ਕੌਣ ਹੈ ਅਸ਼ਵਨੀ ਕੁਮਾਰ, ਜਿਸ ਨੂੰ ਪਰਵਿੰਦਰ ਝੋਟਾ ਦੇ ਕਤਲ ਦੇ ਇਲਜ਼ਾਮ 'ਚ ਕੀਤਾ ਗਿਆ ਹੈ ਗ੍ਰਿਫ਼ਤਾਰ

ਪਰਵਿੰਦਰ ਸਿੰਘ ਝੋਟਾ
ਤਸਵੀਰ ਕੈਪਸ਼ਨ, ਪਰਵਿੰਦਰ ਸਿੰਘ ਝੋਟਾ ਫ਼ਰੀ-ਸਟਾਈਲ ਕਬੱਡੀ ਖਿਡਾਰੀ ਰਹੇ ਸਨ ਅਤੇ ਉਨ੍ਹਾਂ ਨੇ ਕਥਿਤ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਲਈ ਆਪਣਾ ਸੰਗਠਨ ਬਣਾਇਆ ਸੀ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਪੰਜਾਬ ਦੇ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੇ ਮੁੱਖ ਮੁਲਜ਼ਮ ਕੈਮਿਸਟ ਅਸ਼ਵਨੀ ਕੁਮਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਪੰਜਾਬ ਪੁਲਿਸ ਮੁਤਾਬਕ ਅਸ਼ਵਨੀ ਕੁਮਾਰ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਮਾਨਸਾ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਅਸ਼ਵਨੀ ਕੁਮਾਰ ਦੇ ਘਰ ਅਤੇ ਦੁਕਾਨ ਉੱਤੇ ਬੁਲਡੋਜ਼ਰ ਚਲਾ ਕੇ ਉਸ ਨੂੰ ਢਾਹ ਦਿੱਤਾ।

ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਤੋਂ ਹੀ ਮਾਨਸਾ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਵੀਰਵਾਰ ਨੂੰ ਇਸੇ ਮੁੱਦੇ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਵੱਖ-ਵੱਖ ਸਿਆਸੀ ਜਥੇਬੰਦੀਆਂ, ਕਿਸਾਨ ਅਤੇ ਧਾਰਮਿਕ ਜਥੇਬੰਦੀਆਂ ਨੇ ਹਮਾਇਤ ਦਿੱਤੀ ਹੈ।

ਅਸ਼ਵਨੀ ਕੁਮਾਰ ਦੀ ਦੁਕਾਨ ਨੂੰ ਵੀ ਜੇਸੀਬੀ ਨਾਲ ਢਾਹ ਦਿੱਤਾ ਗਿਆ ਹੈ। ਜਦੋਂ ਦੁਕਾਨ ਨੂੰ ਢਾਹਿਆ ਗਿਆ ਸੀ ਤਾਂ ਉਸ ਵੇਲੇ ਪ੍ਰਸ਼ਾਸਨ ਦਾ ਕੋਈ ਵਿਅਕਤੀ ਉਸ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਸੀ।

ਭੀੜ ਵੱਲੋਂ ਪਹਿਲਾਂ ਦੁਕਾਨ ਦੇ ਸ਼ਟਰ ਭੰਨੇ ਗਏ। ਫਿਰ ਦੁਕਾਨ ਦੇ ਅੰਦਰ ਭੰਨਤੋੜ ਕੀਤੀ ਗਈ ਅਤੇ ਦੁਕਾਨ ਨੂੰ ਅੱਗ ਵੀ ਲਗਾ ਦਿੱਤੀ ਗਈ।

ਪ੍ਰਸ਼ਾਸਨ ਵੱਲੋਂ ਅੱਗ ਨੂੰ ਬੁਝਾ ਦਿੱਤਾ ਗਿਆ ਅਤੇ ਜੇਸੀਬੀ ਨਾਲ ਦੁਕਾਨ ਢਾਹ ਦਿੱਤੀ ਗਈ।

ਇਸ ਦੌਰਾਨ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਗਰਮਾਈ ਹੋਈ ਹੈ। ਬੁੱਧਵਾਰ ਨੂੰ ਕਾਂਗਰਸ, ਵਾਰਿਸ ਪੰਜਾਬ ਦੇ ਜਥੇਬੰਦੀ ਅਤੇ ਭਾਜਪਾ ਆਗੂਆਂ ਨੇ ਮਾਨਸਾ ਜਾ ਕੇ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਦੀ ਗੱਲ ਕੀਤੀ।

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਕੱਲ੍ਹ ਮਾਨਸਾ ਜ਼ਿਲ੍ਹੇ ਵਿੱਚ ਹੋਈ ਮੰਦਭਾਗੀ ਘਟਨਾ ਅਤਿ-ਨਿੰਦਣਯੋਗ ਹੈ। ਪੰਜਾਬ ਦੀ ਜਵਾਨੀ ਸਾਡਾ ਸਰਮਾਇਆ ਹੈ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨਾਲ ਖਿਲਵਾੜ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।"

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ।

ਡਾ. ਬਲਬੀਰ ਸਿੰਘ

ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪਰਵਿੰਦਰ ਸਿੰਘ ਝੋਟਾ ਅਤੇ ਅਸ਼ਵਨੀ ਕੁਮਾਰ (ਮੈਡੀਕਲ ਸਟੋਰ ਦੇ ਮਾਲਕ) ਦੀ ਮੈਡੀਕਲ ਸਟੋਰ ਅੰਦਰ ਨਸ਼ਾ ਵੇਚਣ ਦੇ ਇਲਜ਼ਾਮ ਬਾਰੇ ਬਹਿਸ ਹੋ ਰਹੀ ਹੈ।

ਵੀਡੀਓ ਵਿੱਚ ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਨਾਮ ਦੇ ਵਿਅਕਤੀ ਖ਼ਿਲਾਫ਼ ਪੁਲਿਸ ਨੂੰ ਫੋਨ ਕਰਨ ਦੀ ਗੱਲ ਕਹਿ ਰਹੇ ਹਨ।

ਵੀਡੀਓ ਵਿੱਚ ਅਸ਼ਵਨੀ ਕੋਲ ਪਿਸਤੌਲ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ, ਜਿਸ ਵਿੱਚ ਝੋਟਾ ਦੁਕਾਨ ਮਾਲਕ ਨੂੰ ਪਿਸਤੌਲ ਨਾਲ ਫਾਇਰ ਕਰਨ ਲਈ ਲਲਕਾਰਦੇ ਵੀ ਸੁਣਾਈ ਦੇ ਰਹੇ ਹਨ।

ਕੁਝ ਸਮੇਂ ਬਾਅਦ ਫਾਇਰ ਹੁੰਦਾ ਹੈ, ਜੋ ਕਿ ਪਰਵਿੰਦਰ ਸਿੰਘ ਝੋਟਾ ਨੂੰ ਲੱਗਦਾ ਹੈ। ਉਹ ਮੈਡੀਕਲ ਸਟੋਰ ਤੋਂ ਬਾਹਰ ਹੋ ਕੇ ਕਿਸੇ ਹੋਰ ਦੁਕਾਨ ਵਿੱਚ ਲੁਕਣ ਲਈ ਜਾਂਦੇ ਹਨ।

ਇੱਕ ਹੋਰ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਅਸ਼ਵਨੀ ਕੁਮਾਰ ਹੱਥ ਵਿੱਚ ਪਿਸਤੌਲ ਲੈ ਕੇ ਬਾਜ਼ਾਰ ਵਿੱਚ ਪਿੱਛੇ ਜਾਂਦਾ ਹੈ। ਇੱਕ ਹੋਰ ਫਾਇਰ ਹੋਣ ਦੀ ਆਵਾਜ਼ ਇਸ ਵੀਡੀਓ ਵਿੱਚ ਸੁਣਾਈ ਦਿੰਦੀ ਹੈ ਅਤੇ ਫਿਰ ਉਹ ਸ਼ਖ਼ਸ ਪਿਸਤੌਲ ਲੈ ਕੇ ਵਾਪਸ ਸਟੋਰ ਵੱਲ ਮੁੜ ਜਾਂਦਾ ਹੈ।

ਜਾਣਕਾਰੀ ਮੁਤਾਬਕ ਜ਼ਖ਼ਮੀ ਹਾਲਤ ਵਿੱਚ ਪਰਵਿੰਦਰ ਸਿੰਘ ਝੋਟਾ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਪਰਵਿੰਦਰ ਸਿੰਘ ਝੋਟਾ ਦਾ ਸਸਕਾਰ ਅਜੇ ਵੀ ਨਹੀਂ ਹੋਇਆ।

ਪੰਜਾਬ ਦੇ ਏਡੀਜੀਪੀ ਪੀਕੇ ਸਿਨਹਾ ਮੁਤਾਬਕ ਮੁਲਜ਼ਮ ਅਸ਼ਵਨੀ ਕੁਮਾਰ ਕੋਲ ਲਾਇਸੰਸਸ਼ੁਦਾ ਪਿਸਤੌਲ ਸੀ, ਜੋ ਘਟਨਾ ਵਿੱਚ ਵਰਤਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਅਸ਼ਵਨੀ ਕੁਮਾਰ ਨੂੰ ਅਸਲੇ ਦਾ ਲਾਇਸੰਸ ਕਿਸ ਤਰੀਕੇ ਨਾਲ ਮਿਲਿਆ, ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਕੈਪਸ਼ਨ, ਪਰਵਿੰਦਰ ਸਿੰਘ ਝੋਟਾ ਕੌਣ ਸਨ, ਪਰਿਵਾਰ ਨੇ ਕੀ ਐਲਾਨ ਕੀਤਾ?

ਹੁਣ ਤੱਕ ਦੀ ਪੁਲਿਸ ਕਾਰਵਾਈ

ਪੁਲਿਸ ਨੇ ਬੁੱਧਵਾਰ ਨੂੰ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਕਰ ਲਈ ਹੈ ਅਤੇ ਅਸ਼ਵਨੀ ਕੁਮਾਰ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਦੌਰਾਨ ਬੁੱਧਵਾਰ ਨੂੰ ਮਾਨਸਾ ਪ੍ਰਸ਼ਾਸਨ ਨੇ ਅਸ਼ਵਨੀ ਕੁਮਾਰ ਦੇ ਘਰ ਨੂੰ ਬੁਲਡੋਜ਼ਰ ਦੀ ਮਦਦ ਨਾਲ ਢਾਹ ਦਿੱਤਾ ਹੈ।

ਇਸ ਦੌਰਾਨ ਲੋਕਾਂ ਨੇ ਮੁਲਜ਼ਮ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਨੂੰ ਅੱਗ ਦੇ ਹਵਾਲੇ ਵੀ ਕਰ ਦਿੱਤਾ, ਜਿਸ ਨੂੰ ਬਾਅਦ ਵਿੱਚ ਮਾਨਸਾ ਫਾਇਰ ਬ੍ਰਿਗੇਡ ਦੀ ਟੀਮ ਨੇ ਬੁਝਾ ਦਿੱਤਾ।

ਇਸ ਦੌਰਾਨ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਮੁਤਾਬਕ ਪਰਵਿੰਦਰ ਸਿੰਘ ਝੋਟਾ ਮਾਮਲੇ ਵਿੱਚ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਐੱਫਆਈਆਰ ਦਰਜ ਹੋ ਚੁੱਕੀ ਹੈ, ਜਿਸ ਵਿੱਚ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਉਨ੍ਹਾਂ ਮੁਤਾਬਕ ਐੱਫਆਈਆਰ ਵਿੱਚ ਪੰਜ ਤੋਂ ਛੇ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਹਰਜੀਤ ਸਿੰਘ ਨੇ ਦੱਸਿਆ, "ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਅਤੇ ਉਸ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕਾਨੂੰਨ ਮੁਤਾਬਕ ਕੀਤੀ ਜਾ ਰਹੀ ਹੈ।"

ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨੂੰ ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਨੇ ਕਿਹਾ, "ਘਰ ਅਤੇ ਦੁਕਾਨ ਉੱਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ। ਪੁਲਿਸ ਮੌਕੇ ਉੱਤੇ ਸਿਰਫ਼ ਕਾਨੂੰਨ ਵਿਵਸਥਾ ਬਣਾਈ ਰੱਖਣ ਵਾਸਤੇ ਮੌਜੂਦ ਸੀ। ਘਰ ਅਤੇ ਦੁਕਾਨ ਅਤੇ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ। ਦੁਕਾਨ ਢਾਹੁਣ ਦੀ ਸਾਰੀ ਕਾਰਵਾਈ ਪ੍ਰਸ਼ਾਸਨ ਨੇ ਕੀਤੀ ਹੈ। ਇਸ ਦੌਰਾਨ ਕੁੱਝ ਲੋਕ ਨੇ ਭਾਵੁਕ ਹੋਕੇ ਦੁਕਾਨ ਉੱਤੇ ਸਿਰਫ਼ ਪੱਥਰਬਾਜ਼ੀ ਕੀਤੀ ਹੈ।"

ਵੀਡੀਓ ਕੈਪਸ਼ਨ, ਪਰਵਿੰਦਰ ਸਿੰਘ ਝੋਟਾ ਦੇ ਕਤਲ ਮਗਰੋਂ ਮਾਨਸਾ 'ਚ ਧਰਨਾ ਜਾਰੀ, ਪਰਿਵਾਰ ਨੇ ਕਿਹੜੀਆਂ ਮੰਗਾਂ ਰੱਖੀਆਂ

ਕੌਣ ਹੈ ਅਸ਼ਵਨੀ ਕੁਮਾਰ

ਅਸ਼ਵਨੀ ਕੁਮਾਰ ਮੂਲ ਰੂਪ ਵਿੱਚ ਮਾਨਸਾ ਦਾ ਹੀ ਰਹਿਣ ਵਾਲਾ ਹੈ ਅਤੇ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਪਿਛਲੇ ਕਈ ਸਾਲਾਂ ਤੋਂ ਮੈਡੀਕਲ ਦਵਾਈ ਵਿਕਰੇਤਾ ਵਜੋਂ ਕੰਮ ਕਰਦਾ ਸੀ।

ਮਾਨਸਾ ਪੁਲਿਸ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਾ ਹੈ। ਸਾਲ 2023 ਵਿੱਚ ਪਰਵਿੰਦਰ ਸਿੰਘ ਝੋਟਾ ਨੇ ਅਸ਼ਵਨੀ ਕੁਮਾਰ ਉੱਤੇ ਪਾਬੰਦੀਸ਼ੁਦਾ ਕੈਪਸੂਲ ਵੇਚਣ ਦਾ ਇਲਜ਼ਾਮ ਲਾ ਕੇ ਉਸ ਦੇ ਗਲੇ ਵਿੱਚ ਜੁੱਤੀਆਂ ਦੀ ਮਾਲਾ ਪਾ ਕੇ ਉਸ ਖ਼ਿਲਾਫ਼ ਪੁਲਿਸ ਕਾਰਵਾਈ ਦੀ ਮੰਗ ਕੀਤੀ ਸੀ।

ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ਦੀ ਸ਼ਿਕਾਇਤ ਉੱਤੇ ਦੋਵਾਂ ਖ਼ਿਲਾਫ਼ ਪਰਚਾ ਦਰਜ ਕੀਤਾ ਸੀ। ਬਠਿੰਡਾ ਦੇ ਡੀਆਈਜੀ ਹਰਜੀਤ ਸਿੰਘ ਇਸ ਆਧਾਰ ਉੱਤੇ ਇਸ ਘਟਨਾ ਨੂੰ ਨਿੱਜੀ ਰੰਜਿਸ਼ ਦੱਸ ਰਹੇ ਹਨ।

ਪਰਵਿੰਦਰ ਝੋਟਾ
ਤਸਵੀਰ ਕੈਪਸ਼ਨ, ਪਰਵਿੰਦਰ ਝੋਟਾ ਦੀ ਵਾਇਰਲ ਵੀਡੀਓ ਦਾ ਸਕਰੀਨ ਗਰੈਬ (ਫਾਈਲ ਫੋਟੋ)

ਪਰਵਿੰਦਰ ਸਿੰਘ ਝੋਟਾ ਦੀ ਸ਼ਿਕਾਇਤ ਉੱਤੇ ਅਸ਼ਵਨੀ ਕੁਮਾਰ ਵਿਰੁੱਧ 188 ਆਈਪੀਸੀ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ ਅਤੇ ਫਿਰ ਉਸ ਨੂੰ ਉਸੇ ਰਾਤ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।

ਪੁਲਿਸ ਨੇ ਵੀ ਘਟਨਾ ਦਾ ਨੋਟਿਸ ਲੈਂਦਿਆਂ ਪਰਵਿੰਦਰ ਸਿੰਘ ਉਰਫ਼ ਝੋਟਾ ਅਤੇ 5 ਹੋਰਾਂ ਖ਼ਿਲਾਫ਼ ਧਾਰਾ 355, 451, 323, 148, 149 ਆਈਪੀਸੀ ਤਹਿਤ ਐੱਫਆਈਆਰ ਦਰਜ ਕਰ ਲਈ। ਪਰਵਿੰਦਰ ਝੋਟਾ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ।

19 ਜੁਲਾਈ 2023 ਨੂੰ ਪ੍ਰਕਾਸ਼ਿਤ ਬੀਬੀਸੀ ਪੰਜਾਬੀ ਦੀ ਰਿਪੋਰਟ ਮੁਤਾਬਕ ਪੁਲਿਸ ਦਾ ਇਲਜ਼ਾਮ ਸੀ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਝੋਟਾ ਇਕੱਲਾ ਅਤੇ ਇੱਕ ਵਾਰ ਆਪਣੇ ਇੱਕ ਸਾਥੀ ਨਾਲ ਮੈਡੀਕਲ ਦੀ ਦੁਕਾਨ 'ਤੇ ਗਿਆ ਸੀ ਅਤੇ ਮਾਲਕ ਦੇ ਵਿਰੋਧ ਦੇ ਬਾਵਜੂਦ ਕਥਿਤ ਤੌਰ 'ਤੇ ਦੁਕਾਨ ਦੇ ਅੰਦਰ ਬਣੇ ਦਰਾਜ਼ 'ਚੋਂ ਪੈਸੇ ਕੱਢ ਲਏ ਸਨ।

ਇਸੇ ਤਰ੍ਹਾਂ ਉਸ ਉੱਤੇ ਹੋਰਨਾਂ ਨੂੰ ਵੀ ਪੈਸੇ ਦੇਣ ਲਈ ਧਮਕੀਆਂ ਦੇਣ ਦਾ ਇਲਜ਼ਾਮ ਸੀ। ਉਸ ਦੇ ਖ਼ਿਲਾਫ਼ ਕਈ ਮਾਮਲੇ ਵੀ ਦਰਜ ਕੀਤੇ ਗਏ ਹਨ ਤੇ ਉਸ ਨੂੰ ਸਜ਼ਾ ਵੀ ਦਿੱਤੀ ਜਾ ਚੁੱਕੀ ਹੈ। ਪਰ ਨਾਲ ਹੀ ਕਈ ਮਾਮਲਿਆਂ ਵਿੱਚ ਉਸ ਨੂੰ ਬਰੀ ਵੀ ਕੀਤਾ ਗਿਆ ਹੈ।

ਪੁਲਿਸ ਵੱਲੋਂ ਝੋਟਾ ਨੂੰ 5 ਜੂਨ 2023 ਨੂੰ ਇੱਕ ਇਰਾਦਾ-ਏ-ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਸ ਵੇਲੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮਾਨਸਾ ਸ਼ਹਿਰ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਮਗਰੋਂ ਪੁਲਿਸ ਨੇ ਮਾਮਲਾ ਵਾਪਸ ਲੈ ਕੇ ਝੋਟਾ ਨੂੰ ਛੱਡ ਦਿੱਤਾ ਸੀ।

ਪੰਜਾਬ ਦੇ ਏਡੀਜੀਪੀ ਪੀਕੇ ਸਿਨਹਾ ਮੁਤਾਬਕ ਅਸ਼ਵਨੀ ਦੇ ਖ਼ਿਲਾਫ਼ ਇੱਕ ਤੋਂ ਜ਼ਿਆਦਾ ਪਰਚੇ ਸਨ ਅਤੇ ਕੁਝ ਵਿੱਚੋਂ ਉਹ ਬਰੀ ਹੋ ਚੁੱਕਾ ਸੀ ਅਤੇ ਕੁਝ ਅਜੇ ਵੀ ਲੰਬਿਤ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)