ਅੰਮ੍ਰਿਤਸਰ ਵਿੱਚ ਏਐੱਸਆਈ ਦਾ ਗੋਲ਼ੀ ਮਾਰ ਕੇ ਕਤਲ, ਹੁਣ ਤੱਕ ਕੀ-ਕੀ ਪਤਾ ਲੱਗਿਆ ਹੈ

ਅੰਮ੍ਰਿਤਸਰ ਵਿੱਚ ਏਐੱਸਆਈ ਦਾ ਗੋਲ਼ੀਆਂ ਮਾਰ ਕੇ ਕਤਲ

ਤਸਵੀਰ ਸਰੋਤ, @DGPPunjabPolice / X

ਤਸਵੀਰ ਕੈਪਸ਼ਨ, ਏਐੱਸਆਈ ਹਰਜੀਤ ਸਿੰਘ (ਫਾਈਲ ਫੋਟੋ)
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਸਹਾਇਕ ਥਾਣੇਦਾਰ (ਏਐੱਸਆਈ) ਦਾ ਗੋਲ਼ੀ ਮਾਰ ਕੇ ਕਤਲ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ, ਇਹ ਘਟਨਾ ਬੀਤੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ।

ਜਿਸ ਵੇਲੇ ਏਐੱਸਆਈ ਹਰਜੀਤ ਸਿੰਘ ਨੂੰ ਗੋਲ਼ੀ ਮਾਰੀ ਗਈ, ਉਹ ਡਿਊਟੀ ਉੱਤੇ ਸਨ। ਏਐੱਸਆਈ ਹਰਜੀਤ ਸਿੰਘ, ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਗੇਟ ਹਕੀਮਾਂ 'ਚ ਤਾਇਨਾਤ ਸਨ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਮੌਕੇ 'ਤੇ ਪਹੁੰਚੇ।

ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਪਰਿਵਾਰ ਨੂੰ ਹਰ ਲੋੜੀਂਦੀ ਮਦਦ ਦੇਣ ਦੀ ਗੱਲ ਕਹੀ ਹੈ।

ਦੂਜੇ ਪਾਸੇ,ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਅਤੇ ਸੂਬਾ ਸਰਕਾਰ 'ਤੇ ਸਵਾਲ ਚੁੱਕੇ ਹਨ।

ਵਾਰਦਾਤ ਬਾਰੇ ਡੀਜੀਪੀ ਨੇ ਕੀ ਦੱਸਿਆ

ਡੀਜੀਪੀ ਗੌਰਵ ਯਾਦਵ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਡੀਜੀਪੀ ਗੌਰਵ ਯਾਦਵ ਨੇ ਦੱਸਿਆ, ਦੁਪਹੀਆ ਵਾਹਨ 'ਤੇ ਉਨ੍ਹਾਂ ਪਿੱਛਾ ਕੀਤਾ ਗਿਆ ਅਤੇ 30 ਬੋਰ ਦੇ ਪਿਸਟਲ ਨਾਲ ਕਲੋਜ਼ ਰੇਂਜ 'ਤੇ ਹਮਲਾ ਕੀਤਾ ਗਿਆ

ਘਟਨਾ ਵਾਲੀ ਥਾਂ 'ਤੇ ਪਹੁੰਚੇ ਸੂਬੇ ਦੇ ਡੀਜੀਪੀ ਗੌਰਵ ਯਾਦਵ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ''ਕੱਲ੍ਹ ਰਾਤ ਸਾਡੇ ਏਐੱਸਆਈ ਹਰਜੀਤ ਸਿੰਘ ਦਾ ਕਤਲ ਹੋਇਆ ਹੈ, ਉਸੇ ਸਿਲਸਿਲੇ 'ਚ ਅੱਜ ਮੈਂ ਇੱਥੇ ਕ੍ਰਾਈਮ ਸੀਨ 'ਤੇ ਪਹੁੰਚਿਆ ਹਾਂ। ਇਸ ਤੋਂ ਪਹਿਲਾਂ ਮੈਂ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਤ ਕਰਕੇ ਦੁੱਖ ਸਾਂਝਾ ਕੀਤਾ।''

ਵਾਰਦਾਤ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ, ''ਇਸ ਦੀ ਪੂਰੀ ਤਕਨੀਕੀ ਅਤੇ ਪ੍ਰੋਫੈਸ਼ਨਲ ਜਾਂਚ ਕੀਤੀ ਜਾ ਰਹੀ ਹੈ। ਜੋ ਤੱਥ ਹੁਣ ਤੱਕ ਸਾਹਮਣੇ ਆਏ ਹਨ, ਇਹ ਤਕਰੀਬਨ ਰਾਤ ਸਾਢੇ ਬਾਰਾਂ ਵਜੇ ਦੀ ਘਟਨਾ ਹੈ। ਰਾਤ ਨੂੰ ਸਾਢੇ ਨੌਂ ਵਜੇ ਉਹ ਗੇਟ ਹਕੀਮਾਂ ਥਾਣੇ ਤੋਂ ਇੱਥੇ ਦਾਣਾ ਮੰਡੀ ਡਿਊਟੀ 'ਤੇ ਭੇਜੇ ਗਏ ਸਨ।''

''ਦੁਪਹੀਆ ਵਾਹਨ 'ਤੇ ਉਨ੍ਹਾਂ ਪਿੱਛਾ ਕੀਤਾ ਗਿਆ ਅਤੇ 30 ਬੋਰ ਦੇ ਪਿਸਟਲ ਨਾਲ ਕਲੋਜ਼ ਰੇਂਜ 'ਤੇ ਹਮਲਾ ਕੀਤਾ ਗਿਆ। ਇੱਕ ਸਾਨੂੰ 30 ਬੋਰ ਦਾ ਖੋਲ ਮੌਕੇ 'ਤੇ ਮਿਲਿਆ ਹੈ, ਉਸ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਮੌਕੇ 'ਤੇ ਖੂਨ ਦੇ ਵੀ ਕੁਝ ਨਿਸ਼ਾਨ ਹਨ।''

''ਇੱਕ ਗੋਲ਼ੀ ਉਨ੍ਹਾਂ ਦੇ ਪਿੱਛੇ ਗਰਦਨ ਕੋਲ ਵੱਜੀ ਸੀ। ਪੋਰਟਮਾਰਟਮ ਤੋਂ ਬਾਅਦ ਮੌਤ ਦਾ ਕਾਰਨ ਪਤਾ ਲੱਗ ਜਾਵੇਗਾ। ਸਾਡੀ ਟੀਮ ਵੱਖ-ਵੱਖ ਪਹਿਲੂਆਂ ਤੋਂ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਅਪਰਾਧੀਆਂ 'ਤੇ ਸਖਤ ਕਾਰਵਾਈ ਕਿੱਟ ਜਾਵੇਗੀ।''

ਸੀਐੱਮ ਭਗਵੰਤ ਮਾਨ ਨੇ ਕੀ ਕਿਹਾ

ਭਗਵੰਤ ਸਿੰਘ ਮਾਨ

ਤਸਵੀਰ ਸਰੋਤ, @BhagwantMann / X

ਤਸਵੀਰ ਕੈਪਸ਼ਨ, ਸੀਐੱਮ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੁੱਖ ਦੀ ਇਸ ਘੜੀ ਵਿੱਚ ਹਰਜੀਤ ਸਿੰਘ ਦੇ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ (ਫਾਈਲ ਫੋਟੋ)

ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ਉੱਤੇ ਇੱਕ ਪੋਸਟ ਪਾਉਂਦਿਆਂ ਕਿਹਾ ਕਿ ਸਹਾਇਕ ਥਾਣੇਦਾਰ ਹਰਜੀਤ ਸਿੰਘ ਨੇ ਡਿਊਟੀ ਮੌਕੇ ਆਪਣੀ ਜਾਨ ਗੁਆਈ ਹੈ।

ਉਨ੍ਹਾਂ ਲਿਖਿਆ, ''ਸਹਾਇਕ ਥਾਣੇਦਾਰ ਹਰਜੀਤ ਸਿੰਘ ਜੀ ਦੀ ਬਹਾਦਰੀ ਨੂੰ ਦਿਲੋਂ ਸਲਾਮ... ਉਨ੍ਹਾਂ ਦੀ ਅਥਾਹ ਹਿੰਮਤ ਅਤੇ ਡਿਊਟੀ ਪ੍ਰਤੀ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।''

ਉਨ੍ਹਾਂ ਅੱਗੇ ਲਿਖਿਆ, ''ਪੰਜਾਬ ਸਰਕਾਰ ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ... ਸਤਿਕਾਰ ਵਜੋਂ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਅਤੇ ਐੱਚਡੀਐਫ਼ਸੀ ਬੈਂਕ ਵੱਲੋਂ 1 ਕਰੋੜ ਰੁਪਏ ਦਾ ਵਾਧੂ ਬੀਮਾ ਪਰਿਵਾਰ ਨੂੰ ਦਿੱਤਾ ਜਾਵੇਗਾ।''

ਵਿਰੋਧੀਆਂ ਨੇ ਚੁੱਕੇ ਸਵਾਲ

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, @officeofssbadal / X

ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਬਾਦਲ ਨੇ ਕਿਹਾ, ਭਗਵੰਤ ਮਾਨ ਨੇ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਨਿਰਾਸ਼ ਕੀਤਾ ਹੈ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਐਕਸ ਪੋਸਟ ਵਿੱਚ ਲਿਖਿਆ, ''ਏਐੱਸਆਈ ਹਰਜੀਤ ਸਿੰਘ ਦੀ ਹੱਤਿਆ ਤੋਂ ਮੈਂ ਬਹੁਤ ਦੁਖੀ ਹਾਂ। 24 ਮਈ, 2026 ਨੂੰ ਪਹਿਲਾਂ ਏਐੱਸਆਈ ਜੋਗਾ ਸਿੰਘ ਅਤੇ ਹੁਣ ਇਹ ਦੁਖਦਾਈ ਘਟਨਾ ਪੰਜਾਬ ਦੀ ਕਾਨੂੰਨ-ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਜੇ ਸਾਡੇ ਰੱਖਿਅਕ ਹੀ ਸੁਰੱਖਿਅਤ ਨਹੀਂ ਹਨ, ਤਾਂ ਸੂਬੇ ਵਿੱਚ ਆਮ ਆਦਮੀ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦਾ ਹੈ?'

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਰਕਾਰ ਉੱਤੇ ਸਵਾਲ ਖੜੇ ਕਰਦਿਆਂ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ।

ਉਨ੍ਹਾਂ ਪਿਛਲੇ ਦਿਨਾਂ ਵਿੱਚ ਪੰਜਾਬ 'ਚ ਹੋਈਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਐਕਸ 'ਤੇ ਲਿਖਿਆ,"ਭਗਵੰਤ ਮਾਨ ਸ਼ਾਇਦ ਭੁੱਲ ਗਏ ਨੇ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਤੇ ਪੰਜਾਬ ਨੂੰ ਇੱਕ ਪੱਕੇ ਡੀਜੀਪੀ ਦੀ ਕਿੰਨੀ ਲੋੜ ਹੈ ਜੋ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੇਖੇ ਨਾ ਕਿ ਤੁਹਾਡੇ ਲਈ ਪ੍ਰਚਾਰ ਕਰਦਾ ਫਿਰੇ। ਨਾ ਪੰਜਾਬ ਪੁਲਿਸ ਸੁਰੱਖਿਅਤ ਹੈ ਤੇ ਨਾ ਹੀ ਆਮ ਲੋਕ ਤੇ ਫਿਰ ਕਿਹੜੀ ਮਜ਼ਬੂਤ ਕਾਨੂੰਨ ਵਿਵਸਥਾ ਦੇ ਤੁਸੀਂ ਢੋਲ ਵਜਾਉਂਦੇ ਹੋ।''

ਭਾਜਪਾ ਆਗੂ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਭਾਜਪਾ ਆਗੂ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਕਿਹਾ ਕਿ ਭਗਵੰਤ ਮਾਨ ਦੀ 'ਆਪ' ਸਰਕਾਰ - ਜਿਸ ਨੂੰ ਕੇਜਰੀਵਾਲ ਦਾ ਆਸ਼ੀਰਵਾਦ ਪ੍ਰਾਪਤ ਹੈ - ਪੂਰੀ ਤਰ੍ਹਾਂ ਨਾਕਾਮ ਰਹੀ ਹੈ

ਭਾਜਪਾ ਆਗੂ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਸਮਾਚਾਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਕਿਹਾ, "ਇਹ ਬਹੁਤ ਦੁਖਦਾਈ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦਾ ਮਨੋਬਲ ਤੋੜਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।''

ਉਨ੍ਹਾਂ ਕਿਹਾ, ''22 ਪੁਲਿਸ ਥਾਣਿਆਂ ਅਤੇ ਭਾਜਪਾ ਹੈੱਡਕੁਆਰਟਰ 'ਤੇ ਗ੍ਰਨੇਡ ਨਾਲ ਹਮਲੇ ਹੋਏ ਹਨ, ਪੰਜਾਬ ਪੁਲਿਸ ਹੈੱਡਕੁਆਰਟਰ 'ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ।''

''ਹਾਲ ਹੀ ਵਿੱਚ ਅਜਿਹੀਆਂ ਚਾਰ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਵਿੱਚ ਵਰਦੀ ਪਹਿਨੇ ਪੁਲਿਸ ਮੁਲਾਜ਼ਮਾਂ 'ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਹਮਲਾਵਰ ਗੋਲੀ ਚਲਾਉਂਦੇ ਹਨ, ਵੀਡੀਓ ਰਿਕਾਰਡ ਕਰਦੇ ਹਨ ਅਤੇ ਤਸਵੀਰਾਂ ਪੋਸਟ ਕਰਦੇ ਹਨ, ਜਦਕਿ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਹਮਲਿਆਂ ਨੂੰ ਮੰਨਣ ਤੋਂ ਇਨਕਾਰ ਕਰ ਰਹੀ ਹੈ।''

ਉਨ੍ਹਾਂ ਕਿਹਾ, ''ਇਹ ਭਿਆਨਕ ਸਥਿਤੀ ਹੈ, ਜਿਨ੍ਹਾਂ ਦੇ ਸਿਰ ਸੁਰੱਖਿਆ ਦੀ ਜ਼ਿੰਮੇਵਾਰੀ ਹੈ ਅੱਜ ਉਹ ਅੱਤਵਾਦ ਦੀ ਬਲਿ ਚੜ੍ਹ ਰਹੇ ਸਨ। ਸੂਬੇ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਭਗਵੰਤ ਮਾਨ ਦੀ 'ਆਪ' ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)