ਪ੍ਰੀਗਾਬਲਿਨ ਜਾਂ ਘੋੜੇ ਵਾਲੇ ਕੈਪਸੂਲਾਂ ਦੀ ਦੁਰਵਰਤੋਂ ਨਾਲ ਸਿਹਤ 'ਤੇ ਕੀ ਅਸਰ ਹੁੰਦਾ ਤੇ ਇਨ੍ਹਾਂ ਦੀ ਵਿਕਰੀ ਬਾਰੇ ਕਾਨੂੰਨ ਕੀ ਕਹਿੰਦਾ ਹੈ?

ਤਸਵੀਰ ਸਰੋਤ, Getty Images
- ਲੇਖਕ, ਤਨੀਸ਼ਾ ਚੌਹਾਨ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਪ੍ਰੀਗਾਬਲਿਨ, ਸਿਗਨੇਚਰ ਕੈਪਸੂਲ ਜਾਂ ਘੋੜੇ ਵਾਲੇ ਕੈਪਸੂਲ, ਇਹ ਸ਼ਬਦ ਅੱਜਕੱਲ੍ਹ ਤੁਸੀਂ ਖ਼ਬਰਾਂ ਦੀਆਂ ਸੁਰਖ਼ੀਆਂ ਅਤੇ ਸੋਸ਼ਲ ਮੀਡੀਆ 'ਤੇ ਅਕਸਰ ਸੁਣਦੇ ਅਤੇ ਪੜ੍ਹਦੇ ਹੋਵੋਗੇ।
ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਦਵਾਈ ਅਤੇ ਪੰਜਾਬ ਵਿੱਚ ਇਸ ਦੀ ਵਰਤੋਂ ਨੂੰ ਲੈ ਕੇ ਹੋ ਰਹੀ ਚਰਚਾ ਬਾਰੇ ਜਾਣਦੇ ਵੀ ਹੋਣਗੇ। ਪਰ ਇਸ ਦੀ ਵਿਕਰੀ ਸਬੰਧੀ ਕਾਨੂੰਨ ਕੀ ਕਹਿੰਦਾ ਹੈ?
ਪ੍ਰੀਗਾਬਲਿਨ ਇਲਾਜ ਲਈ ਇੱਕ ਅਹਿਮ ਦਵਾਈ ਹੈ, ਪਰ ਇਸ ਦੀ ਵਧਦੀ ਦੁਰਵਰਤੋਂ ਬਾਰੇ ਖੋਜ ਅਧਿਐਨ ਕੀ ਕਹਿੰਦੇ ਹਨ?
ਇਸ ਦੀ ਗ਼ੈਰ-ਕਾਨੂੰਨੀ ਵਿਕਰੀ 'ਤੇ ਕਿਸ ਤਰ੍ਹਾਂ ਰੋਕ ਲਗਾਈ ਜਾ ਸਕਦੀ ਹੈ? ਅੱਜ ਦੀ ਇਸ ਰਿਪੋਰਟ ਵਿੱਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ।
ਪ੍ਰੀਗਾਬਲਿਨ ਕੀ ਹੈ?
ਪ੍ਰੀਗਾਬਲਿਨ-300 ਐੱਮਜੀ ਵਿੱਚ ਪ੍ਰੀਗਾਬਲਿਨ ਦਵਾਈ ਦੀ 300 ਮਿਲੀਗ੍ਰਾਮ ਮਾਤਰਾ ਹੁੰਦੀ ਹੈ।
ਇਸ ਨੂੰ ਸਿਗਨੇਚਰ ਕੈਪਸੂਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਿਗਨੇਚਰ ਇੱਕ ਬ੍ਰਾਂਡ ਦਾ ਨਾਂ ਹੈ, ਜਦਕਿ ਪੰਜਾਬ ਵਿੱਚ ਲੋਕ ਇਸ ਨੂੰ ਆਮ ਤੌਰ 'ਤੇ 'ਘੋੜੇ ਵਾਲਾ ਕੈਪਸੂਲ' ਵੀ ਕਹਿੰਦੇ ਹਨ।
ਦਰਅਸਲ, ਪ੍ਰੀਗਾਬਲਿਨ ਦੀ ਵਰਤੋਂ ਮਿਰਗੀ ਦੇ ਕੁਝ ਰੂਪਾਂ ਅਤੇ ਨਸਾਂ ਨਾਲ ਸਬੰਧਤ ਦਰਦ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਸ਼ੂਗਰ ਦੇ ਮਰੀਜ਼ਾਂ ਵਿੱਚ ਹੋਣ ਵਾਲੇ ਨਸਾਂ ਦੇ ਦਰਦ ਲਈ ਵੀ ਕੀਤੀ ਜਾਂਦੀ ਹੈ।
ਹਾਲਾਂਕਿ, ਡਾਕਟਰੀ ਸਲਾਹ ਤੋਂ ਬਿਨਾਂ ਇਸ ਦਵਾਈ ਦੀ ਵਰਤੋਂ ਕਰਨਾ ਜਾਂ ਤੈਅ ਮਾਤਰਾ ਤੋਂ ਵੱਧ ਲੈਣਾ ਨੁਕਸਾਨਦੇਹ ਹੋ ਸਕਦਾ ਹੈ।
ਖੋਜ ਅਧਿਐਨ ਕੀ ਕਹਿੰਦੇ ਹਨ?

ਤਸਵੀਰ ਸਰੋਤ, Getty Images
ਇੰਡੀਅਨ ਜਰਨਲ ਆਫ਼ ਪੈਲਿਏਟਿਵ ਕੇਅਰ ਵਿੱਚ ਸਤੰਬਰ 2025 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਦੱਸਿਆ ਗਿਆ ਕਿ ਨਸ਼ਾ ਮੁਕਤੀ ਇਲਾਜ ਕੇਂਦਰ ਦੇ 3,766 ਮਰੀਜ਼ਾਂ ਦੇ ਅੰਕੜਿਆਂ ਦਾ ਇੱਕ ਸਾਲ ਤੱਕ ਅਧਿਐਨ ਕੀਤਾ ਗਿਆ ਸੀ।
ਇਸ ਅਧਿਐਨ ਮੁਤਾਬਕ, ਮਰੀਜ਼ਾਂ ਨੇ ਪ੍ਰੀਗਾਬਲਿਨ ਦੀ ਵਰਤੋਂ ਕਰਨ ਦੇ ਕਈ ਕਾਰਨ ਦੱਸੇ। ਇਨ੍ਹਾਂ ਵਿੱਚ ਓਪੀਔਡਜ਼ ਦੀ ਤਲਬ ਘਟਾਉਣਾ, ਸੁਸਤੀ ਮਹਿਸੂਸ ਕਰਨਾ, ਖ਼ੁਸ਼ੀ ਦੀ ਭਾਵਨਾ ਮਹਿਸੂਸ ਕਰਨਾ, ਓਪੀਔਡਜ਼ ਛੱਡਣ ਕਾਰਨ ਹੋਣ ਵਾਲੀਆਂ ਮੁਸ਼ਕਲਾਂ ਤੋਂ ਰਾਹਤ ਪਾਉਣਾ ਅਤੇ ਚਿੰਤਾ ਘਟਾਉਣਾ ਸ਼ਾਮਲ ਸੀ।
ਰਿਪੋਰਟ ਮੁਤਾਬਕ, ਪ੍ਰੀਗਾਬਲਿਨ ਦੇ ਸ਼ਾਂਤ ਕਰਨ ਵਾਲੇ ਅਤੇ ਖੁਸ਼ੀ ਦੇਣ ਵਾਲੇ ਪ੍ਰਭਾਵਾਂ ਕਾਰਨ ਇਹ ਓਪੀਔਡਜ਼ ਦੇ ਇੱਕ ਆਕਰਸ਼ਕ ਬਦਲ ਵਜੋਂ ਉੱਭਰੀ ਹੈ।
ਇਸ ਦੇ ਨਾਲ ਹੀ, ਨਸ਼ੀਲੇ ਪਦਾਰਥਾਂ (ਨਾਰਕੌਟਿਕ ਡਰੱਗ) ਦੇ ਸਬੰਧ ਵਿੱਚ ਰੇਗੂਲਰ ਕੰਟ੍ਰੋਲ ਦੀ ਘਾਟ ਵੀ ਇੱਕ ਸਮੱਸਿਆ ਹੈ। ਇਸ ਕਾਰਨ ਇਹ ਦਵਾਈ ਆਸਾਨੀ ਨਾਲ ਉਪਲਬਧ ਹੋ ਜਾਂਦੀ ਹੈ।
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਬਠਿੰਡਾ ਦੇ ਮਨੋਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾਕਟਰ ਜਤਿੰਦਰ ਅਨੇਜਾ ਅਤੇ ਡਾਕਟਰ ਜਵਾਹਰ ਸਿੰਘ ਨੇ ਪ੍ਰੀਗਾਬਲਿਨ ਦੀ ਵਰਤੋਂ ਅਤੇ ਦੁਰਵਰਤੋਂ ਬਾਰੇ ਇੱਕ ਖੋਜ ਪੱਤਰ ਪ੍ਰਕਾਸ਼ਿਤ ਕੀਤਾ ਹੈ।
ਇਸ ਖੋਜ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦਾ ਪੱਛਮੀ ਖੇਤਰ ਪ੍ਰੀਗਾਬਲਿਨ ਦੀ ਦੁਰਵਰਤੋਂ ਕਾਰਨ ਇੱਕ ਹੋਰ ਗੰਭੀਰ ਜਨਤਕ ਸਿਹਤ ਸਮੱਸਿਆ ਵੱਲ ਵਧ ਰਿਹਾ ਹੈ।
ਪ੍ਰੀਗਾਬਲਿਨ ਨੂੰ ਮਿਰਗੀ ਦੇ ਕੁਝ ਰੂਪਾਂ, ਨਿਊਰੋਪੈਥਿਕ ਦਰਦ ਅਤੇ ਫਾਈਬਰੋਮਾਇਲਜੀਆ ਦੇ ਇਲਾਜ ਲਈ ਮਨਜ਼ੂਰੀ ਦਿੱਤੀ ਗਈ ਹੈ। ਇਸ ਦੀ ਵਰਤੋਂ ਚਿੰਤਾ ਸਬੰਧੀ ਵਿਗਾੜਾਂ ਅਤੇ ਅਫ਼ੀਮ ਦੀ ਲਤ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ।
ਖੋਜ ਪੱਤਰ ਵਿੱਚ ਵਿਸ਼ਵ ਪੱਧਰ 'ਤੇ ਹੋਏ ਅਧਿਐਨਾਂ ਦਾ ਹਵਾਲਾ ਦਿੱਤਾ ਗਿਆ ਹੈ।
ਇਨ੍ਹਾਂ ਮੁਤਾਬਕ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦਾ ਇਤਿਹਾਸ ਰੱਖਣ ਵਾਲੇ ਕੁਝ ਲੋਕ ਪ੍ਰੀਗਾਬਲਿਨ ਅਤੇ ਹੋਰ ਚੀਜ਼ਾਂ ਦੀ ਦੁਰਵਰਤੋਂ ਕਰਦੇ ਹਨ। ਉਹ ਤੈਅ ਇਲਾਜ ਦੀ ਖੁਰਾਕ ਨਾਲੋਂ ਤਿੰਨ ਤੋਂ 20 ਗੁਣਾ ਵੱਧ ਮਾਤਰਾ ਵਿੱਚ ਇਹ ਦਵਾਈਆਂ ਲੈਂਦੇ ਹਨ।
ਸਰੀਰ 'ਤੇ ਕੀ ਪੈਂਦੇ ਹਨ ਮਾੜੇ ਪ੍ਰਭਾਵ?

ਤਸਵੀਰ ਸਰੋਤ, Getty Images
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਡਾਕਟਰ ਗੁਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪ੍ਰੀਗਾਬਲਿਨ ਦੀ ਜ਼ਿਆਦਾ ਵਰਤੋਂ ਨਾਲ ਮਰੀਜ਼ ਦੇ ਗੁਰਦਿਆਂ ਅਤੇ ਜਿਗਰ 'ਤੇ ਵੀ ਮਾੜਾ ਅਸਰ ਪੈਂਦਾ ਹੈ।
ਜਲੰਧਰ ਦੇ ਸਰਕਾਰੀ ਨਸ਼ਾ ਮੁੜ-ਵਸੇਬਾ ਕੇਂਦਰ ਦੇ ਸੀਨੀਅਰ ਮਨੋਵਿਗਿਆਨੀ ਡਾਕਟਰ ਅਮਨ ਸੂਦ ਨੇ ਦੱਸਿਆ ਕਿ ਪ੍ਰੀਗਾਬਲਿਨ-300 ਐੱਮਜੀ ਦੀ ਵਰਤੋਂ ਨਸ਼ੇ ਦੇ ਆਦੀ ਲੋਕਾਂ ਵਿੱਚ ਵਿਆਪਕ ਪੱਧਰ 'ਤੇ ਹੁੰਦੀ ਹੈ।
ਉਨ੍ਹਾਂ ਮੁਤਾਬਕ, ਟਰਾਮਾਡੋਲ ਮੁਕਾਬਲਤਨ ਘੱਟ ਉਪਲਬਧ ਹੈ। ਪ੍ਰੀਗਾਬਲਿਨ ਦੀਆਂ ਕੁਝ ਗੋਲੀਆਂ ਦਾ ਸੇਵਨ ਕਰਨ ਨਾਲ ਦਿਮਾਗ ਸੁੰਨ ਜਿਹਾ ਹੋ ਜਾਂਦਾ ਹੈ। ਇਸ ਨਾਲ ਨੀਂਦ ਵੀ ਆਉਂਦੀ ਹੈ।
ਡਾਕਟਰ ਅਮਨ ਸੂਦ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਇਸ ਦਵਾਈ ਦਾ ਸੇਵਨ ਕਰਕੇ ਉਹ ਵੱਧ ਕੰਮ ਕਰ ਸਕਦੇ ਹਨ। ਇਸੇ ਕਰਕੇ ਇਸ ਨੂੰ 'ਘੋੜੇ ਵਾਲਾ ਕੈਪਸੂਲ' ਵੀ ਕਿਹਾ ਜਾਂਦਾ ਹੈ।
ਡਾਕਟਰ ਅਮਨ ਸੂਦ ਅਨੁਸਾਰ, "ਲੰਬੇ ਸਮੇਂ ਤੱਕ ਇਸ ਦੀ ਵਰਤੋਂ ਕਰਨ ਨਾਲ ਮਾਨਸਿਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਵਿਹਾਰ ਵਿੱਚ ਵੀ ਬਦਲਾਅ ਆਉਂਦਾ ਹੈ।"
ਸਰਕਾਰੀ ਹਸਪਤਾਲ ਵਿੱਚ ਨਸ਼ਾ ਛੁਡਾਊ ਸੇਵਾਵਾਂ ਦੇ ਖੇਤਰ ਵਿੱਚ ਕਰੀਬ ਸੱਤ ਸਾਲ ਕੰਮ ਕਰ ਚੁੱਕੇ ਡਾਕਟਰ ਦੀਪਕ ਕੰਸਲ ਦਾ ਕਹਿਣਾ ਹੈ ਕਿ ਸਾਨੂੰ ਇਹ ਸਮਝਣਾ ਪਵੇਗਾ ਕਿ ਸਿਰਫ਼ ਨਸ਼ੀਲੇ ਪਦਾਰਥ ਦੀ ਉਪਲਬਧਤਾ ਹੀ ਇਸ ਸਮੱਸਿਆ ਦਾ ਵੱਡਾ ਕਾਰਨ ਨਹੀਂ ਹੈ।
ਉਨ੍ਹਾਂ ਮੁਤਾਬਕ, ਘੱਟ ਉਮਰ ਵਿੱਚ ਨਸ਼ੇ ਦੀ ਵਰਤੋਂ ਸ਼ੁਰੂ ਕਰਨਾ ਵੀ ਇੱਕ ਵੱਡਾ ਕਾਰਕ ਹੈ। ਹੁਣ 12-13 ਸਾਲ ਦੇ ਕਈ ਬੱਚੇ ਵੀ ਮਜ਼ੇ ਲਈ ਇਸ ਦਾ ਸੇਵਨ ਕਰ ਰਹੇ ਹਨ।
ਸ਼ੁਰੂਆਤੀ ਕੁਝ ਸਾਲਾਂ ਵਿੱਚ ਬੱਚਿਆਂ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਨਸ਼ੇ ਦੇ ਆਦੀ ਹੋ ਰਹੇ ਹਨ। ਜਦੋਂ ਉਹ ਆਦੀ ਹੋ ਜਾਂਦੇ ਹਨ, ਤਾਂ ਇਸ ਜੰਜਾਲ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਇਸ ਲਈ ਜ਼ਰੂਰੀ ਹੈ ਕਿ ਮਾਪੇ ਅਤੇ ਅਧਿਆਪਕ ਬੱਚਿਆਂ ਦੇ ਵਿਹਾਰ ਵਿੱਚ ਆਉਣ ਵਾਲੇ ਬਦਲਾਅ ਵੱਲ ਧਿਆਨ ਦੇਣ।
ਡਾਕਟਰ ਦੀਪਕ ਕੰਸਲ ਇਹ ਵੀ ਕਹਿੰਦੇ ਹਨ ਕਿ ਸਮੇਂ ਦੇ ਨਾਲ-ਨਾਲ ਨਸ਼ੇ ਦੇ ਆਦੀ ਲੋਕਾਂ ਦਾ ਘੇਰਾ ਵਧਦਾ ਜਾ ਰਿਹਾ ਹੈ। ਜੇਕਰ ਕੋਈ ਵਿਅਕਤੀ ਨਸ਼ੇ ਤੋਂ ਛੁਟਕਾਰਾ ਪਾਉਣਾ ਵੀ ਚਾਹੁੰਦਾ ਹੈ, ਤਾਂ ਇਸ ਆਦਤ ਨੂੰ ਛੱਡਣ ਵਿੱਚ ਤਿੰਨ ਤੋਂ ਚਾਰ ਸਾਲ ਲੱਗ ਜਾਂਦੇ ਹਨ।
ਕਾਨੂੰਨ ਕੀ ਕਹਿੰਦਾ ਹੈ?

ਇਸ ਸਾਲ ਮਈ ਮਹੀਨੇ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੀਗਾਬਲਿਨ ਨੂੰ ਸਖ਼ਤ ਨਿਯਮਾਂ ਵਾਲੇ 'ਸ਼ਡਿਊਲ H1' ਦੇ ਘੇਰੇ ਵਿੱਚ ਸ਼ਾਮਲ ਕਰ ਦਿੱਤਾ ਹੈ।
ਕੇਂਦਰ ਸਰਕਾਰ ਨੇ ਡਰੱਗਜ਼ ਰੂਲਜ਼, 1945 ਤਹਿਤ ਨਵਾਂ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ। ਪਹਿਲਾਂ ਇਹ ਦਵਾਈ ਆਮ 'ਸ਼ਡਿਊਲ H' ਵਿੱਚ ਸ਼ਾਮਲ ਸੀ। ਹੁਣ ਇਸ ਨੂੰ ਸਖ਼ਤ ਕਾਨੂੰਨੀ ਨਿਯਮਾਂ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ।
ਨਵੇਂ ਵਰਗੀਕਰਨ 'ਸ਼ਡਿਊਲ H1' ਤਹਿਤ ਚਾਰ ਨਿਯਮ ਲਾਜ਼ਮੀ ਕੀਤੇ ਗਏ ਹਨ।
ਪਹਿਲਾ, ਪ੍ਰੀਗਾਬਲਿਨ ਸਿਰਫ਼ ਰਜਿਸਟਰਡ ਡਾਕਟਰ ਦੀ ਵੈਧ ਪਰਚੀ 'ਤੇ ਹੀ ਵੇਚੀ ਜਾ ਸਕੇਗੀ।
ਦੂਜਾ, ਰਿਟੇਲ ਕੈਮਿਸਟਾਂ ਨੂੰ ਇਸ ਦੀ ਖਰੀਦ-ਵੇਚ ਦਾ ਰਿਕਾਰਡ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਮਰੀਜ਼ ਦੀ ਪਰਚੀ ਨਾਲ ਸਬੰਧਤ ਵੇਰਵੇ ਦਰਜ ਕਰਨ ਲਈ ਵੱਖਰਾ ਰਜਿਸਟਰ ਬਣਾਉਣਾ ਪਵੇਗਾ।
ਤੀਜਾ, ਦਵਾਈ ਬਣਾਉਣ ਵਾਲੀਆਂ ਕੰਪਨੀਆਂ ਨੂੰ ਪੈਕਿੰਗ 'ਤੇ 'ਸ਼ਡਿਊਲ H1 ਡਰੱਗ ਚੇਤਾਵਨੀ' ਦਾ ਲੇਬਲ ਪ੍ਰਮੁੱਖਤਾ ਨਾਲ ਲਗਾਉਣਾ ਹੋਵੇਗਾ।
ਚੌਥਾ, ਨਿਯਮਾਂ ਦੀ ਉਲੰਘਣਾ ਕਰਨ 'ਤੇ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਤਹਿਤ ਸਖ਼ਤ ਦੰਡਕਾਰੀ ਕਾਰਵਾਈ ਕੀਤੀ ਜਾਵੇਗੀ।
ਪਾਰਦਰਸ਼ਤਾ ਦੀ ਜ਼ਰੂਰਤ
ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਆਰਗੇਨਾਈਜ਼ਿੰਗ ਸਕੱਤਰ ਰਾਜੀਵ ਜੈਨ ਨਾਲ ਅਸੀਂ ਇਸ ਬਾਰੇ ਗੱਲਬਾਤ ਕੀਤੀ।
ਉਨ੍ਹਾਂ ਦਾ ਦਾਅਵਾ ਹੈ ਕਿ ਐਸੋਸੀਏਸ਼ਨ ਨਾਲ ਜੁੜੇ ਕੈਮਿਸਟ ਕੈਪਸੂਲਾਂ ਦੀ ਵਿਕਰੀ ਦਾ ਪੂਰਾ ਰਿਕਾਰਡ ਰੱਖਦੇ ਹਨ। ਆਨਲਾਈਨ ਪੋਰਟਲ 'ਤੇ ਵੀ ਹਰ ਜਾਣਕਾਰੀ ਦਰਜ ਕੀਤੀ ਜਾਂਦੀ ਹੈ।
ਉਨ੍ਹਾਂ ਮੁਤਾਬਕ, ਹਰ ਕੈਪਸੂਲ ਦਾ ਹਿਸਾਬ ਰੱਖਿਆ ਜਾਂਦਾ ਹੈ। ਇਸ ਵਿੱਚ ਦਰਜ ਹੁੰਦਾ ਹੈ ਕਿ ਕਿੰਨੇ ਕੈਪਸੂਲ ਮੌਜੂਦ ਹਨ ਅਤੇ ਕਿੰਨੇ ਵਿਕ ਚੁੱਕੇ ਹਨ।
ਡਰੱਗ ਇੰਸਪੈਕਟਰਾਂ ਵੱਲੋਂ ਹਰ ਦੋ ਤੋਂ ਤਿੰਨ ਮਹੀਨਿਆਂ ਬਾਅਦ ਜਾਂਚ ਕੀਤੀ ਜਾਂਦੀ ਹੈ।
ਰਾਜੀਵ ਜੈਨ ਦਾ ਮੰਨਣਾ ਹੈ ਕਿ ਇਸ ਦਵਾਈ ਦੀ ਗ਼ੈਰ-ਕਾਨੂੰਨੀ ਵਿਕਰੀ ਜ਼ਿਆਦਾਤਰ ਗ਼ੈਰ-ਲਾਇਸੈਂਸੀ ਕੈਮਿਸਟਾਂ ਵੱਲੋਂ ਕੀਤੀ ਜਾਂਦੀ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੂੰ ਪਾਰਦਰਸ਼ਤਾ ਲਿਆਉਣ ਦੀ ਲੋੜ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੂੰ ਕਿਸੇ ਦਵਾਈ ਦੀ ਵਿਕਰੀ ਬਾਰੇ ਵਧੇਰੇ ਖ਼ਦਸ਼ੇ ਹਨ, ਤਾਂ ਉਸ ਦੀ ਵਿਕਰੀ ਸ਼ਡਿਊਲ ਐਕਸ ਤਹਿਤ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
ਸ਼ਡਿਊਲ ਐਕਸ ਦਾ ਲਾਇਸੈਂਸ ਸਿਰਫ਼ ਉਨ੍ਹਾਂ ਵਿਕਰੇਤਾਵਾਂ ਨੂੰ ਮਿਲਦਾ ਹੈ, ਜੋ ਇਸ ਲਈ ਤੈਅ ਖ਼ਾਸ ਸ਼ਰਤਾਂ ਪੂਰੀਆਂ ਕਰਦੇ ਹਨ।
ਰਾਜੀਵ ਜੈਨ ਨੇ ਦਵਾਈਆਂ ਦੀ ਨਿਗਰਾਨੀ ਨਿਰਮਾਣ ਦੇ ਪੱਧਰ ਤੋਂ ਹੀ ਸ਼ੁਰੂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਕੱਚਾ ਮਾਲ ਕਿੱਥੇ-ਕਿੱਥੇ ਸਪਲਾਈ ਕੀਤਾ ਗਿਆ ਹੈ।
ਇਸ ਤੋਂ ਬਾਅਦ ਇਹ ਰਿਕਾਰਡ ਰੱਖਿਆ ਜਾਣਾ ਚਾਹੀਦਾ ਹੈ ਕਿ ਕਿੰਨੀਆਂ ਗੋਲੀਆਂ ਤਿਆਰ ਕੀਤੀਆਂ ਗਈਆਂ। ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਗੋਲੀਆਂ ਕਿੱਥੇ-ਕਿੱਥੇ ਭੇਜੀਆਂ ਗਈਆਂ।
ਉਨ੍ਹਾਂ ਮੁਤਾਬਕ, ਦਵਾਈ ਦੀ ਵਿਕਰੀ ਨੂੰ ਵੀ ਪੂਰੀ ਤਰ੍ਹਾਂ ਟ੍ਰੈਕ ਕੀਤਾ ਜਾਣਾ ਚਾਹੀਦਾ ਹੈ। ਜੇਕਰ ਨਿਰਮਾਣ ਤੋਂ ਲੈ ਕੇ ਵਿਕਰੀ ਤੱਕ ਪੂਰੀ ਨਿਗਰਾਨੀ ਕੀਤੀ ਜਾਵੇ, ਤਾਂ ਅਜਿਹੀ ਸਮੱਸਿਆ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































