ਸ਼ਰਾਬ ਦਿਮਾਗ ਤੇ ਕਿਵੇਂ ਅਸਰ ਪਾਉਂਦੀ ਹੈ, ਹੈਂਗਓਵਰ ਕਰਕੇ ਕਿਹੜਾ ਮਾਨਸਿਕ ਤਣਾਅ ਕਈ ਲੋਕਾਂ ਨੂੰ ਝੱਲਣਾ ਪੈਂਦਾ ਹੈ

ਏਲੈਨੋਰ ਟੋਬਿਨ
    • ਲੇਖਕ, ਕਲੋਈ ਹੇਅਵਾਰਡ
    • ਰੋਲ, ਹੈਲਥ ਰਿਪੋਰਟਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਤੁਸੀਂ ਜਾਗਦੇ ਹੋ। ਬਹੁਤ ਜ਼ੋਰਦਾਰ ਸਿਰਦਰਦ ਹੋ ਰਿਹਾ ਹੁੰਦਾ ਹੈ। ਫਿਰ ਦੂਜੀ ਲਹਿਰ ਆਉਂਦੀ ਹੈ- ਇੱਕ ਅੰਦਰ ਹੀ ਅੰਦਰ ਖਾਣ ਵਾਲਾ ਉਹ ਗਹਿਰਾ ਡਰ ਕਿ ਪਤਾ ਨਹੀਂ ਤੁਸੀਂ ਰਾਤ ਨੂੰ ਕੀ ਕਰ ਬੈਠੇ ਹੋ।

ਤੁਸੀਂ ਪਿਛਲੇ ਰਾਤ ਦੇ ਮੈਸੇਜ ਚੈੱਕ ਕਰਦੇ ਹੋ ਕਿ ਪੱਕਾ ਤੁਸੀਂ ਕੁਝ ਗਲਤ ਕਿਹਾ ਹੈ।

ਤੁਸੀਂ ਦੁਬਾਰਾ ਗੱਲਬਾਤ ਸੁਣਦੇ ਹੋ ਇਸ ਚਿੰਤਾ ਵਿੱਚ ਕਿ ਤੁਸੀਂ ਕਿਸੇ ਨੂੰ ਨਰਾਜ਼ ਕੀਤਾ ਹੈ ਤਾਂ ਖੁਦ ਨੂੰ ਸ਼ਰਮਿੰਦਾ ਕੀਤਾ ਹੈ ਜਾਂ ਦੋਹੇਂ ਗੱਲਾਂ ਕੀਤੀਆਂ ਹਨ।

ਲੰਡਨ ਵਿਚ ਮਾਰਕੀਟਿੰਗ ਅਤੇ ਈਵੈਂਟਸ ਵਿਚ ਕੰਮ ਕਰਦੀ 25 ਸਾਲਾ ਏਲੈਨੋਰ ਟੋਬਿਨ ਕਹਿੰਦੇ ਹਨ, "ਇਹ ਲਗਾਤਾਰ ਸਤਾਉਣ ਵਾਲਾ ਉਹ ਅਹਿਸਾਸ ਹੈ।

ਉਹ ਕਹਿੰਦੀ ਹੈ, " ਜੇਕਰ ਮੇਰੇ ਦਿਨ ਦੀ ਸ਼ੁਰੂਆਤ ਇੱਕ ਚੈਕਲਿਸਟ ਬਣਾਉਣ ਨਾਲ ਹੁੰਦੀ ਹੈ- ਘਬਰਾਹਟ ਵਿੱਚ ਬੈਗ ਅਤੇ ਫੋਨ ਚੈੱਕ ਕਰਨਾ ਕਿ ਮੇਰੇ ਕੋਲ ਹੈ ਜਾਂ ਨਹੀਂ ਤਾਂ ਮੈਨੂੰ ਪਤਾ ਹੁੰਦਾ ਹੈ ਕਿ ਇਹ ਚਿੰਤਾ ਸਿਰਫ਼ ਬੀਤੀ ਰਾਤ ਦੀਆਂ ਯਾਦਾਂ ਤੱਕ ਸੀਮਤ ਨਹੀਂ ਰਹੇਗੀ ਸਗੋਂ ਮੇਰੇ ਹਰ ਕੰਮ ਵਿੱਚ ਘੁਲ ਜਾਏਗੀ।"

ਇਹ ਹੈਂਗ-ਜ਼ਾਇਟੀ ਹੈ, ਇਕ ਅਜਿਹਾ ਨਾਮ ਜੋ ਦਹਾਕਾ ਪਹਿਲਾਂ ਆਮ ਬੋਲਚਾਲ ਦੀ ਭਾਸ਼ਾ ਲਈ ਘੜਿਆ ਗਿਆ ਸੀ। ਇਹ ਉਸ ਘਬਰਾਹਟ ਲਈ ਵਰਤਿਆ ਜਾਂਦਾ ਹੈ ਜੋ ਹੈਂਗਓਵਰ ਦੇ ਨਾਲ ਆ ਸਕਦੀ ਹੈ।

ਅਤੇ ਹਾਂ, ਇਹ ਸਚਮੁਚ ਹੁੰਦਾ ਹਾਂ।

ਯੂਨੀਵਰਸਿਟੀ ਆਫ ਐਕਸਟਰ ਵਿਚ ਮਾਨਸਿਕ ਰੋਗਾਂ ਦੀਆਂ ਦਵਾਈਆਂ ਦੇ ਵਿਗਿਆਨ ਦੇ ਪ੍ਰੋਫੈਸਰ ਸੇਲੀਆ ਮੌਰਗਨ ਕਹਿੰਦੇ ਹਨ, "ਅਲਕੋਹਲ ਕਈ ਤਰੀਕਿਆਂ ਨਾਲ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ- ਦਿਮਾਗ਼, ਨੀਂਦ, ਹਾਰਮੋਨ, ਨਰਵਸ ਸਿਸਟਮ, ਇਹ ਸਭ ਇਹ ਸਮਝਣ ਵਿੱਚ ਮਦਦ ਕਰਦੇ ਹਨ ਕਿ ਕਿਉਂ ਰਾਤ ਨੂੰ ਸ਼ਰਾਬ ਪੀਣ ਤੋਂ ਬਾਅਦ ਅਗਲੀ ਸਵੇਰ ਬਹੁਤ ਘਬਰਾਹਟ ਅਤੇ ਚਿੰਤਾ ਭਰੀ ਹੋ ਸਕਦੀ ਹੈ।"

ਅਲਕੋਹਲ ਤੁਹਾਡੇ ਦਿਮਾਗ਼ 'ਤੇ ਕੀ ਅਸਰ ਪਾਉਂਦੀ ਹੈ ?

ਦਿਮਾਗ਼
ਤਸਵੀਰ ਕੈਪਸ਼ਨ, ਅਲਕੋਹਲ ਦਿਮਾਗ਼ ਦੇ ਦੋ ਸੰਦੇਸ਼ਵਾਹਕਾਂ 'ਤੇ ਅਸਰ ਪਾਉਂਦੀ ਹੈ।

ਅਲਕੋਹਲ ਦਿਮਾਗ਼ ਦੇ ਦੋ ਰਸਾਇਣਕ ਸੰਦੇਸ਼ਵਾਹਕਾਂ ਗਾਬਾ ਅਤੇ ਗਲੂਟਾਮੇਟ ਨੂੰ ਪ੍ਰਭਾਵਿਤ ਕਰਦੀ ਹੈ।

ਗਾਬਾ ਦਿਮਾਗ਼ ਦੇ ਬਰੇਕਿੰਗ ਸਿਸਟਮ ਦੀ ਤਰ੍ਹਾਂ ਕੰਮ ਕਰਦਾ ਹੈ ਜੋ ਨਾੜੀ ਸੈੱਲਾਂ ਦੀ ਹਲਚਲ ਘੱਟ ਕਰਦਾ ਹੈ। ਦੂਜੇ ਪਾਸੇ ਗਲੂਟਾਮੇਟ ਦਿਮਾਗ਼ ਨੂੰ ਉਤੇਜਿਤ ਕਰਨ ਅਤੇ ਚੌਕਸ ਰੱਖਣ ਦਾ ਕੰਮ ਕਰਦਾ ਹੈ।

ਅਲਕੋਹਲ, ਗਾਬਾ ਦੇ ਪ੍ਰਭਾਵ ਨੂੰ ਵਧਾਉਂਦੀ ਹੈ ਅਤੇ ਗਲੂਟਾਮੇਟ ਦੀ ਹਲਚਲ ਨੂੰ ਕੁਝ ਹੱਦ ਤੱਕ ਦਬਾ ਦਿੰਦੀ ਹੈ ਜਿਸ ਨਾਲ ਆਮ ਮਹਿਸੂਸ ਹੋਣ ਵਾਲਾ ਸਕੂਨ ਅਤੇ ਝਿਜਕ ਦਾ ਖਤਮ ਹੋਣ ਜਿਹੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ।

ਪਰ ਦਿਮਾਗ਼ ਲਗਾਤਾਰ ਸੰਤੁਲਨ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ। ਜਦੋਂ ਅਲਕੋਹਲ ਦਾ ਨਸ਼ਾ ਉਤਰਦਾ ਹੈ, ਤਾਂ ਨਰਵਸ ਸਿਸਟਮ ਬਹੁਤ ਚੌਕਸ ਅਤੇ ਉਤੇਜਿਤ ਹੋ ਸਕਦਾ ਹੈ।

ਟੌਬਿਨ ਕਹਿੰਦੇ ਹਨ, "ਇਸ ਨਾਲ ਘਬਰਾਹਟ ਪੈਦਾ ਹੋ ਸਕਦੀ ਹੈ। ਜਦੋਂ ਤੁਹਾਨੂੰ ਹੈਂਗਓਵਰ ਹੁੰਦਾ ਹੈ ਤਾਂ ਅਸਲ ਦੇ ਮੁਕਾਬਲੇ ਹਰ ਚੀਜ਼ ਸੌ ਫ਼ੀਸਦੀ ਵੱਧ ਖ਼ਰਾਬ ਲਗਦੀ ਹੈ।"

2023 ਵਿੱਚ ਯੂ.ਕੇ. ਅਤੇ ਨੀਦਰਲੈਂਡ ਦੇ ਪੰਜ ਹਜ਼ਾਰ ਤੋਂ ਵੱਧ ਵਿਦਿਆਰਥੀਆਂ 'ਤੇ ਕੀਤੇ ਗਏ ਇੱਕ ਅਧਿਐਨ ਵਿੱਚ ਇਹ ਸਿੱਟਾ ਕੱਢਿਆ ਗਿਆ ਕਿ 18.3 ਫ਼ੀਸਦੀ ਵਿਦਿਆਰਥੀਆਂ ਨੇ ਹੈਂਗਓਵਰ ਦੌਰਾਨ ਘਬਰਾਹਟ ਦੇ ਲੱਛਣ ਮਹਿਸੂਸ ਹੋਣ ਦੀ ਗੱਲ ਆਖੀ।

ਜੀਨਜ਼ ਵੀ ਭੂਮਿਕਾ ਨਿਭਾਉਂਦੇ ਹਨ

ਏਲੇਨੌਰ ਟੌਬਿਨ
ਤਸਵੀਰ ਕੈਪਸ਼ਨ, ਮਾਨਸਿਕ ਵਿਸ਼ੇਸ਼ਤਾਵਾਂ ਅਤੇ ਸੰਭਾਵਿਤ ਜੈਨੇਟਿਕ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। (ਏਲੇਨੌਰ ਟੌਬਿਨ)

ਅਧਿਐਨ ਇਹ ਵੀ ਇਸ਼ਾਰਾ ਕਰਦੇ ਹਨ ਕਿ ਹਰ ਕਿਸੇ ਨੂੰ ਹੈਂਗ-ਜ਼ਾਇਟੀ ਨਹੀਂ ਹੁੰਦੀ ਅਤੇ ਘਬਰਾਹਟ ਦਾ ਪੱਧਰ ਪੂਰੀ ਤਰ੍ਹਾਂ ਇਸ ਗੱਲ 'ਤੇ ਨਿਰਭਰ ਨਹੀਂ ਕਰਦਾ ਕਿ ਤੁਸੀਂ ਇੱਕ ਰਾਤ ਪਹਿਲਾਂ ਕਿੰਨੀ ਸ਼ਰਾਬ ਪੀਤੀ। ਪਹਿਲਾਂ ਤੋਂ ਮੌਜੂਦ ਮਾਨਸਿਕ ਵਿਸ਼ੇਸ਼ਤਾਵਾਂ ਅਤੇ ਸੰਭਾਵਿਤ ਜੈਨੇਟਿਕ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

2019 ਵਿੱਚ ਯੂਨੀਵਰਸਿਟੀ ਆਫ ਐਕਸਟਰ ਦੇ ਖੋਜਕਰਤਾਵਾਂ ਨੇ ਸਮਾਜਿਕ ਤੌਰ 'ਤੇ ਸ਼ਰਾਬ ਦਾ ਸੇਵਨ ਕਰਨ ਵਾਲੇ 97 ਲੋਕਾਂ 'ਤੇ ਇਸ ਬਾਰੇ ਅਧਿਐਨ ਕੀਤਾ।

ਸ਼ਰਾਬ ਪੀਣ ਵਾਲੇ ਲੋਕਾਂ ਨੇ ਕਿਹਾ ਕਿ ਅਗਲੇ ਦਿਨ ਉਨ੍ਹਾਂ ਨੂੰ ਵੱਧ ਘਬਰਾਹਟ ਮਹਿਸੂਸ ਹੋਈ ਜਦਕਿ ਸ਼ਰਾਬ ਨਾ ਪੀਣ ਵਾਲਿਆਂ ਵਿੱਚ ਅਜਿਹਾ ਨਹੀਂ ਦੇਖਿਆ ਗਿਆ।

ਇਹ ਅਸਰ ਸਭ ਤੋਂ ਜ਼ਿਆਦਾ ਉਨ੍ਹਾਂ ਲੋਕਾਂ ਵਿੱਚ ਦੇਖਣ ਨੂੰ ਮਿਲਿਆ ਜੋ ਸ਼ਰਾਬ ਪੀਣ ਤੋਂ ਪਹਿਲਾਂ ਕੀਤੇ ਗਏ ਟੈਸਟ ਵਿੱਚ ਬਹੁਤ ਸ਼ਰਮੀਲੇ ਮੰਨੇ ਗਏ ਸੀ।

ਮੌਰਗਨ ਕਹਿੰਦੇ ਹਨ ਕਿ ਸ਼ਰਮੀਲੇ ਲੋਕ ਅਕਸਰ ਸ਼ਰਾਬ ਪੀਣ ਦੌਰਾਨ ਘੱਟ ਘਬਰਾਹਟ ਮਹਿਸੂਸ ਕਰਦੇ ਸਨ। ਸ਼ਰਾਬ ਬਿਲਕੁਲ ਉਹੀ ਕੰਮ ਕਰ ਰਹੀ ਸੀ ਜਿਸ ਦੀ ਉਹ ਉਮੀਦ ਕਰ ਰਹੇ ਸੀ ਯਾਨੀ ਸਮਾਜਿਕ ਤੌਰ 'ਤੇ ਹੋਣ ਵਾਲੀ ਬੇਚੈਨੀ ਦੂਰ ਕਰਨਾ, ਪਰ ਇਸ ਦਾ ਉਲਟਾ ਅਸਰ ਅਗਲੇ ਦਿਨ ਦੇਖਣ ਨੂੰ ਮਿਲਿਆ।

ਮੌਰਗਨ ਕਹਿੰਦੇ ਹਨ, "ਸ਼ਰਮੀਨੇ ਲੋਕਾਂ 'ਤੇ ਦੂਜਿਆਂ ਦੇ ਮੁਕਾਬਲੇ ਇਸ ਦਾ ਬਹੁਤ ਅਸਰ ਦੇਖਣ ਨੂੰ ਮਿਲਿਆ।"

ਹਾਰਮੋਨਲ ਅਤੇ ਮਾਨਸਿਕ ਉਥਲ ਪੁਥਲ

ਸ਼ਰਾਬ ਦੀਆਂ ਬੋਤਲਾਂ
ਤਸਵੀਰ ਕੈਪਸ਼ਨ, ਚਿੰਤਾ ਦਾ ਇਹ ਦੌਰ ਸਰੀਰਕ ਲੱਛਣਾਂ ਦੇ ਠੀਕ ਹੋਣ ਬਾਅਦ ਵੀ ਚਲਦਾ ਰਹਿ ਸਕਦਾ ਹੈ

ਇਸ ਦਾ ਇੱਕ ਮਾਨਸਿਕ ਪਹਿਲੂ ਵੀ ਹੈ।

ਆਮ ਜਿਹੀਆਂ ਗੱਲਾਂ ਵੀ ਸ਼ਰਮਨਾਕ ਜਾਪਣ ਲਗਦੀਆਂ ਹਨ। ਇੱਕ ਸਧਾਰਨ ਮਜ਼ਾਕ ਵੀ ਜਦੋਂ ਤੁਹਾਡੇ ਦਿਮਾਗ਼ ਵਿੱਚ ਵਾਰ ਵਾਰ ਘੁੰਮਦਾ ਹੈ ਤਾਂ ਇੱਕ ਵੱਡੀ ਗਲਤੀ ਜਿਹਾ ਲੱਗਣ ਲਗਦਾ ਹੈ।

ਚਿੰਤਾ ਦਾ ਇਹ ਦੌਰ ਸਰੀਰਕ ਲੱਛਣਾਂ ਦੇ ਠੀਕ ਹੋਣ ਬਾਅਦ ਵੀ ਚਲਦਾ ਰਹਿ ਸਕਦਾ ਹੈ ਕਿਉਂਕਿ ਇਹ ਆਪਣੇ ਆਪ ਤੋਂ ਹੀ ਵਧਦਾ ਹੈ। ਚਿੰਤਾ ਤੁਹਾਡੀ ਸੋਚ ਨੂੰ ਖ਼ਰਾਬ ਕਰਦੀ ਹੈ ਅਤੇ ਖ਼ਾਬ ਹੋਈ ਸੋਚ ਹੋਰ ਜ਼ਿਆਦਾ ਚਿੰਤਾ ਪੈਦਾ ਕਰਦੀ ਹੈ।

ਜੇ ਟੋਬਿਨ ਸ਼ੁਕਰਵਾਰ ਅਤੇ ਸ਼ਨੀਵਾਰ ਦੋਹੇਂ ਰਾਤਾਂ ਨੂੰ ਬਾਹਰ ਰਹੇ ਹੋਣ ਤਾਂ ਐਤਵਾਰ ਤੱਕ ਚਿੰਤਾ ਦਾ ਇਹ ਦੌਰ ਬਹੁਤ ਤੀਬਰ ਹੋ ਸਕਦਾ ਹੈ।

ਉਹ ਕਹਿੰਦੀ ਹੈ, " ਅਚਾਨਕ ਮੈਟਰੋ ਵਿਚ ਸਫਰ ਕਰਨਾ ਵੀ ਇੱਕ ਵੱਡੀ ਚੁਣੌਤੀ ਜਿਹਾ ਲੱਗ ਸਕਦਾ ਹੈ ਜਦੋਂ ਤੁਹਾਨੂੰ ਲਗਾਤਾਰ ਦੋ ਦਿਨ ਦੇ ਹੈਂਗਓਵਰ ਕਾਰਨ 'ਸੰਡੇ ਸਕੇਰੀਜ਼' ਦਾ ਬਹੁਤ ਬੁਰਾ ਦੌਰਾ ਪਿਆ ਹੋਵੇ ਤਾਂ ਬਿਲਕੁਲ ਆਮ ਚੀਜ਼ਾਂ ਵੀ ਮੁਸ਼ਕਲ ਲੱਗਣ ਲਗਦੀਆਂ ਹਨ। "

ਖੋਜਾਰਥੀ ਚੇਤਾਵਨੀ ਦਿੰਦੇ ਹਨ ਕਿ ਹੋ ਸਕਦਾ ਹੈ ਤੁਸੀਂ ਪੀਣ ਤੋਂ ਬਾਅਦ ਬਹੁਤ ਜਲਦੀ ਸੌਂ ਗਏ ਹੋਵੋ, ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਚੰਗੀ ਨੀਂਦ ਆਈ।

ਅਲਕੋਹਲ ਨੀਂਦ ਖਰਾਬ ਕਰਦੀ ਹੈ ਅਤੇ ਭਾਵਨਾਵਾਂ ਨੂੰ ਸੰਤੁਲਿਤ ਰੱਖਣ ਲਈ ਮਹੱਤਵਪੂਰਨ ਨੀਂਦ ਦੇ ਪੈਟਰਨ ਰੈਪਿਡ ਆਈ ਮੂਵਮੈਂਟ ਨੂੰ ਵੀ ਪ੍ਰਭਾਵਿਤ ਕਰਦੀ ਹੈ।

ਜਦੋਂ ਤੁਸੀਂ ਜਾਗਦੇ ਹੋ ਤਾਂ ਸਰੀਰ ਵਿਚ ਪਾਣੀ ਦੀ ਕਮੀ ਅਤੇ ਨੀਂਦ ਪੂਰੀ ਨਾ ਹੋਣ ਦੀ ਥਕਾਵਟ ਹੁੰਦੀ ਹੈ ਤਾਂ ਚਿੰਤਾ ਭਰੇ ਵਿਚਾਰਾਂ ਦਾ ਸਾਹਮਣਾ ਕਰਨ ਦੀ ਸਮਰੱਥਾ ਪਹਿਲਾਂ ਹੀ ਘਟ ਚੁੱਕੀ ਹੁੰਦੀ ਹੈ।

ਬ੍ਰਿਟਿਸ਼ ਸਲੀਪ ਸੁਸਾਇਟੀ ਦੀ ਪ੍ਰਧਾਨ ਡਾ.ਅਲਾਨਾ ਹੇਅਰ ਕਹਿੰਦੇ ਹਨ, "ਕੱਚੀ ਤੇ ਟੁੱਟੀ ਹੋਈ ਨੀਂਦ ਦਾ ਮਤਲਬ ਹੇੈ ਕਿ ਜਾਗਣ 'ਤੇ ਬੇਚੈਨੀ ਮਹਿਸੂਸ ਕਰਦੇ ਹੋ।"

ਉਹ ਕਹਿੰਦੇ ਹਨ, "ਭਾਵੇਂ ਤੁਸੀਂ ਅੱਠ ਘੰਟੇ ਬਿਸਤਰ ਵਿੱਚ ਬਿਤਾਏ ਹੋਣ ਪਰ ਚੰਗੀ ਤਰ੍ਹਾਂ ਨੀਂਦ ਨਾ ਆਈ ਹੋਵੇ ਅਤੇ ਥੱਕਿਆ ਹੋਇਆ ਦਿਮਾਗ਼ ਚਿੰਤਾ ਪ੍ਰਤੀ ਵਧੇਰੇ ਪ੍ਰਤੀਕਿਰਿਆਸ਼ੀਲ ਹੁੰਦਾ ਹੈ। "

ਅਸਲ ਵਿਚ ਕੀ ਮਦਦਗਾਰ ਹੁੰਦਾ ਹੈ ?

ਦਿਮਾਗ਼
ਤਸਵੀਰ ਕੈਪਸ਼ਨ, ਸ਼ਰਾਬ ਦੀ ਮਾਤਰਾ ਨੂੰ ਕੰਟਰੋਲ ਵਿਚ ਰੱਖਣਾ ਸਭ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ।

ਖੋਜਕਰਤਾਵਾਂ ਦੀ ਸਲਾਹ ਭਾਵੇਂ ਬਹੁਤ ਸਧਾਰਨ ਪਰ ਬਿਲਕੁਲ ਸਹੀ ਅਤੇ ਸਪਸ਼ਟ ਹੈ। ਅਗਲੇ ਦਿਨ ਕਿਸੇ ਤਰ੍ਹਾਂ ਦਾ ਘਰੇਲੂ ਨੁਸਖਾ ਅਪਣਾਉਣ ਦੀ ਬਜਾਏ ਸ਼ਰਾਬ ਦੀ ਮਾਤਰਾ ਨੂੰ ਕੰਟਰੋਲ ਵਿਚ ਰੱਖਣਾ ਸਭ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ। ਸ਼ਰਾਬ ਪੀਣ ਦੌਰਾਨ ਥੋੜ੍ਹੇ ਥੋੜ੍ਹੇ ਸਮੇ ਬਾਅਦ ਪਾਣੀ ਪੀਣਾ ਮਦਦਗਾਰ ਹੋ ਸਕਦਾ ਹੈ ਅਤੇ ਕੁਝ ਖਾਣਾ ਵੀ ਫਾਇਦੇਮੰਦ ਹੁੰਦਾ ਹੈ।

ਯੂ.ਕੇ. ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹਫਤੇ ਵਿਚ 14 ਯੁਨਿਟਾਂ ਤੋਂ ਵੱਧ ਸ਼ਰਾਬ ਨਹੀਂ ਪੀਣੀ ਚਾਹੀਦੀ ਜੋ ਕਿ ਲਗਭਗ ਬੀਅਰ ਦੇ ਛੇ ਪਿੰਟ ਅਤੇ ਵਾਈਨ ਦੇ ਛੇ ਮੀਡੀਅਮ ਗਲਾਸਾਂ ਦੇ ਬਰਾਬਰ ਹੈ। ਇਸ ਮਾਤਰਾਂ ਨੂੰ ਵੀ ਕਈ ਦਿਨਾਂ ਵਿੱਚ ਵੰਡ ਕੇ ਪੀਣਾ ਚਾਹੀਦਾ ਹੈ।

ਅਲਕੋਹਲ ਚੇਂਜ ਯੂ.ਕੇ. ਦੇ ਡਾਇਰੈਕਟਰ ਐਂਡਰਿਊ ਮਿਸੇਲ ਕਹਿੰਦੇ ਹਨ ਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਤਣਾਅ ਨੂੰ ਸੰਭਾਲਣ ਲਈ ਸ਼ਰਾਬ ਦਾ ਸਹਾਰਾ ਨਹੀਂ ਲੈਣਾ ਚਾਹੀਦਾ।

ਉਹ ਕਹਿੰਦੇ ਹਨ, "ਸ਼ਰਾਬ ਇੱਕ ਡੈਪ੍ਰੈਸੈਂਟ ਵਿੱਚ ਬਦਲ ਜਾਂਦੀ ਹੈ ਅਤੇ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੋਰ ਵਧਾ ਸਕਦੀ ਹੈ। ਜੇਕਰ ਕੋਈ ਚਿੰਤਾ ਦੇ ਦੌਰ ਨਾਲ ਜੂਝ ਰਿਹਾ ਹੈ ਤਾਂ ਉਸ ਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਕਿਸੇ ਕਰੀਬੀ ਦੋਸਤ ਨਾਲ ਗੱਲ ਕਰਨਾ ਵੀ ਇੱਕ ਚੰਗੀ ਸ਼ੁਰੂਆਤ ਹੋ ਸਕਦੀ ਹੈ।"

ਅਤੇ ਜੇ ਤੁਸੀਂ ਹੈਂਗ-ਜ਼ਾਇਟੀ ਤੋਂ ਪੀੜਤ ਹੋ ਤਾਂ ਸ਼ਾਇਦ ਸਭ ਤੋਂ ਫਾਇਦੇਮੰਦ ਤਰੀਕਾ ਆਪਣੇ ਵਿਚਾਰਾਂ ਨੂੰ ਬਦਲਣਾ ਹੈ। ਇਹ ਸਵੀਕਾਰ ਕਰਨਾ ਹੈ ਕਿ ਹੈਂਗ=ਜ਼ਾਇਟੀ ਸਿਰਫ਼ ਇੱਕ ਆਰਜ਼ੀ ਸਥਿਤੀ ਹੈ, ਇਸ ਦੇ ਪ੍ਰਭਾਵ ਨੂੰ ਕਾਫ਼ੀ ਘੱਟ ਕਰ ਸਕਦਾ ਹੈ।

ਉਹ ਡਰ ਬਿਲਕੁਲ ਅਸਲੀ ਹੁੰਦਾ ਹੈ ਪਰ ਜਿਸ ਮੁਸੀਬਤ ਵੱਲ ਉਹ ਇਸ਼ਾਰਾ ਕਰਦਾ ਹੈ ਉਹ ਆਮ ਤੌਰ 'ਤੇ ਅਸਲੀ ਨਹੀਂ ਹੁੰਦੀ।

ਤਾਂ ਅਗਲੇ ਐਤਵਾਰ ਦੀ ਸਵੇਰ ਜਦੋਂ ਇਹ ਚਿੰਤਾ ਸ਼ੁਰੂ ਹੋਵੇ ਤਾਂ ਯਾਦ ਰੱਖੋ ਕਿ ਇਹ ਸਿਰਫ਼ ਤੁਹਾਡਾ ਦਿਮਾਗ਼ ਅਤੇ ਸਰੀਰ ਹੈ ਜੋ ਸ਼ਰਾਬ ਤੋਂ ਬਾਅਦ ਆਪਣਾ ਸੰਤੁਲਨ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)