ਜੱਗੀ ਜੌਹਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਦੇ ਪਿੰਡ ਵਾਲੇ ਤੇ ਸਹੁਰਾ ਪਰਿਵਾਰ ਕੀ ਬੋਲਿਆ, ਜਾਣੋ ਕਿਸ ਅਧਾਰ 'ਤੇ ਜ਼ਮਾਨਤ ਮਿਲੀ ਹੈ

ਜੱਗੀ ਜੌਹਲ ਦੇ ਸੱਸ ਅਮਨਦੀਪ ਕੌਰ

ਤਸਵੀਰ ਸਰੋਤ, FREE JAGGI CAMPAIGN / Pradeep Sharma/BBC

ਤਸਵੀਰ ਕੈਪਸ਼ਨ, ਜੱਗੀ ਜੌਹਲ ਦੇ ਸੱਸ ਅਮਨਦੀਪ ਕੌਰ ਕਹਿੰਦੇ ਹਨ ਕਿ ''ਜ਼ਮਾਨਤ ਮਿਲਣ ਨਾਲ ਅਸੀਂ ਬਹੁਤ ਖੁਸ਼ ਹਾਂ, ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ''
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
    • ਲੇਖਕ, ਪਰਦੀਪ ਸ਼ਰਮਾ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਨੂੰ ਦਿੱਲੀ ਹਾਈ ਕੋਰਟ ਨੇ ਕਤਲ ਅਤੇ ਯੂਏਪੀਏ ਦੇ ਸੱਤ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ। ਸਕੌਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਨੂੰ 2017 ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਉਹ ਹੁਣ ਤੱਕ ਭਾਰਤੀ ਜੇਲ੍ਹ ਵਿੱਚ ਬੰਦ ਹਨ।

ਅਦਾਲਤੀ ਦਸਤਾਵੇਜ਼ ਮੁਤਾਬਕ ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਕਈ ਹੋਰ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੱਗੀ ਜੌਹਲ ਦੀ ਜ਼ਮਾਨਤ ਦੇ ਆਦੇਸ਼ ਦਿੱਤੇ।

ਹਾਲਾਂਕਿ ਇਹ ਜ਼ਮਾਨਤ ਉਨ੍ਹਾਂ ਨੂੰ ਕਈ ਸਖ਼ਤ ਸ਼ਰਤਾਂ ਦੇ ਆਧਾਰ 'ਤੇ ਦਿੱਤੀ ਗਈ ਹੈ।

ਜ਼ਮਾਨਤ ਦੇ ਫੈਸਲੇ ਬਾਰੇ ਜੱਗੀ ਜੌਹਲ ਦੇ ਸਹੁਰਾ ਬਲਵਿੰਦਰ ਸਿੰਘ ਢਿੰਡਾ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਲੰਮੇ ਸਮੇਂ ਬਾਅਦ ਇਹ ਖੁਸ਼ੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਅੱਠ-ਨੌਂ ਸਾਲ ਉਨ੍ਹਾਂ ਦੇ ਪਰਿਵਾਰ ਅਤੇ ਧੀ ਲਈ ਬਹੁਤ ਔਖੇ ਗੁਜ਼ਰੇ ਹਨ।

ਇਸ ਮੌਕੇ ਬੀਬੀਸੀ ਪੰਜਾਬੀ ਨੇ ਜੱਗੀ ਜੌਹਲ ਦੇ ਸਹੁਰਾ ਪਰਿਵਾਰ ਅਤੇ ਜੌਹਲ ਦੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਹੈ।

'ਬਹੁਤ ਲੰਮੇ ਸਮੇਂ ਬਾਅਦ ਇਹ ਖੁਸ਼ੀ ਮਿਲੀ ਹੈ'

ਜੱਗੀ ਜੌਹਲ ਦੇ ਸਹੁਰਾ ਬਲਵਿੰਦਰ ਸਿੰਘ ਢਿੰਡਾ

ਤਸਵੀਰ ਸਰੋਤ, Pradeep Sharma/BBC

ਤਸਵੀਰ ਕੈਪਸ਼ਨ, ਜੱਗੀ ਜੌਹਲ ਦੇ ਸਹੁਰਾ ਬਲਵਿੰਦਰ ਸਿੰਘ ਢਿੰਡਾ

ਜੱਗੀ ਜੌਹਲ ਦੇ ਸਹੁਰਾ ਬਲਵਿੰਦਰ ਸਿੰਘ ਢਿੰਡਾ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਲੰਮੇ ਸਮੇਂ ਬਾਅਦ ਇਹ ਖੁਸ਼ੀ ਮਿਲੀ ਹੈ।

ਉਨ੍ਹਾਂ ਕਿਹਾ, ''ਬਹੁਤ ਮੁਸ਼ਕਿਲ ਸਮਾਂ ਰਿਹਾ ਹੈ। ਭਾਵੇਂ ਸਾਡੀ ਕੁੜੀ ਇੰਗਲੈਂਡ ਬੈਠੀ ਹੈ ਪਰ ਪਤੀ ਤੋਂ ਬਿਨਾਂ ਅੱਠ-ਨੌਂ ਸਾਲ ਕੱਟਣੇ, ਕੁੜੀ ਦਾ ਸਿਦਕ ਹੈ। ਉਸਦੇ ਵਿਆਹ ਨੂੰ 15 ਕੁ ਦਿਨ ਹੀ ਹੋਏ ਸੀ, ਜਦੋਂ ਗ੍ਰਿਫ਼ਤਾਰ ਕਰ ਲਿਆ ਗਿਆ।''

ਆਪਣੀ ਧੀ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ, ''ਵਿਆਹ ਨੂੰ 15 ਦਿਨ ਹੋਏ ਸੀ ਤੇ ਉਹਨੂੰ ਚੁੱਕ ਲਿਆ। ਫਿਰ ਅਦਾਲਤ 'ਚ ਮੁਲਾਕਾਤ ਹੋਈ। ਜਦੋਂ ਦਾ ਦਿੱਲੀ ਗਿਆ ਹੈ, ਦਿੱਲੀ ਵਾਲਿਆਂ ਨੇ ਤਾਂ ਸਾਡੀ ਮੁਲਾਕਾਤ ਹੋਣ ਹੀ ਨਹੀਂ ਦਿੱਤੀ। ਜਦੋਂ ਕਦੇ ਉਸਨੂੰ ਪੇਸ਼ੀ 'ਤੇ ਲੈਕੇ ਆਉਂਦੇ ਸੀ, ਉਦੋਂ ਅਸੀਂ ਜੱਜ ਤੋਂ ਇਜਾਜ਼ਤ ਲੈਕੇ ਉਸਨੂੰ ਮਿਲਦੇ ਹੁੰਦੇ ਸੀ।''

''ਬੇਟੀ ਇੱਥੇ ਵੀ ਬਹੁਤ ਦੁਖੀ ਅਤੇ ਪ੍ਰੇਸ਼ਾਨ ਰਹੀ ਅਤੇ ਉੱਥੋਂ (ਇੰਗਲੈਂਡ ਤੋਂ) ਜਦੋਂ ਵੀ ਫੋਨ ਆਉਂਦਾ, ਰੋਂਦੀ ਸੀ। ਪੰਦਰਾਂ ਦਿਨਾਂ 'ਚ ਉਸਦੇ ਵਿਆਹ ਦਾ ਚਾਅ ਤਾਂ ਕੀ ਪੂਰਾ ਹੋਣਾ ਸੀ, ਚੂੜਾ ਵੀ ਨਹੀਂ ਸੀ ਲੱਥਾ।''

ਉਨ੍ਹਾਂ ਕਿਹਾ, ''ਇਸ ਦੌਰਾਨ ਸਾਡੇ ਆਲੇ-ਦੁਆਲੇ ਦੇ ਲੋਕਾਂ, ਭਾਈਚਾਰੇ ਨੇ ਸਾਡਾ ਬਹੁਤ ਸਾਥ ਦਿੱਤਾ।''

ਉਹ ਕਹਿੰਦੇ ਹਨ, ''ਵਿਆਹ ਕਰਨ ਜੱਗੀ ਦਾ ਸਾਰਾ ਪਰਿਵਾਰ ਆਇਆ ਸੀ। ਜੇ ਇਨ੍ਹਾਂ ਦੇ ਮਨ 'ਚ ਕੋਈ ਚੋਰ ਹੁੰਦਾ ਤਾਂ ਜਦੋਂ ਪਰਿਵਾਰ ਵਾਪਿਸ ਮੁੜਿਆ, ਇਹ ਵੀ ਮੁੜ ਜਾਂਦਾ ਪਰ ਇਸਨੇ ਕਿਹਾ ਕਿ ਮੈਂ ਅਜੇ ਥੋੜ੍ਹਾ ਹੋਰ ਰਹਿਣਾ ਹੈ ਅਤੇ ਪਰਿਵਾਰ ਨੇ ਹਾਮੀ ਭਰ ਦਿੱਤੀ, ਕਿਉਂਕਿ ਕੋਈ ਗੱਲ ਸੀ ਹੀ ਨਹੀਂ।''

''ਜਦੋਂ ਗ੍ਰਿਫ਼ਤਾਰੀ ਹੋਈ, ਅਸੀਂ ਤਾਂ ਇਹੀ ਸੋਚਦੇ ਰਹੇ ਕਿ ਇਹ ਤਾਂ ਬਾਹਰਲਾ ਬੰਦਾ ਹੈ। ਇਸ ਦੀ ਇੱਥੇ ਕਿਹੜੀ ਗੱਲਬਾਤ ਹੈ।''

ਉਨ੍ਹਾਂ ਕਿਹਾ, ''ਬੰਦਿਆਂ 'ਤੇ ਭਾਵੇਂ ਨਾ ਭਰੋਸਾ ਹੋਵੇ ਪਰ ਭਾਰਤ ਦੇ ਕਾਨੂੰਨ 'ਤੇ ਸਾਨੂੰ ਭਰੋਸਾ ਹੈ ਅਤੇ ਮਾਣ ਹੈ।

ਉਨ੍ਹਾਂ ਦੱਸਿਆ ਕਿ ਜੱਗੀ ਦਾ ਜਨਮ ਇੰਗਲੈਂਡ ਵਿੱਚ ਹੀ ਹੋਇਆ ਸੀ।

'ਨਾ ਧੀ ਦੇ ਕੋਈ ਚਾਅ ਪੂਰੇ ਹੋਏ, ਨਾ ਜੱਗੀ ਦੇ'

ਜੱਗੀ ਜੌਹਲ ਕੇਸ

ਤਸਵੀਰ ਸਰੋਤ, FREE JAGGI CAMPAIGN

ਤਸਵੀਰ ਕੈਪਸ਼ਨ, ਜੱਗੀ ਜੌਹਲ ਦੇ ਸਹੁਰਾ ਬਲਵਿੰਦਰ ਸਿੰਘ ਢਿੰਡਾ ਨੇ ਕਿਹਾ ਕਿ ਵਿਆਹ ਨੂੰ 15 ਕੁ ਦਿਨ ਹੀ ਹੋਏ ਸੀ, ਜਦੋਂ ਜੱਗੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ (ਫਾਈਲ ਫੋਟੋ)

ਜੱਗੀ ਜੌਹਲ ਦੇ ਸੱਸ ਅਮਨਦੀਪ ਕੌਰ ਕਹਿੰਦੇ ਹਨ ਕਿ ''ਅਸੀਂ ਬਹੁਤ ਖੁਸ਼ ਹਾਂ, ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ।''

ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਇਸ ਦੌਰਾਨ ਬਹੁਤ ਔਖਾ ਸਮਾਂ ਕੱਟਿਆ। ਨਾ ਉਹਦੇ ਕੋਈ ਚਾਅ ਪੂਰੇ ਹੋਏ, ਨਾ ਜੱਗੀ ਦੇ।

"ਸਾਰਾ ਕੁਝ ਅਧੂਰਾ ਰਹਿ ਗਿਆ। ਉਨ੍ਹਾਂ ਨੇ ਨਾ ਕੁਝ ਪਾ ਕੇ ਦੇਖਿਆ ਨਾ ਹੰਢਾ ਕੇ ਦੇਖਿਆ। ਨੌਂ ਸਾਲ ਥੋੜ੍ਹੇ ਨਹੀਂ ਹੁੰਦੇ, ਕਹਿਣਾ ਸੌਖਾ ਹੈ ਪਰ ਹੰਢਾਉਣਾ ਬਹੁਤ ਔਖਾ ਹੈ।''

ਪਿੰਡ ਵਾਲਿਆਂ ਨੇ ਕੀ ਕਿਹਾ

ਜੰਡਿਆਲਾ ਮੰਜਕੀ ਪਿੰਡ ਦੇ ਵਸਨੀਕ ਸੁਰਜੀਤ ਸਿੰਘ

ਤਸਵੀਰ ਸਰੋਤ, Pradeep Sharma/BBC

ਤਸਵੀਰ ਕੈਪਸ਼ਨ, ਜੰਡਿਆਲਾ ਮੰਜਕੀ ਪਿੰਡ ਦੇ ਵਸਨੀਕ ਸੁਰਜੀਤ ਸਿੰਘ

ਜੰਡਿਆਲਾ ਮੰਜਕੀ ਪਿੰਡ ਦੇ ਵਸਨੀਕ ਸੁਰਜੀਤ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ ''ਸਾਡੇ ਪਿੰਡ ਦੇ ਨੌਜਵਾਨ ਜੱਗੀ ਜੌਹਲ, ਜਿਨ੍ਹਾਂ ਨੂੰ ਵੱਖ-ਵੱਖ ਮੁਕੱਦਮਿਆਂ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਨਿਆਂ ਦਿੱਤਾ ਹੈ। ਸਾਨੂੰ ਉਮੀਦ ਹੈ ਕਿ ਅੱਗੇ ਉਨ੍ਹਾਂ ਨੂੰ ਰਿਹਾਈ ਵੀ ਮਿਲ ਸਕਦੀ ਹੈ।''

''ਹੁਣ ਅਦਾਲਤ ਦੇ ਫੈਸਲੇ ਨਾਲ ਪਿੰਡ ਵਾਸੀ ਅਤੇ ਜੱਗੀ ਦਾ ਪਰਿਵਾਰ ਬਹੁਤ ਖੁਸ਼ ਹਨ।''

ਪਿੰਡ ਦੇ ਇੱਕ ਹੋਰ ਵਸਨੀਕ ਅਤੇ ਐਡਵੋਕੇਟ ਦਿਨੇਸ਼ ਲਖਨਪਾਲ ਨੇ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨਾਲ ਉਨ੍ਹਾਂ ਦੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।

ਜੌਹਲ ਦੇ ਪਰਿਵਾਰ ਅਤੇ ਯੂਕੇ ਸਰਕਾਰ ਨੇ ਕੀ ਕਿਹਾ

ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ
ਤਸਵੀਰ ਕੈਪਸ਼ਨ, ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਕਿਹਾ, ਜਗਤਾਰ ਦੀ ਰਿਹਾਈ ਲਈ ਚੱਲ ਰਹੀ ਮੁਹਿੰਮ ਲਈ ਇਹ ਇੱਕ ਬਹੁਤ ਮਹੱਤਵਪੂਰਨ ਪੜਾਅ ਹੈ (ਫਾਈਲ ਫੋਟੋ)

ਬੀਬੀਸੀ ਪੱਤਰਕਾਰ ਕੇਟੀ ਹੰਟਰ ਦੀ ਰਿਪੋਰਟ ਮੁਤਾਬਕ, ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਵੱਲੋਂ ਉਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲਗਾਤਾਰ ਸਰਕਾਰਾਂ ਕੋਲ ਆਵਾਜ਼ ਚੁੱਕੀ ਜਾਂਦੀ ਰਹੀ ਹੈ।

ਗੁਰਪ੍ਰੀਤ ਸਿੰਘ ਜੌਹਲ ਨੇ ਬੀਬੀਸੀ ਦੇ 'ਰੇਡੀਓ ਸਕੌਟਲੈਂਡ ਬ੍ਰੇਕਫਾਸਟ' ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਦੱਸਿਆ, "ਜਗਤਾਰ ਦੀ ਰਿਹਾਈ ਲਈ ਚੱਲ ਰਹੀ ਮੁਹਿੰਮ ਲਈ ਇਹ ਇੱਕ ਬਹੁਤ ਮਹੱਤਵਪੂਰਨ ਪੜਾਅ ਹੈ।"

ਇਸ ਘਟਨਾਕ੍ਰਮ ਉੱਤੇ ਯੂਕੇ ਸਰਕਾਰ ਦੇ ਇੱਕ ਬੁਲਾਰੇ ਨੇ ਕਿਹਾ, "ਤਾਜ਼ਾ ਘਟਨਾਵਾਂ ਤੋਂ ਬਾਅਦ ਅਸੀਂ ਜੌਹਲ ਦੇ ਪਰਿਵਾਰ ਦੇ ਸੰਪਰਕ ਵਿੱਚ ਹਾਂ।"

"ਯੂਕੇ ਸਰਕਾਰ, ਭਾਰਤ ਸਰਕਾਰ ਨਾਲ ਹਰ ਢੁੱਕਵੇਂ ਮੌਕੇ 'ਤੇ ਜੌਹਲ ਦੀ ਲੰਬੀ ਹਿਰਾਸਤ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਜ਼ਾਹਰ ਕਰਦੀ ਰਹੀ ਹੈ।"

"ਅਸੀਂ ਇਹ ਸਪੱਸ਼ਟ ਕੀਤਾ ਹੈ ਕਿ ਮਾਮਲੇ ਦਾ ਹੱਲ ਕੱਢਣ ਲਈ ਤੇਜ਼ ਪ੍ਰਕਿਰਿਆ ਦੀ ਲੋੜ ਹੈ। ਇਸ ਵਿੱਚ ਜੌਹਲ ਵੱਲੋਂ ਲਾਏ ਗਏ ਤਸ਼ੱਦਦ ਦੇ ਇਲਜ਼ਾਮਾਂ ਦੀ ਪੂਰੀ ਜਾਂਚ ਵੀ ਸ਼ਾਮਲ ਹੈ।"

ਜੌਹਲ ਨੂੰ ਇਸ ਤੋਂ ਪਹਿਲਾਂ 2024 ਵਿੱਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

ਜੌਹਲ ਦੇ ਪਰਿਵਾਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਸ ਖ਼ਿਲਾਫ਼ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਗੈਰ ਭਰੋਸੇਯੋਗ ਗਵਾਹਾਂ ਦੀ ਗਵਾਹੀ ਦੇ ਆਧਾਰ 'ਤੇ ਬਣਾਇਆ ਗਿਆ ਸੀ। ਇਨ੍ਹਾਂ ਵਿੱਚੋਂ ਕੁਝ ਗਵਾਹਾਂ ਨੇ ਉਸ ਖ਼ਿਲਾਫ਼ ਬਿਆਨ ਦਿੱਤੇ ਸਨ, ਪਰ ਬਾਅਦ ਵਿੱਚ ਅਦਾਲਤ ਵਿੱਚ ਉਨ੍ਹਾਂ ਬਿਆਨਾਂ ਤੋਂ ਮੁੱਕਰ ਗਏ।

ਭਾਰਤ ਵਿੱਚ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ 39 ਸਾਲਾ ਜੌਹਲ ਨੂੰ ਆਉਣ ਵਾਲੇ ਦਿਨਾਂ ਵਿੱਚ, ਸੰਭਾਵੀ ਤੌਰ 'ਤੇ ਅਗਲੇ ਹਫ਼ਤੇ ਰਿਹਾਅ ਕਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ, "ਮੈਂ ਬਹੁਤ ਖੁਸ਼ ਹਾਂ। ਇਹ ਬਹੁਤ ਲੰਬਾ ਸਮਾਂ ਰਿਹਾ ਹੈ, ਬਹੁਤ ਦਰਦਨਾਕ ਸਮਾਂ ਰਿਹਾ ਹੈ।"

ਵੱਖ-ਵੱਖ ਨੁਮਾਇੰਦਿਆਂ ਨੇ ਕੀ ਕਿਹਾ

ਬੀਬੀਸੀ ਪੱਤਰਕਾਰ ਕੇਟੀ ਹੰਟਰ ਦੀ ਰਿਪੋਰਟ ਮੁਤਾਬਕ, ਸਕਾਟਲੈਂਡ ਦੇ ਫਸਟ ਮਿਨਿਸਟਰ ਜੌਨ ਸਵਿਨੀ ਨੇ ਇਸ ਨੂੰ "ਇੱਕ ਮਹੱਤਵਪੂਰਨ ਅਤੇ ਸਕਾਰਾਤਮਕ ਘਟਨਾਕ੍ਰਮ" ਦੱਸਿਆ।

ਉਨ੍ਹਾਂ ਅੱਗੇ ਕਿਹਾ, "ਮੈਨੂੰ ਉਮੀਦ ਹੈ ਕਿ ਲੋੜੀਂਦੀਆਂ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਜੌਹਲ ਨੂੰ ਜਲਦ ਤੋਂ ਜਲਦ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਜਾਵੇਗਾ। ਮੈਂ ਇੱਕ ਨਿਰਪੱਖ, ਪਾਰਦਰਸ਼ੀ ਅਤੇ ਸਮੇਂ ਸਿਰ ਨਿਆਂਇਕ ਪ੍ਰਕਿਰਿਆ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੰਦਾ ਰਹਾਂਗਾ।"

ਯੂਕੇ ਵਿੱਚ ਜੌਹਲ ਦੀ ਨੁਮਾਇੰਦਗੀ ਕਾਨੂੰਨੀ ਸੰਸਥਾਵਾਂ ਰੈਡਰੈੱਸ ਅਤੇ ਰਿਪ੍ਰੀਵ ਵੱਲੋਂ ਕੀਤੀ ਜਾ ਰਹੀ ਹੈ। ਦੋਵਾਂ ਨੇ ਅਦਾਲਤ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ।

ਰਿਪ੍ਰੀਵ ਦੇ ਡਿਪਟੀ ਐਗਜ਼ਿਕਿਊਟਿਵ ਡਾਇਰੈਕਟਰ ਡੈਨ ਡੋਲਨ ਨੇ ਕਿਹਾ ਕਿ ਇਹ ਖ਼ਬਰ ਸਵਾਗਤਯੋਗ ਹੈ, ਪਰ ਜੌਹਲ ਨੂੰ ਅਜੇ ਵੀ "ਮਨਘੜਤ ਦੋਸ਼ਾਂ" ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ, "ਹੁਣ ਸਾਨੂੰ ਨੇੜਿਓਂ ਨਜ਼ਰ ਰੱਖਣੀ ਪਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਹੁਕਮ ਨੂੰ ਅਸਲ ਵਿੱਚ ਲਾਗੂ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਤਰੀਕੇ ਨਾਲ ਇਸ ਵਿੱਚ ਰੁਕਾਵਟ ਨਹੀਂ ਪਾਈ ਜਾਂਦੀ।"

ਰੈਡਰੈੱਸ ਦੇ ਸੀਨੀਅਰ ਕਾਨੂੰਨੀ ਸਲਾਹਕਾਰ ਕ੍ਰਿਸ ਐਸਡੇਲ ਨੇ ਕਿਹਾ ਕਿ ਜ਼ਮਾਨਤ ਮਿਲਣਾ "ਨੌਂ ਸਾਲ ਦੀ ਮਨਮਾਨੀ ਹਿਰਾਸਤ ਕਾਰਨ ਹੋਏ ਅਸਹਿਣਯੋਗ ਦੁੱਖ ਨੂੰ ਖ਼ਤਮ ਨਹੀਂ ਕਰ ਸਕਦਾ।"

ਉਨ੍ਹਾਂ ਅੱਗੇ ਕਿਹਾ, "ਜੱਗੀ ਜੌਹਲ ਖ਼ਿਲਾਫ਼ ਤਸ਼ੱਦਦ ਦੇ ਇਲਜ਼ਾਮਾਂ ਅਤੇ ਬਹੁਤ ਖ਼ਾਮੀਆਂ ਵਾਲੀ ਕਾਰਵਾਈ ਲਈ ਜਵਾਬਦੇਹੀ ਤੈਅ ਕਰਨ ਦੀ ਲੋੜ ਅਜੇ ਵੀ ਬਹੁਤ ਜ਼ਰੂਰੀ ਹੈ।"

ਪ੍ਰੀਤ ਕੌਰ ਗਿੱਲ

ਤਸਵੀਰ ਸਰੋਤ, @PreetKGillMP / X

ਬਰਮਿੰਘਮ ਐਜਬੈਸਟਨ ਤੋਂ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਵੀ ਜੱਗੀ ਜੌਹਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ।

ਉਨ੍ਹਾਂ ਨੇ ਲਿਖਿਆ,"ਲਗਭਗ ਨੌਂ ਸਾਲਾਂ ਬਾਅਦ ਇਹ ਸਵਾਗਤਯੋਗ ਖ਼ਬਰ ਹੈ। ਇਹ ਜੱਗੀ ਦੇ ਭਰਾ ਗੁਰਪ੍ਰੀਤ, ਉਨ੍ਹਾਂ ਦੇ ਸੰਸਦ ਮੈਂਬਰ ਡਗਲਸ ਮੈਕਐਲਿਸਟਰ ਅਤੇ ਉਨ੍ਹਾਂ ਸਾਰੇ ਲੋਕਾਂ ਦੀ ਲਗਾਤਾਰ ਮੁਹਿੰਮ ਦਾ ਨਤੀਜਾ ਹੈ, ਜਿਨ੍ਹਾਂ ਨੇ ਆਪਣੇ ਸੰਸਦ ਮੈਂਬਰਾਂ ਨੂੰ ਚਿੱਠੀਆਂ ਲਿਖੀਆਂ।''

''ਸਰਕਾਰ ਨੂੰ ਜੱਗੀ ਦੀ ਘਰ ਵਾਪਸੀ ਯਕੀਨੀ ਬਣਾਉਣ ਲਈ ਭਾਰਤੀ ਅਧਿਕਾਰੀਆਂ ਨਾਲ ਮਿਲ ਕੇ ਕੰਮ ਜਾਰੀ ਰੱਖਣਾ ਚਾਹੀਦਾ ਹੈ।"

ਬਚਾਅ ਪੱਖ ਅਤੇ ਅਦਾਲਤ ਨੇ ਆਪਣੇ ਆਦੇਸ਼ ਵਿੱਚ ਕੀ ਕਿਹਾ

ਜੱਗੀ ਜੌਹਲ ਕੇਸ

ਤਸਵੀਰ ਸਰੋਤ, SHAMMI MEHRA/AFP via Getty Images

ਤਸਵੀਰ ਕੈਪਸ਼ਨ, ਅਦਾਲਤ ਨੇ ਮੰਨਿਆ ਕਿ ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਹੋਣ ਦੀ ਸੰਭਾਵਨਾ ਨਹੀਂ ਹੈ (ਫਾਈਲ ਫੋਟੋ)

ਅਦਾਲਤੀ ਦਸਤਾਵੇਜ਼ ਮੁਤਾਬਕ, ਬਚਾਅ ਪੱਖ ਨੇ ਦਲੀਲ ਦਿੱਤੀ ਕਿ ਜਗਤਾਰ ਸਿੰਘ 8 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਹਨ ਅਤੇ ਮੁਕੱਦਮੇ ਦੀ ਸੁਣਵਾਈ ਅਜੇ ਕਾਫ਼ੀ ਲੰਮੀ ਚੱਲਣੀ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਗਵਾਹਾਂ ਦੀ ਗਵਾਹੀ ਅਜੇ ਬਾਕੀ ਹੈ।

ਅਦਾਲਤੀ ਦਸਤਾਵੇਜ਼ ਮੁਤਾਬਕ, ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਹੋਣ ਦੀ ਸੰਭਾਵਨਾ ਨਹੀਂ ਹੈ।

ਬਚਾਅ ਪੱਖ ਨੇ ਦੱਸਿਆ ਕਿ 4 ਮਾਰਚ 2025 ਨੂੰ ਮੋਗਾ ਦੀ ਅਦਾਲਤ ਨੇ ਇੱਕ ਹੋਰ ਮਾਮਲੇ ਵਿੱਚ ਜਗਤਾਰ ਸਿੰਘ ਜੋਹਲ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ।

ਅਦਾਲਤ ਵਿੱਚ ਦਲੀਲ ਦਿੱਤੀ ਗਈ ਸੀ ਕਿ ਜਗਤਾਰ ਸਿੰਘ ਵਿਦੇਸ਼ੀ ਨਾਗਰਿਕ ਹਨ ਅਤੇ ਉਨ੍ਹਾਂ ਦੇ ਦੇਸ਼ ਤੋਂ ਬਾਹਰ ਚਲੇ ਜਾਣ ਦਾ ਖ਼ਤਰਾ ਹੋ ਸਕਦਾ ਹੈ। ਜਿਸ ਬਾਰੇ ਹਾਈ ਕੋਰਟ ਨੇ ਕਿਹਾ ਕਿ ਸਿਰਫ਼ ਵਿਦੇਸ਼ੀ ਨਾਗਰਿਕ ਹੋਣ ਦੇ ਆਧਾਰ 'ਤੇ ਉਨ੍ਹਾਂ ਦੀ ਆਜ਼ਾਦੀ ਨਹੀਂ ਰੋਕੀ ਜਾ ਸਕਦੀ। ਇਸ ਦੀ ਬਜਾਏ ਜ਼ਮਾਨਤ ਦੀਆਂ ਅਜਿਹੀਆਂ ਸ਼ਰਤਾਂ ਲਗਾਈਆਂ ਜਾਣਗੀਆਂ, ਜਿਨ੍ਹਾਂ ਨਾਲ ਉਨ੍ਹਾਂ ਦੇ ਦੇਸ਼ ਤੋਂ ਬਾਹਰ ਜਾਣ ਦੇ ਖ਼ਤਰੇ ਨੂੰ ਕੰਟਰੋਲ ਕੀਤਾ ਜਾ ਸਕੇ।

ਇਨ੍ਹਾਂ ਸਾਰੇ ਪਹਿਲੂਆਂ ਨੂੰ ਦੇਖਦੇ ਹੋਏ ਦਿੱਲੀ ਹਾਈ ਕੋਰਟ ਨੇ ਟ੍ਰਾਇਲ ਕੋਰਟ ਦੇ ਪੁਰਾਣੇ ਹੁਕਮਾਂ ਨੂੰ ਰੱਦ ਕਰ ਦਿੱਤਾ ਅਤੇ ਜਗਤਾਰ ਸਿੰਘ ਜੌਹਲ ਨੂੰ ਜ਼ਮਾਨਤ ਦਿੱਤੀ ਹੈ।

ਜੱਗੀ ਜੌਹਲ

ਤਸਵੀਰ ਸਰੋਤ, Family Handout

ਤਸਵੀਰ ਕੈਪਸ਼ਨ, ਅਦਾਲਤ ਦੇ ਆਦੇਸ਼ ਮੁਤਾਬਕ, ਜੇ ਜ਼ਮਾਨਤ ਦੀ ਕੋਈ ਸ਼ਰਤ ਤੋੜੀ ਜਾਂਦੀ ਹੈ, ਤਾਂ ਇਸਤਗਾਸਾ ਪੱਖ ਸਬੰਧਤ ਅਦਾਲਤ ਵਿੱਚ ਜਾ ਕੇ ਜ਼ਮਾਨਤ ਰੱਦ ਕਰਨ ਦੀ ਮੰਗ ਕਰ ਸਕਦਾ ਹੈ (ਫਾਈਲ ਫੋਟੋ)

ਅਦਾਲਤੀ ਦਸਤਾਵੇਜ਼ ਮੁਤਾਬਕ, ਜ਼ਮਾਨਤ ਲਈ ਜੱਗੀ ਜੌਹਲ ਨੂੰ ਸਖ਼ਤ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ, ਕਿਹਾ ਗਿਆ ਕਿ ਟ੍ਰਾਇਲ ਕੋਰਟ ਦੀ ਤਸੱਲੀ ਵਾਸਤੇ ਉਨ੍ਹਾਂ ਨੂੰ ਪਰਸਨਲ ਬਾਂਡ ਭਰਨਾ ਹੋਵੇਗਾ।

ਜੇ ਉਨ੍ਹਾਂ ਕੋਲ ਪਾਸਪੋਰਟ ਹੈ ਤਾਂ ਉਹ ਟ੍ਰਾਇਲ ਕੋਰਟ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ ਹਰ ਦੋ ਹਫ਼ਤਿਆਂ ਵਿੱਚ ਇੱਕ ਵਾਰ (ਜਾਂ ਤੈਅ ਸਮੇਂ ਮੁਤਾਬਕ) ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ। ਇਸ ਤਰ੍ਹਾਂ ਕੁਝ ਹੋਰ ਸ਼ਰਤਾਂ ਵੀ ਹਨ ਜਿਨ੍ਹਾਂ ਦੀ ਪਾਲਣਾ ਕਰਨੀ ਹੋਵੇਗੀ।

ਜੇ ਜ਼ਮਾਨਤ ਦੀ ਕੋਈ ਸ਼ਰਤ ਤੋੜੀ ਜਾਂਦੀ ਹੈ, ਤਾਂ ਇਸਤਗਾਸਾ ਪੱਖ ਸਬੰਧਤ ਅਦਾਲਤ ਵਿੱਚ ਜਾ ਕੇ ਜ਼ਮਾਨਤ ਰੱਦ ਕਰਨ ਦੀ ਮੰਗ ਕਰ ਸਕਦਾ ਹੈ।