤੋਂ ਪਹਿਲਾਂ ਹੀ ਸੰਭਾਲਿਆ ਜਾ ਸਕਦਾ ਹੈ।

ਆਮ ਦਰਦ ਜਾਂ ਛੋਟੀ-ਮੋਟੀ ਸਮੱਸਿਆ ਦਵਾਈ, ਥੈਰੇਪੀ ਜਾਂ ਹੋਰ ਆਮ ਇਲਾਜ ਨਾਲ ਠੀਕ ਹੋ ਜਾਣੀ ਚਾਹੀਦੀ ਹੈ। ਪਰ ਜੇ ਚਾਰ ਤੋਂ ਛੇ ਹਫ਼ਤਿਆਂ ਬਾਅਦ ਵੀ ਸਮੱਸਿਆ ਠੀਕ ਨਹੀਂ ਹੁੰਦੀ ਜਾਂ ਕੁਝ ਗੰਭੀਰ ਲੱਛਣ ਆਉਂਦੇ ਹਨ, ਤਾਂ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਹੱਡੀਆਂ ਦੀ ਸਮੱਸਿਆ ਵਿੱਚ ਪਹਿਲਾ ਅਹਿਮ ਕਦਮ ਜਾਂਚ ਪੜਤਾਲ ਹੁੰਦਾ ਹੈ, ਤਾਂ ਜੋ ਪਤਾ ਲੱਗ ਸਕੇ ਕਿ ਹੱਡੀ ਦੇ ਅੰਦਰ ਅਸਲ ਵਿੱਚ ਕੀ ਹੋ ਰਿਹਾ ਹੈ। ਇਸ ਲਈ ਐਕਸ-ਰੇਅ ਕੀਤਾ ਜਾਂਦਾ ਹੈ। ਜੇ ਵਧਦੀ ਉਮਰ ਕਰਕੇ ਹੱਡੀਆਂ ਦੀ ਕਮਜ਼ੋਰੀ ਦਾ ਸ਼ੱਕ ਹੋਵੇ ਤਾਂ ਡੈਕਸਾ ਸਕੈਨ ਰਾਹੀਂ ਬੌਨ ਡੇਨਸਿਟੀ ਜਾਂਚੀ ਜਾ ਸਕਦੀ ਹੈ।

ਅਗਲੇਰੇ ਇਲਾਜ ਦਾ ਨਿਰਧਾਰਨ ਓਸਟੀਓਪੋਰੋਸਿਸ ਦੀ ਗੰਭੀਰਤਾ ਦੇ ਆਧਾਰ 'ਤੇ ਕੀਤਾ ਜਾਂਦਾ ਹੈ।

ਬਲੱਡ ਟੈਸਟ ਰਾਹੀਂ ਕੈਲਸ਼ੀਅਮ ਅਤੇ ਹੋਰ ਸੰਬੰਧਿਤ ਕਾਰਕ ਵੀ ਚੈੱਕ ਕੀਤੇ ਜਾ ਸਕਦੇ ਹਨ। ਫਿਰ ਇਹ ਫ਼ੈਸਲਾ ਕੀਤਾ ਜਾਂਦਾ ਹੈ ਕਿ ਸਿਰਫ਼ ਕੈਲਸ਼ੀਅਮ ਜਾਂ ਸਪਲੀਮੈਂਟਸ ਦੀ ਲੋੜ ਹੈ ਜਾਂ ਹੱਡੀਆਂ ਨੂੰ ਮਜ਼ਬੂਤ ਕਰਨ ਵਾਲੀਆਂ ਹੋਰ ਦਵਾਈਆਂ ਦੀ।

ਜੇ ਕੋਈ ਹੱਡੀ ਦਰਦਨਾਕ ਹੈ ਜਾਂ ਟੁੱਟੀ ਹੋਈ ਹੈ ਤਾਂ ਉਸਨੂੰ ਪ੍ਰੋਟੈਕਟ ਕਰਨ ਲਈ ਬਰੇਸ ਜਾਂ ਹੋਰ ਇਲਾਜ ਦੀ ਲੋੜ ਪੈ ਸਕਦੀ ਹੈ।

ਅੱਜ-ਕੱਲ੍ਹ, ਰੀੜ੍ਹ ਦੀ ਹੱਡੀ ਦੇ ਕੁਝ ਖਾਸ ਕਿਸਮ ਦੇ ਫ੍ਰੈਕਚਰ ਲਈ ਘੱਟ ਚੀਰ-ਫਾੜ ਵਾਲੇ ਇਲਾਜ ਵੀ ਉਪਲਬਧ ਹਨ। ਇਹ ਪ੍ਰਕਿਰਿਆਵਾਂ ਛੋਟੇ ਚੀਰੇ ਲਗਾ ਕੇ ਜਾਂ ਸੂਈ-ਅਧਾਰਿਤ ਤਕਨੀਕਾਂ ਦੀ ਵਰਤੋਂ ਕਰਕੇ ਕੀਤੀਆਂ ਜਾ ਸਕਦੀਆਂ ਹਨ। ਆਧੁਨਿਕ ਇਮੇਜਿੰਗ ਅਤੇ ਸਰਜੀਕਲ ਤਕਨਾਲੋਜੀ ਦੀ ਬਦੌਲਤ, ਹੁਣ ਬਹੁਤ ਸਾਰੀਆਂ ਸਰਜਰੀਆਂ 'ਡੇ-ਕੇਅਰ' ਦੇ ਆਧਾਰ 'ਤੇ ਕੀਤੀਆਂ ਜਾ ਸਕਦੀਆਂ ਹਨ, ਜਿਸ ਨਾਲ ਹਸਪਤਾਲ ਵਿੱਚ ਲੰਬੇ ਸਮੇਂ ਤੱਕ ਦਾਖਲ ਰਹਿਣ ਦੀ ਲੋੜ ਘੱਟ ਜਾਂਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)