ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਨੂੰ ਦਿੱਲੀ ਏਅਰਪੋਰਟ ਤੋਂ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ, ਜਾਣੋ ਕੌਣ ਹਨ ਕਰਮਵੀਰ ਸਿੰਘ

ਪੰਜਾਬ ਪੁਲਿਸ

ਤਸਵੀਰ ਸਰੋਤ, @DGPPunjabPolice/X

ਤਸਵੀਰ ਕੈਪਸ਼ਨ, ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਕਰਮਵੀਰ ਸਿੰਘ ਕੈਨੇਡਾ ਤੋਂ ਡਿਪੋਰਟ ਹੋਣ ਮਗਰੋਂ ਦਿੱਲੀ ਏਅਰਪੋਰਟ ਤੋਂ ਹਿਰਾਸਤ ਵਿੱਚ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਪੰਜਾਬ ਪੁਲਿਸ ਵੱਲੋਂ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਕਥਿਤ ਸਾਥੀਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਦੇ ਤਹਿਤ ਇੱਕ ਹੋਰ ਅਹਿਮ ਗ੍ਰਿਫ਼ਤਾਰੀ ਕੀਤੀ ਗਈ ਹੈ।

ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਕਰਮਵੀਰ ਸਿੰਘ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈ ਲਿਆ ਹੈ।

ਕਰਮਵੀਰ ਸਿੰਘ ਨੂੰ ਕੈਨੇਡਾ ਤੋਂ ਭਾਰਤ ਵਾਪਸ ਭੇਜਿਆ ਗਿਆ ਸੀ ਅਤੇ ਦੇਸ਼ ਪਹੁੰਚਦੇ ਹੀ ਉਸ ਨੂੰ ਪੁਲਿਸ ਨੇ ਕਾਬੂ ਕਰ ਲਿਆ।

ਡੀਜੀਪੀ ਪੰਜਾਬ ਪੁਲਿਸ ਦੀ ਐਕਸ ਪੋਸਟ ਮੁਤਾਬਕ, ਕਰਮਵੀਰ ਸਿੰਘ ਪੰਜਾਬ ਵਿੱਚ ਦਰਜ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ ਅਤੇ ਉਸ ਦੇ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਨਾਲ ਕਥਿਤ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਪੁਲਿਸ ਮੁਤਾਬਕ ਉਹ ਐੱਸਏਐੱਸ ਨਗਰ ਦੇ ਸਟੇਟ ਕ੍ਰਾਈਮ ਥਾਣੇ ਵਿੱਚ ਭਾਰਤੀ ਦੰਡਾਵਲੀ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ, ਆਰਮਜ਼ ਐਕਟ ਅਤੇ ਪਾਸਪੋਰਟ ਕਾਨੂੰਨ ਦੀਆਂ ਧਾਰਾਵਾਂ ਤਹਿਤ ਦਰਜ ਕੇਸ ਵਿੱਚ ਪੁਲਿਸ ਨੂੰ ਲੋੜੀਂਦਾ ਸੀ।

ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਵੱਲੋਂ 3 ਸਤੰਬਰ 2026 ਨੂੰ ਕਰਮਵੀਰ ਸਿੰਘ ਖ਼ਿਲਾਫ਼ ਐੱਲਓਸੀ (ਲੁੱਕ ਆਉਟ ਨੋਟਿਸ) ਵੀ ਜਾਰੀ ਕੀਤੀ ਗਈ ਸੀ।

ਡੀਜੀਪੀ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਪੁਲਿਸ ਵੱਲੋਂ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਜੱਗੂ ਭਗਵਾਨਪੁਰੀਆ ਗੈਂਗ ਦੇ ਮੁੱਖ ਕਾਰਕੁਨ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਡਾਲਮ ਨੂੰ ਮੋਲਡੋਵਾ ਗਣਰਾਜ ਤੋਂ ਭਾਰਤ ਲਿਆਉਣ ਤੋਂ ਕੁਝ ਸਮੇਂ ਬਾਅਦ ਹੋਈ ਹੈ।

ਉਨ੍ਹਾਂ ਦੱਸਿਆ ਕਿ ਕਰਮਵੀਰ ਦੇ ਅਪਰਾਧਿਕ ਨੈੱਟਵਰਕ ਅਤੇ ਇਸ ਨਾਲ ਜੁੜੀਆਂ ਹੋਰ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਕਰਮਵੀਰ ਬਾਰੇ ਕੀ ਪਤਾ ਹੈ

ਕਰਮਵੀਰ ਸਿੰਘ

ਤਸਵੀਰ ਸਰੋਤ, ludhiana Police

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ ਕਰਮਵੀਰ ਨੇ ਅਮਰੀਕਾ ਵਿੱਚ ਅਨਮੋਲ ਬਿਸ਼ਨੋਈ ਨੂੰ ਲੌਜਿਸਟਿਕ ਸਹਾਇਤਾ ਅਤੇ ਟਿਕਾਣਾ ਦਿੱਤਾ ਸੀ

ਪੁਲਿਸ ਮੁਤਾਬਕ ਕਰਮਵੀਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬਹਾਦਰਕੇ ਦਾ ਵਸਨੀਕ ਹੈ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਰਮਵੀਰ ਬਹਾਦਰਕੇ ਪਿੰਡ ਦੇ ਵੱਡੇ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਹੈ।

ਬਹਾਦਰਕੇ ਪਿੰਡ ਦੇ ਸਰਪੰਚ ਦਲਜੀਤ ਸਿੰਘ ਭੱਟੀ ਨੇ ਦੱਸਿਆ ਕਿ ਕਰਮਵੀਰ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਪਰਿਵਾਰ ਵਿੱਚ ਉਸ ਦੀਆਂ ਦੋ ਭੈਣਾਂ ਅਤੇ ਮਾਂ ਹੀ ਹੈ। ਦੋਵੇਂ ਭੈਣਾਂ ਦੇ ਵਿਆਹ ਹੋ ਚੁੱਕੇ ਹਨ। ਉਸ ਦੀ ਮਾਂ ਵੀ ਪਿੰਡ ਨਹੀਂ ਰਹਿੰਦੀ।

ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਪ੍ਰਮੋਦ ਬਾਨ ਨੇ ਦੱਸਿਆ ਕਿ ਕਰਮਵੀਰ ਸਿੰਘ ਖ਼ਿਲਾਫ਼ ਪੰਜਾਬ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ।

ਇਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਫਿਰੌਤੀ, ਹਥਿਆਰਾਂ ਸਬੰਧੀ ਕਾਨੂੰਨ ਦੀ ਉਲੰਘਣਾ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਮਾਮਲੇ ਸ਼ਾਮਲ ਹਨ।

ਕਰਮਵੀਰ ਸਾਲ 2023 ਵਿੱਚ ਵੀ ਸੁਰਖੀਆਂ ਵਿੱਚ ਆਇਆ ਸੀ, ਜਦੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੀ ਬੇਕਰਸਫੀਲਡ, ਕੈਲੀਫੋਰਨੀਆ ਵਿੱਚ ਇੱਕ ਵਿਆਹ ਵਿੱਚ ਨੱਚਦਿਆਂ ਦੀ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਪੰਜਾਬ ਦਾ ਨਾਮੀ ਕਲਾਕਾਰ ਵੀ ਨਜ਼ਰ ਆ ਰਹੇ ਸਨ। ਇਹ ਵੀਡੀਓ ਕਰਮਵੀਰ ਦੇ ਵਿਆਹ ਦੀ ਸੀ।

ਪੁਲਿਸ ਮੁਤਾਬਕ ਕਰਮਵੀਰ ਸਿੰਘ ਕਾਂਗਰਸ ਨੇਤਾ ਗੁਰਵਿੰਦਰ ਸਿੰਘ ਉਰਫ਼ ਬੰਟੀ ਬਾਜਵਾ ਦੇ ਕਤਲ ਮਾਮਲੇ ਵਿੱਚ ਵੀ ਕਥਿਤ ਤੌਰ 'ਤੇ ਸ਼ਾਮਲ ਸੀ। ਬੰਟੀ ਬਾਜਵਾ ਦਾ 10 ਜੂਨ 2012 ਨੂੰ ਲੁਧਿਆਣਾ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਕਿਹੜੇ ਕਿਹੜੇ ਕੇਸ ਦਰਜ ਹਨ

  • 11 ਫ਼ਰਵਰੀ, 2014 ਨੂੰ ਥਾਣਾ ਹੈਬੋਵਾਲ ਵਿੱਚ ਆਈਪੀਸੀ ਦੀ ਧਾਰਾ 419, 420, 465, 467, 469, 471, 380, 120-ਬੀ ਤਹਿਤ ਕੇਸ ਦਰਜ ਹੋਇਆ
  • 10 ਜੂਨ 2012 ਨੂੰ ਸਲੇਮ ਟਾਬਰੀ ਥਾਣੇ ਵਿੱਚ ਆਈਪੀਸੀ ਦੀ ਧਾਰਾ 302, 307 ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਹੋਇਆ
  • 20 ਜੂਨ 2020 ਨੂੰ ਸਲੇਮ ਟਾਬਰੀ ਥਾਣੇ ਵਿੱਚ ਆਈਪੀਸੀ ਦੀ ਧਾਰਾ 307 ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਹੋਇਆ
  • 20 ਜੂਨ 2022 ਨੂੰ ਪੰਜਾਬ ਸਟੇਟ ਕ੍ਰਾਈਮ ਥਾਣੇ ਵਿੱਚ ਪਾਸਪੋਰਟ ਐਕਟ, ਆਰਮਜ਼ ਐਕਟ ਅਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹੋਇਆ
  • 29 ਅਕਤੂਬਰ 2020 ਨੂੰ ਜ਼ੀਰਕਪੁਰ ਥਾਣੇ ਵਿੱਚ ਪਾਸਪੋਰਟ ਐਕਟ ਤਹਿਤ ਕੇਸ ਦਰਜ ਹੋਇਆ

ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਖ਼ਿਲਾਫ਼ ਪੰਜਾਬ ਪੁਲਿਸ ਦੀ ਮੁਹਿੰਮ

ਅਧਿਕਾਰੀਆਂ ਨਾਲ ਅੰਮ੍ਰਿਤ ਦਾਲਮ

ਤਸਵੀਰ ਸਰੋਤ, Punjab Police

ਤਸਵੀਰ ਕੈਪਸ਼ਨ, ਅੰਮ੍ਰਿਤ ਦਾਲਮ ਅਕਤੂਬਰ 2024 ਵਿੱਚ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜ ਗਿਆ ਸੀ ਅਤੇ ਪੰਜਾਬ ਪੁਲਿਸ ਨੇ ਉਸ ਵਿਰੁੱਧ 'ਰੈੱਡ ਨੋਟਿਸ' ਜਾਰੀ ਕੀਤਾ ਸੀ

ਕਰਮਵੀਰ ਸਿੰਘ ਦੀ ਹਿਰਾਸਤ ਨੂੰ ਪੰਜਾਬ ਪੁਲਿਸ ਵੱਲੋਂ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਅਤੇ ਭਗੌੜੇ ਮੁਲਜ਼ਮਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੀ ਇੱਕ ਹੋਰ ਕੜੀ ਵਜੋਂ ਦੇਖਿਆ ਜਾ ਰਿਹਾ ਹੈ।

ਪੰਜਾਬ ਸਰਕਾਰ ਨੇ ਇਸ ਸਾਲ ਜਨਵਰੀ ਵਿੱਚ ਓਵਰਸੀਜ਼ ਫਿਊਜੀਟਿਵ ਟਰੈਕਿੰਗ ਐਂਡ ਐਕਸਟ੍ਰਾਡੀਸ਼ਨ ਸੈੱਲ (ਓਐੱਫਟੀਈਸੀ) ਦੀ ਸਥਾਪਨਾ ਕੀਤੀ ਸੀ, ਜਿਸ ਦਾ ਮਕਸਦ ਵਿਦੇਸ਼ਾਂ ਵਿੱਚ ਰਹਿ ਰਹੇ ਲੋੜੀਂਦੇ ਮੁਲਜ਼ਮਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਭਾਰਤ ਲਿਆਉਣਾ ਹੈ।

ਪੰਜਾਬ ਸਰਕਾਰ ਦੇ ਮੰਤਰੀ ਅਮਨ ਅਰੋੜਾ ਮੁਤਾਬਕ ਪਿਛਲੇ ਕਰੀਬ ਸੱਤ ਮਹੀਨਿਆਂ ਦੌਰਾਨ 10 ਭਗੌੜੇ ਮੁਲਜ਼ਮਾਂ ਨੂੰ ਵਿਦੇਸ਼ਾਂ ਤੋਂ ਭਾਰਤ ਲਿਆਂਦਾ ਗਿਆ ਹੈ, ਜਦਕਿ 21 ਹੋਰ ਮਾਮਲਿਆਂ ਵਿੱਚ ਕਾਰਵਾਈ ਜਾਰੀ ਹੈ।

ਹਾਲ ਹੀ ਵਿੱਚ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਨੂੰ ਮੋਲਡੋਵਾ ਤੋਂ ਭਾਰਤ ਲਿਆਂਦਾ ਗਿਆ ਸੀ। ਪੰਜਾਬ ਪੁਲਿਸ ਮੁਤਾਬਕ ਉਹ ਜੱਗੂ ਭਗਵਾਨਪੁਰੀਆ ਗੈਂਗ ਦਾ ਅਹਿਮ ਮੈਂਬਰ ਹੈ ਅਤੇ ਉਸ ਖ਼ਿਲਾਫ਼ ਕਤਲ, ਫਿਰੌਤੀ ਅਤੇ ਹਥਿਆਰਾਂ ਨਾਲ ਸਬੰਧਤ ਕਈ ਮਾਮਲੇ ਦਰਜ ਹਨ। ਪੰਜਾਬ ਪੁਲਿਸ ਨੇ ਇਸ ਕਾਰਵਾਈ ਨੂੰ ਯੂਰਪ ਤੋਂ ਕਿਸੇ ਭਗੌੜੇ ਅਪਰਾਧੀ ਦੀ ਪਹਿਲੀ ਸਫਲ ਹਵਾਲਗੀ ਵਜੋਂ ਦਰਸਾਇਆ ਸੀ।

ਇਸੇ ਤਰ੍ਹਾਂ ਜੋਬਨਦੀਪ ਸਿੰਘ ਉਰਫ਼ ਜੋਬਨ ਬਿੱਲਾ ਨੂੰ ਇੰਡੋਨੇਸ਼ੀਆ ਤੋਂ, ਜਦਕਿ ਅਜੈ ਸਿੰਘ ਉਰਫ਼ ਅਜੈ ਮਲੇਸ਼ੀਆ, ਪਵਨਦੀਪ ਸਿੰਘ, ਜਸਪ੍ਰੀਤ ਸਿੰਘ ਉਰਫ਼ ਜੱਸ ਬਹਿਲ, ਮਨਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਮਲੇਸ਼ੀਆ ਤੋਂ ਭਾਰਤ ਲਿਆਂਦਾ ਗਿਆ ਸੀ।

ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਅੰਮ੍ਰਿਤ ਦਾਲਮ

ਤਸਵੀਰ ਸਰੋਤ, Punjab Police

ਤਸਵੀਰ ਕੈਪਸ਼ਨ, ਏਜੀਟੀਐੱਫ ਦੇ ਏਡੀਜੀਪੀ ਪ੍ਰਮੋਦ ਬਾਨ ਮੁਤਾਬਕ, ਅੰਮ੍ਰਿਤ ਦਾਲਮ ਘੱਟੋ-ਘੱਟ ਸੱਤ ਕਤਲ ਕੇਸਾਂ ਵਿੱਚ ਲੋੜੀਂਦਾ ਹੈ

ਪੰਜਾਬ ਸਰਕਾਰ ਨੇ ਅਪ੍ਰੈਲ 2026 ਵਿੱਚ ਵਿਦੇਸ਼ਾਂ ਵਿੱਚ ਸਰਗਰਮ 28 ਲੋੜੀਂਦੇ ਗੈਂਗਸਟਰਾਂ ਅਤੇ ਭਗੌੜੇ ਅਪਰਾਧੀਆਂ ਬਾਰੇ ਜਾਣਕਾਰੀ ਦੇਣ ਵਾਲਿਆਂ ਲਈ ਨਕਦ ਇਨਾਮਾਂ ਦਾ ਐਲਾਨ ਵੀ ਕੀਤਾ ਸੀ।

ਇਸ ਸੂਚੀ ਵਿੱਚ ਲਖਬੀਰ ਸਿੰਘ ਉਰਫ਼ ਲੰਡਾ, ਹਰਵਿੰਦਰ ਸਿੰਘ ਉਰਫ਼ ਰਿੰਦਾ, ਗੌਰਵ ਪੁਤਿਆਲ ਉਰਫ਼ ਲੱਕੀ ਪਟਿਆਲ ਅਤੇ ਬਲਵਿੰਦਰ ਸਿੰਘ ਉਰਫ਼ ਡੌਨੀ ਬਲ ਵਰਗੇ ਨਾਮ ਸ਼ਾਮਲ ਸਨ, ਜਿਨ੍ਹਾਂ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਹ ਵਿਦੇਸ਼ਾਂ ਵਿੱਚ ਰਹਿ ਕੇ ਕਥਿਤ ਤੌਰ 'ਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ।

ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਚੰਡੀਗੜ੍ਹ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਰਜਨ ਤੋਂ ਵੱਧ ਗੈਂਗਸਟਰਾਂ ਅਤੇ ਮੁਲਜ਼ਮਾਂ ਨੂੰ ਵਿਦੇਸ਼ਾਂ ਵਿੱਚੋਂ ਪੰਜਾਬ ਲਿਆਂਦਾ ਜਾ ਚੁੱਕਾ ਹੈ। ਇਨ੍ਹਾਂ ਮੁਲਜ਼ਮਾਂ ਨੂੰ ਇੱਕ ਸੰਧੀ ਤਹਿਤ ਪੰਜਾਬ ਲਿਆਂਦਾ ਗਿਆ ਹੈ ਅਤੇ ਇਸ ਵਿੱਚ ਸਮਾਂ ਲੱਗਦਾ ਹੈ।

ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚੋਂ ਪੰਜਾਬ ਲਿਆਂਦੇ ਮੁਲਜ਼ਮਾਂ ਵਿੱਚ ਸਚਿਨ ਬਿਸ਼ਨੋਈ, ਮਨਪ੍ਰੀਤ ਉਰਫ਼ ਪੀਟਾ, ਰਮਨਜੀਤ ਸਿੰਘ ਉਰਫ਼ ਰੋਮੀ, ਪਰਮਿੰਦਰ ਸਿੰਘ ਉਰਫ਼ ਪਿੰਦੀ, ਅਨਮੋਲ ਬਿਸ਼ਨੋਈ, ਗੁਰਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਮਹਿਰੋਂ, ਜੋਬਨਦੀਪ ਸਿੰਘ ਉਰਫ਼ ਜੋਬਨ ਬਿੱਲਾ ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਡਾਲਮ ਸ਼ਾਮਲ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)