ਪ੍ਰਸ਼ਾਂਤ ਕਿਸ਼ੋਰ ਦੀ ਬਾਂਕੀਪੁਰ ਤੋਂ ਜਿੱਤ, ਭਾਜਪਾ ਨੂੰ ਹਰਾਉਣ ਪਿੱਛੇ ਵਿਦਿਆਰਥੀ ਅੰਦੋਲਨ ਸਣੇ ਇਹ 5 ਕਾਰਨ ਹੋ ਸਕਦੇ

ਤਸਵੀਰ ਸਰੋਤ, PTI
ਜਨ ਸੁਰਾਜ ਪਾਰਟੀ ਦੇ ਸੰਸਥਾਪਕ ਅਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਬਾਂਕੀਪੁਰ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਵਿੱਚ ਜਿੱਤ ਗਏ ਹਨ। ਇਹ ਸੀਟ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਸੀ।
ਬਾਂਕੀਪੁਰ ਵਿਧਾਨ ਸਭਾ ਸੀਟ ਲਈ ਮਤਦਾਨ 30 ਜੁਲਾਈ ਨੂੰ ਹੋਇਆ ਸੀ। ਇਸ ਦੌਰਾਨ 35 ਫ਼ੀਸਦੀ ਤੋਂ ਵੀ ਘੱਟ ਮਤਦਾਨ ਹੋਇਆ, ਜਿਸ ਨੂੰ ਲੈ ਕੇ ਵੱਖ-ਵੱਖ ਅਟਕਲਾਂ ਲਗਾਈਆਂ ਜਾ ਰਹੀਆਂ ਸਨ।
ਸਾਰੇ 32 ਗੇੜਾਂ ਦੀ ਵੋਟ ਗਿਣਤੀ ਪੂਰੀ ਹੋਣ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਭਾਜਪਾ ਦੇ ਉਮੀਦਵਾਰ ਨੀਰਜ ਕੁਮਾਰ ਤੋਂ 19,324 ਤੋਂ ਵੱਧ ਵੋਟਾਂ ਨਾਲ ਜਿੱਤ ਗਏ। ਉਨ੍ਹਾਂ ਨੂੰ ਕੁੱਲ 64151 ਵੋਟਾਂ ਮਿਲੀਆਂ ਜਦਕਿ ਭਾਜਪਾ ਉਮੀਦਵਾਰ ਨੂੰ 44827 ਵੋਟਾਂ ਮਿਲੀਆਂ।
ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਐਕਸ 'ਤੇ ਪ੍ਰਸ਼ਾਂਤ ਕਿਸ਼ੋਰ ਨੂੰ ਵਧਾਈ ਦਿੰਦਿਆਂ ਲਿਖਿਆ, "ਲੋਕਤੰਤਰ ਦੇ ਮਹਾਪਰਵ ਵਿੱਚ ਬਾਂਕੀਪੁਰ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਜਨਤਾ ਨੇ ਜਨ ਸੁਰਾਜ ਨੂੰ ਚੁਣਿਆ ਹੈ। ਮੈਂ ਜਨਤਾ ਦੇ ਇਸ ਫ਼ੈਸਲੇ ਦਾ ਸਤਿਕਾਰ ਕਰਦਿਆਂ ਸ਼੍ਰੀ ਪ੍ਰਸ਼ਾਂਤ ਕਿਸ਼ੋਰ ਜੀ ਨੂੰ ਉਨ੍ਹਾਂ ਦੀ ਜਿੱਤ 'ਤੇ ਹਾਰਦਿਕ ਵਧਾਈ ਦਿੰਦਾ ਹਾਂ।"
ਵਿਸ਼ਲੇਸ਼ਕ ਪ੍ਰਸ਼ਾਂਤ ਕਿਸ਼ੋਰ ਦੀ ਜਿੱਤ ਦੇ ਪੰਜ ਕਾਰਨ ਗਿਣਾ ਰਹੇ ਹਨ।
1. ਵਿਦਿਆਰਥੀ ਅੰਦੋਲਨ

ਤਸਵੀਰ ਸਰੋਤ, ANI
ਬਾਂਕੀਪੁਰ ਵਿੱਚ ਜਿਸ ਸਮੇਂ ਮਤਦਾਨ ਲਈ ਚੋਣ ਪ੍ਰਚਾਰ ਚੱਲ ਰਿਹਾ ਸੀ, ਉਸੇ ਵੇਲੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੀਟ ਪੇਪਰ ਲੀਕ ਮਾਮਲੇ ਵਿੱਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਸੀ।
20 ਜੁਲਾਈ ਨੂੰ 'ਚਲੋ ਸੰਸਦ' ਮਾਰਚ ਦੌਰਾਨ ਸੀਜੇਪੀ ਦੇ ਅੰਦੋਲਨਕਾਰੀਆਂ 'ਤੇ ਜਦੋਂ ਦਿੱਲੀ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਲਾਠੀਚਾਰਜ ਕੀਤਾ ਤਾਂ ਇਸ ਦੀ ਗੂੰਜ ਦੇਸ਼ ਦੇ ਕਈ ਹਿੱਸਿਆਂ ਵਿੱਚ ਸੁਣੀ ਗਈ। ਇਸ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਸਮੇਤ 22, 23 ਅਤੇ 25 ਜੁਲਾਈ ਨੂੰ ਬਿਹਾਰ ਦੇ ਕਈ ਇਲਾਕਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ।
25 ਜੁਲਾਈ ਨੂੰ 'ਬਿਹਾਰ ਬੰਦ' ਦਾ ਸੱਦਾ ਦਿੱਤਾ ਗਿਆ ਅਤੇ ਸਿਵਾਨ ਜ਼ਿਲ੍ਹੇ ਵਿੱਚ ਅੰਦੋਲਨਕਾਰੀਆਂ ਖ਼ਿਲਾਫ਼ ਕਾਰਵਾਈ ਦੌਰਾਨ ਏਕੇ-47 ਨਾਲ ਫਾਇਰਿੰਗ ਦੀ ਇੱਕ ਵੀਡੀਓ ਵੀ ਵਾਇਰਲ ਹੋਈ। ਇਸ ਦੌਰਾਨ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਅੰਦੋਲਨਕਾਰੀਆਂ ਨੂੰ ਜੇਲ੍ਹ ਭੇਜਿਆ ਗਿਆ।
ਪਟਨਾ ਦੇ ਸੀਨੀਅਰ ਪੱਤਰਕਾਰ ਲਵ ਕੁਮਾਰ ਮਿਸ਼ਰਾ ਬੀਬੀਸੀ ਨਿਊਜ਼ ਹਿੰਦੀ ਨਾਲ ਗੱਲ ਕਰਦਿਆਂ ਕਹਿੰਦੇ ਹਨ ਕਿ ਸੀਜੇਪੀ ਦੇ ਪ੍ਰਦਰਸ਼ਨਾਂ ਦਾ ਇਸ ਚੋਣ 'ਤੇ ਵੀ ਅਸਰ ਪਿਆ ਹੈ।
ਉਹ ਕਹਿੰਦੇ ਹਨ, "ਦਿੱਲੀ ਵਿੱਚ ਪ੍ਰਦਰਸ਼ਨ ਤੋਂ ਬਾਅਦ ਬਿਹਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨ ਹੋਏ, ਸੈਂਕੜੇ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜੇਪੀ ਅੰਦੋਲਨ ਤੋਂ ਬਾਅਦ ਇਹ ਪਹਿਲੀ ਵਾਰ ਦੇਖਿਆ ਗਿਆ ਜਦੋਂ ਵਿਦਿਆਰਥੀ ਰਾਜਭਵਨ ਜਾਂ ਮੁੱਖ ਮੰਤਰੀ ਸਕੱਤਰੇਤ ਤੱਕ ਪਹੁੰਚ ਗਏ ਸਨ। ਇਹ ਸਾਰਾ ਇਲਾਕਾ ਬਾਂਕੀਪੁਰ ਸੀਟ ਵਿੱਚ ਹੀ ਆਉਂਦਾ ਹੈ।"
"ਦਿੱਲੀ ਦੇ ਪ੍ਰਦਰਸ਼ਨ ਦਾ ਇਸ ਚੋਣ 'ਤੇ ਕਾਫ਼ੀ ਹੱਦ ਤੱਕ ਅਸਰ ਪਿਆ ਹੈ।"
ਸੀਨੀਅਰ ਪੱਤਰਕਾਰ ਸੁਰੂਰ ਅਹਿਮਦ ਵੀ ਇਸ ਤਰਕ ਨਾਲ ਸਹਿਮਤ ਹਨ ਅਤੇ ਕਹਿੰਦੇ ਹਨ ਕਿ ਇਸ ਚੋਣ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਵੀ ਇੱਕ ਅਹਿਮ ਕਾਰਕ ਸੀ।
2. ਭਰਤ ਤਿਵਾਰੀ ਦੀ 'ਐਨਕਾਊਂਟਰ' ਵਿੱਚ ਮੌਤ
ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਸ਼ਾਹਪੁਰ ਥਾਣਾ ਖੇਤਰ ਦੇ ਬਿਲੌਟੀ ਪਿੰਡ ਦੇ 26 ਸਾਲਾ ਨੌਜਵਾਨ ਭਰਤ ਭੂਸ਼ਣ ਤਿਵਾਰੀ ਦੇ 17 ਜੂਨ ਨੂੰ ਕਥਿਤ ਪੁਲਿਸ ਐਨਕਾਊਂਟਰ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਸੀ।
ਭੋਜਪੁਰ ਦੇ ਐਸਪੀ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਸੀ, "ਪੁਲਿਸ ਟੀਮ ਨੇ ਆਪਣੀ ਅਤੇ ਹੋਰਨਾਂ ਦੀ ਸੁਰੱਖਿਆ ਲਈ ਗੋਲੀ ਚਲਾਈ ਸੀ, ਜੋ ਭਰਤ ਭੂਸ਼ਣ ਦੇ ਪੈਰ ਵਿੱਚ ਲੱਗੀ ਸੀ।"
ਹਾਲਾਂਕਿ ਭਰਤ ਤਿਵਾਰੀ ਦੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਨੇ ਇਸ ਦਾਅਵੇ ਨੂੰ ਖ਼ਾਰਜ ਕੀਤਾ ਅਤੇ ਇਸ ਘਟਨਾ ਨੂੰ ਸੋਚੀ-ਸਮਝੀ ਸਾਜ਼ਿਸ਼ ਦੱਸਿਆ ਸੀ।
ਲਵ ਕੁਮਾਰ ਮਿਸ਼ਰਾ ਕਹਿੰਦੇ ਹਨ ਕਿ ਭਰਤ ਤਿਵਾਰੀ ਮਾਮਲੇ ਵਿੱਚ ਨਿਆਂਇਕ ਕਮਿਸ਼ਨ ਬਣਾਏ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਸੀ ਅਤੇ ਇਸੇ ਵਿਚਕਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪਟਨਾ ਵਿੱਚ ਮੁੱਖ ਮੰਤਰੀ ਸਮਰਾਟ ਚੌਧਰੀ ਨਾਲ ਮੁਲਾਕਾਤ ਕੀਤੀ ਸੀ।
ਉਹ ਕਹਿੰਦੇ ਹਨ, "ਸਮਰਾਟ ਚੌਧਰੀ ਨੇ ਇਸ ਮਾਮਲੇ ਵਿੱਚ ਕਾਫ਼ੀ ਦੇਰ ਬਾਅਦ ਕਾਰਵਾਈ ਕੀਤੀ, ਐਸਟੀਐਫ਼ ਦੇ ਜਵਾਨ ਨੂੰ ਵੀ ਕਾਫ਼ੀ ਸਮੇਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਇਹ ਅਫ਼ਵਾਹਾਂ ਵੀ ਉੱਡੀਆਂ ਕਿ ਭਰਤ ਤਿਵਾਰੀ ਦੇ ਪਰਿਵਾਰਕ ਮੈਂਬਰ ਪ੍ਰਸ਼ਾਂਤ ਕਿਸ਼ੋਰ ਦੇ ਚੋਣ ਪ੍ਰਚਾਰ ਵਿੱਚ ਸ਼ਾਮਲ ਹੋਣਗੇ, ਪਰ ਅਜਿਹਾ ਨਹੀਂ ਹੋਇਆ। ਪਰ ਇਸ ਮਾਮਲੇ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਝੰਝੋੜ ਦਿੱਤਾ।"
3. ਕੀ ਭਾਜਪਾ ਦੇ ਅੰਦਰਖਾਤੇ ਕੋਈ ਕਲਹ ਸੀ ?

ਤਸਵੀਰ ਸਰੋਤ, Bihar BJP
ਬਾਂਕੀਪੁਰ ਵਿਧਾਨ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਅਭਿਸ਼ੇਕ ਕੁਮਾਰ ਸਿੰਹਾ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਅਤੇ ਉਨ੍ਹਾਂ ਨੇ ਨਾਮਜ਼ਦਗੀ ਵੀ ਦਾਖ਼ਲ ਕਰ ਦਿੱਤੀ ਸੀ।
ਹਾਲਾਂਕਿ ਅਗਲੇ ਹੀ ਦਿਨ ਅਭਿਸ਼ੇਕ ਕੁਮਾਰ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਸੀ ਅਤੇ ਉਨ੍ਹਾਂ ਦੀ ਥਾਂ ਨੀਰਜ ਕੁਮਾਰ ਸਿੰਹਾ ਨੂੰ ਉਮੀਦਵਾਰ ਬਣਾਇਆ ਗਿਆ ਸੀ।
ਸੁਰੂਰ ਅਹਿਮਦ ਅਤੇ ਲਵ ਕੁਮਾਰ ਮਿਸ਼ਰਾ ਦੋਵਾਂ ਦਾ ਮੰਨਣਾ ਹੈ ਕਿ ਇਸ ਸੀਟ ਤੋਂ ਬਿਹਾਰ ਭਾਜਪਾ ਦੇ ਕਈ ਸੀਨੀਅਰ ਆਗੂ ਚੋਣ ਲੜਨਾ ਚਾਹੁੰਦੇ ਸਨ, ਪਰ ਉਮੀਦਵਾਰ ਵਜੋਂ ਬਿਲਕੁਲ ਨਵੇਂ ਚਿਹਰੇ ਨੂੰ ਚੁਣਿਆ ਗਿਆ।
4. ਜੇਡੀਯੂ ਅਤੇ ਘੱਟ ਮਤਦਾਨ ਕਿੰਨਾ ਵੱਡਾ ਕਾਰਨ ?

ਤਸਵੀਰ ਸਰੋਤ, Getty Images
ਨੀਤੀਸ਼ ਕੁਮਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਹੁਣ ਗਠਜੋੜ ਸਰਕਾਰ ਵਿੱਚ ਜੇਡੀਯੂ 'ਛੋਟੇ ਭਰਾ' ਦੀ ਭੂਮਿਕਾ ਵਿੱਚ ਆ ਗਈ ਹੈ।
ਲਵ ਕੁਮਾਰ ਮਿਸ਼ਰਾ ਕਹਿੰਦੇ ਹਨ ਕਿ ਚੋਣ ਪ੍ਰਚਾਰ ਦੌਰਾਨ ਜੇਡੀਯੂ ਦੀ ਮੌਜੂਦਗੀ ਕਾਫ਼ੀ ਨਹੀਂ ਦਿਖੀ।
ਉਹ ਕਹਿੰਦੇ ਹਨ, "ਬਾਂਕੀਪੁਰ ਜ਼ਿਮਨੀ ਚੋਣ ਦੌਰਾਨ ਦੇਖਿਆ ਗਿਆ ਕਿ ਜੇਡੀਯੂ ਮੈਦਾਨ ਵਿੱਚ ਨਹੀਂ ਸੀ ਅਤੇ ਭਾਜਪਾ ਇਕੱਲੀ ਮੈਦਾਨ ਵਿੱਚ ਸੀ।"
ਸੁਰੂਰ ਅਹਿਮਦ ਕਹਿੰਦੇ ਹਨ ਕਿ 35 ਫ਼ੀਸਦੀ ਤੋਂ ਘੱਟ ਮਤਦਾਨ ਹੋਣਾ ਵੀ ਭਾਜਪਾ ਦੇ ਖ਼ਿਲਾਫ਼ ਗਿਆ ਕਿਉਂਕਿ ਚੋਣ ਪ੍ਰਚਾਰ ਦੌਰਾਨ ਉਮੀਦਵਾਰ ਬਦਲੇ ਜਾਣ ਨਾਲ ਗਲਤ ਸੰਦੇਸ਼ ਗਿਆ।
ਉਹ ਦਾਅਵਾ ਕਰਦੇ ਹਨ ਕਿ ਜੇ ਪ੍ਰਸ਼ਾਂਤ ਕਿਸ਼ੋਰ ਮੈਦਾਨ ਵਿੱਚ ਨਾ ਹੁੰਦੇ ਤਾਂ ਵੋਟਿੰਗ ਫ਼ੀਸਦੀ 24 ਵੀ ਹੋ ਸਕਦੀ ਸੀ।
5. ਸਮਰਾਟ ਚੌਧਰੀ ਰਹੇ ਨਿਸ਼ਾਨੇ 'ਤੇ

ਤਸਵੀਰ ਸਰੋਤ, ANI
ਚੋਣ ਪ੍ਰਚਾਰ ਦੌਰਾਨ ਲਗਾਤਾਰ ਦੇਖਿਆ ਗਿਆ ਕਿ ਪ੍ਰਸ਼ਾਂਤ ਕਿਸ਼ੋਰ ਸਿਰਫ਼ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਹੀ ਨਿਸ਼ਾਨਾ ਬਣਾ ਰਹੇ ਸਨ।
ਸੁਰੂਰ ਅਹਿਮਦ ਕਹਿੰਦੇ ਹਨ ਕਿ ਪ੍ਰਸ਼ਾਂਤ ਕਿਸ਼ੋਰ ਨੇ ਸਮਰਾਟ ਚੌਧਰੀ ਦੇ ਕਾਨੂੰਨੀ ਮਾਮਲਿਆਂ ਨੂੰ ਮੁੱਦਾ ਬਣਾਇਆ ਅਤੇ ਸਰਕਾਰ ਦੇ ਕੰਮਕਾਜ 'ਤੇ ਸਵਾਲ ਚੁੱਕੇ, ਜਦਕਿ ਦੂਜੇ ਪਾਸੇ ਬਾਂਕੀਪੁਰ ਦਾ ਸਾਰਾ ਇਲਾਕਾ ਕਾਫ਼ੀ ਸਮਰੱਥ ਮੰਨਿਆ ਜਾਂਦਾ ਹੈ।
ਉਹ ਕਹਿੰਦੇ ਹਨ, "ਬਾਂਕੀਪੁਰ ਸੀਟ ਦੇ ਇਲਾਕੇ ਵਿੱਚ ਵਿਧਾਇਕਾਂ, ਸੰਸਦ ਮੈਂਬਰਾਂ, ਜੱਜਾਂ ਅਤੇ ਵਕੀਲਾਂ ਦੇ ਘਰ ਹਨ। ਇੱਕ ਤਰ੍ਹਾਂ ਨਾਲ ਇਹ ਇਲਾਕਾ ਕਾਫ਼ੀ ਪੜ੍ਹਿਆ-ਲਿਖਿਆ ਅਤੇ ਸਮਰੱਥ ਹੈ, ਇਸ ਲਈ ਸਮਰਾਟ ਚੌਧਰੀ ਨੂੰ ਨਿਸ਼ਾਨਾ ਬਣਾਉਣ ਵਾਲੀ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਨੇ ਵੀ ਕੰਮ ਕੀਤਾ।"
ਲਵ ਕੁਮਾਰ ਮਿਸ਼ਰਾ ਕਹਿੰਦੇ ਹਨ, "ਪ੍ਰਸ਼ਾਂਤ ਕਿਸ਼ੋਰ ਨੇ ਕਦੇ ਵੀ ਨਿਤਿਨ ਨਬੀਨ ਜਾਂ ਕਿਸੇ ਹੋਰ ਸੀਨੀਅਰ ਆਗੂ ਦਾ ਆਪਣੇ ਭਾਸ਼ਣਾਂ ਵਿੱਚ ਜ਼ਿਕਰ ਨਹੀਂ ਕੀਤਾ। ਉਨ੍ਹਾਂ ਨੇ ਜੋ ਵੀ ਹਮਲਾ ਕੀਤਾ, ਸਮਰਾਟ ਚੌਧਰੀ 'ਤੇ ਹੀ ਕੀਤਾ। ਆਪਣੇ ਭਾਸ਼ਣਾਂ ਵਿੱਚ ਉਹ ਸਮਰਾਟ ਚੌਧਰੀ ਨੂੰ ਭ੍ਰਿਸ਼ਟ ਅਤੇ ਅਪਰਾਧੀ ਦੱਸਦੇ ਰਹੇ।"
ਪ੍ਰਸ਼ਾਂਤ ਕਿਸ਼ੋਰ ਦੀ ਜਿੱਤ ਦੇ ਮਾਅਨੇ

ਤਸਵੀਰ ਸਰੋਤ, PTI
ਵਿਸ਼ਲੇਸ਼ਕ ਜ਼ਿਮਨੀ ਚੋਣ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਜਿੱਤ ਨੂੰ ਪ੍ਰਤੀਕਾਤਮਕ ਮੰਨਦੇ ਹਨ।
ਲਵ ਕੁਮਾਰ ਮਿਸ਼ਰਾ ਕਹਿੰਦੇ ਹਨ ਕਿ ਇਹ ਜਿੱਤ ਪ੍ਰਤੀਕਾਤਮਕ ਹੈ ਅਤੇ ਇਸ ਤੋਂ ਅੱਗੇ ਪ੍ਰਸ਼ਾਂਤ ਕਿਸ਼ੋਰ ਪੈਨ ਇੰਡੀਆ ਪੱਧਰ 'ਤੇ ਆਪਣੀ ਛਵੀ ਬਣਾਉਣ ਬਾਰੇ ਸੋਚਣਗੇ।
ਉਹ ਕਹਿੰਦੇ ਹਨ ਕਿ ਵਿਰੋਧੀ ਧਿਰ ਚਾਹੇ ਤਾਂ ਉਨ੍ਹਾਂ ਨੂੰ ਪੰਜਾਬ ਅਤੇ ਯੂਪੀ ਦੀਆਂ ਚੋਣਾਂ ਵਿੱਚ ਇੱਕ ਭਾਜਪਾ-ਵਿਰੋਧੀ ਚਿਹਰੇ ਵਜੋਂ ਚੋਣ ਪ੍ਰਚਾਰ ਲਈ ਲੈ ਜਾ ਸਕਦੀ ਹੈ।
ਲਵ ਕੁਮਾਰ ਮਿਸ਼ਰਾ ਕਹਿੰਦੇ ਹਨ, "ਮਤਦਾਨ ਤੋਂ ਪਹਿਲਾਂ ਬਿਹਾਰ ਪੁਲਿਸ ਨੇ ਰਾਤ ਦੋ ਵਜੇ 64 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਸੀਨੀਅਰ ਐਸਐਸਪੀ ਖ਼ਿਲਾਫ਼ ਮੁੱਖ ਚੋਣ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ ਸੀ। ਇਸ ਲਈ ਪ੍ਰਸ਼ਾਂਤ ਕਿਸ਼ੋਰ ਦੀ ਇਸ ਜਿੱਤ ਦਾ ਮਿਲਿਆ-ਜੁਲਿਆ ਅਸਰ ਹੋਵੇਗਾ।"
ਸੁਰੂਰ ਅਹਿਮਦ ਕਹਿੰਦੇ ਹਨ ਕਿ ਪ੍ਰਸ਼ਾਂਤ ਕਿਸ਼ੋਰ ਦੀ ਇਸ ਜਿੱਤ ਦੇ ਅਗਲੇ ਪ੍ਰਭਾਵ ਕੀ ਹੋਣਗੇ, ਇਹ ਸਮਾਂ ਹੀ ਦੱਸੇਗਾ, ਪਰ ਭਾਜਪਾ ਲਈ ਇਸ ਨੂੰ ਇੱਕ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






















