ਹੈਡ ਮਾਸਟਰ ਦੇ ਜਿਣਸੀ ਸੋਸ਼ਣ ਖ਼ਿਲਾਫ਼ ਇਕੱਠਿਆਂ ਲੜਦਿਆਂ ਵਿਆਹ ਕਰਾਉਣ ਵਾਲੇ ਜੋੜੇ ਦੀ ਕਹਾਣੀ, ਕਿਵੇਂ ਦੋਹਾਂ ਦੀ ਹਿੰਮਤ ਨੇ ਕਈ ਵਿਦਿਆਰਥਣਾਂ ਨੂੰ ਬਚਾਇਆ

- ਲੇਖਕ, ਏਡਾਂਗ ਨੂਰਦੀਨ ਅਤੇ ਰੇਬੇਕਾ ਹੇਂਸ਼ਕੇ
- ਰੋਲ, ਬੀਬੀਸੀ ਆਈ ਇਨਵੈਸਟੀਗੇਸ਼ਨਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 11 ਮਿੰਟ
(ਚੇਤਾਵਨੀ: ਇਸ ਸਟੋਰੀ ਦੇ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।)
ਫੋਨ ਦੇ ਦੂਜੇ ਪਾਸਿਓਂ ਆਈ ਅਵਾਜ਼ ਸੁਣ ਕੇ ਯੁਸਰਾਨ ਅਜ਼ਾਹਿਦੀ ਦਾ ਦਿਲ ਬੈਠ ਗਿਆ। ਉਨ੍ਹਾਂ ਨੇ ਆਪਣੀ ਭੈਣ ਦੇ ਨੰਬਰ 'ਤੇ ਫੋਨ ਕੀਤਾ ਸੀ। ਭੈਣ ਨੇ ਉਨ੍ਹਾਂ ਨੂੰ ਮੈਸੇਜ ਕਰਕੇ ਤੁਰੰਤ ਫੋਨ ਕਰਨ ਨੂੰ ਕਿਹਾ ਸੀ।
ਪਰ ਲਾਈਨ 'ਤੇ ਉਨ੍ਹਾਂ ਦੀ ਭੈਣ ਨਹੀਂ ਸੀ। ਫੋਨ 'ਤੇ ਯੁਸਰਾਨ ਦੇ ਪੁਰਾਣੇ ਸਕੂਲ ਦੇ ਹੈਡਮਾਸਟਰ ਸਨ। ਉਹ ਯੁਸਰਾਨ ਦੇ ਪਰਿਵਾਰਕ ਘਰ ਵਿੱਚ ਮੌਜੂਦ ਸਨ।
ਯੁਸਰਾਨ ਕਹਿੰਦੇ ਹਨ, "ਮੈਨੂੰ ਪਤਾ ਸੀ। ਮੈਨੂੰ ਠੀਕ ਠਾਕ ਪਤਾ ਸੀ ਕਿ ਉਹ ਕਿਸ ਬਾਰੇ ਗੱਲ ਕਰਨਾ ਚਾਹੁੰਦੇ ਸੀ।"
ਅਹਿਮਦ ਇਮਾਨੁਦੀਨ ਸ਼ੁਮਾਰ ਨੂੰ ਉਨ੍ਹਾਂ ਦੇ ਵਿਦਿਆਰਥੀ 'ਅਬਾਹ' ਯਾਨੀ ਪਿਤਾ ਕਹਿ ਕੇ ਬੁਲਾਉਂਦੇ ਸੀ। ਉਨ੍ਹਾਂ ਦੀ ਇੱਕ ਇੱਜ਼ਤ ਸੀ ਜਿਸ ਨੂੰ ਬਣਾਏ ਰੱਖਣਾ ਉਨ੍ਹਾਂ ਲਈ ਬਹੁਤ ਜ਼ਰੂਰੀ ਸੀ।
ਉਹ ਇੰਡੋਨੇਸ਼ੀਆ ਦੇ ਲੋਮਬੋਕ ਟਾਪੂ 'ਤੇ ਸਥਿਤ ਇੱਕ ਇਸਲਾਮੀ ਬੋਰਡਿੰਗ ਸਕੂਲ ਦੇ ਸਨਮਾਨਿਤ ਮੁਖੀ ਸਨ। ਅਤੇ ਅਬਾਹ ਯਾਨੀ ਹੈਡ ਮਾਸਟਰ ਨੂੰ ਪਤਾ ਲੱਗ ਗਿਆ ਸੀ ਕਿ ਯੁਸਰਾਨ ਅਤੇ ਉਨ੍ਹਾਂ ਦੇ ਪੁਰਾਣੇ ਸਕੂਲ ਦੇ ਦੋਸਤ ਕਈ ਵਿਦਿਆਰਥੀਆਂ ਦੇ ਬਿਆਨ ਇਕੱਠੇ ਕਰ ਰਹੇ ਸਨ।
ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਅਬਾਹ ਨੇ ਉਨ੍ਹਾਂ ਦਾ ਜਿਣਸੀ ਸੋਸ਼ਣ ਕੀਤਾ ਸੀ।
ਇੰਡੋਨੇਸ਼ੀਆ ਦੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸਲਾਮੀ ਬੋਰਡਿੰਗ ਸਕੂਲਾਂ ਵਿੱਚ ਜਿਣਸੀ ਸੋਸ਼ਣ ਨੂੰ ਰਾਸ਼ਟਰੀ ਐਮਰਜੈਂਸੀ ਸਥਿਤੀ ਦੱਸਿਆ ਹੈ।
ਪਰ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਕਈ ਮਾਮਲੇ ਅਦਾਲਤ ਤੱਕ ਨਹੀਂ ਪਹੁੰਚਦੇ। ਇਸ ਦਾ ਕਾਰਨ ਇਹ ਹੈ ਕਿ ਸਰਵਾਈਵਰਜ਼ ਨੂੰ ਆਪਣੇ ਇਲਜ਼ਾਮ ਵਾਪਸ ਲੈਣ ਲਈ ਮਨਾ ਲਿਆ ਜਾਂਦਾ ਹੈ ਜਾਂ ਉਨ੍ਹਾਂ 'ਤੇ ਚੁੱਪ ਰਹਿਣ ਲਈ ਦਬਾਅ ਪਾਇਆ ਜਾਂਦਾ ਹੈ।
ਅਤੇ ਹੁਣ ਅਬਾਹ ਫੋਨ 'ਤੇ ਯੁਸਰਾਨ ਤੋਂ ਵੀ ਠੀਕ ਅਜਿਹੀ ਹੀ ਮੰਗ ਕਰ ਰਹੇ ਸੀ।
ਉਹ ਰੋਂਦਿਆਂ ਬੋਲੇ, "ਆਪਣੇ ਅਧਿਆਪਕ ਦੀ ਸ਼ਰਮ ਨੂੰ ਲੁਕਾ ਦਿਓ। ਮੇਰੇ ਬੱਚੇ, ਹਰ ਇਨਸਾਨ ਤੋਂ ਗਲਤੀਆਂ ਹੁੰਦੀਆਂ ਹਨ।"
ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਯੁਸਰਾਨ ਉਨ੍ਹਾਂ ਦੀ ਇੱਕ ਇੱਕ ਗੱਲ ਰਿਕਾਰਡ ਕਰ ਰਹੇ ਸੀ।
ਯੂਨੀਵਰਸਿਟੀ ਪਹੁੰਚਣ 'ਤੇ ਸਕੂਲ ਵਿੱਚ ਹੋਈਆਂ ਘਟਨਾਵਾਂ ਸਾਹਮਣੇ ਆਈਆਂ

ਤਸਵੀਰ ਸਰੋਤ, YUSRON AZZAHIDI
ਯੁਸਰਾਨ ਨੇ ਅਬਾਹ ਬਾਰੇ ਜਾਂਚ ਇੱਕ ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਇਸ ਦਾ ਕਾਰਨ ਉਨ੍ਹਾਂ ਦੀ ਸਾਬਕਾ ਸਹਿਪਾਠੀ ਜ਼ਿਯਾਦਾਤੁਰ ਰਹਿਮਾ ਦੀ ਇੱਕ ਗੱਲ ਸੀ। ਦੋਹੇਂ ਲੋਮਬੋਕ ਦੇ ਅਬੂ ਬਰੋਕਾਤ ਸਕੂਲ ਦੇ ਮੇਧਾਵੀ ਸਟੂਡੈਂਟ ਰਹੇ ਸੀ।
ਬਾਅਦ ਵਿੱਚ ਦੋਹੇਂ ਉੱਚ ਸਿੱਖਿਆ ਲਈ ਵੱਖ ਵੱਖ ਥਾਂਵਾਂ 'ਤੇ ਚਲੇ ਗਏ।
ਯੁਸਰਾਨ ਨੇ ਰਾਜਧਾਨੀ ਜਕਾਰਤਾ ਵਿਚ ਅਤੇ ਜ਼ਿਯਾਦਾਤੁਰ ਨੇ ਮਿਸਰ ਦੇ ਕਾਹਿਰਾ ਵਿੱਚ ਦਾਖਲਾ ਲਿਆ। ਇੱਕ ਵਾਰ ਉਹ ਫੋਨ 'ਤੇ ਆਪਣੇ ਸਕੂਲੀ ਦਿਨਾਂ ਨੂੰ ਯਾਦ ਕਰ ਰਹੇ ਸੀ।
ਇੱਕ ਰਾਤ ਜ਼ਿਯਾਦਾਤੁਰ ਜਿਸ ਨੂੰ ਦੋਸਤ ਜ਼ਿਆ ਦੇ ਨਾਮ ਤੋਂ ਬੁਲਾਉਂਦੇ ਸੀ ਉਨ੍ਹਾਂ ਨੇ ਯੁਸਰਾਨ ਨੂੰ ਦੱਸਿਆ ਕਿ ਜਦੋਂ ਉਹ 16 ਸਾਲ ਦੀ ਸੀ ਤਾਂ ਅਬਾਹ ਨੇ ਉਨ੍ਹਾਂ ਦਾ ਜਿਣਸੀ ਸੋਸ਼ਣ ਕੀਤਾ ਸੀ।
ਉਨ੍ਹਾਂ ਨੇ ਦੱਸਿਆ ਕਿ ਇੱਕ ਕਲਾਸ ਦੌਰਾਨ ਜਦੋਂ ਟਾਇਲਟ ਜਾਣ ਲਈ ਉਹ ਬਾਹਰ ਨਿਕਲੀ ਤਾਂ ਅਬਾਹ ਨੇ ਉਸ ਨੂੰ ਸਕੂਲ ਦੇ ਬਗੀਚੇ ਵਿਚ ਰੋਕ ਲਿਆ ਅਤੇ ਉਸ ਨੂੰ ਆਪਣੇ ਘਰ ਚੱਲਣ ਲਈ ਕਿਹਾ ਜੋ ਪਰਿਸਰ ਵਿਚ ਹੀ ਸਥਿਤ ਸੀ।
"ਅੰਦਰ ਜਾਣ ਤੋਂ ਬਾਅਦ ਉਸ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਪਿਆਰ ਕਰਦਾ ਹੈ।"
"ਉਸ ਨੇ ਮੈਨੂੰ ਹੇਠਾਂ ਖਿੱਚ ਲਿਆ ਜਿਸ ਨਾਲ ਮੈਂ ਉਸ ਦੀ ਗੋਦ ਵਿੱਚ ਬੈਠ ਗਈ ਫਿਰ ਉਸ ਨੇ ਮੈਨੂੰ ਚੁੰਮਣਾ ਸੁਰੂ ਕਰ ਦਿੱਤਾ ਅਤੇ ਉਹ ਮੇਰੇ ਸਰੀਰ ਨੂੰ ਸਹਿਲਾ ਰਿਹਾ ਸੀ ਅਤੇ ਛੋਹ ਰਿਹਾ ਸੀ।"
ਉਸ ਨੇ ਬੀਬੀਸੀ ਵਰਲਡ ਸਰਵਿਸ ਨੂੰ ਇਹ ਦੱਸਿਆ ਕਿ ਹੈਡ ਮਾਸਟਰ ਨੇ ਵਾਪਸ ਅਜਿਹਾ ਹੀ ਕਰਨ ਲਈ ਕਿਹਾ।
ਪਰ ਕਿਸਮਤ ਨਾਲ ਅਬਾਹ ਦੇ ਇੱਕ ਵਿਦਿਆਰਥੀ ਨੇ ਉਸ ਬੰਦ ਦਰਵਾਜ਼ੇ ਨੂੰ ਤੇਜ਼ੀ ਨਾਲ ਖੜਕਾਉਣਾ ਸ਼ੁਰੂ ਕੀਤਾ। ਅਬਾਹ ਨੇ ਉਦੋਂ ਜ਼ਿਆ ਨੂੰ ਜਾਣ ਦਾ ਇਸ਼ਾਰਾ ਕੀਤਾ ਅਤੇ ਉਹ ਪਿਛਲੇ ਦਰਵਾਜ਼ੇ ਤੋਂ ਭੱਜ ਨਿਕਲੀ।
ਪਰ ਉਹ ਕਹਿੰਦੀ ਹੈ ਕਿ ਇਸ ਘਟਨਾ ਦਾ ਅਸਰ ਬਹੁਤ ਵਿਨਾਸ਼ਕਾਰੀ ਰਿਹਾ।
"ਮੈਨੂੰ ਬਹੁਤ ਗੰਦਾ, ਸਭ ਕੁਝ ਬਰਬਾਦ ਹੋ ਚੁੱਕਿਆ ਅਤੇ ਖੋਇਆ ਹੋਇਆ ਮਹਿਸੂਸ ਹੋ ਰਿਹਾ ਸੀ।"
ਜ਼ਿਆ ਦੀ ਗੱਲ ਸੁਣ ਕੇ ਯੁਸਰਾਨ ਸਮਝ ਨਹੀਂ ਪਾ ਰਹੇ ਸੀ ਕਿ ਕੀ ਕੀਤਾ ਜਾਵੇ। ਉਨ੍ਹਾਂ ਦੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਦੀ ਗੱਲ ਮੰਨਣ ਦੀ ਸਿੱਖਿਆ ਦਿੱਤੀ ਜਾਂਦੀ ਸੀ। ਸਕੂਲ ਦਾ ਇੱਕ ਮੁੱਖ ਨਾਅਰਾ ਸੀ, "ਸਮੀਨਾ ਵਾ ਅਤਾਨਾ" ਯਾਨੀ "ਅਸੀਂ ਸੁਣਦੇ ਹਾਂ ਅਤੇ ਅਸੀਂ ਪਾਲਨ ਕਰਦੇ ਹਾਂ"।
ਇਨ੍ਹਾਂ ਲੜਕੀਆਂ ਨੇ ਸਕੂਲ ਵਿੱਚ ਕੀ ਕੀ ਬਰਦਾਸ਼ਤ ਕੀਤਾ ?

ਪਰ ਯੁਸਰਾਨ ਉਸ ਗੱਲ ਨੂੰ ਆਪਣੇ ਦਿਮਾਗ਼ ਵਿੱਚੋਂ ਕੱਢ ਨਹੀਂ ਪਾ ਰਹੇ ਸੀ।
ਇਸ ਲਈ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਉਹ ਅਤੇ ਜ਼ਿਆ, ਨਾਲ ਹੀ ਉਸ ਦੀ ਸਕੂਲ ਦੀ ਦੋਸਤ ਵਾਂਡਾ ਹਮੀਦਾਹ ਅਤੇ ਮਹਿਮਾ ਏਕਾ, ਜ਼ਿਆ ਦੀ ਗਵਾਹੀ ਦੇ ਸਮਰਥਨ ਵਿੱਚ ਸਬੂਤ ਇਕੱਠਾ ਕਰੇ।
ਫਿਰ ਹੌਲੀ-ਹੌਲੀ ਜਦੋਂ ਉਨ੍ਹਾਂ ਨੇ ਆਪਣੇ ਪੁਰਾਣੇ ਸਹਿਪਾਠੀਆਂ ਨਾਲ ਗੱਲ ਕੀਤੀ ਤਾਂ ਦੂਜੀਆਂ ਯਾਦਾਂ ਵੀ ਸਾਹਮਣੇ ਆਉਣ ਲੱਗੀਆਂ। ਦੋਸਤ ਆਪਣੀ ਜਾਣਕਾਰੀ ਵਟਸਐਪ 'ਤੇ ਇੱਕ ਦੂਜੇ ਨਾਲ ਸਾਂਝਾ ਕਰ ਰਹੇ ਸੀ।
ਸਭ ਤੋਂ ਮਹੱਤਵਪੂਰਨ ਜਾਣਕਾਰੀ ਵਾਂਡਾ ਦੀ ਇੱਕ ਦੋਸਤ ਨੂੰ ਮਿਲੀ।
ਉਸ ਨੂੰ ਯਾਦ ਸੀ ਕਿ ਪੜ੍ਹਾਈ ਦੇ ਆਖ਼ਰੀ ਸਾਲ ਵਿੱਚ ਇੱਕ ਰਾਤ ਉਸ ਨੇ ਸਕੂਲ ਦੇ ਬਾਥਰੂਮ ਵਿੱਚ ਇੱਕ ਛੋਟੀ ਲੜਕੀ ਨੂੰ ਰੋਂਦਿਆਂ ਦੇਖਿਆ ਸੀ।
ਉਸ ਨੂੰ ਇਹ ਵੀ ਯਾਦ ਸੀ ਕਿ ਅਬਾਹ ਉਸ ਲੜਕੀ ਨੂੰ ਲੱਭਦੇ ਲੱਭਦੇ ਉੱਥੇ ਆਏ ਸੀ। ਉਨ੍ਹਾਂ ਦਾ ਚਿਹਰਾ ਲਾਲ ਸੀ ਅਤੇ ਉਸ ਦਾ ਸਾਹ ਤੇਜ਼ ਚੱਲ ਰਿਹਾ ਸੀ।
ਇਹ ਲੜਕੀ ਸੁਕਮਾ ਰੋਹਾਨਾ ਸੀ। ਉਹ ਉਸ ਸਮੇਂ ਵੀ ਸਕੂਲ ਵਿੱਚ ਪੜ੍ਹ ਰਹੀ ਸੀ।
ਸੁਕਮਾ ਨੇ ਬੀਬੀਸੀ ਨੂੰ ਆਪਣੀ ਆਪਬੀਤੀ ਸੁਣਾਈ।
ਸੁਕਮਾ ਨੇ ਸਾਨੂੰ ਦੱਸਿਆ ਕਿ ਜਦੋਂ ਉਹ ਸਤਾਰਾਂ ਸਾਲ ਦੀ ਸੀ, ਤਾਂ ਅਬਾਹ ਨੇ ਉਨ੍ਹਾਂ ਨੂੰ ਨਵੇਂ ਸਾਲ ਦੀ ਪ੍ਰਾਰਥਨਾ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਅਬਾਹ ਦੇ ਘਰ ਵਿੱਚ ਦਾਖਲ ਹੋਈ ਤਾਂ ਉਸ ਨੇ ਉਸ ਦਾ ਮੂੰਹ ਢਕ ਦਿੱਤਾ ਅਤੇ ਉਸ ਨੂੰ ਲੇਟ ਜਾਣ ਨੂੰ ਕਿਹਾ, ਤੇ ਕਿਹਾ ਕਿ ਇਸ ਤੋਂ ਪਹਿਲਾਂ ਲੱਕ ਤੋਂ ਥੱਲੇ ਦੇ ਕੱਪੜੇ ਉਤਾਰ ਦੇਵੇ।
"ਉਹ ਲਗਾਤਾਰ ਬੋਲਦਾ ਰਿਹਾ ਅਤੇ ਕਹਿੰਦਾ ਰਿਹਾ ਕਿ ਹੁਣ ਉਹ ਖੁਦ 'ਤੇ ਕਾਬੂ ਨਹੀਂ ਰੱਖ ਸਕਦਾ।"
ਸੁਕਮਾ ਨੇ ਕਿਹਾ, "ਉਸ ਨੇ ਮੇਰੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ।"
"ਅਤੇ ਫਿਰ ਮੈਂ ਇੰਨੀ ਤਾਕਤ ਨਾਲ ਉਸ ਦੇ ਪੇਟ ਵਿਚ ਜ਼ੋਰ ਨਾਲ ਲੱਤ ਮਾਰੀ ਅਤੇ ਭੱਜਣ ਦਾ ਮੌਕਾ ਲੈ ਲਿਆ। ਮੈਂ ਜਦੋਂ ਭੱਜਦਿਆਂ ਹੋਇਆਂ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਦੀ ਬੈਟਰੀ ਦੀ ਰੌਸ਼ਨੀ ਮੇਰੇ ਤੱਕ ਆ ਰਹੀ ਸੀ।"
ਸਬੂਤ ਜੁਟਾਉਂਦਿਆਂ ਆਈ ਇੱਕ ਫੋਨ ਕਾਲ

ਤਸਵੀਰ ਸਰੋਤ, ABU BAROKAT FACEBOOK
ਜਿਵੇਂ ਜਿਵੇਂ ਇਸ ਤਰ੍ਹਾਂ ਦੇ ਸਬੂਤ ਸਾਹਮਣੇ ਆਉਣ ਲੱਗੇ, ਯੁਸਰਾਨ ਉਨ੍ਹਾਂ ਨੂੰ ਵਿਵਸਥਿਤ ਕਰਨ ਲੱਗ ਗਏ। ਉਹ ਇਲਜ਼ਾਮ ਲਗਾਉਣ ਵਾਲੇ ਵਿਦਿਆਰਥੀਆਂ ਨਾਲ ਫੋਨ 'ਤੇ ਗੱਲ ਕਰਦੇ ਸੀ ਅਤੇ ਬਹੁਤ ਸਾਵਧਾਨੀ ਨਾਲ ਨੋਟਸ ਤਿਆਰ ਕਰਦੇ ਸੀ।
ਉਨ੍ਹਾਂ ਨੇ ਸੱਤ ਪੰਨਿਆਂ ਦਾ ਇੱਕ ਦਸਤਾਵੇਜ਼ ਤਿਆਰ ਕੀਤਾ। ਇਸ ਵਿੱਚ ਸੁਕਮਾ, ਜ਼ਿਆ ਅਤੇ ਚਾਰ ਹੋਰ ਸਾਬਕਾ ਵਿਦਿਆਰਥੀਆਂ ਨਾਲ ਕਥਿਤ ਦੁਰਵਿਵਹਾਰ ਦੇ ਇਲਜ਼ਾਮਾਂ ਦਾ ਬਿਓਰਾ ਸੀ।
ਵਾਂਡਾ ਨੇ ਨਹਿਦਲਾਤੁਲ ਵਥਨ ਦਿਨਿਯਾਹ ਇਸਲਾਮਿਯਾ(ਐਨਡਬਲਿਊਈਆਈ) ਦੇ ਪ੍ਰਤੀਨਿਧੀਆਂ ਨਾਲ ਇੱਕ ਬੈਠਕ ਦਾ ਪ੍ਰਬੰਧ ਕੀਤਾ। ਇਹ ਇੱਕ ਪ੍ਰਭਾਵਸ਼ਾਲੀ ਸੰਗਠਨ ਸੀ, ਜੋ ਉਨ੍ਹਾਂ ਦੇ ਸਕੂਲ ਅਤੇ ਸੈਂਕੜੇ ਦੂਜੇ ਸਕੂਲਾਂ ਦਾ ਸੰਚਾਲਨ ਕਰਦਾ ਸੀ।
ਇਹ ਸੰਗਠਨ ਕਾਹਿਰਾ ਵਿੱਚ ਪੜ੍ਹ ਰਹੇ ਕੁਝ ਵਿਦਿਆਰਤੀਆਂ ਦੀ ਪੜ੍ਹਾਈ ਲਈ ਆਰਥਿਕ ਮਦਦ ਵੀ ਦਿੰਦਾ ਸੀ।
ਦੋਸਤਾਂ ਨੇ ਸਾਨੂੰ ਦੱਸਿਆ ਕਿ ਇਹ ਬੈਠਕ ਚੰਗੀ ਰਹੀ। ਐਨਡਬਲਿਊਡੀਆਈ ਦੇ ਪ੍ਰਤੀਨਿਧੀਆਂ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਨੂੰ ਪੁਲਿਸ ਤੱਕ ਲਿਜਾਣ ਵਿੱਚ ਉਨ੍ਹਾਂ ਦੀ ਮਦਦ ਕਰਨਗੇ।
ਪਰ ਤਿੰਨ ਹਫਤਿਆਂ ਬਾਅਦ ਯੁਸਰਾਨ ਨੂੰ ਆਪਣੀ ਭੈਣ ਦਾ ਉਹ ਚਿੰਤਾਜਨਕ ਸੰਦੇਸ਼ ਮਿਲਿਆ। ਜਦੋਂ ਉਨ੍ਹਾਂ ਨੇ ਵਾਪਸ ਫੋਨ ਕੀਤਾ ਤਾਂ ਦੂਜੇ ਪਾਸੇ ਉਨ੍ਹਾਂ ਦੇ ਘਰੋਂ ਅਬਾਹ ਗੱਲ ਕਰ ਰਹੇ ਸੀ।
ਤਾਂ ਇਹ ਸਾਫ਼ ਹੋ ਗਿਆ ਕਿ ਐਨਡਬਲਿਊਡੀਆਈ ਨੇ ਯੁਸਰਾਨ ਦੇ ਲਿਖਤ ਦਸਤਾਵੇਜ਼ ਉਨ੍ਹਾਂ ਨੂੰ ਦੇ ਦਿੱਤੇ ਸੀ।
ਯੁਸਰਾਨ ਦੀ ਰਿਕਾਰਡਿੰਗ ਵਿੱਚ ਅਬਾਹ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, "ਜੇ ਇਹ ਗੱਲ ਮੀਡੀਆ ਤੱਕ ਪਹੁੰਚ ਗਈ ਤਾਂ ਮੈਂ ਬਰਬਾਦ ਹੋ ਜਾਵਾਂਗਾ।"
ਉਨ੍ਹਾਂ ਨੇ ਯੁਸਰਾਨ ਨੂੰ ਆਪਣੇ ਲਈ ਝੂਠ ਬੋਲਣ ਦੀ ਗੁਜ਼ਾਰਿਸ਼ ਕੀਤੀ। ਉਨ੍ਹਾਂ ਨੇ ਕਈ ਅਜਿਹੀਆਂ ਕਹਾਣੀਆਂ ਵੀ ਸੁਣਾਈਆਂ, ਜਿਨ੍ਹਾਂ ਦਾ ਇਸਤੇਮਾਲ ਕਰਕੇ ਯੁਸਰਾਨ ਆਪਣੇ ਦਸਤਾਵੇਜ਼ ਵਿੱਚ ਦਿੱਤੇ ਗਏ ਦਾਅਵਿਆਂ ਨੂੰ ਵਾਪਸ ਲੈ ਸਕਦੇ ਸੀ।
ਇਸ ਤੋਂ ਬਾਅਦ ਅਬਾਹ ਨੇ ਜ਼ਿਆ ਨੂੰ ਵੀ ਫੋਨ ਕੀਤਾ ਅਤੇ ਇਸੇ ਤਰ੍ਹਾਂ ਦਾ ਦਬਾਅ ਪਾਇਆ।
ਯੁਸਰਾਨ ਦੀ ਤਰ੍ਹਾਂ ਜ਼ਿਆ ਨੇ ਵੀ ਇਹ ਗੱਲਬਾਤ ਰਿਕਾਰਡ ਕਰ ਲਈ।
ਜ਼ਿਆ ਮੁਤਾਬਕ, ਉਸ ਗੱਲਬਾਤ ਵਿੱਚ ਅਬਾਹ ਨੇ ਉਨ੍ਹਾਂ ਨਾਲ ਗਲਤ ਵਿਵਹਾਰ ਦੀ ਗੱਲ ਸਵੀਕਾਰ ਕੀਤੀ ਅਤੇ ਚੁੱਪ ਰਹਿਣ ਦੀ ਗੁਜ਼ਾਰਿਸ਼ ਕੀਤੀ।
ਜਾਂਚ ਕਿਉਂ ਰੋਕਣੀ ਪਈ ?

ਤਸਵੀਰ ਸਰੋਤ, Getty Images
ਸੁਕਮਾ ਨੇ ਸਾਨੂੰ ਦੱਸਿਆ ਕਿ ਇੱਕ ਵਾਰ ਉਸ ਨੂੰ ਅਬਾਹ ਦੇ ਘਰ ਬੁਲਾਇਆ ਗਿਆ ਸੀ। ਉੱਥੇ ਪਹੁੰਚਣ 'ਤੇ ਉਨ੍ਹਾਂ ਨੇ ਦੇਖਿਆ ਕਿ ਦੋ ਪੁਲਿਸ ਅਧਿਕਾਰੀ ਅਤੇ ਐਨਡਬਲਿਊਡੀਆਈ ਦਾ ਇੱਕ ਵਕੀਲ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾ ਨੇ ਉਸ ਨੂੰ ਇੱਕ ਦਸਤਾਵੇਜ਼ 'ਤੇ ਦਸਤਖਤ ਕਰਨ ਲਈ ਮਜਬੂਰ ਕੀਤਾ। ਉਸ ਦਸਤਾਵੇਜ਼ ਵਿੱਚ ਲਿਖਿਆ ਸੀ ਕਿ ਉਸ ਦੇ ਸਾਰੇ ਇਲਜ਼ਾਮ ਝੂਠੇ ਹਨ।
ਉਨ੍ਹਾਂ ਦੇ ਇਸ ਦਾਅਵੇ ਦੀ ਪੁਸ਼ਟੀ ਇੱਕ ਗੁਪਤ ਰਿਕਾਰਡਿੰਗ ਨਾਲ ਹੁੰਦੀ ਹੈ, ਜੋ ਉਨ੍ਹਾਂ ਨੇ ਬਾਅਦ ਵਿੱਚ ਬਣਾਈ ਸੀ, ਇਹ ਰਿਕਾਰਡਿੰਗ ਉਦੋਂ ਦੀ ਹੈ ਜਦੋਂ ਉਹ ਅਬਾਹ ਦੀ ਪਤਨੀ ਹੁਮਿਆਰਤੀ ਨਾਲ ਇਸ ਬਾਰੇ ਗੱਲ ਕਰ ਰਹੀ ਸੀ।
ਰਿਕਾਰਡਿੰਗ ਵਿਚ ਹੁਮਿਆਰਤੀ ਉਨ੍ਹਾਂ ਨੂੰ ਇਹ ਕਹਿੰਦਿਆਂ ਸੁਣਾਈ ਦਿੰਦੀ ਹੈ ਕਿ ਉਨ੍ਹਾਂ ਵਿੱਚ ਹੋਏ ਸਮਝੌਤੇ ਦਾ ਸਨਮਾਨ ਕਰੋ, ਜਿਸ ਦਾ ਮਤਲਬ ਹੈ ਕਿ ਕੁਝ ਨਹੀਂ ਹੋਇਆ ਸੀ।
ਉਹ ਕਹਿੰਦੀ ਹੈ, "ਕੀ ਤੁੰ ਚਾਹੁੰਦੀ ਹੈਂ ਕਿ ਇਹ ਗੱਲ ਪੂਰੀ ਜ਼ਿੰਦਗੀ ਤੇਰਾ ਪਿੱਛੇ ਕਰੇ? ਕੀ ਤੂੰ ਚਾਹੁੰਦੀ ਹੈ ਕਿ ਇਸ ਨਾਲ ਤੇਰੇ ਵਿਆਹ ਦੀ ਸੰਭਾਵਨਾ ਪ੍ਰਭਾਵਿਤ ਹੋਵੇ?"
ਦਬਾਅ ਦਾ ਇਹ ਸਿਲਸਿਲਾ ਇੰਨਾ ਵਧ ਗਿਆ ਕਿ ਅਬਾਹ ਨੇ ਯੁਸਰਾਨ ਦੇ ਮਾਤਾ ਪਿਤਾ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਉਨ੍ਹਾਂ ਤੋਂ ਕਿਹਾ ਕਿ ਉਹ ਜਕਾਰਤਾ ਜਾ ਕੇ ਯੂਨੀਵਰਸਿਟੀ ਵਿੱਚ ਯੁਸਰਾਨ ਨੂੰ ਲੱਭਣ।
ਯੁਸਰਾਨ ਦੇ ਮਾਤਾ ਪਿਤਾ ਉਸ ਨੂੰ ਨਹੀਂ ਲੱਭ ਸਕੇ। ਉਸ ਸਮੇਂ ਉਹ ਇੱਕ ਹੋਟਲ ਵਿੱਚ ਲੁਕਿਆ ਹੋਇਆ ਸੀ।
ਪਰ ਇਸ ਪੂਰੀ ਘਟਨਾ ਦਾ ਉਸ ਦੀ ਮਾਂ 'ਤੇ ਡੂੰਘਾ ਅਸਰ ਪਿਆ। ਉਨ੍ਹਾਂ ਨੇ ਆਪਣੇ ਬੇਟੇ ਨੂੰ ਕਿਹਾ ਕਿ ਉਹ ਤਣਾਅ ਉਨ੍ਹਾਂ ਨੂੰ ਅੰਦਰ ਤੋਂ ਤੋੜ ਰਿਹਾ ਹੈ।
ਆਖਿਰਕਾਰ ਯੁਸਰਾਨ ਨੇ ਆਪਣੀ ਇੱਛਾ ਖ਼ਿਲਾਫ਼ ਜਾਂਚ ਰੋਕ ਦਿੱਤੀ।
ਦੋਹੇਂ ਕਰੀਬ ਆਏ, ਫਿਰ ਸੋਸ਼ਲ ਮੀਡੀਆ ਤੋਂ ਲੱਭੇ ਸਰਵਾਈਵਰ

ਇਸ ਦੌਰਾਨ ਯੁਸਰਾਨ ਅਤੇ ਜ਼ਿਆ ਇੱਕ ਦੂਜੇ ਦੇ ਕਰੀਬ ਆਉਣ ਲੱਗੇ। ਉਨ੍ਹਾਂ ਦੀ ਦੋਸਤੀ ਇੱਕ ਲੌਂਗ ਡਿਸਟੈਂਸ ਲਵ ਰਿਲੇਸ਼ਨ ਵਿੱਚ ਬਦਲ ਗਈ ਸੀ ਅਤੇ ਉਹ ਨਿਯਮਤ ਰੂਪ ਵਿੱਚ ਫੋਨ 'ਤੇ ਗੱਲ ਕਰਦੇ ਸੀ।
ਯੁਸਰਾਨ ਕਹਿੰਦੇ ਹਨ, "ਮੈਂ ਦੇਖ ਸਕਦਾ ਸੀ ਕਿ ਉਹ ਬਹੁਤ ਸੰਘਰਸ਼ ਕਰ ਰਹੀ ਸੀ। ਉਹ ਅਕਸਰ ਕਹਿੰਦੀ ਸੀ, "ਮੈਂ ਵਾਰ-ਵਾਰ ਉਸ ਗੱਲ ਬਾਰੇ ਕਿਉਂ ਸੋਚਦੀ ਰਹਿੰਦੀ ਹਾਂ?"
ਯੁਸਰਾਨ ਇੱਕ ਕਠਿਨ ਦੁਚਿੱਤੀ ਵਿੱਚ ਸਨ। ਇੱਕ ਪਾਸੇ ਉਹ ਉਸ ਲੜਕੀ ਦੀ ਮਦਦ ਕਰਨਾ ਚਾਹੁੰਦੇ ਸੀ ਜਿਸ ਨਾਲ ਉਨ੍ਹਾਂ ਨੂੰ ਪਿਆਰ ਹੋ ਗਿਆ ਸੀ ਅਤੇ ਦੂਜੇ ਪਾਸੇ ਉਨ੍ਹਾਂ ਨੇ ਆਪਣੀ ਮਾਂ ਨਾਲ ਇੱਕ ਵਾਅਦਾ ਕੀਤਾ ਸੀ।
ਫਿਰ ਅੱਠ ਮਹੀਨਿਆਂ ਬਾਅਦ ਯੁਸਰਾਨ ਨੂੰ ਇੱਕ ਅਜਿਹੇ ਸਮੂਹ ਬਾਰੇ ਪਤਾ ਲੱਗਿਆ, ਜੋ ਇਸਲਾਮੀ ਸਕੂਲਾਂ ਵਿੱਚ ਜਿਣਸੀ ਸ਼ੋਸ਼ਣ ਬਾਰੇ ਜਾਗਰੂਕਤਾ ਫੈਲਾ ਰਿਹਾ ਸੀ।
ਇਸ ਸਮੂਹ ਦੀ ਸਥਾਪਨਾ ਆਯੂ ਮਸਰੂਰੋਹ ਨਾਮੀ ਇੱਕ ਮੁਟਿਆਰ ਨੇ ਕੀਤੀ ਸੀ।
ਆਯੂ ਨੇ ਪਹਿਲਾਂ ਆਰਮੀ ਇੱਕ ਦੋਸਤ ਨੂੰ ਇਨਸਾਫ ਦਵਾਉਣ ਵਿੱਚ ਮਦਦ ਕੀਤੀ ਸੀ। ਉਸ ਦੀ ਦੋਸਤ ਨੇ ਇੱਕ ਦੂਜੇ ਸਕੂਲ ਦੇ ਇੱਕ ਅਧਿਆਪਕ 'ਤੇ ਗੰਭੀਰ ਇਲਜ਼ਾਮ ਲਗਾਏ ਸੀ।
ਹੁਣ ਆਯੂ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਬੋਲਣ ਅਤੇ ਸਰਵਾਈਵਰ ਦੀ ਅਵਾਜ਼ ਚੁੱਕਣ ਦੀ ਲੋੜ ਬਾਰੇ ਪੋਸਟ ਕਰ ਰਹੀ ਸੀ।
ਇਸ ਤੋਂ ਪ੍ਰੇਰਿਤ ਹੋ ਕੇ ਜ਼ਿਆ ਨੇ ਇੰਸਟਾਗ੍ਰਾਮ 'ਤੇ ਇੱਕ ਸੰਦੇਸ਼ ਸਾਂਝਾ ਕੀਤਾ। ਉਨ੍ਹਾਂ ਨੇ ਉਨ੍ਹਾਂ ਇੰਡੋਨੇਸ਼ੀਆਈ ਵਿਦਿਆਰਥੀਆਂ ਨਾਲ ਸੰਪਰਕ ਕਰਨ ਨੂੰ ਕਿਹਾ ਜਿਨ੍ਹਾਂ ਨੇ ਕਿਸੇ ਤਰ੍ਹਾਂ ਦਾ ਸੋਸ਼ਣ ਝੱਲਿਆ ਹੋਵੇ।
ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਹੋਰ ਵਿਦਿਆਰਥਣ ਦਾ ਸੰਦੇਸ਼ ਮਿਲਿਆ।
ਉਸ ਵਿਦਿਆਰਥਣ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਵੀ ਅਬਾਹ ਨੇ ਕਥਿਤ ਤੌਰ 'ਤੇ ਗਲਤ ਵਿਵਹਾਰ ਕੀਤਾ ਸੀ।
ਇਲਜ਼ਾਮਾਂ ਮੁਤਾਬਕ, ਇਹ ਘਟਨਾ ਉਸ ਸਮੇਂ ਹੋਈ ਸੀ ਜਦੋਂ ਅਬਾਹ ਪਹਿਲਾਂ ਹੀ ਖੁਦ ਨੂੰ ਬਦਲਣ ਦਾ ਵਾਅਦੇ ਕਰ ਚੁੱਕੇ ਸੀ।
ਜ਼ਿਆ ਨੇ ਕਿਹਾ, "ਮੈਨੂੰ ਅਹਿਸਾਸ ਹੋਇਆ ਕਿ ਅਬਾਹ ਅਸਲ ਵਿੱਚ ਬਦਲੇ ਹੀ ਨਹੀਂ ਸੀ। ਉਨ੍ਹਾਂ ਨੇ ਜੋ ਕੁਝ ਵੀ ਰੁਕ ਜਾਣ ਦੀ ਗੱਲ ਕਹੀ ਸੀ, ਉਹ ਸਭ ਝੂਠ ਸੀ।"
ਆਖਿਰਕਾਰ ਯੁਸਰਾਨ ਦੇ ਮਾਤਾ ਪਿਤਾ ਇਸ ਗੱਲ ਲਈ ਤਿਆਰ ਹੋ ਗਏ ਉਹ ਜ਼ਿਆ ਅਤੇ ਸੁਕਮਾ ਨੂੰ ਇਨਸਾਫ ਦੀ ਤਲਾਸ਼ ਵਿੱਚ ਮਦਦ ਕਰਨਗੇ।

ਪਰ ਇਸ ਵਾਰ ਦੋਸਤਾਂ ਨੇ ਵੱਖਰੇ ਤਰੀਕੇ ਨਾਲ ਅੱਗੇ ਵਧਣ ਦਾ ਫ਼ੈਸਲਾ ਲਿਆ।
ਉਨ੍ਹਾਂ ਨੇ ਆਯੂ ਨਾਲ ਸੰਪਰਕ ਕੀਤਾ। ਆਯੂ ਨੇ ਉਨ੍ਹਾਂ ਨੂੰ ਸਾਫ਼ ਸਲਾਹ ਦਿੱਤੀ ਕਿ ਉਹ ਵਕੀਲ ਦੀ ਮਦਦ ਲੈਣ।
ਆਯੂ ਨੇ ਉਨ੍ਹਾਂ ਦੀ ਮੁਲਾਕਾਤ ਅਜਿਹੇ ਵਕੀਲ ਨਾਲ ਕਰਾਈ, ਜਿਸ ਨੂੰ ਜਿਣਸੀ ਸੋਸ਼ਣ ਦੇ ਮਾਮਲਿਆਂ ਵਿੱਚ ਸਰਵਾਈਵਰ ਦਾ ਪੱਖ ਰੱਖਣ ਦਾ ਅਨੁਭਵ ਸੀ।
ਵਕੀਲ ਦੀ ਰਾਏ ਸੀ ਕਿ ਮੁਕੱਦਮੇ ਦੀ ਦਿਸ਼ਾ ਵਿਚ ਅੱਗੇ ਵਧਣ ਲਈ ਸੁਕਮਾ ਦਾ ਮਾਮਲਾ ਸਭ ਤੋਂ ਮਜ਼ਬੂਤ ਹੈ।
ਅਸੀਂ ਅਬਾਹ ਅਤੇ ਹੁਮਿਆਤੀ ਤੋਂ ਉਨ੍ਹਾਂ ਖ਼ਿਲਾਫ਼ ਲਗਾਏ ਇਲਜ਼ਾਮਾਂ 'ਤੇ ਪ੍ਰਤੀਕਿਰਿਆ ਮੰਗੀ ਪਰ ਉਨ੍ਹਾਂ ਨੇ ਕੋਈ ਜਵਾਂਹ ਨਹੀਂ ਦਿੱਤਾ।
ਐਨਡਬਲਿਊਡੀਆਈ ਦਾ ਕਹਿਣਾ ਹੈ ਕਿ ਉਹ ਹੁਣ ਵੀ ਇਨ੍ਹਾਂ ਇਲਜ਼ਾਮਾਂ ਦੀ ਅੰਤਰਿਕ ਜਾਂਚ ਕਰ ਰਿਹਾ ਹੈ।
ਸੰਗਠਨ ਨੇ ਇਹ ਵੀ ਕਿਹਾ ਕਿ ਉਸ ਨੇ ਕਦੇ ਜਿਣਸੀ ਸੋਸ਼ਣ ਦੇ ਇਲਜ਼ਾਮਾਂ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਉਸ ਦਾ ਕਹਿਣਾ ਹੈ ਕਿ ਸੰਗਠਨ ਦੇ ਮਾਣ-ਸਨਮਾਨ ਨੂੰ ਕਥਿਤ ਤੌਰ 'ਤੇ ਕਿਸੇ ਵਿਅਕਤੀ ਦੇ ਕੀਤੇ ਕਾਰਨ ਨੁਕਸਾਨ ਤੋਂ ਬਚਾਉਣਾ ਉਸ ਦੀ ਜ਼ਿੰਮੇਵਾਰੀ ਹੈ।
ਸੁਕਮਾ ਨੇ ਪਿਛਲੇ ਸਾਲ ਫ਼ਰਵਰੀ ਵਿੱਚ ਅਬਾਹ ਖ਼ਿਲਾਫ਼ ਪੁਲਿਸ ਵਿਚ ਸ਼ਿਕਾਇਤ ਦਰਜ ਕਰਾਈ ਸੀ।
ਉਹ ਹੁਣ ਵੀ ਪੁਲਿਸ ਦੀ ਕਾਰਵਾਈ ਦਾ ਇੰਤਜ਼ਾਰ ਕਰ ਰਹੀ ਹੈ। ਅਬਾਹ ਹੁਣ ਵੀ ਆਪਣੇ ਅਹੁਦੇ 'ਤੇ ਕਾਇਮ ਹਨ।
ਸੁਕਮਾ ਨੇ ਬੀਬੀਸੀ ਨੂੰ ਕਿਹਾ, "ਮੈਂ ਨਹੀਂ ਚਾਹੁੰਦੀ ਕਿ ਮੇਰੇ ਨਾਲ ਜੋ ਹੋਇਆ, ਉਹ ਕਿਸੇ ਹੋਰ ਵਿਦਿਆਰਥੀ ਨਾਲ ਹੋਵੇ। ਮੈਂ ਨਿਆ ਚਾਹੁੰਦੀ ਹਾਂ।"
ਹਾਲਾਂਕਿ ਇਸ ਪੂਰੀ ਜਾਂਚ ਨੇ ਜ਼ਿਆ ਅਤੇ ਯੁਸਰਾਨ ਨੂੰ ਕਰੀਬ ਲਿਆ ਦਿੱਤਾ।
ਪਿਛਲੇ ਸਾਲ ਫ਼ਰਵਰੀ ਵਿੱਚ ਤਿੰਨ ਸਾਲ ਤੱਕ ਸੰਦੇਸ਼ਾ ਅਤੇ ਗੱਲਬਾਤ ਵਿਚਕਾਰ ਯੁਸਰਾਨ ਨੇ ਜ਼ਿਆ ਨਾਲ ਰਹਿਣ ਲਈ ਕਾਹਿਰਾ ਜਾਣ ਦਾ ਫ਼ੈਸਲਾ ਕੀਤਾ।
ਹੁਣ ਅੱਗੇ ਕੀ ?

ਤਸਵੀਰ ਸਰੋਤ, Getty Images
ਯੁਸਰਾਨ ਨੇ ਬੀਬੀਸੀ ਨੂੰ ਕਿਹਾ, "ਮੈਂ ਪੂਰੀ ਤਰ੍ਹਾਂ ਥੱਕ ਚੁੱਕਿਆ ਸੀ। ਜਕਰਾਤਾ ਵਿੱਚ ਸਮਾਂ ਬਹੁਤ ਔਖਾ ਸੀ। ਕਿਉਂਕਿ ਮੈਂ ਲਗਾਤਾਰ ਪੁਲਿਸ ਮਾਮਲਿਆਂ ਨਾਲ ਜੁੜਿਆ ਹੋਇਆ ਸੀ। ਇਸ ਲਈ ਜਦੋਂ ਮੈਂ ਜ਼ਿਆ ਨੂੰ ਦੇਖਿਆ ਤਾਂ ਉਹ ਕਿਸੇ ਦਵਾਈ ਦੀ ਤਰ੍ਹਾਂ ਸਕੂਨ ਦੇਣ ਵਾਲਾ ਅਹਿਸਾਸ ਸੀ।"
ਜ਼ਿਆ ਨੇ ਕਿਹਾ ਕਿ ਉਹ ਇੰਨੀ ਖੁਸ਼ ਸੀ ਕਿ ਲਗਾਤਾਰ ਬੋਲਦੀ ਹੀ ਚਲੀ ਗਈ।
ਉਨ੍ਹਾਂ ਨੇ ਕਿਹਾ, "ਤਾਂ ਹੀ ਮੈਨੂੰ ਪਤਾ ਲੱਗਿਆ ਉਹ ਸਚਮੁਚ ਗੰਭੀਰ ਹਨ। ਉਹ ਮੇਰੇ ਲਈ ਇੰਨਾ ਲੰਬਾ ਸਫਰ ਤੈਅ ਕਰਕੇ ਮਿਸਰ ਆ ਗਏ ਸੀ। ਮੈਨੂੰ ਉਨ੍ਹਾਂ 'ਤੇ ਭਰੋਸਾ ਹੈ। ਇਹੀ ਕਾਰਨ ਹੈ ਕਿ ਮੈਂ ਉਨ੍ਹਾਂ ਦੇ ਨਾਲ ਹਾਂ।"
ਉਨ੍ਹਾਂ ਦੇ ਵਿੱਚ ਇਹ ਭਰੋਸਾ ਕੁਝ ਹੱਦ ਤੱਕ ਇਨਸਾਫ ਦੀ ਸਾਂਝੀ ਭਾਲ 'ਤੇ ਵੀ ਬਣਿਆ ਹੈ।
ਪਿਛਲੇ ਮਹੀਨੇ ਇਸ ਜੋੜੇ ਨੇ ਵਿਆਹ ਕਰਵਾ ਲਿਆ।
ਉਨ੍ਹਾਂ ਦੇ ਵਕੀਲ ਜੋਕੋ ਜੁਮਾਦੀ ਦਾ ਕਹਿਣਾ ਹੈ ਕਿ ਉਹ ਵਿਦਿਆਰਥੀਆਂ ਦੀ ਹਿੰਮਤ ਅਤੇ ਉਨ੍ਹਾਂ ਦੀ ਸਾਵਧਾਨੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਿਦਿਆਰਥੀਆਂ ਨੇ ਜੋ ਰਿਕਾਰਡ ਗੁਪਤ ਤਰੀਕੇ ਨਾਲ ਇਕੱਠੀਆਂ ਕੀਤੀਆਂ ਸੀ ਉਨ੍ਹਾਂ ਵਿੱਚ ਚੁੱਪ ਰਹਿਣ ਲਈ ਪਾਇਆ ਦਬਾਅ ਸਾਫ਼ ਸੁਣ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਰਿਕਾਰਡਿੰਗਜ਼ ਬਹੁਤ ਮਹੱਤਵਪੂਰਨ ਹਨ।
ਜੋਕੋ ਨੇ ਕਿਹਾ, " ਇਨ੍ਹਾਂ ਵਿੱਚ ਕਈ ਸਰਵਾਈਵਰਜ਼ ਦਾ ਜ਼ਿਕਰ ਹੈ। ਸਬੰਧਤ ਵਿਅਕਤੀ ਖੁਦ ਉਨ੍ਹਾਂ ਦਾ ਉਲੇਖ ਕਰਦਾ ਹੈ। ਇਹ ਬਹੁਤ ਅਹਿਮ ਸਬੂਤ ਹਨ।"
ਜੋਕੋ ਅਤੇ ਉਨ੍ਹਾਂ ਦੀ ਟੀਮ ਨੇ ਪਿਛਲੇ ਤਿੰਨ ਸਾਲਾਂ ਵਿੱਚ ਆਪਣੇ ਸਥਾਨਿਕ ਪੱਛਮ ਨੁਸਾ ਤੇਂਗਾਰਾ ਸੂਬੇ ਵਿੱਚ ਇਸਲਾਮੀ ਬੋਰਡਿੰਗ ਸਕੂਲਾਂ ਨਾਲ ਜੁੜੇ ਜਿਣਸੀ ਸੋਸ਼ਣ ਦੇ ਵੀਹ ਮਾਮਲਿਆਂ ਨੂੰ ਸੰਭਾਲਿਆ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਮੱਸਿਆ ਕਿਤੇ ਜ਼ਿਆਦਾ ਵੱਡੀ ਹੈ।
ਉਨ੍ਹਾਂ ਨੇ ਕਿਹਾ, "ਇਹ ਤਾਂ ਸਿਰਫ਼ ਹਿੰਮਖੰਡ ਦਾ ਉਤਲਾ ਹਿੱਸਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































