ਪਰਵਿੰਦਰ ਸਿੰਘ ਝੋਟਾ ਕਤਲ ਕੇਸ: ਮੰਗਾਂ ਲਈ ਧਰਨਾ ਜਾਰੀ, ਪੰਜਾਬ ਬੰਦ ਦਾ ਸੱਦਾ, ਵਿਰੋਧੀ ਪਾਰਟੀਆਂ ਨੇ ਵੀ ਹਮਾਇਤ ਦਿੱਤੀ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਪਰਵਿੰਦਰ ਸਿੰਘ ਝੋਟਾ ਕਤਲ ਦੇ ਕਤਲ ਤੋਂ ਬਾਅਦ ਮਾਨਸਾ ਵਿੱਚ ਮਾਹੌਲ ਤਣਾਅਪੂਰਨ ਬਣ ਗਿਆ।
ਬੀਬੀਸੀ ਸਹਿਯੋਗੀ ਕੁਲਵੀਰ ਸਿੰਘ ਮੁਤਾਬਕ, ਗੁੱਸੇ ਵਿੱਚ ਆਏ ਲੋਕਾਂ ਨੇ ਮੁਲਜ਼ਮ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਨੂੰ ਅੱਗ ਲਗਾ ਦਿੱਤੀ।
ਅੱਗ ਲਗਾਏ ਜਾਣ ਬਾਅਦ ਅੱਗ ਬੁਝਾਊ ਦਸਤਾ ਅੱਗ 'ਤੇ ਕਾਬੂ ਪਾਉਣ ਲਈ ਪਹੁੰਚਿਆ। ਭਾਰੀ ਗਿਣਤੀ ਵਿੱਚ ਲੋਕ ਮਾਨਸਾ ਵਿਖੇ ਇਕੱਠੇ ਹੋਏ।
ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਨੇ ਕਿਹਾ, "ਘਰ ਅਤੇ ਦੁਕਾਨ 'ਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ। ਪੁਲਿਸ ਮੌਕੇ 'ਤੇ ਸਿਰਫ਼ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਮੌਜੂਦ ਸੀ। ਘਰ ਅਤੇ ਦੁਕਾਨ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ। ਦੁਕਾਨ ਢਾਹੁਣ ਦੀ ਸਾਰੀ ਕਾਰਵਾਈ ਪ੍ਰਸ਼ਾਸਨ ਨੇ ਕੀਤੀ ਹੈ। ਇਸ ਦੌਰਾਨ ਕੁਝ ਲੋਕਾਂ ਨੇ ਭਾਵੁਕ ਹੋ ਕੇ ਦੁਕਾਨ 'ਤੇ ਪੱਥਰਬਾਜ਼ੀ ਕੀਤੀ ਹੈ।"
ਉਧਰ, ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਉਧਰ ਮੌਕੇ 'ਤੇ ਪਹੁੰਚੇ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਦੁਕਾਨ ਵਿੱਚ ਲੱਗੀ ਹਲਕੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਸਥਿਤੀ ਕਾਬੂ ਵਿੱਚ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਮੁਲਜ਼ਮ ਅਸ਼ਵਨੀ ਦੇ ਘਰ ਅਤੇ ਦੁਕਾਨ ਨੂੰ ਵੀ ਜੇਸੀਬੀ ਨਾਲ ਢਾਹ ਦਿੱਤਾ ਗਿਆ ਹੈ।
ਡੀਆਈਜੀ ਹਰਜੀਤ ਸਿੰਘ ਮੁਤਾਬਕ ਬੁਲਡੋਜ਼ਰ ਦੀ ਇਹ ਕਾਰਵਾਈ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਕੀਤੀ ਗਈ ਹੈ।
ਨਾਲ ਹੀ ਉਨ੍ਹਾਂ ਦੱਸਿਆ ਕਿ ਮ੍ਰਿਤਕ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਮੁੱਖ ਮੁਲਜ਼ਮ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐਫਆਈਆਰ ਵਿੱਚ ਚਾਰ-ਪੰਜ ਅਣਪਛਾਤੇ ਵਿਅਕਤੀਆਂ ਤੋਂ ਇਲਾਵਾ, ਦੋ ਮੁਲਜ਼ਮ ਨਾਮਜ਼ਦ ਹਨ। ਡੀਆਈਜੀ ਹਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਜਾਂਚ ਵਿਚ ਜੋ ਵੀ ਸਾਹਮਣੇ ਆਵੇਗਾ, ਉਸ ਮੁਤਾਬਕ ਕਾਰਵਾਈ ਹੋਏਗੀ।
ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਵੀ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ ਮਾਮਲੇ ਦੀ ਡਿਟੇਲ ਰਿਪੋਰਟ ਮੰਗੀ ਹੈ।
15 ਅਕਤੂਬਰ ਨੂੰ ਪੰਜਾਬ ਬੰਦ ਦੀ ਵੱਖ-ਵੱਖ ਪਾਰਟੀਆਂ ਵੱਲੋਂ ਹਮਾਇਤ

ਪੰਜਾਬ ਦੇ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਬੰਦ ਬਾਰੇ ਸਮਰਥਨ ਦਿੰਦਿਆਂ ਆਪਣੇ ਐਕਸ ਹੈਂਡਲ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਨੇ ਲਿਖਿਆ, "ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟੇ ਦਾ ਕਤਲ ਬੇਹੱਦ ਦੁਖਦਾਈ ਘਟਨਾ ਹੈ। ਭਾਰਤੀ ਜਨਤਾ ਪਾਰਟੀ ਇਨਸਾਫ਼ ਦਿਵਾਉਣ ਲਈ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਪਰਿਵਾਰ ਵੱਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਪੂਰਾ ਸਮਰਥਨ ਕਰਦੀ ਹੈ।"
"ਇਸ ਮਾਮਲੇ ਦੀ ਸੀਬੀਆਈ ਤੋਂ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।"
ਉਨ੍ਹਾਂ ਨੇ ਲਿਖਿਆ ਕਿ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਪੰਜਾਬ ਵਿੱਚ ਕਾਨੂੰਨ-ਵਿਵਸਥਾ ਬਹਾਲ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਜਿਸ ਵਿੱਚ 'ਆਪ' ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਚਿੱਠੀ ਲਿੱਖ ਕੇ ਸਮੂਹ ਜ਼ਿਲ੍ਹਾ ਕਾਂਗਰਸ ਕਮੇਟੀਆਂ ਨੂੰ 15 ਅਕਤੂਬਰ 2026, ਵੀਰਵਾਰ ਨੂੰ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ ਦੇਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਕਿਬਾ ਕਿ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਆਪਣੇ-ਆਪਣੇ ਇਲਾਕਿਆਂ ਵਿੱਚ ਸ਼ਾਂਤਮਈ ਢੰਗ ਨਾਲ ਬੰਦ ਦੇ ਸਮਰਥਨ ਵਿੱਚ ਸ਼ਮੂਲੀਅਤ ਕਰਨ ਅਤੇ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਦੀ ਅਪੀਲ ਹੈ।

ਮੁੱਖ ਮੰਤਰੀ ਭਗਵੰਤ ਮਾਨ ਕੀ ਬੋਲੇ
ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਹੈ।
ਭਗਵੰਤ ਮਾਨ ਨੇ ਕਿਹਾ, "ਮਾਨਸਾ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ। ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਮੈਂ ਸਪੱਸ਼ਟ ਦੱਸਦਾ ਹਾਂ ਕਿ ਪੰਜਾਬ ਪੁਲਿਸ ਵੱਲੋਂ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।"
"ਜੇ ਇਸ ਸਾਜ਼ਿਸ਼ ਪਿੱਛੇ ਕੋਈ ਹੋਰ ਵਿਅਕਤੀ ਵੀ ਹੋਇਆ ਤਾਂ ਉਸ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਪੰਜਾਬ ਵਿੱਚ ਮੈਡੀਕਲ ਜਾਂ ਕੋਈ ਹੋਰ ਨਸ਼ਾ ਵੇਚਣ ਵਾਲਿਆਂ ਖਿਲਾਫ਼ ਜੰਗ ਜਾਰੀ ਹੈ ਅਤੇ ਉਸ ਵਿੱਚ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ।"
ਭਗਵੰਤ ਮਾਨ ਨੇ ਅੱਗੇ ਕਿਹਾ, "ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ, ਅਜਿਹੀ ਘਟਨਾ ਵਾਪਰਨੀ ਨਹੀਂ ਚਾਹੀਦੀ ਸੀ। ਪੰਜਾਬ ਡੀਜੀਪੀ ਨੂੰ ਜਾਂਚ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਇਸ ਮਾਮਲੇ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ।"
"ਪੰਜਾਬ ਵਿੱਚ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਾਡੀ ਜ਼ੀਰੋ ਟੋਲਰੈਂਸ ਨੀਤੀ ਹੈ। ਅਸੀਂ ਨਾ ਕਿਸੇ ਦੀ ਪੁਸ਼ਤ ਪਨਾਹੀ ਕਰਦੇ ਹਾਂ ਅਤੇ ਨਾ ਹੀ ਕਰਾਂਗੇ। ਮੈਂ ਪੰਜਾਬੀਆਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਕਰਦਾ ਹਾਂ।"
ਪੁਲਿਸ ਪ੍ਰਸ਼ਾਸਨ ਨੇ ਮਾਨਸਾ ਵੱਲ ਆਉਣ ਵਾਲੇ ਰਸਤਿਆਂ 'ਤੇ ਵੀ ਚੌਕਸੀ ਵਧਾਈ ਹੈ। ਮਾਨਸਾ ਵੱਲ ਆ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਕਾਂਗਰਸੀ ਵਰਕਰਾਂ ਨੂੰ ਰਸਤੇ ਵਿੱਚ ਰੋਕਣ ਦੀ ਕੋਸ਼ਿਸ਼ ਹੋਈ ਪਰ ਕੁਝ ਸਮਾਂ ਬਹਿਸ ਤੋਂ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ ਗਿਆ।
ਮਾਨਸਾ ਦੇ ਧਰਨੇ ਵਿੱਚ ਸ਼ਾਮਲ ਹੋਣ ਜਾ ਰਹੇ ਭਾਰਤੀ ਕਿਸਾਨ ਯੁਨੀਅਨ ਕਾਦੀਆਂ ਦੇ ਆਗੂਆਂ ਨੂੰ ਵੀ ਹੰਢਿਆਇਆ ਵਿਖੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਬੈਰੀਕੇਡ ਤੋੜ ਕੇ ਅੱਗੇ ਲੰਘ ਗਏ।
ਇਸ ਤੋਂ ਪਹਿਲਾਂ ਮਾਮਲੇ ਵਿੱਚ ਅਸ਼ਵਨੀ ਕੁਮਾਰ ਦੇ ਘਰ 'ਤੇ ਪ੍ਰਸ਼ਾਸਨ ਨੇ ਜੇਸੀਬੀ ਚਲਾਈ ਅਤੇ ਕੁਝ ਹਿੱਸਾ ਢਾਹ ਦਿੱਤਾ ਗਿਆ।
ਅਸ਼ਵਨੀ ਕੁਮਾਰ ਦੇ ਘਰ ਕੋਲ ਮੌਕੇ 'ਤੇ ਮੌਜੂਦ ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਨੇ ਦੱਸਿਆ ਸੀ ਕਿ ਨਜਾਇਜ਼ ਉਸਾਰੀ ਦੀ ਸ਼ਿਕਾਇਤ 'ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਜਿਸ ਦੀ ਸੂਚਨਾ ਮਿਲਣ 'ਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਉਹ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ ਹਨ।

ਉਧਰ ਧਰਨੇ 'ਤੇ ਬੈਠੇ ਲੋਕ ਮੰਗਾਂ ਮਨਵਾਉਣ ਲਈ ਬਜ਼ਿਦ ਨਜ਼ਰ ਆ ਰਹੇ ਹਨ।
ਰੋਸ ਧਰਨੇ ਵਿੱਚ ਕਿਸਾਨ ਜਥੇਬੰਦੀਆਂ, ਮਹਿਲਾਵਾਂ ਅਤੇ ਨੌਜਵਾਨਾਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਹਨ। ਮੌਕੇ 'ਤੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਪੰਜਾਬ ਸਟੂਡੈਂਟ ਯੁਨੀਅਨ ਮਾਨਸਾ ਦੀ ਪ੍ਰਧਾਨ ਅਰਵਿੰਦਰ ਕੌਰ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਸਿਆਸੀ ਕਤਲ ਕਰਾਰ ਦਿੱਤਾ ਅਤੇ ਸਿਗਨੇਚਰ ਕੈਪਸੂਲ ਦੀ ਵਿਕਰੀ 'ਤੇ ਪਾਬੰਦੀ ਦੀ ਮੰਗ ਕੀਤੀ।
ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਰਕਰ ਪੂਰਨ ਸਿੰਘ ਖ਼ਾਲਸਾ ਕਹਿੰਦੇ ਹਨ ਕਿ ਜੇ ਪੁਲਿਸ ਪਰਵਿੰਦਰ ਸਿੰਘ ਝੋਟਾ ਦਾ ਜ਼ਬਰਦਸਤੀ ਸਸਕਾਰ ਕਰਨ ਦੀ ਕੋਸ਼ਿਸ਼ ਕਰੇਗੀ, ਤਾਂ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।
ਮਾਮਲੇ ਵਿੱਚ ਹੁਣ ਤੱਕ ਹੋਰ ਕੀ ਕੁਝ ਹੋਇਆ ?

ਤਸਵੀਰ ਸਰੋਤ, RAJESH GOLDY/BBC
ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਨੇ ਪੂਰੇ ਪੰਜਾਬ ਦਾ ਮਾਹੌਲ ਭਖਾ ਦਿੱਤਾ ਹੈ। ਪਰਿਵਾਰ ਅਤੇ ਸਮਰਥਕ ਮਾਨਸਾ ਵਿੱਚ ਧਰਨੇ 'ਤੇ ਬੈਠ ਗਏ ਹਨ ਅਤੇ ਮੰਗਾਂ ਨਾ ਮੰਨੇ ਜਾਣ ਤੱਕ ਧਰਨਾ ਲਾਈ ਰੱਖਣ ਦਾ ਐਲਾਨ ਕੀਤਾ ਹੈ। ਮਾਨਸਾ ਦੇ ਸਿਵਲ ਹਸਪਤਾਲ ਵਿੱਚ ਅਤੇ ਤਿੰਨਕੋਣੀ ਚੌਂਕ, ਦੋ ਥਾਂਵਾਂ 'ਤੇ ਧਰਨਾ ਲੱਗਿਆ ਹੋਇਆ ਹੈ।
ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮੇਤ ਕਈ ਜਥੇਬੰਦੀਆਂ ਨੇ ਇਸ ਬੰਦ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਬੰਦ ਦੇ ਸਮਰਥਨ ਦਾ ਐਲਾਨ ਕੀਤਾ ਹੈ।
ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਮਾਨਸਾ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖੀ ਗਈ ਹੈ।
ਦੱਸ ਦੇਈਏ ਕਿ ਮੰਗਲਵਾਰ ਨੂੰ ਮਾਨਸਾ ਦੇ ਬਜ਼ਾਰ ਵਿੱਚ ਸ਼ਰੇਆਮ ਗੋਲੀਆਂ ਚਲਾ ਕੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰ ਦਿੱਤਾ ਗਿਆ ਸੀ ਜਦਕਿ ਚਾਰ ਹੋਰ ਲੋਕ ਜ਼ਖਮੀ ਹੋ ਗਏ ਸਨ। ਕਤਲ ਦਾ ਇਲਜ਼ਾਮ ਮਾਨਸਾ ਦੇ ਹੀ ਇੱਕ ਮੈਡੀਕਲ ਸਟੋਰ ਦੇ ਮਾਲਿਕ 'ਤੇ ਲੱਗਿਆ ਹੈ।
ਪਰਿਵਾਰ ਦੀਆਂ ਕੀ ਹਨ ਮੰਗਾਂ?
ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਡੀਸੀ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਧਰਨਾਕਾਰੀ ਮਾਮਲੇ ਵਿੱਚ ਸਖ਼ਤ ਕਾਰਵਾਈ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰ ਰਹੇ ਹਨ।
ਮ੍ਰਿਤਕ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਘਟਨਾ ਤੋਂ ਬਾਅਦ ਰੋਸ ਜ਼ਾਹਿਰ ਕਰਦਿਆਂ 'ਅਸਫਲ' ਪੰਜਾਬ ਸਰਕਾਰ ਦੀ ਬਰਖ਼ਾਸਤਗੀ ਦੀ ਮੰਗ ਕੀਤੀ ਅਤੇ ਮੰਗਾਂ ਨਾ ਮੰਨੇ ਜਾਣ ਤੱਕ ਸਸਕਾਰ ਤੋਂ ਇਨਕਾਰ ਕੀਤਾ।
ਮਾਨਸਾ ਦੇ ਰਹਿਣ ਵਾਲੇ ਆਰਟੀਆਈ ਕਾਰਕੁਨ ਮਾਣਿਕ ਗੋਇਲ ਨੇ ਦੱਸਿਆ ਕਿ ਮਾਮਲੇ ਵਿੱਚ ਪਰਿਵਾਰ, ਸ਼ਹਿਰ ਦੇ ਪਤਵੰਤੇ ਅਤੇ ਵੱਖੋ ਵੱਖ ਜਥੇਬੰਦੀਆਂ ਦੇ ਨੁਮਾਇੰਦੀਆਂ ਦੀ ਕਮੇਟੀ ਬਣਾਈ ਗਈ ਹੈ ਜਿਨ੍ਹਾਂ ਨੇ ਰਲ ਕੇ ਕੁਝ ਮੰਗਾਂ ਰੱਖੀਆਂ ਹਨ।
- ਕਤਲ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ
- ਮੁੱਖ ਮੰਤਰੀ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਮੁਅੱਤਲ ਕੀਤਾ ਜਾਵੇ
- ਡਾਕਟਰਾਂ ਦਾ ਪੈਨਲ ਬਣਾ ਕੇ ਪੀਜੀਆਈ ਤੋਂ ਪੋਸਟਮਾਰਟਮ ਕਰਵਾਇਆ ਜਾਵੇ
- ਜ਼ਿਲ੍ਹੇ ਦੇ ਕਈ ਪੁਲਿਸ ਅਧਿਕਾਰੀਆਂ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਬਰਖਾਸਤ ਕੀਤਾ ਜਾਵੇ
- ਪਰੀ-ਗੈਬਲਿਨ ਯਾਨੀ ਸਿਗਨੇਚਰ ਕੈਪਸੂਲ ਨੂੰ ਐੱਨਡੀਪੀਐੱਸ ਦੇ ਅਧੀਨ ਲਿਆਂਦਾ ਜਾਵੇ
ਮੰਗਾਂ ਨਾ ਮੰਨੇ ਜਾਣ ਤੱਕ ਮਾਨਸਾ ਵਿੱਚ ਲੱਗਿਆ ਧਰਨਾ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ।
ਸਿਆਸਤਦਾਨਾਂ ਦਾ ਮਾਨਸਾ ਪਹੁੰਚਣਾ ਸ਼ੁਰੂ

ਤਸਵੀਰ ਸਰੋਤ, Facebook/Amarinder Singh Raja Warring
ਵੱਖ ਵੱਖ ਸਿਆਸਤਦਾਨਾਂ ਨੇ ਮਾਨਸਾ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਸਵੇਰੇ ਹੀ ਮਾਨਸਾ ਵਿਖੇ ਲੱਗੇ ਧਰਨੇ ਵਿੱਚ ਪਹੁੰਚੇ।
ਧਰਨੇ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੇ ਫੇਸਬੁੱਕ 'ਤੇ ਲਿਖਿਆ ਕਿ ਜੇਕਰ 2023 ਵਿੱਚ ਹੀ ਨਸ਼ਾ ਵੇਚਣ ਵਾਲਿਆਂ ਨੂੰ ਸਰਕਾਰ ਨੇ ਨੱਥ ਪਾਈ ਹੁੰਦੀ ਤਾਂ ਅੱਜ ਪਰਵਿੰਦਰ ਸਾਡੇ ਵਿੱਚ ਹੁੰਦਾ।
ਉਨ੍ਹਾਂ ਲਿਖਿਆ, "ਸਾਲ 2023 ਵਿੱਚ ਜਦੋਂ ਪਰਵਿੰਦਰ ਸਿੰਘ ਝੋਟਾ ਖ਼ਿਲਾਫ਼ ਕੇਸ ਦਰਜ ਹੋਇਆ ਸੀ ਮੈਂ ਮਾਨਸਾ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ ਅਤੇ ਆਪਣਾ ਸਮਰਥਨ ਦਿੱਤਾ ਸੀ। ਅੱਜ ਵੀ ਮੇਰਾ ਸਟੈਂਡ ਉਹੀ ਹੈ ਪੰਜਾਬ ਦੀ ਜਵਾਨੀ ਨੂੰ ਨਸ਼ਿਆ ਤੋਂ ਬਚਾਉਣ ਲਈ ਅਵਾਜ਼ ਉਠਾਉਣ ਵਾਲੇ ਹਰ ਵਿਅਕਤੀ ਦੇ ਨਾਲ ਖੜ੍ਹਣਾ।"
'ਵਾਰਿਸ ਪੰਜਾਬ ਦੇ' ਵੱਲੋਂ ਨਜ਼ਰਬੰਦੀ ਦਾ ਇਲਜ਼ਾਮ
ਇਸੇ ਵਿਚਕਾਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਜਥੇਬੰਦੀ ਦੇ ਕਈ ਆਗੂਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਜਾਂ ਕਈ ਥਾਈਂ ਪੁਲਿਸ ਥਾਣੇ ਲਿਜਾਇਆ ਜਾ ਰਿਹਾ ਹੈ।
ਵਾਰਿਸ ਪੰਜਾਬ ਦੇ ਆਗੂ ਤਰਸੇਮ ਸਿੰਘ ਨੇ ਫੇਸਬੁੱਕ 'ਤੇ ਵੀਡੀਓ ਪੋਸਟ ਕਰਕੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਆਗੂਆਂ ਤੇ ਵਰਕਰਾਂ ਨੂੰ ਮਾਨਸਾ ਪਹੁੰਚਣ ਤੋਂ ਰੋਕਣ ਲਈ ਨਜ਼ਰਬੰਦ ਕੀਤਾ ਜਾ ਰਿਹਾ ਹੈ।
ਪਾਰਟੀ ਦੇ ਲੀਡਰ ਮਨਪ੍ਰੀਤ ਇਆਲੀ ਨੇ ਵੀ ਇਹ ਦਾਅਵਾ ਕੀਤਾ ਹੈ।
ਕਿਵੇਂ ਹੋਇਆ ਪਰਵਿੰਦਰ ਸਿੰਘ ਝੋਟਾ ਦਾ ਕਤਲ ?

ਤਸਵੀਰ ਸਰੋਤ, Parvinder singh jhota / fb
ਮੰਗਲਵਾਰ ਨੂੰ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਜਿਸ ਵਿੱਚ ਪਰਵਿੰਦਰ ਸਿੰਘ ਝੋਟਾ ਅਤੇ ਇੱਕ ਮੈਡੀਕਲ ਸਟੋਰ ਦੇ ਮਾਲਿਕ ਦੀ ਮੈਡੀਕਲ ਸਟੋਰ ਅੰਦਰ ਨਸ਼ਾ ਵੇਚਣ ਦੇ ਇਲਜ਼ਾਮ ਬਾਰੇ ਬਹਿਸ ਹੋ ਰਹੀ ਹੈ।
ਵੀਡੀਓ ਵਿੱਚ ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰ ਦੇ ਮਾਲਿਕ ਅਸ਼ਵਨੀ ਨਾਮ ਦੇ ਵਿਅਕਤੀ ਖਿਲਾਫ਼ ਪੁਲਿਸ ਨੂੰ ਫੋਨ ਕਰਨ ਦੀ ਗੱਲ ਕਹਿ ਰਹੇ ਹਨ।
ਵੀਡੀਓ ਵਿੱਚ ਅਸ਼ਵਨੀ ਕੋਲ ਪਿਸਤੌਲ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ ਜਿਸ ਵਿੱਚ ਝੋਟਾ, ਦੁਕਾਨ ਮਾਲਿਕ ਨੂੰ ਪਿਸਤੌਲ ਨਾਲ ਫਾਇਰ ਕਰਨ ਲਈ ਲਲਕਾਰਦੇ ਵੀ ਸੁਣਾਈ ਦੇ ਰਹੇ ਹਨ।
ਕੁਝ ਸਮੇਂ ਬਾਅਦ ਫਾਇਰ ਹੁੰਦਾ ਹੈ ਜੋ ਕਿ ਪਰਮਿੰਦਰ ਸਿੰਘ ਝੋਟਾ ਨੂੰ ਲਗਦਾ ਹੈ। ਉਹ ਮੈਡੀਕਲ ਸਟੋਰ ਤੋਂ ਬਾਹਰ ਹੋ ਕੇ ਕਿਸੇ ਹੋਰ ਦੁਕਾਨ ਵਿੱਚ ਲੁਕਣ ਲਈ ਜਾਂਦੇ ਹਨ। ਇੱਕ ਹੋਰ ਵੀਡੀਓ ਵਿਚ ਦਿਖਾਈ ਦਿੰਦਾ ਹੈ ਕਿ ਅਸ਼ਵਨੀ ਨਾਮ ਦੇ ਵਿਅਕਤੀ ਹੱਥ ਵਿੱਚ ਪਿਸਤੌਲ ਲੈ ਕੇ ਬਜ਼ਾਰ ਵਿੱਚ ਪਿੱਛੇ ਜਾਂਦਾ ਹੈ। ਇੱਕ ਹੋਰ ਫਾਇਰ ਹੋਣ ਦੀ ਅਵਾਜ਼ ਇਸ ਵੀਡੀਓ ਵਿਚ ਸੁਣਾਈ ਦਿੰਦੀ ਹੈ ਅਤੇ ਫਿਰ ਉਹ ਸ਼ਖਸ ਪਿਸਤੌਲ ਲੈ ਕੇ ਵਾਪਸ ਸਟੋਰ ਵੱਲ ਮੁੜ ਜਾਂਦਾ ਹੈ।
ਜਾਣਕਾਰੀ ਮੁਤਾਬਕ ਜ਼ਖਮੀ ਹਾਲਤ ਵਿਚ ਪਰਮਿੰਦਰ ਸਿੰਘ ਝੋਟਾ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਦੱਸ ਦੇਈਏ ਕਿ ਪਰਵਿੰਦਰ ਸਿੰਘ ਝੋਟਾ ਦੱਖਣੀ ਪੰਜਾਬ ਦੇ ਸ਼ਹਿਰ ਮਾਨਸਾ ਦਾ ਰਹਿਣ ਵਾਲੇ ਸਨ। ਉਹ ਫ਼ਰੀ ਸਟਾਈਲ ਕਬੱਡੀ ਖਿਡਾਰੀ ਵੀ ਰਹੇ।
ਉਹ 'ਐਂਟੀ ਡਰੱਗ ਟਾਸਕ ਫੋਰਸ' ਬਣਾਉਣ ਨਾਲ ਕੁਝ ਸਾਲ ਪਹਿਲਾਂ ਚਰਚਾ ਵਿਚ ਆਏ ਸਨ ਜਦੋਂ ਆਪਣਾ ਸੰਗਠਨ ਬਣਾ ਕੇ ਕਥਿਤ ਨਸ਼ਾ ਵੇਚਣ ਵਾਲਿਆਂ ਨੂੰ ਪੁਲਿਸ ਹਵਾਲੇ ਕਰਨਾ ਸ਼ੁਰੂ ਕੀਤਾ ਸੀ। ਉਸ ਦੇ ਖ਼ਿਲਾਫ਼ ਕਈ ਮਾਮਲੇ ਵੀ ਦਰਜ ਕੀਤੇ ਗਏ ਸਨ ਤੇ ਸਜ਼ਾ ਵੀ ਦਿੱਤੀ ਜਾ ਚੁੱਕੀ ਹੈ। ਪਰ ਨਾਲ ਹੀ ਕਈ ਮਾਮਲਿਆਂ ਵਿਚ ਉਸ ਨੂੰ ਬਰੀ ਵੀ ਕੀਤਾ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

































