ਦਿੱਲੀ ਪ੍ਰਦਰਸ਼ਨ: ਰਾਹੁਲ ਗਾਂਧੀ ਨੇ ਕਿਹਾ, ਸੋਮਵਾਰ ਨੂੰ ਵਿਰੋਧੀ ਪਾਰਟੀਆਂ ਸੁਪਰੀਮ ਕੋਰਟ ਤੱਕ ਮਾਰਚ ਕੱਢਣਗੀਆਂ

ਰਾਹੁਲ ਗਾਂਧੀ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 18 ਮਿੰਟ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਿੱਲੀ ਵਿੱਚ ਸੁਪਰੀਮ ਕੋਰਟ ਤੱਕ ਮਾਰਚ ਕੱਢਣ ਦਾ ਐਲਾਨ ਕੀਤਾ ਹੈ।

ਉਨ੍ਹਾਂ ਕਿਹਾ, "ਵਿਰੋਧੀ ਪਾਰਟੀਆਂ, ਸਿਵਲ ਸੁਸਾਇਟੀ ਦੇ ਸੰਗਠਨ ਅਤੇ ਆਮ ਨਾਗਰਿਕ 'ਵੋਟ ਚੋਰੀ' ਨੂੰ ਰੋਕਣ, ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਨੂੰ ਤੁਰੰਤ ਬੰਦ ਕਰਨ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਮਾਰਚ ਕਰਨਗੇ।"

ਉਨ੍ਹਾਂ ਕਿਹਾ ਕਿ ਮਾਰਚ ਦੌਰਾਨ ਭਾਰਤ ਦੇ ਮੁੱਖ ਜੱਜ ਨੂੰ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ, ਜਿਸ ਵਿੱਚ 'ਵੋਟ ਚੋਰੀ' ਨੂੰ ਰੋਕਣ, ਐੱਸਆਈਆਰ ਪ੍ਰਕਿਰਿਆ ਨੂੰ ਬੰਦ ਕਰਨ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਜਾਵੇਗੀ।

ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕੀਤੀ ਇੱਕ ਪੋਸਟ ਵਿੱਚ ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਕਿ ਸ਼ਨੀਵਾਰ ਨੂੰ ਦਿੱਲੀ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਪਹੁੰਚੇ ਨੌਜਵਾਨਾਂ 'ਤੇ ਪੁਲਿਸ ਅਤੇ ਭਾਜਪਾ ਦੇ ਵਰਕਰਾਂ ਨੇ ਹਮਲਾ ਕੀਤਾ।

ਉਨ੍ਹਾਂ ਕਿਹਾ, "ਪ੍ਰਦਰਸ਼ਨਕਾਰੀ ਨਫ਼ਰਤ ਜਾਂ ਗੁੱਸੇ ਨਾਲ ਨਹੀਂ, ਸਗੋਂ ਪਿਆਰ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਭਾਵਨਾ ਨਾਲ ਆਏ ਸਨ।"

ਰਾਹੁਲ ਗਾਂਧੀ ਨੇ ਲੋਕਾਂ ਨੂੰ ਪਾਰਟੀ, ਜਾਤੀ, ਧਰਮ, ਭਾਈਚਾਰੇ, ਸੂਬੇ ਅਤੇ ਲਿੰਗਕ ਪਛਾਣ ਤੋਂ ਉੱਪਰ ਉੱਠ ਕੇ ਇਸ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਹੋਏ ਪ੍ਰਦਰਸ਼ਨ ਦੌਰਾਨ ਦਿੱਲੀ ਵਿੱਚ ਰਾਹੁਲ ਗਾਂਧੀ ਦੀ ਮੌਜੂਦਗੀ ਨਾ ਹੋਣ ਨੂੰ ਲੈ ਕੇ ਉਨ੍ਹਾਂ ਦੀ ਰਣਨੀਤੀ 'ਤੇ ਸਵਾਲ ਖੜ੍ਹੇ ਕੀਤੇ ਗਏ ਸਨ।

ਹਾਲਾਂਕਿ, ਕਾਂਗਰਸ ਵੱਲੋਂ ਕਿਹਾ ਗਿਆ ਸੀ ਕਿ ਉਹ ਚੇਨਈ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਪਹਿਲਾਂ ਤੋਂ ਤੈਅ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਗਏ ਸਨ। ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਹੋਈਆਂ ਪੁਲਿਸ ਕਾਰਵਾਈਆਂ ਦੀ ਆਲੋਚਨਾ ਕਰਦਿਆਂ ਇੱਕ ਵੀਡੀਓ ਜਾਰੀ ਕੀਤਾ ਸੀ।

ਅਭਿਜੀਤ ਦੀਪਕੇ ਦਾ ਦਿੱਲੀ ਪੁਲਿਸ ਨੂੰ ਜਵਾਬ- 'ਮੈਨੂੰ ਆਪਣੇ ਪਿਤਾ ਨੂੰ ਫ਼ੋਨ ਕਰਕੇ ਇਹ ਦੱਸਣ ਲਈ ਕਿਹਾ ਗਿਆ...'

ਅਭਿਜੀਤ ਦੀਪਕੇ

ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ ਦੇ ਉਸ ਇਲਜ਼ਾਮ ਦਾ ਜਵਾਬ ਦਿੱਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦੀਪਕੇ ਨੇ ਆਪਣੇ ਮਾਪਿਆਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਐਤਵਾਰ ਸਵੇਰੇ ਰਿਹਾਅ ਕੀਤੇ ਜਾਣ ਤੋਂ ਬਾਅਦ ਅਭਿਜੀਤ ਦੀਪਕੇ ਆਪਣੀ ਦਾਦੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਆਪਣੇ ਪਿੰਡ ਰਵਾਨਾ ਹੋ ਗਏ ਸਨ।

ਐਤਵਾਰ ਸ਼ਾਮ ਨੂੰ ਹੋਈ ਪੁਲਿਸ ਪ੍ਰੈੱਸ ਕਾਨਫ਼ਰੰਸ ਵਿੱਚ ਲਾਏ ਗਏ ਇਲਜ਼ਾਮਾਂ 'ਤੇ ਦੀਪਕੇ ਨੇ ਐਕਸ 'ਤੇ ਪੋਸਟ ਰਾਹੀਂ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਲਿਖਿਆ, "ਮੈਂ ਬੇਨਤੀ ਕੀਤੀ ਸੀ ਕਿ ਮੈਨੂੰ ਆਪਣੇ ਉਸ ਚਚੇਰੇ ਭਰਾ ਨਾਲ ਗੱਲ ਕਰਨ ਦਿੱਤੀ ਜਾਵੇ, ਜੋ ਮੇਰੀ ਦਾਦੀ ਨਾਲ ਰਹਿੰਦਾ ਹੈ। ਮੈਂ ਸਿਰਫ਼ ਕੁਝ ਮਿੰਟਾਂ ਲਈ ਆਪਣਾ ਫ਼ੋਨ ਮੰਗਿਆ ਸੀ, ਤਾਂ ਜੋ ਘੱਟੋ-ਘੱਟ ਆਪਣੇ ਚਚੇਰੇ ਭਰਾ ਦਾ ਨੰਬਰ ਕੱਢ ਸਕਾਂ।''

''ਦਿੱਲੀ ਪੁਲਿਸ ਨੇ ਮੈਨੂੰ ਆਪਣਾ ਫ਼ੋਨ ਵਰਤਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ? ਮੈਂ ਆਪਣੇ ਵਕੀਲ ਨਾਲ ਗੱਲ ਕਰਵਾਉਣ ਦੀ ਵੀ ਬੇਨਤੀ ਕੀਤੀ ਸੀ, ਪਰ ਉਹ ਵੀ ਠੁਕਰਾ ਦਿੱਤੀ ਗਈ।"

ਦੀਪਕੇ ਨੇ ਇਹ ਵੀ ਦਾਅਵਾ ਕੀਤਾ ਕਿ ਪੁਲਿਸ ਨੇ ਸੋਮਵਾਰ ਤੜਕੇ ਸਾਢੇ ਤਿੰਨ ਵਜੇ ਉਨ੍ਹਾਂ ਦੇ ਪਿਤਾ ਨੂੰ ਫ਼ੋਨ ਕਰਨ ਦੀ ਪੇਸ਼ਕਸ਼ ਕੀਤੀ।

ਉਨ੍ਹਾਂ ਲਿਖਿਆ, "ਦਿੱਲੀ ਪੁਲਿਸ ਮੈਨੂੰ ਕਹਿੰਦੀ ਹੈ ਕਿ ਮੈਂ ਆਪਣੇ ਪਿਤਾ ਨੂੰ ਫ਼ੋਨ ਕਰਕੇ ਦੱਸ ਦਿਆਂ ਕਿ ਅਗਲੇ ਦਿਨ ਮੈਨੂੰ ਲੰਬੇ ਸਮੇਂ ਲਈ ਜੇਲ੍ਹ ਭੇਜ ਦਿੱਤਾ ਜਾਵੇਗਾ।"

"ਉਹੀ ਪਿਤਾ, ਜਿਨ੍ਹਾਂ ਨੇ ਹੁਣੇ-ਹੁਣੇ ਆਪਣੀ ਮਾਂ ਨੂੰ ਗੁਆਇਆ ਹੈ। ਮੇਰੀ ਦਾਦੀ ਦੇ ਦੇਹਾਂਤ ਤੋਂ ਬਾਅਦ ਤੁਸੀਂ ਮੇਰੇ ਪਰਿਵਾਰ ਨੂੰ ਹੋਰ ਕਿੰਨਾ ਮਾਨਸਿਕ ਸਦਮਾ ਪਹੁੰਚਾਉਣਾ ਚਾਹੁੰਦੇ ਸੀ?"

"ਆਖ਼ਰ ਰਾਤ ਸਾਢੇ ਤਿੰਨ ਵਜੇ ਮੇਰੇ ਮਾਪਿਆਂ ਨੂੰ ਫ਼ੋਨ ਕਰਵਾਉਣ ਦੀ ਕੋਸ਼ਿਸ਼ ਕਰਨ ਦਾ ਮਕਸਦ ਕੀ ਸੀ? ਕੀ ਤੁਸੀਂ ਉਨ੍ਹਾਂ ਨੂੰ ਹੋਰ ਪਰੇਸ਼ਾਨ ਕਰਨਾ ਚਾਹੁੰਦੇ ਸੀ?"

ਦਿੱਲੀ ਪੁਲਿਸ ਦੀ ਡੀਸੀਪੀ ਨੇਹਾ ਯਾਦਵ ਨੇ ਪ੍ਰੈੱਸ ਕਾਨਫਰੰਸ ਕੀਤੀ
ਤਸਵੀਰ ਕੈਪਸ਼ਨ, ਦਿੱਲੀ ਪੁਲਿਸ ਦੀ ਡੀਸੀਪੀ ਨੇਹਾ ਯਾਦਵ ਨੇ ਪ੍ਰੈੱਸ ਕਾਨਫਰੰਸ ਕੀਤੀ

10 ਅਕਤੂਬਰ ਨੂੰ ਅਭਿਜੀਤ ਦੀਪਕੇ ਨੂੰ ਜਹਾਜ਼ ਵਿੱਚੋਂ ਹਿਰਾਸਤ ਵਿੱਚ ਲਏ ਜਾਣ ਦੇ ਮਾਮਲੇ ਵਿੱਚ ਆਲੋਚਨਾ ਦਾ ਸਾਹਮਣਾ ਕਰ ਰਹੀ ਦਿੱਲੀ ਪੁਲਿਸ ਨੇ ਐਤਵਾਰ ਸ਼ਾਮ ਨੂੰ ਪ੍ਰੈੱਸ ਕਾਨਫ਼ਰੰਸ ਕਰ ਕੇ ਆਪਣਾ ਪੱਖ ਰੱਖਿਆ ਹੈ।

ਦਿੱਲੀ ਪੁਲਿਸ ਦੇ ਸ਼ਾਹਦਰਾ ਜ਼ੋਨ ਦੀ ਡੀਸੀਪੀ ਨੇਹਾ ਯਾਦਵ ਨੇ ਇਹ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੀਜੇਪੀ ਦੀ ਕੁਝ ਘੰਟੇ ਪਹਿਲਾਂ ਹੋਈ ਪ੍ਰੈੱਸ ਕਾਨਫ਼ਰੰਸ ਵਿੱਚ ਲਾਏ ਗਏ ਇਲਜ਼ਾਮਾਂ ਦਾ ਜਵਾਬ ਦਿੱਤਾ।

ਦੀਪਕੇ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਪਹਿਲਾਂ ਤੋਂ ਹਿਰਾਸਤ ਵਿੱਚ ਲਏ ਜਾਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ।

ਡੀਸੀਪੀ ਨੇ ਇੱਕ ਰਿਕਾਰਡ ਕੀਤੀ ਵੀਡੀਓ ਚਲਾ ਕੇ ਦਾਅਵਾ ਕੀਤਾ ਕਿ ਜਿਵੇਂ ਹੀ ਪੁਲਿਸ ਅਧਿਕਾਰੀਆਂ ਨੂੰ ਦੀਪਕੇ ਦੀ ਦਾਦੀ ਦੇ ਦੇਹਾਂਤ ਦੀ ਜਾਣਕਾਰੀ ਮਿਲੀ, ਉਨ੍ਹਾਂ ਨੇ ਦੀਪਕੇ ਕੋਲ ਜਾ ਕੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ।

ਇਸ ਤੋਂ ਬਾਅਦ ਉਨ੍ਹਾਂ ਨੂੰ ਇਹ ਪੇਸ਼ਕਸ਼ ਵੀ ਕੀਤੀ ਗਈ ਕਿ ਪੁਲਿਸ ਹਵਾਈ ਯਾਤਰਾ ਰਾਹੀਂ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਪਹੁੰਚਾਉਣ ਦਾ ਪ੍ਰਬੰਧ ਕਰ ਸਕਦੀ ਹੈ।

ਪਰ ਡੀਸੀਪੀ ਨੇਹਾ ਯਾਦਵ ਦਾ ਦਾਅਵਾ ਹੈ ਕਿ ਦੀਪਕੇ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਨੇ ਦੀਪਕੇ ਨੂੰ ਮੁੜ ਵਿਚਾਰ ਕਰਨ ਲਈ ਸਮਾਂ ਵੀ ਦਿੱਤਾ, ਪਰ ਉਨ੍ਹਾਂ ਨੇ ਆਪਣਾ ਫ਼ੈਸਲਾ ਨਹੀਂ ਬਦਲਿਆ।

ਇਸ ਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਗਿਆ ਕਿ ਦਿੱਲੀ ਪੁਲਿਸ ਨੇ ਦੀਪਕੇ ਨੂੰ ਆਪਣੇ ਮਾਪਿਆਂ ਨਾਲ ਗੱਲ ਕਰਨ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਨਹੀਂ ਕੀਤਾ।

ਦਿੱਲੀ ਪੁਲਿਸ ਨੇ ਕਿਹਾ ਕਿ ਸੀਜੇਪੀ ਨੇ ਪੁਲਿਸ ਦੀ ਗ਼ਲਤ ਤਸਵੀਰ ਪੇਸ਼ ਕੀਤੀ ਹੈ। ਇਸ ਦੇ ਨਾਲ ਹੀ ਇਲਜ਼ਾਮ ਲਾਇਆ ਕਿ ਦੀਪਕੇ ਨੇ ਪਿਛਲੇ ਪ੍ਰਦਰਸ਼ਨ ਦੌਰਾਨ ਵੀ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਸੀ।

ਇਸ ਵਾਰ ਵੀ ਸੀਜੇਪੀ ਨੇ ਕਾਨੂੰਨ ਦੀ ਪਾਲਣਾ ਨਹੀਂ ਕੀਤੀ। ਪੁਲਿਸ ਮੁਤਾਬਕ, ਇਸ ਵਾਰ ਦੀਪਕੇ ਨੂੰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਅਤੇ ਦਿੱਲੀ ਦੇ ਲੋਕਾਂ ਦੀ ਸੁਰੱਖਿਆ ਲਈ ਪਾਬੰਦੀਆਂ ਲਗਾਈਆਂ ਗਈਆਂ ਸਨ।

ਦਿੱਲੀ ਪੁਲਿਸ ਵੱਲੋਂ ਦਿਖਾਈ ਗਈ ਵੀਡੀਓ ਵਿੱਚ ਕੀ ਹੈ?

ਇਸ ਵੀਡੀਓ ਵਿੱਚ ਅਭਿਜੀਤ ਦੀਪਕੇ ਵਰਗਾ ਦਿਖਾਈ ਦੇਣ ਵਾਲਾ ਇੱਕ ਵਿਅਕਤੀ ਕੁਰਸੀ 'ਤੇ ਬੈਠਾ ਹੈ ਅਤੇ ਦੋ ਮਹਿਲਾ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਦਾਦੀ ਦੀ ਮੌਤ ਦੀ ਜਾਣਕਾਰੀ ਦਿੰਦੀਆਂ ਦਿਖਾਈ ਦਿੰਦੀਆਂ ਹਨ।

ਇਸ ਤੋਂ ਬਾਅਦ ਵੀਡੀਓ ਵਿੱਚ ਸਾਦੇ ਕੱਪੜਿਆਂ ਵਿੱਚ ਇੱਕ ਪੁਰਸ਼ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਹਵਾਈ ਯਾਤਰਾ ਰਾਹੀਂ ਜਾਣ ਦੀ ਪੇਸ਼ਕਸ਼ ਕਰਦਾ ਹੈ, ਜਿਸ ਦੇ ਜਵਾਬ ਵਿੱਚ ਉਹ ਕਹਿੰਦੇ ਹਨ, "ਮੈਂ ਇੱਥੇ ਹੀ ਰਹਾਂਗਾ।"

ਵਿਰੋਧ ਪ੍ਰਦਰਸ਼ਨਾਂ ਦੌਰਾਨ ਰੇਲ ਗੱਡੀਆਂ ਅਤੇ ਮੈਟਰੋ ਰੋਕਣ 'ਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ

ਸੁਪਰੀਮ ਕੋਰਟ
ਤਸਵੀਰ ਕੈਪਸ਼ਨ, ਸੁਪਰੀਮ ਕੋਰਟ ਨੇ ਪਹਿਲੀ ਨਜ਼ਰੇ ਇਸ ਨੂੰ ਅਦਾਲਤੀ ਮਾਣਹਾਨੀ (ਕੰਟੈਂਪਟ) ਦਾ ਮਾਮਲਾ ਬਣਦਾ ਪਾਇਆ ਹੈ

ਦਿੱਲੀ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ 9 ਅਕਤੂਬਰ ਨੂੰ ਸੁਣਵਾਈ ਦੌਰਾਨ ਦਿੱਤੇ ਗਏ ਹੁਕਮਾਂ ਦੀ ਕਥਿਤ ਉਲੰਘਣਾ ਦੇ ਮਾਮਲੇ ਵਿੱਚ ਪਹਿਲੀ ਨਜ਼ਰੇ ਅਦਾਲਤੀ ਮਾਣਹਾਨੀ (ਕੰਟੈਂਪਟ) ਦਾ ਮਾਮਲਾ ਬਣਦਾ ਪਾਇਆ ਹੈ।

ਇਹ ਜਾਣਕਾਰੀ ਕਾਨੂੰਨੀ ਮਾਮਲਿਆਂ ਦੀ ਰਿਪੋਰਟਿੰਗ ਕਰਨ ਵਾਲੇ ਲਾਈਵ ਲਾਅ ਨੇ ਦਿੱਤੀ ਹੈ।

9 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਕਾਕਰੋਚ ਜਨਤਾ ਪਾਰਟੀ ਅਤੇ ਕਈ ਵਿਰੋਧੀ ਪਾਰਟੀਆਂ ਦੇ ਅਗਲੇ ਦਿਨ ਹੋਣ ਵਾਲੇ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਆਉਣ ਵਾਲੀਆਂ ਰੇਲ ਗੱਡੀਆਂ ਅਤੇ ਮੈਟਰੋ ਸੇਵਾਵਾਂ ਨੂੰ ਰੋਕਣ ਦੀ ਬਜਾਏ ਉਨ੍ਹਾਂ ਨੂੰ ਕੰਟ੍ਰੋਲ ਢੰਗ ਨਾਲ ਚਲਾਉਣ ਦੇ ਮੌਖਿਕ ਨਿਰਦੇਸ਼ ਦਿੱਤੇ ਸਨ।

ਲਾਈਵ ਲਾਅ ਮੁਤਾਬਕ, ਸੁਪਰੀਮ ਕੋਰਟ ਨੇ ਕਿਹਾ ਕਿ ਪਟੀਸ਼ਨਕਰਤਾਵਾਂ ਨੇ ਇਹ ਦਿਖਾਉਣ ਲਈ ਪਹਿਲੀ ਨਜ਼ਰੇ ਲੋੜੀਂਦੇ ਆਧਾਰ ਪੇਸ਼ ਕੀਤੇ ਹਨ ਕਿ ਅਦਾਲਤ ਦੇ ਨਿਰਦੇਸ਼ਾਂ ਦੇ ਬਾਵਜੂਦ ਮੈਟਰੋ ਸਟੇਸ਼ਨਾਂ ਨੂੰ ਬੰਦ ਕੀਤਾ ਗਿਆ, ਜਿਸ ਨਾਲ ਹੁਕਮਾਂ ਦੀ ਉਲੰਘਣਾ ਹੋਈ ਹੋ ਸਕਦੀ ਹੈ।

ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਕੱਤਰ ਗੋਵਿੰਦ ਮੋਹਨ, ਦਿੱਲੀ ਪੁਲਿਸ ਕਮਿਸ਼ਨਰ ਅਤੇ ਡੀਐੱਮਆਰਸੀ ਦੀ ਚੇਅਰਪਰਸਨ ਡੀ. ਥਾਰਾ ਨੂੰ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ।

ਅਦਾਲਤ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ 13 ਅਕਤੂਬਰ ਤੱਕ ਜਵਾਬੀ ਹਲਫ਼ਨਾਮਾ ਅਤੇ ਪਾਲਣਾ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। ਫਿਲਹਾਲ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਤੋਂ ਛੋਟ ਦਿੱਤੀ ਗਈ ਹੈ।

ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਦਾਖ਼ਲ ਕੀਤੇ ਗਏ ਜਵਾਬਾਂ ਅਤੇ ਪਾਲਣਾ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਬਾਰੇ ਵਿਚਾਰ ਕੀਤਾ ਜਾਵੇਗਾ।

ਨੇਹਾ ਬੋਰਾ
ਤਸਵੀਰ ਕੈਪਸ਼ਨ, ਵਿਦਿਆਰਥੀ ਆਗੂ ਨੇਹਾ ਬੋਰਾ ਨੂੰ ਪੁਲਿਸ ਨੇ ਮੁੜ ਹਿਰਾਸਤ ਵਿੱਚ ਲਿਆ

ਐੱਸਆਈਆਰ ਖ਼ਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੀ ਆਇਸਾ (ਏਆਈਐੱਸਏ) ਦੇ ਕੌਮੀ ਪ੍ਰਧਾਨ ਨੇਹਾ ਬੋਰਾ ਨੂੰ ਐਤਵਾਰ ਨੂੰ ਪੁਲਿਸ ਨੇ ਜੰਤਰ-ਮੰਤਰ ਨੇੜਿਓਂ ਮੁੜ ਹਿਰਾਸਤ ਵਿੱਚ ਲੈ ਲਿਆ।

ਨੇਹਾ ਬੋਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੂੰ ਹੋਰ ਲੋਕਾਂ ਨਾਲ ਭੱਜਦੇ ਹੋਏ ਦੇਖਿਆ ਜਾ ਸਕਦਾ ਹੈ।

ਬੀਤੀ 2 ਅਕਤੂਬਰ ਤੋਂ ਦਿੱਲੀ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਜਾਰੀ ਪ੍ਰਦਰਸ਼ਨਾਂ ਦੌਰਾਨ ਨੇਹਾ ਬੋਰਾ ਇੱਕ ਪ੍ਰਮੁੱਖ ਚਿਹਰੇ ਵਜੋਂ ਉੱਭਰੇ ਹਨ। ਲਗਭਗ ਹਰ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਹੈ।

ਸ਼ਨੀਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ਪਹੁੰਚਣ ਵਾਲੇ ਰਸਤਿਆਂ 'ਤੇ ਸਖ਼ਤ ਪਹਿਰੇ ਦੇ ਵਿਚਕਾਰ ਉਨ੍ਹਾਂ ਨੇ ਅਚਾਨਕ ਦਿੱਲੀ ਹਾਟ ਪਹੁੰਚ ਕੇ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਐਤਵਾਰ ਨੂੰ ਉਨ੍ਹਾਂ ਨੇ ਆਪਣੀ ਰਣਨੀਤੀ ਬਦਲੀ। ਇੱਕ ਵੀਡੀਓ ਜਾਰੀ ਕਰਕੇ ਪ੍ਰਦਰਸ਼ਨ ਦੀ ਥਾਂ ਅਤੇ ਸਮਾਂ ਦੱਸਿਆ ਅਤੇ ਆਪਣੇ ਸਮਰਥਕਾਂ ਨੂੰ ਉੱਥੇ ਪਹੁੰਚਣ ਦਾ ਸੁਨੇਹਾ ਦਿੱਤਾ। ਇਸ ਤੋਂ ਬਾਅਦ ਉਹ ਖ਼ੁਦ ਵੀ ਉੱਥੇ ਪਹੁੰਚੇ ਅਤੇ ਪ੍ਰਦਰਸ਼ਨ ਕੀਤਾ। ਐਤਵਾਰ ਨੂੰ ਵੀ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਸੀਜੇਪੀ ਦੀ ਪ੍ਰੈੱਸ ਕਾਨਫਰੰਸ

ਐਤਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ਦੇ ਆਲੇ-ਦੁਆਲੇ ਭਾਰੀ ਪੁਲਿਸ ਤਾਇਨਾਤ ਕੀਤੀ ਗਈ। ਸੀਜੇਪੀ ਨੇ ਐਤਵਾਰ ਨੂੰ ਵੀ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।

ਇਸ ਦੌਰਾਨ, ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ, ਸਹਿ-ਕਨਵੀਨਰ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਪੁਲਿਸ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਹੈ।

ਇਸ ਤੋਂ ਬਾਅਦ, ਸੀਜੇਪੀ ਦੇ ਅਧਿਕਾਰਤ ਹੈਂਡਲ ਤੋਂ ਇੱਕ ਪੋਸਟ ਲਿਖੀ ਗਈ, "ਕਾਕਰੋਚ ਕਦੇ ਨਹੀਂ ਮਰਦੇ।"

ਅਭਿਜੀਤ ਦੀਪਕੇ ਨੇ ਪੁਲਿਸ ਹਿਰਾਸਤ ਤੋਂ ਰਿਹਾਅ ਹੋਣ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ।

ਐਤਵਾਰ ਨੂੰ, ਅਭਿਜੀਤ ਦੀਪਕੇ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੂੰ "ਕਾਇਰ" ਕਿਹਾ।

ਅਭਿਜੀਤ ਨੇ ਐਕਸ 'ਤੇ ਪੋਸਟ ਕੀਤਾ, "ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਮੋਦੀ ਭਾਰਤ ਲਈ ਸ਼ਰਮਿੰਦਗੀ ਦਾ ਕਾਰਨ ਹਨ। ਇਸ ਦੇਸ਼ ਨੇ ਉਨ੍ਹਾਂ ਤੋਂ ਵੱਧ ਕਾਇਰ ਅਤੇ ਡਰਾਉਣ ਵਾਲਾ ਵਿਅਕਤੀ ਕਦੇ ਨਹੀਂ ਦੇਖਿਆ।"

ਸੀਜੇਪੀ

ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਆਪਣੇ ਪਰਿਵਾਰ ਨਾਲ ਰਹਿਣ ਲਈ ਆਪਣੇ ਪਿੰਡ ਵਾਪਸ ਜਾ ਰਹੇ ਹਨ।

ਦੀਪਕੇ ਨੇ ਲਿਖਿਆ, "ਸੀਜੇਪੀ ਨਾ ਤਾਂ ਪਿੱਛੇ ਹਟੇਗੀ ਅਤੇ ਨਾ ਹੀ ਡਰੇਗੀ। 10 ਅਕਤੂਬਰ ਨੂੰ ਇਸ ਤਾਨਾਸ਼ਾਹੀ ਦੇ ਅੰਤ ਦੀ ਸ਼ੁਰੂਆਤ ਵਜੋਂ ਯਾਦ ਕੀਤਾ ਜਾਵੇਗਾ।"

ਲਾਈਵ ਲਾਅ ਦੇ ਅਨੁਸਾਰ, ਤਿੰਨਾਂ ਪ੍ਰਮੁੱਖ ਸੀਜੇਪੀ ਨੇਤਾਵਾਂ ਨੂੰ ਇੱਕ ਕਾਰਜਕਾਰੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਨੇ ਉਨ੍ਹਾਂ ਦੀ ਰਿਹਾਈ ਦਾ ਹੁਕਮ ਦਿੱਤਾ। ਉਨ੍ਹਾਂ ਨੂੰ ਦਿੱਲੀ ਛਾਉਣੀ ਦੀ ਐੱਸਈਐੱਮ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ਦੇ ਵਕੀਲ ਸੌਤਿਕ ਬੈਨਰਜੀ ਨੇ ਪੁਸ਼ਟੀ ਕੀਤੀ ਕਿ ਉਹ ਹੁਣ ਜਾ ਸਕਦੇ ਹਨ।

ਦਿੱਲੀ ਪੁਲਿਸ ਨੇ ਐਕਸ 'ਤੇ ਲਿਖਿਆ, "ਮੈਜਿਸਟ੍ਰੇਟ ਨੇ ਤਿੰਨਾਂ ਨੂੰ ਚੰਗੇ ਆਚਰਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਸ਼ਰਤ ਦੇ ਅਧੀਨ ਇੱਕ ਸਾਲ ਦੀ ਮਿਆਦ ਲਈ 50,000 ਰੁਪਏ ਦੇ ਮੁਚਲਕੇ 'ਤੇ ਰਿਹਾਅ ਕਰ ਦਿੱਤਾ ਹੈ।"

ਦਰਅਸਲ, ਦੀਪਕੇ ਸਣੇ ਤਿੰਨਾਂ ਨੇਤਾਵਾਂ ਨੂੰ ਦਿੱਲੀ ਪੁਲਿਸ ਨੇ 10 ਅਕਤੂਬਰ ਨੂੰ ਦਿੱਲੀ ਹਵਾਈ ਅੱਡੇ 'ਤੇ ਇੱਕ ਜਹਾਜ਼ ਤੋਂ ਹਿਰਾਸਤ ਵਿੱਚ ਲਿਆ ਸੀ।

ਰਿਹਾਅ ਹੋਣ ਮਗਰੋਂ ਸੀਜੇਪੀ ਨੇ ਕੀਤੀ ਪ੍ਰੈੱਸ ਕਾਨਫਰੰਸ

ਸੀਜੇਪੀ ਪ੍ਰੈੱਸ ਕਾਨਫਰੰਸ
ਤਸਵੀਰ ਕੈਪਸ਼ਨ, ਰਿਹਾਅ ਹੋਣ ਮਗਰੋਂ ਆਸ਼ੂਤੋਸ਼ ਰਾਂਕਾ ਅਤੇ ਸੌਰਵ ਦਾਸ ਨੇ ਪ੍ਰੈੱਸ ਕਾਨਫਰੰਸ ਕੀਤੀ

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਬੁਲਾਰੇ ਆਸ਼ੂਤੋਸ਼ ਰਾਂਕਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਸਵਾਲ ਚੁੱਕਦਿਆਂ ਪਿਛਲੇ 72 ਘੰਟਿਆਂ ਦੌਰਾਨ ਬਣੇ ਹਾਲਾਤ ਨੂੰ ਦੇਸ਼ ਲਈ ਨਮੋਸ਼ੀ ਦਾ ਕਾਰਨ ਦੱਸਿਆ।

ਉਨ੍ਹਾਂ ਨੇ ਅੱਗੇ ਕਿਹਾ, "ਸਾਨੂੰ ਫਲਾਈਟ ਤੋਂ ਕਿਡਨੈਪ ਕਰਕੇ ਇਹ ਲੋਕ ਲੈ ਗਏ। ਜਿਸ ਐਮਰਜੈਂਸੀ ਬਾਰੇ ਅਸੀਂ ਸਿਰਫ਼ ਸੁਣਦੇ ਸੀ, ਪਿਛਲੇ 72 ਘੰਟਿਆਂ ਵਿੱਚ ਨਰਿੰਦਰ ਮੋਦੀ ਨੇ ਉਸ ਨੂੰ ਵੀ ਪਿੱਛੇ ਛੱਡ ਦਿੱਤਾ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਕਈ ਟ੍ਰੇਨਾਂ ਰੱਦ ਹੋਈਆਂ।"

"ਜੋ ਲੜਾਈ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਸੀ, ਉਸ ਨੂੰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਆਪਣੀ ਲੜਾਈ ਬਣਾ ਲਿਆ ਹੈ। ਨਰਿੰਦਰ ਮੋਦੀ ਨੇ ਸਾਫ਼ ਕਰ ਦਿੱਤਾ ਹੈ ਕਿ ਰਾਜਾ ਦੀ ਜਾਨ ਤੋਤੇ ਵਿੱਚ ਹੈ।"

"ਕੱਲ੍ਹ ਅਭਿਜੀਤ ਦੀਪਕੇ ਦੀ ਦਾਦੀ ਦਾ ਦੇਹਾਂਤ ਹੋਇਆ। ਇਸ ਦੌਰਾਨ ਦਿੱਲੀ ਪੁਲਿਸ ਦਾ ਅਣਮਨੁੱਖੀ ਵਤੀਰਾ ਦੇਖਣ ਨੂੰ ਮਿਲਿਆ। ਦੀਪਕੇ ਪਰਿਵਾਰ ਨਾਲ ਗੱਲ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਗੱਲ ਨਹੀਂ ਕਰਨ ਦਿੱਤੀ ਗਈ। ਅਸੀਂ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਇਹ ਲੜਾਈ ਹੁਣ ਸ਼ੁਰੂ ਹੋਈ ਹੈ।"

ਉਧਰ ਸੌਰਵ ਦਾਸ ਨੇ ਕੇਂਦਰ ਸਰਕਾਰ 'ਤੇ ਤਾਨਾਸ਼ਾਹੀ ਰਵੱਈਆ ਅਪਣਾਉਣ ਅਤੇ ਪ੍ਰਦਰਸ਼ਨਕਾਰੀਆਂ ਦੇ ਮੁੱਢਲੇ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਲਗਾਏ।

ਉਨ੍ਹਾਂ ਨੇ ਹਿਰਾਸਤ ਦੌਰਾਨ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਨਾ ਕੀਤੇ ਜਾਣ ਅਤੇ ਅੰਦੋਲਨ ਨੂੰ ਲੈ ਕੇ ਗ਼ਲਤ ਬਿਰਤਾਂਤ ਸਿਰਜੇ ਜਾਣ ਦੇ ਵੀ ਇਲਜ਼ਾਮ ਲਗਾਏ।

"ਅੰਦੋਲਨ ਨੂੰ ਲੈ ਕੇ ਗ਼ਲਤ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਗਈ। ਰੇਲ-ਮੈਟਰੋ, ਇੰਟਰਨੈੱਟ ਅਤੇ ਦੁਕਾਨਾਂ ਬੰਦ ਕਰਕੇ ਆਮ ਲੋਕਾਂ ਵਿੱਚ ਅੰਦੋਲਨ ਖ਼ਿਲਾਫ਼ ਨਕਾਰਾਤਮਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।"

ਉਨ੍ਹਾਂ ਨੇ ਅੱਗੇ ਕਿਹਾ, "ਜਦੋਂ ਸਾਨੂੰ ਫਲਾਈਟ ਤੋਂ ਲੈ ਕੇ ਗਏ, ਤਾਂ ਕੋਈ ਕਾਗਜ਼ ਨਹੀਂ ਦਿਖਾਏ ਗਏ ਅਤੇ ਨਾ ਹੀ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ। ਸਾਨੂੰ ਤਿੰਨਾਂ ਨੂੰ ਵੱਖ-ਵੱਖ ਥਾਵਾਂ 'ਤੇ ਰੱਖਿਆ ਗਿਆ। ਸਾਨੂੰ ਵਕੀਲਾਂ ਨਾਲ ਗੱਲ ਨਹੀਂ ਕਰਨ ਦਿੱਤੀ ਗਈ ਅਤੇ ਸਾਡੇ ਮੋਬਾਈਲ ਫੋਨ ਖੋਹ ਲਏ ਗਏ। ਸਾਨੂੰ ਕਿਹਾ ਗਿਆ ਕਿ ਜਦੋਂ ਡਿਟੈਂਸ਼ਨ ਵਿੱਚ ਰੱਖਿਆ ਜਾਂਦਾ ਹੈ ਤਾਂ ਕਾਨੂੰਨੀ ਨੁਮਾਇੰਦਗੀ ਦਾ ਅਧਿਕਾਰ ਨਹੀਂ ਹੁੰਦਾ। ਸਾਡੇ ਮੁੱਢਲੇ ਅਧਿਕਾਰਾਂ ਦੀ ਉਲੰਘਣਾ ਹੋਈ ਹੈ।"

"24 ਘੰਟਿਆਂ ਤੱਕ ਫੋਨ ਉਨ੍ਹਾਂ ਕੋਲ ਰਹੇ। ਸਾਨੂੰ ਖ਼ਦਸ਼ਾ ਹੈ ਕਿ ਸਾਡੇ ਫੋਨ ਹੈਕ ਕੀਤੇ ਗਏ ਜਾਂ ਉਨ੍ਹਾਂ ਦੀ ਕਲੋਨਿੰਗ ਕੀਤੀ ਗਈ। ਇਹ ਵੀ ਖ਼ਦਸ਼ਾ ਹੈ ਕਿ ਉਨ੍ਹਾਂ ਵਿੱਚ ਗ਼ੈਰ-ਕਾਨੂੰਨੀ ਦਸਤਾਵੇਜ਼ ਪਲਾਂਟ ਕੀਤੇ ਗਏ ਹੋਣ।"

"ਸਾਡੇ ਮੁੰਬਈ ਕੋਆਰਡੀਨੇਟਰ ਨਾਲ ਕਸਟਡੀ ਦੌਰਾਨ ਟਾਰਚਰ ਕੀਤਾ ਗਿਆ। ਦੂਜੇ ਸੂਬਿਆਂ ਤੋਂ ਸੱਜੇ ਪੱਖੀ ਲੋਕਾਂ ਨੂੰ ਮਾਹੌਲ ਖ਼ਰਾਬ ਕਰਨ ਲਈ ਬੁਲਾਇਆ ਗਿਆ, ਪਰ ਉਨ੍ਹਾਂ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਹੋਇਆ। ਸੁਤੰਤਰ ਪੱਤਰਕਾਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ।"

ਸੌਰਵ ਨੇ ਦੱਸਿਆ "ਬੰਗਲਾ ਸਾਹਿਬ ਗੁਰਦੁਆਰੇ ਵਿੱਚ ਵੀ ਜਦੋਂ ਪ੍ਰਦਰਸ਼ਨਕਾਰੀ ਦਾਖ਼ਲ ਹੋਏ ਤਾਂ ਦਿੱਲੀ ਪੁਲਿਸ ਦੇ ਮੁਲਾਜ਼ਮ ਗੁਰਦੁਆਰੇ ਅੰਦਰ ਵੜੇ ਅਤੇ ਕਮੇਟੀ ਮੈਂਬਰਾਂ ਨੂੰ ਧਮਕਾਇਆ ਗਿਆ। ਸਿੱਖ ਧਰਮ ਦੇ ਅਪਮਾਨ ਦੇ ਇਲਜ਼ਾਮ ਵੀ ਲਗਾਏ ਗਏ।"

"ਗਿਆਨੇਸ਼ ਕੁਮਾਰ ਕੋਲ ਅਜਿਹੀ ਕੀ ਜਾਣਕਾਰੀ ਹੈ ਕਿ ਉਨ੍ਹਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਇੰਨੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਦੇਸ਼ ਵਾਸੀਆਂ ਨੂੰ ਅਪੀਲ ਹੈ ਕਿ ਉਹ ਜਿੱਥੇ ਵੀ ਹਨ, ਉੱਥੇ ਹੀ ਰਹਿ ਕੇ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨ।"

ਪ੍ਰਧਾਨ ਮੰਤਰੀ ਮੋਦੀ ਨੇ ਐਮਰਜੈਂਸੀ ਦਾ ਜ਼ਿਕਰ ਕਰਦੇ ਹੋਏ ਜੇਪੀ ਬਾਰੇ ਇਹ ਕਿਹਾ

ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੈਪ੍ਰਕਾਸ਼ ਨਾਰਾਇਣ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਐਮਰਜੈਂਸੀ ਦੇ ਦੌਰ ਬਾਰੇ ਟਿੱਪਣੀ ਕੀਤੀ ਹੈ।

ਉਨ੍ਹਾਂ ਨੇ ਐਕਸ 'ਤੇ ਲਿਖਿਆ, "ਮੈਂ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਯਾਦ ਕਰ ਰਿਹਾ ਹਾਂ। ਉਨ੍ਹਾਂ ਦਾ ਪ੍ਰਭਾਵ ਕਈ ਪੀੜ੍ਹੀਆਂ ਤੱਕ ਰਿਹਾ। ਉਨ੍ਹਾਂ ਨੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਜਨਤਕ ਜੀਵਨ ਰਾਸ਼ਟਰ ਦੇ ਨਵ-ਨਿਰਮਾਣ ਦਾ ਮਾਧਿਅਮ ਬਣ ਸਕਦਾ ਹੈ। ਐਮਰਜੈਂਸੀ ਦੌਰਾਨ ਉਨ੍ਹਾਂ ਦੀ ਨਿਡਰ ਆਵਾਜ਼ ਵੀ ਜ਼ਿਕਰਯੋਗ ਸੀ।"

ਜੈਪ੍ਰਕਾਸ਼ ਨਾਰਾਇਣ, ਜਿਨ੍ਹਾਂ ਨੂੰ ਜੇਪੀ ਜਾਂ ਲੋਕਨਾਇਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੇ ਸਾਲ 1974 ਵਿੱਚ ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਖ਼ਿਲਾਫ਼ 'ਸੰਪੂਰਨ ਕ੍ਰਾਂਤੀ' ਦਾ ਨਾਅਰਾ ਦਿੱਤਾ ਸੀ।

1975 ਵਿੱਚ ਉਨ੍ਹਾਂ ਨੇ ਇੰਦਰਾ ਗਾਂਧੀ ਸਰਕਾਰ ਦੇ ਖ਼ਿਲਾਫ਼ ਵਿਆਪਕ ਵਿਰੋਧੀ ਧਿਰ ਦੀ ਅਗਵਾਈ ਕੀਤੀ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਐਮਰਜੈਂਸੀ ਦੌਰਾਨ ਜੇਲ੍ਹ ਜਾਣਾ ਪਿਆ। ਇਸ ਤੋਂ ਬਾਅਦ 1977 ਵਿੱਚ ਦੇਸ਼ ਵਿੱਚ ਪਹਿਲੀ ਵਾਰ ਗੈਰ-ਕਾਂਗਰਸੀ ਸਰਕਾਰ ਬਣੀ।

ਦਿੱਲੀ ਵਿੱਚ ਪ੍ਰਦਰਸ਼ਨ 'ਤੇ ਕਾਰਵਾਈ ਨੂੰ ਲੈ ਕੇ ਵਿਸ਼ੇਸ਼ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੀ ਕਿਹਾ

ਸੁਪਰੀਮ ਕੋਰਟ

ਦਿੱਲੀ ਵਿੱਚ ਸੀਜੇਪੀ ਅਤੇ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਤੋਂ ਬਾਅਦ ਲਗਾਈਆਂ ਗਈਆਂ ਪਾਬੰਦੀਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਮਾਮਲੇ 'ਤੇ ਸੁਪਰੀਮ ਕੋਰਟ ਨੇ ਐਤਵਾਰ ਨੂੰ ਵਿਸ਼ੇਸ਼ ਸੁਣਵਾਈ ਕੀਤੀ।

ਜਸਟਿਸ ਜਯਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੇ ਦੋ ਮੈਂਬਰੀ ਬੈਂਚ ਨੇ ਕਿਹਾ ਕਿ ਸ਼ਹਿਰ ਵਿੱਚ ਲੋਕਾਂ ਦੀ ਬਿਨ੍ਹਾਂ ਰੁਕਾਵਟ ਆਵਾਜਾਈ ਯਕੀਨੀ ਬਣਾਈ ਜਾਵੇ ਅਤੇ ਕਾਨੂੰਨ ਵਿੱਚ ਤੈਅ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨ੍ਹਾਂ ਕਿਸੇ ਨੂੰ ਹਿਰਾਸਤ ਵਿੱਚ ਨਾ ਲਿਆ ਜਾਵੇ।

ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐੱਨਐੱਸਐੱਸ) ਦੀ ਧਾਰਾ 163 ਲਾਗੂ ਨਾ ਹੋਣ ਵਾਲੇ ਖੇਤਰਾਂ ਵਿੱਚ ਲੋਕਾਂ ਨੂੰ ਇਕੱਠੇ ਹੋਣ ਦਾ ਅਧਿਕਾਰ ਹੋਵੇਗਾ।

ਸੁਪਰੀਮ ਕੋਰਟ ਨੇ ਆਪਣੇ ਆਲੇ-ਦੁਆਲੇ ਦੇ ਇਲਾਕੇ ਵਿੱਚ ਧਾਰਾ 163 ਲਾਗੂ ਹੋਣ ਸਬੰਧੀ ਚੇਤਾਵਨੀ ਵਾਲੇ ਬੋਰਡ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਲੋਕਾਂ ਨੂੰ ਨਿਆਂ ਹਾਸਲ ਕਰਨ ਲਈ ਅਦਾਲਤ ਤੱਕ ਪਹੁੰਚਣ ਵਿੱਚ ਰੁਕਾਵਟ ਨਾ ਆਵੇ।

ਇਸ ਤੋਂ ਇਲਾਵਾ, ਅਦਾਲਤ ਨੇ ਮੈਟਰੋ ਅਤੇ ਰੇਲ ਸੇਵਾਵਾਂ ਆਮ ਵਾਂਗ ਚਲਾਉਣ, ਕਾਨੂੰਨ ਦੇ ਤਹਿਤ ਲੋੜ ਤੋਂ ਬਿਨ੍ਹਾਂ ਇੰਟਰਨੈੱਟ ਸੇਵਾਵਾਂ ਵਿੱਚ ਰੁਕਾਵਟ ਨਾ ਪਾਉਣ ਅਤੇ ਬੈਰੀਕੇਡਿੰਗ ਦੀ ਵਿਵਸਥਾ ਦੀ ਸਮੀਖਿਆ ਕਰਨ ਲਈ ਕਿਹਾ।

ਅਦਾਲਤ ਨੇ ਅਧਿਕਾਰੀਆਂ ਤੋਂ ਮੰਗਲਵਾਰ ਤੱਕ ਹਿਰਾਸਤ ਵਿੱਚ ਲਏ ਗਏ ਲੋਕਾਂ ਦੇ ਵੇਰਵੇ ਵੀ ਮੰਗੇ ਹਨ।

ਮੁੰਬਈ ਵਿੱਚ ਸ਼ਿਵ ਸੈਨਾ ਭਵਨ ਦੇ ਬਾਹਰ ਹੰਗਾਮਾ, ਆਦਿੱਤਿਆ ਠਾਕਰੇ ਦਾ ਧਰਨਾ, ਪੁਲਿਸ ਦੀ ਵੈਨ ਰੋਕੀ

ਪ੍ਰਦਰਸ਼ਨ

11 ਅਕਤੂਬਰ ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਇਲਾਕੇ ਵਿੱਚ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਪ੍ਰਦਰਸ਼ਨ ਕਰਨ ਦੇ ਐਲਾਨ ਤੋਂ ਬਾਅਦ ਪ੍ਰਦਰਸ਼ਨਕਾਰੀ ਇਕੱਠੇ ਹੋਣ ਲੱਗੇ, ਪਰ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਯੁਵਾ ਸੈਨਾ ਦੇ ਮੁਖੀ ਅਤੇ ਵਿਧਾਇਕ ਆਦਿੱਤਿਆ ਠਾਕਰੇ ਵੀ ਆਪਣੇ ਸਮਰਥਕਾਂ ਨਾਲ ਸੜਕਾਂ 'ਤੇ ਉਤਰ ਆਏ।

ਉੱਧਰ, ਦਾਦਰ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਅਤੇ ਸ਼ਿਵ ਸੈਨਾ ਭਵਨ ਦੇ ਬਾਹਰ ਪੁਲਿਸ ਦੀ ਭਾਰੀ ਤੈਨਾਤੀ ਕੀਤੀ ਗਈ।

ਪੁਲਿਸ ਵੱਲੋਂ ਸ਼ਿਵ ਸੈਨਾ ਭਵਨ ਦੇ ਵਿਹੜੇ ਵਿੱਚੋਂ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਕੇ ਵਾਹਨ ਵਿੱਚ ਬਿਠਾਇਆ ਗਿਆ, ਜਿਸ ਦਾ ਵਿਰੋਧ ਕਰਦਿਆਂ ਆਦਿੱਤਿਆ ਠਾਕਰੇ ਨੇ ਪੁਲਿਸ ਦੇ ਵਾਹਨ ਨੂੰ ਰੋਕ ਲਿਆ ਅਤੇ ਉਸ ਉੱਤੇ ਚੜ੍ਹ ਕੇ ਆਪਣਾ ਵਿਰੋਧ ਦਰਜ ਕਰਵਾਇਆ।

ਇਸ ਤੋਂ ਪਹਿਲਾਂ 10 ਅਕਤੂਬਰ ਨੂੰ ਵੀ ਮੁੰਬਈ ਵਿੱਚ ਸੀਜੇਪੀ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਦੌਰਾਨ ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਸੀ।

ਧਰੁਵ ਰਾਠੀ ਨੂੰ ਵੀ ਕੀਤਾ ਰਿਹਾਅ

ਧਰੁਵ ਰਾਠੀ

ਇਸ ਤੋਂ ਇਲਾਵਾ, ਮਸ਼ਹੂਰ ਯੂਟਿਊਬਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਧਰੁਵ ਰਾਠੀ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਕੁਝ ਘੰਟਿਆਂ ਬਾਅਦ ਪੁਲਿਸ ਨੇ ਰਿਹਾਅ ਕਰ ਦਿੱਤਾ ਹੈ।

ਗੁਰੂਗ੍ਰਾਮ ਪੁਲਿਸ ਦੇ ਇੱਕ ਬੁਲਾਰੇ ਨੇ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨੂੰ ਇਸ ਦੀ ਪੁਸ਼ਟੀ ਕੀਤੀ।

ਰਿਹਾਅ ਹੋਣ ਤੋਂ ਬਾਅਦ ਧਰੁਵ ਰਾਠੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਇੱਕ ਵੀਡੀਓ ਪਾ ਕੇ ਕਿਹਾ, "ਸਵੇਰੇ 7 ਵਜੇ ਦੇ ਕਰੀਬ ... ਅਣਪਛਾਤੇ 20 ਦੇ ਕਰੀਬ ਲੋਕ ਮੇਰੇ ਘਰ ਦਾਖ਼ਲ ਹੋਏ ਅਤੇ ਮੇਰੇ ਮਾਤਾ ਨੂੰ ਧੱਕਾ ਮਾਰ ਕੇ ਦਰਵਾਜ਼ਾ ਤੋੜ ਕੇ ਮੇਰੇ ਬੈੱਡਰੂਮ 'ਚ ਦਾਖ਼ਲ ਹੋ ਗਏ। ਜੇਕਰ ਪੁਲਿਸ ਆਉਂਦੀ ਤਾਂ ਮੈਂ ਉਨ੍ਹਾਂ ਤੋਂ ਆਈਡੀ ਕਾਰਡ ਮੰਗਦਾ। ਇਹ ਅਣਪਛਾਤੇ 20 ਦੇ ਕਰੀਬ ਮੈਨੂੰ ਕਿਡਨੈਪ ਕਰਕੇ ਲੈ ਗਏ।"

ਸ਼ਾਰਟ ਵੀਡੀਓ ਦੇਖੋ
ਵੀਡੀਓ ਕੈਪਸ਼ਨ, ਰਿਹਾਈ ਮਗਰੋਂ ਬੋਲੇ ਧਰੁਵ ਰਾਠੀ 'ਮੈਨੂੰ ਕਿਡਨੈਪ ਕੀਤਾ ਗਿਆ

"ਮੈਨੂੰ ਕੁੱਝ ਵੀ ਬੋਲਣ ਦਾ ਮੌਕਾ ਨਹੀਂ ਦਿੱਤਾ। ਮੈਨੂੰ ਬੈੱਡ ਤੋਂ ਉਠਾ ਕੇ ਘੜੀਸ ਕੇ ਲੈ ਕੇ ਗਏ ਚੱਪਲ ਪਾਉਣ ਦਾ ਮੌਕਾ ਵੀ ਨਹੀਂ ਦਿੱਤਾ। ਮੇਰਾ ਤੇ ਮਾਪਿਆਂ ਦਾ ਫੋਨ ਵੀ ਖੋਹ ਲਿਆ ਗਿਆ। ਫਿਰ ਮੈਨੂੰ ਪੁਲਿਸ ਸਟੇਸ਼ਨ ਲੈ ਗਏ ਤੇ ਮੇਰੇ ਵਕੀਲ ਨਾਲ ਵੀ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ।"

ਦਰਅਸਲ, ਧਰੁਵ ਰਾਠੀ ਨੂੰ 10 ਅਕਤੂਬਰ, 2026 ਦੀ ਸਵੇਰ ਨੂੰ ਗੁਰੂਗ੍ਰਾਮ ਦੇ ਸੈਕਟਰ 56 ਦੇ ਸੈਂਟਰਲ ਵਿਹਾਰ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।

ਇਹ ਕਾਰਵਾਈ ਦਿੱਲੀ ਦੇ ਜੰਤਰ-ਮੰਤਰ 'ਤੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੁਆਰਾ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ ਦੀ ਉਮੀਦ ਵਿੱਚ ਕੀਤੀ ਗਈ ਸੀ।

ਦਿੱਲੀ ਦੇ ਕਨਾਟ ਪਲੇਸ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਵੇਖੋ ਤਸਵੀਰਾਂ

ਪੁਲਿਸ ਨੇ ਦਿੱਲੀ ਦੇ ਕਨਾਟ ਪਲੇਸ ਦੇ ਇਨਰ ਸਰਕਲ ਖੇਤਰ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ।

ਐਤਵਾਰ ਨੂੰ ਕਨਾਟ ਪਲੇਸ ਵਿੱਚ ਹਿਰਾਸਤ ਵਿੱਚ ਲਏ ਗਏ ਪ੍ਰਦਰਸ਼ਨਕਾਰੀਆਂ ਵਿੱਚ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਯੂਥ ਫੈਡਰੇਸ਼ਨ ਨਾਲ ਜੁੜੇ ਵਿਦਿਆਰਥੀ ਸ਼ਾਮਲ ਸਨ।

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ ਐਤਵਾਰ ਲਈ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਸੀਜੇਪੀ ਨਾਲ ਜੁੜੇ ਅਜਿੰਕਿਆ ਸ਼ਿੰਦੇ ਨੇ ਕਿਹਾ ਸੀ ਕਿ ਉਹ ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨ ਕਰਨਗੇ।

ਦੂਜੇ ਪਾਸੇ, ਏਆਈਐਸਏ ਪ੍ਰਧਾਨ ਨੇਹਾ ਬੋਰਾ ਨੇ ਵੀ ਕਿਹਾ ਕਿ ਉਹ ਐਤਵਾਰ ਨੂੰ ਵਿਰੋਧ ਪ੍ਰਦਰਸ਼ਨ ਕਰਨਗੇ। ਹਾਲਾਂਕਿ, ਉਨ੍ਹਾਂ ਨੇ ਸਥਾਨ ਨਹੀਂ ਦੱਸਿਆ।

ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਗਿਆਨੇਸ਼ ਕੁਮਾਰ ਵਿਰੁੱਧ ਪ੍ਰਦਰਸ਼ਨ
ਗਿਆਨੇਸ਼ ਕੁਮਾਰ ਵਿਰੁੱਧ ਪ੍ਰਦਰਸ਼ਨ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਕੌਮੀ ਪ੍ਰਧਾਨ ਨੇਹਾ ਬੋਰਾ ਨੇ ਐਤਵਾਰ ਨੂੰ ਵੀ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ।

ਨੇਹਾ ਬੋਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਸ਼ਨੀਵਾਰ ਨੂੰ ਦਿੱਲੀ ਹਾਟ 'ਜੰਤਰ-ਮੰਤਰ' ਬਣ ਗਿਆ ਸੀ ਅਤੇ ਐਤਵਾਰ ਨੂੰ ਕਿਸੇ ਹੋਰ ਥਾਂ 'ਤੇ ਪ੍ਰਦਰਸ਼ਨ ਕਰਾਂਗੇ।

ਉਨ੍ਹਾਂ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ, "ਇਹ ਤੁਸੀਂ ਤੈਅ ਕਰੋ ਕਿ ਆਮ ਲੋਕਾਂ ਨੂੰ ਜੇਲ੍ਹ ਵਿੱਚ ਪਾਓਗੇ ਜਾਂ ਗਿਆਨੇਸ਼ ਕੁਮਾਰ ਨੂੰ। ਅਸੀਂ ਐਤਵਾਰ ਨੂੰ ਵੀ ਸੜਕਾਂ 'ਤੇ ਉਤਰਾਂਗੇ। ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਅਤੇ ਐੱਸਆਈਆਰ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਾਂਗੇ।"

ਦੂਜੇ ਪਾਸੇ, ਕਾਕਰੋਚ ਜਨਤਾ ਪਾਰਟੀ ਦੇ ਆਗੂ ਅਜਿੰਕਿਆ ਸ਼ਿੰਦੇ ਨੇ ਐਕਸ 'ਤੇ ਇੱਕ ਵੀਡੀਓ ਪੋਸਟ ਕਰਕੇ ਐਤਵਾਰ ਨੂੰ ਹੋਣ ਵਾਲੇ ਪ੍ਰਦਰਸ਼ਨ ਬਾਰੇ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਕਿਹਾ, "ਜਦੋਂ ਤੱਕ ਗਿਆਨੇਸ਼ ਕੁਮਾਰ ਦਾ ਅਸਤੀਫ਼ਾ ਨਹੀਂ ਲਵਾਂਗੇ, ਉਦੋਂ ਤੱਕ ਘਰ ਵਾਪਸ ਨਹੀਂ ਜਾਵਾਂਗੇ।"

ਹਿਰਾਸਤ 'ਚ ਲਏ ਗਏ ਸੀਜੇਪੀ ਦੇ ਆਗੂਆਂ ਬਾਰੇ ਕੀ ਪਤਾ

ਸ਼ਨੀਵਾਰ ਸਵੇਰੇ ਮੁੰਬਈ ਤੋਂ ਦਿੱਲੀ ਪਹੁੰਚੇ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ, ਸਹਿ-ਕਨਵੀਨਰ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਪੁਲਿਸ ਨੇ ਜਹਾਜ਼ ਵਿੱਚੋਂ ਹੀ ਹਿਰਾਸਤ ਵਿੱਚ ਲੈ ਲਿਆ ਸੀ
ਤਸਵੀਰ ਕੈਪਸ਼ਨ, ਸ਼ਨੀਵਾਰ ਸਵੇਰੇ ਮੁੰਬਈ ਤੋਂ ਦਿੱਲੀ ਪਹੁੰਚੇ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ, ਸਹਿ-ਕਨਵੀਨਰ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਪੁਲਿਸ ਨੇ ਜਹਾਜ਼ ਵਿੱਚੋਂ ਹੀ ਹਿਰਾਸਤ ਵਿੱਚ ਲੈ ਲਿਆ ਸੀ (ਫਾਈਲ ਫੋਟੋ)

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ ਦਾਅਵਾ ਕੀਤਾ ਹੈ ਕਿ ਹਿਰਾਸਤ ਵਿੱਚ ਲਏ ਗਏ ਉਸ ਦੇ ਆਗੂਆਂ ਨੂੰ ਐਤਵਾਰ ਸਵੇਰੇ 9 ਵਜੇ ਦਿੱਲੀ ਕੈਂਟ ਪੁਲਿਸ ਸਟੇਸ਼ਨ ਵਿੱਚ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।

ਦਰਅਸਲ, ਸ਼ਨੀਵਾਰ ਸਵੇਰੇ ਮੁੰਬਈ ਤੋਂ ਦਿੱਲੀ ਪਹੁੰਚੇ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ, ਸਹਿ-ਕਨਵੀਨਰ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਪੁਲਿਸ ਨੇ ਜਹਾਜ਼ ਵਿੱਚੋਂ ਹੀ ਹਿਰਾਸਤ ਵਿੱਚ ਲੈ ਲਿਆ ਸੀ।

ਸੀਜੇਪੀ ਦੇ ਲੀਗਲ ਹੈੱਡ ਰਤਨਾ ਸਿੰਘ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਲਿਖਿਆ, "ਅਭਿਜੀਤ, ਆਸ਼ੂਤੋਸ਼ ਅਤੇ ਸੌਰਵ ਨੂੰ ਅੱਜ ਸਵੇਰੇ 9 ਵਜੇ ਦਿੱਲੀ ਕੈਂਟ ਪੁਲਿਸ ਸਟੇਸ਼ਨ ਵਿੱਚ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।"

ਉਨ੍ਹਾਂ ਦੱਸਿਆ, "ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਮੈਨੂੰ ਸਵੇਰੇ ਇਸ ਬਾਰੇ ਜਾਣਕਾਰੀ ਦਿੱਤੀ। ਸੀਜੇਪੀ ਦੀ ਲੀਗਲ ਹੈੱਡ ਹੋਣ ਦੇ ਨਾਤੇ, ਮੈਂ ਸਾਡੀ ਤਰਫ਼ੋਂ ਪੇਸ਼ ਹੋਣ ਵਾਲੇ ਹੋਰ ਵਕੀਲਾਂ ਦੇ ਨਾਲ ਪੁਲਿਸ ਸਟੇਸ਼ਨ ਵਿੱਚ ਮੌਜੂਦ ਰਹਾਂਗੀ।"

ਜੰਤਰ-ਮੰਤਰ ਨੇੜੇ ਹੁਣ ਕਿਹੋ ਜਿਹੇ ਹਾਲਾਤ, ਤਸਵੀਰਾਂ ਵਿੱਚ ਦੇਖੋ

ਦਿੱਲੀ ਵਿੱਚ ਅੱਜ ਵੀ ਪ੍ਰਦਰਸ਼ਨ ਦਾ ਸੱਦਾ
ਤਸਵੀਰ ਕੈਪਸ਼ਨ, ਦਿੱਲੀ ਵਿੱਚ ਜੰਤਰ-ਮੰਤਰ ਨੇੜੇ ਭਾਰੀ ਪੁਲਿਸ ਬਲ ਤਾਇਨਾਤ ਹੈ

ਦਿੱਲੀ ਸਥਿਤ ਜੰਤਰ-ਮੰਤਰ ਦੇ ਆਲੇ-ਦੁਆਲੇ ਐਤਵਾਰ ਨੂੰ ਪੁਲਿਸ ਬਲ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੁਲਿਸ ਨੇ ਸੀਜੇਪੀ ਦੇ ਸਿਖਰਲੇ ਆਗੂਆਂ ਸਮੇਤ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।

ਦਿੱਲੀ ਵਿੱਚ ਅੱਜ ਵੀ ਪ੍ਰਦਰਸ਼ਨ ਦਾ ਸੱਦਾ
ਤਸਵੀਰ ਕੈਪਸ਼ਨ, ਪੁਲਿਸ ਬਲ ਦੇ ਨਾਲ-ਨਾਲ ਵੱਖ-ਵੱਖ ਸੁਰੱਖਿਆ ਬਲਾਂ ਦੀਆਂ ਇਕਾਈਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ
ਦਿੱਲੀ ਵਿੱਚ ਅੱਜ ਵੀ ਪ੍ਰਦਰਸ਼ਨ ਦਾ ਸੱਦਾ
ਤਸਵੀਰ ਕੈਪਸ਼ਨ, ਪੁਲਿਸ ਬਲ ਦੇ ਨਾਲ-ਨਾਲ ਵੱਖ-ਵੱਖ ਸੁਰੱਖਿਆ ਬਲਾਂ ਦੀਆਂ ਇਕਾਈਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ

ਸ਼ਨੀਵਾਰ ਨੂੰ ਦਿੱਲੀ ਵਿੱਚ ਕੀ-ਕੀ ਹੋਇਆ?

ਦਿੱਲੀ 'ਚ ਪ੍ਰਦਰਸ਼ਨ
ਤਸਵੀਰ ਕੈਪਸ਼ਨ, ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ ਅਤੇ ਕਈ ਲੋਕਾਂ ਨੂੰ ਬੱਸਾਂ ਵਿੱਚ ਬਿਠਾ ਕੇ ਹਿਰਾਸਤ ਵਿੱਚ ਲਿਆ
  • ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈਕੇ ਕਾਕਰੋਚ ਜਨਤਾ ਪਾਰਟੀ ਵੱਲੋਂ ਸ਼ਨੀਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ਉੱਤੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਮੱਦੇਨਜ਼ਰ ਦਿੱਲੀ ਵਿੱਚ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ।
  • ਇਸ ਦੌਰਾਨ ਅਰਵਿੰਦ ਕੇਜਰੀਵਾਲ, ਮਮਤਾ ਬੈਨਰਜੀ, ਅਭਿਜੀਤ ਦੀਪਕੇ ਅਤੇ ਨੇਹਾ ਬੋਰਾ ਨੂੰ ਹਿਰਾਸਤ 'ਚ ਲਿਆ ਗਿਆ।
  • ਸੀਜੇਪੀ ਦੇ ਮੁੱਖ ਆਗੂ ਅਭਿਜੀਤ ਦੀਪਕੇ, ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਪੁਲਿਸ ਨੇ ਦਿੱਲੀ ਏਅਰਪੋਰਟ ਉੱਤੇ ਲੈਂਡ ਹੁੰਦਿਆਂ ਹੀ ਫਲਾਈਟ ਦੇ ਅੰਦਰੋਂ ਹੀ ਹਿਰਾਸਤ ਵਿੱਚ ਲੈ ਲਿਆ।
  • ਦਿਨ ਭਰ ਦਿੱਲੀ ਪੁਲਿਸ ਵੱਲੋਂ ਜੰਤਰ-ਮੰਤਰ ਵੱਲ ਵਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਥਾਂ-ਥਾਂ ਉੱਤੇ ਰੋਕ ਕੇ ਹਿਰਾਸਤ ਵਿੱਚ ਲਿਆ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਖਿੱਚ-ਧੂਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ।
  • ਸੀਜੇਪੀ ਆਗੂ ਅਜਿੰਕਿਆ ਸ਼ਿੰਦੇ ਨੇ ਐਲਾਨ ਕੀਤਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਏ ਜਾਣ ਤੱਕ ਹਰ ਰੋਜ਼ ਜੰਤਰ-ਮੰਤਰ ਵੱਲ ਮਾਰਚ ਕੱਢਿਆ ਜਾਵੇਗਾ।
ਦਿੱਲੀ 'ਚ ਪ੍ਰਦਰਸ਼ਨ
ਤਸਵੀਰ ਕੈਪਸ਼ਨ, ਕਾਂਗਰਸ ਨੇ ਕਿਹਾ ਕਿ ਪ੍ਰਦਰਸ਼ਨ ਖ਼ਿਲਾਫ਼ ਭਾਰੀ ਸੁਰੱਖਿਆ ਬਲਾਂ ਨੂੰ ਤਾਇਨਾਤ ਕਰਨਾ 'ਸ਼ਰਮਨਾਕ ਹੈ
  • ਕੁਝ ਪ੍ਰਦਰਸ਼ਨਕਾਰੀ ਬੰਗਲਾ ਸਾਹਿਬ ਗੁਰਦੁਆਰੇ ਪਹੁੰਚ ਗਏ, ਕਈ ਲੋਕਾਂ ਨੂੰ ਗੁਰਦੁਆਰੇ ਦੇ ਬਾਹਰੋਂ ਹਿਰਾਸਤ 'ਚ ਵੀ ਲਿਆ ਗਿਆ।
  • ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ ਅਤੇ ਕਈ ਲੋਕਾਂ ਨੂੰ ਬੱਸਾਂ ਵਿੱਚ ਬਿਠਾ ਕੇ ਹਿਰਾਸਤ ਵਿੱਚ ਲਿਆ।
  • ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਨਾਲ-ਨਾਲ ਕੁਝ ਪੱਤਰਕਾਰਾਂ ਨੂੰ ਵੀ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
  • ਹਿਰਾਸਤ ਵਿੱਚ ਲਏ ਗਏ ਪੱਤਰਕਾਰ ਨਿਊਜ਼ਲਾਂਡਰੀ, ਸਕ੍ਰੌਲ.ਇਨ ਅਤੇ ਨਵਭਾਰਤ ਟਾਈਮਜ਼ ਨਾਲ ਜੁੜੇ ਹੋਏ ਹਨ।
  • ਕਾਂਗਰਸ ਨੇ ਕਿਹਾ ਕਿ ਪ੍ਰਦਰਸ਼ਨ ਖ਼ਿਲਾਫ਼ ਭਾਰੀ ਸੁਰੱਖਿਆ ਬਲਾਂ ਨੂੰ ਤਾਇਨਾਤ ਕਰਨਾ 'ਸ਼ਰਮਨਾਕ ਹੈ। ਰਾਹੁਲ ਗਾਂਧੀ ਨੇ ਪ੍ਰਦਰਸ਼ਨ ਲਈ ਆਪਣਾ ਸਮਰਥਨ ਜਤਾਇਆ।
  • ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਨੇ ਸਰਕਾਰ ਨੂੰ 24 ਘੰਟੇ 'ਚ ਗ੍ਰਿਫ਼ਤਾਰ ਕੀਤੇ ਲੋਕਾਂ ਨੂੰ ਰਿਹਾਅ ਕਰਨ ਦਾ ਅਲਟੀਮੇਟਮ ਦਿੱਤਾ, ਉਨ੍ਹਾਂ ਭੁੱਖ ਹੜਤਾਲ ਜਾਂ ਪੈਦਲ ਮਾਰਚ ਸ਼ੁਰੂ ਕਰਨ ਦੀ ਗੱਲ ਵੀ ਕਹੀ।
  • ਭਾਜਪਾ ਨੇ ਵਿਰੋਧੀ ਧਿਰ ਦੇ ਆਗੂਆਂ ਅਤੇ ਸੀਜੇਪੀ ਨੂੰ ਨਿਸ਼ਾਨਾ ਬਣਾਇਆ। ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਇਸ ਨੂੰ 'ਦੇਸ਼ ਨੂੰ ਅਸਥਿਰ ਕਰਨ ਦੀ ਕੋਸ਼ਿਸ਼' ਕਰਾਰ ਦਿੱਤਾ।

ਬੰਗਲਾ ਸਾਹਿਬ ਅੰਦਰ ਪ੍ਰਦਸ਼ਨਕਾਰੀਆਂ ਦੇ ਵੜਨ ਅਤੇ ਪੁਲਿਸ ਕਾਰਵਾਈ 'ਤੇ ਸਖ਼ਤ ਪ੍ਰਤੀਕਿਰਿਆਵਾਂ

ਸ਼ਨੀਵਾਰ ਨੂੰ ਦਿੱਲੀ ਵਿੱਚ ਪ੍ਰਦਰਸ਼ਨ ਦੌਰਾਨ ਕਈ ਪ੍ਰਦਰਸ਼ਨਕਾਰੀ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਦਾਖਲ ਹੋ ਗਏ। ਇਸ ਦੌਰਾਨ ਪੁਲਿਸ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਗੁਰੂ ਘਰ ਦੇ ਅੰਦਰੋਂ ਬਾਹਰ ਕੱਢਦੀ ਹੋਈ ਦਿਖਾਈ ਦਿੱਤੀ।

ਇਸ ਪੂਰੇ ਘਟਨਾਕ੍ਰਮ 'ਤੇ ਵੱਖ-ਵੱਖ ਸਿੱਖ ਆਗੂਆਂ ਵੱਲੋਂ ਸਖ਼ਤ ਪ੍ਰਤੀਕਿਰਿਆ ਦਿਤੀ ਗਈ।

ਭਗਵੰਤ ਸਿੰਘ ਮਾਨ
ਤਸਵੀਰ ਕੈਪਸ਼ਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (ਫਾਈਲ ਫੋਟੋ)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ 'ਤੇ ਲਿਖਿਆ, ''ਕੱਲ੍ਹ ਦਿੱਲੀ ਵਿੱਖੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿੱਚ ਬੀਜੇਪੀ ਦੀ ਪੁਲਿਸ ਵੱਲੋਂ ਜਬਰਨ ਦਾਖਲ ਹੋਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ... ਇਤਿਹਾਸ ਗਵਾਹ ਹੈ ਕਿ ਗੁਰੂ ਘਰ ਤਾਂ ਜ਼ਰੂਰਤਮੰਦਾਂ ਨੂੰ ਸ਼ਰਨ ਦੇਣ ਲਈ ਆਪਣੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰੱਖਦੇ ਨੇ। ਜੇ ਕੱਲ੍ਹ ਪ੍ਰੋਟੈਸਟ ਕਰ ਰਹੇ ਇਸ ਦੇਸ਼ ਦੇ ਨੌਜਵਾਨ ਉੱਥੇ ਦਾਖਲ ਹੋ ਗਏ ਤਾਂ ਗੁਰੂ ਘਰ ਦਾ ਸਿਧਾਂਤ ਹੈ ਕਿ ਸੇਵਾਦਾਰ ਉਨ੍ਹਾਂ ਨੂੰ ਸ਼ਰਨ ਦੇਣ।''

''ਤਾਲਿਬਾਨੀ ਰਵੱਈਏ ਵਾਲੀ ਬੀਜੇਪੀ ਦੀ ਦਿੱਲੀ ਪੁਲਿਸ ਨੰਗੇ ਸਿਰ ਤੇ ਪੈਰਾਂ 'ਚ ਬੂਟ ਪਾ ਕੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਈ ਤੇ ਉਨ੍ਹਾਂ ਵੱਲੋਂ ਗੁਰੂ ਘਰ ਦੀ ਮਰਿਯਾਦਾ ਨੂੰ ਰੋਲਿਆ ਗਿਆ। ਸਿੱਖ ਕੌਮ ਇਸ ਸ਼ਰਮਨਾਕ ਹਰਕਤ ਲਈ ਬੀਜੇਪੀ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ।''

ਬੀਤੇ ਦਿਨੀਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਕਿਹਾ ਸੀ, "ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਦਰਸ਼ਨਕਾਰੀਆਂ ਵੱਲੋਂ ਜਬਰਨ ਐਂਟਰੀ ਕੀਤੀ ਗਈ, ਜਦੋਂ ਗੁਰੂ ਘਰ ਦੇ ਸਟਾਫ ਵੱਲੋਂ ਰੋਕਣ ਦੀ ਕੋਸ਼ਿਸ਼ ਹੋਈ ਤਾਂ ਉਨ੍ਹਾਂ ਵੱਲੋਂ ਗੁਰੂ ਘਰ ਦੇ ਅੰਦਰ ਨਾਅਰੇਬਾਜ਼ੀ ਕੀਤੀ ਗਈ। ਜਦੋਂ ਇਨ੍ਹਾਂ ਨੂੰ ਕੱਢਣ ਲਈ ਪੁਲਿਸ ਗੁਰੂ ਘਰ ਦੇ ਅੰਦਰ ਗਈ ਤਾਂ ਕੁਝ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਵੱਲੋਂ ਇਹ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰੂ ਘਰ ਦੇ ਅੰਦਰ ਪੁਲਿਸ ਨੂੰ ਐਂਟਰ ਹੋਣ ਦੇ ਦਿੱਤਾ ਗਿਆ।"

ਸਯੁੰਕਤ ਰਾਸ਼ਟਰ ਨੇ ਜਤਾਈ ਚਿੰਤਾ, ਭਾਰਤ ਨੇ ਦਿੱਤਾ ਜਵਾਬ

ਦਿੱਲੀ ਵਿੱਚ ਪ੍ਰਦਰਸ਼ਨ
ਤਸਵੀਰ ਕੈਪਸ਼ਨ, ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈਂਦੀ ਪੁਲਿਸ

ਸੀਜੇਪੀ ਦੇ ਪ੍ਰਦਰਸ਼ਨ ਦੌਰਾਨ ਵੱਡੇ ਪੱਧਰ 'ਤੇ ਕੀਤੀ ਗਈ ਪੁਲਿਸ ਕਾਰਵਾਈ 'ਤੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਸੰਗਠਨ ਨੇ ਚਿੰਤਾ ਜਤਾਈ ਸੀ, ਜਿਸ ਤੋਂ ਬਾਅਦ ਭਾਰਤ ਵੱਲੋਂ ਜਵਾਬ ਦਿੱਤਾ ਗਿਆ ਹੈ।

ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਸੀ ਕਿ ਦਿੱਲੀ ਵਿੱਚ ਪ੍ਰਦਰਸ਼ਨਕਾਰੀਆਂ, ਪ੍ਰਦਰਸ਼ਨ ਦੇ ਆਗੂਆਂ, ਸਿਵਲ ਸੋਸਾਇਟੀ ਸੰਗਠਨਾਂ ਦੇ ਮੈਂਬਰਾਂ, ਵਕੀਲਾਂ ਅਤੇ ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀਆਂ ਖ਼ਬਰਾਂ ਤੋਂ ਉਹ ਚਿੰਤਤ ਹਨ।

ਇਸ ਦੇ ਨਾਲ ਹੀ, ਉਨ੍ਹਾਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਸੀ ਕਿ ਮਨਮਾਨੇ ਢੰਗ ਨਾਲ ਹਿਰਾਸਤ ਵਿੱਚ ਲਏ ਗਏ ਸਾਰੇ ਲੋਕਾਂ ਨੂੰ ਤੁਰੰਤ ਅਤੇ ਬਿਨਾਂ ਕਿਸੇ ਸ਼ਰਤ ਦੇ ਰਿਹਾਅ ਕੀਤਾ ਜਾਵੇ।

ਹੁਣ ਜਨੇਵਾ ਵਿੱਚ ਭਾਰਤੀ ਮਿਸ਼ਨ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਚਿੰਤਾਵਾਂ ਬੇਬੁਨਿਆਦ ਹਨ।

ਜਨੇਵਾ ਵਿੱਚ ਭਾਰਤੀ ਮਿਸ਼ਨ ਨੇ ਅਧਿਕਾਰਤ ਬਿਆਨ ਵਿੱਚ ਕਿਹਾ, "ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਜਿੱਥੇ ਸ਼ਾਂਤੀਪੂਰਨ ਢੰਗ ਨਾਲ ਇਕੱਠੇ ਹੋਣ ਦਾ ਅਧਿਕਾਰ ਸਾਨੂੰ ਸੰਵਿਧਾਨ ਤੋਂ ਮਿਲਦਾ ਹੈ ਅਤੇ ਮਜ਼ਬੂਤ ਸੰਸਥਾਵਾਂ, ਇੱਕ ਸੁਤੰਤਰ ਨਿਆਂਪਾਲਿਕਾ ਅਤੇ ਇੱਕ ਆਜ਼ਾਦ ਮੀਡੀਆ ਇਸ ਦੀ ਰੱਖਿਆ ਕਰਦੇ ਹਨ।"

"ਹਰ ਲੋਕਤੰਤਰ ਵਾਂਗ, ਭਾਰਤੀ ਨਾਗਰਿਕ ਪਬਲਿਕ ਆਰਡਰ ਦੇ ਹਿੱਤ ਵਿੱਚ ਲਗਾਈਆਂ ਗਈਆਂ ਵਾਜਬ ਪਾਬੰਦੀਆਂ ਦੇ ਅਧੀਨ ਇਸ ਅਧਿਕਾਰ ਦੀ ਵਰਤੋਂ ਕਰਦੇ ਹਨ। ਅਧਿਕਾਰੀ ਕਾਨੂੰਨ ਅਨੁਸਾਰ ਕੰਮ ਕਰਦੇ ਹਨ ਅਤੇ ਕਿਸੇ ਵੀ ਸ਼ਿਕਾਇਤ ਦੇ ਹੱਲ ਲਈ ਸਾਡੀਆਂ ਅਦਾਲਤਾਂ ਸਾਰਿਆਂ ਲਈ ਉਪਲੱਬਧ ਹਨ।"

ਬਿਆਨ ਵਿੱਚ ਕਿਹਾ ਗਿਆ, "ਇਸ ਲਈ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਚਿੰਤਾਵਾਂ ਗ਼ਲਤ ਹਨ ਅਤੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਕਰਦੀਆਂ ਹਨ। ਇਸ ਸੰਦਰਭ ਵਿੱਚ, ਮਨੁੱਖੀ ਅਧਿਕਾਰ ਕਮਿਸ਼ਨ ਨੂੰ ਨਿਰਪੱਖਤਾ ਅਤੇ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਰਨ ਦੇ ਆਪਣੇ ਅਧਿਕਾਰ ਅਨੁਸਾਰ, ਹੋਰ ਥਾਵਾਂ 'ਤੇ ਵੀ ਵੱਡੇ ਪੱਧਰ 'ਤੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਵੱਲ ਓਨਾ ਹੀ ਧਿਆਨ ਦੇਣਾ ਚਾਹੀਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)