ਕਾਮਨਵੈਲਥ ਗੇਮਜ਼ 2026: ਲਵਪ੍ਰੀਤ ਅਤੇ ਸੀਮਾ ਨੇ ਜਿੱਤੇ ਮੈਡਲ, ਜਾਣੋ ਹੁਣ ਤੱਕ ਭਾਰਤ ਦੀ ਝੋਲੀ ਕਿੰਨੇ ਤਗ਼ਮੇ ਪਏ

ਲਵਪ੍ਰੀਤ ਸਿੰਘ ਅਤੇ ਸੀਮਾ ਕਾਲੀਰਾਮਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਮਨਵੈਲਥ ਗੇਮਜ਼ ਵਿੱਚ ਲਵਪ੍ਰੀਤ ਸਿੰਘ ਨੇ ਸਿਲਵਰ ਅਤੇ ਸੀਮਾ ਕਾਲੀਰਾਮਨਾ ਨੇ ਬ੍ਰਾਂਜ਼ ਮੈਡਲ ਹਾਸਲ ਕੀਤਾ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਸਕਾਟਲੈਂਡ ਦੇ ਗਲਾਸਗੋ ਸ਼ਹਿਰ ਵਿੱਚ ਚੱਲ ਰਹੀਆਂ ਕਾਮਨਵੈਲਥ ਗੇਮਜ਼ ਵਿੱਚ ਭਾਰਤ ਦੀ ਝੋਲੀ ਦੋ ਹੋਰ ਮੈਡਲ ਆਏ ਹਨ।

ਪੰਜਾਬ ਦੇ ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ ਵਿੱਚ ਭਾਰਤ ਨੂੰ ਸਿਲਵਰ ਮੈਡਲ ਦਵਾਇਆ ਹੈ। ਪੁਰਸ਼ਾਂ ਦੀ +110 ਕਿਲੋਗ੍ਰਾਮ ਹੈਵੀਵੇਟ ਕੈਟੇਗਰੀ ਵਿੱਚ ਲਵਪ੍ਰੀਤ ਸਿੰਘ ਨੇ ਇਹ ਮੈਡਲ ਜਿੱਤਿਆ। ਇਸ ਤੋਂ ਇਲਾਵਾ ਡਿਸਕਸ ਥ੍ਰੋਅ ਈਵੈਂਟ ਵਿੱਚ ਐਥਲੀਟ ਸੀਮਾ ਕਾਲੀਰਾਮਨਾ ਨੇ ਬ੍ਰਾਂਜ਼ ਮੈਡਲ ਜਿੱਤਿਆ।

ਬੀਬੀਸੀ ਸਪੋਰਟਸ ਦੀ ਰਿਪੋਰਟ ਮੁਤਾਬਕ ਭਾਰਤੀ ਖਿਡਾਰੀਆਂ ਨੇ ਹੁਣ ਤੱਕ 17 ਮੈਡਲ ਜਿੱਤੇ ਹਨ, ਜਿਨ੍ਹਾਂ ਵਿੱਚ 3 ਗੋਲਡ, 10 ਸਿਲਵਰ ਅਤੇ 4 ਬ੍ਰਾਂਜ਼ ਮੈਡਲ ਹਨ। ਭਾਰਤ ਮੈਡਲਾਂ ਦੀ ਸੂਚੀ ਵਿੱਚ 10ਵੇਂ ਥਾਂ 'ਤੇ ਖਿਸਕ ਗਿਆ।

ਗੋਲਡ ਜਿੱਤਣ ਤੋਂ ਖੁੰਝੇ ਲਵਪ੍ਰੀਤ ਸਿੰਘ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ, "ਮੈਂ ਗੋਲਡ ਮੈਡਲ ਜਿੱਤਣ ਤੋਂ ਖੁੰਝ ਗਿਆ। ਜ਼ਾਹਿਰ ਹੈ ਜਦੋਂ ਗੋਲਡ ਮੈਡਲ ਹੱਥੋਂ ਨਿਕਲ ਜਾਂਦਾ ਹੈ ਤਾਂ ਦੁੱਖ ਤਾਂ ਹੁੰਦਾ ਹੀ ਹੈ। ਮੈਂ ਆਉਣ ਵਾਲੇ ਮੁਕਾਬਲਿਆਂ ਜਿਵੇਂ ਏਸ਼ੀਆਈ ਖੇਡਾਂ ਵਿੱਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ।"

ਉਧਰ ਸੀਮਾ ਕਾਲੀਰਾਮਨਾ ਨੇ 58.65 ਮੀਟਰ ਦੂਰ ਡਿਸਕਸ ਥ੍ਰੋਅ ਸੁੱਟ ਕੇ ਭਾਰਤ ਦੀ ਝੋਲੀ ਵਿੱਚ ਬ੍ਰਾਂਜ਼ ਮੈਡਲ ਪਾਇਆ ਹੈ।

8ਵੇਂ ਦਿਨ ਤੱਕ ਭਾਰਤ ਦੀ ਝੋਲੀ 17 ਮੈਡਲ ਆਏ

100 ਮੀਟਰ ਵਿੱਚ ਤਗਮੇ ਹਾਸਲ ਕਰਨ ਵਾਲੇ ਮੁਹੰਮਦ ਬਾਸਿਲ (ਖੱਬੇ) ਤੇ ਦਿਲੀਪ ਮਹਾਦੁ ਗਾਵਿਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 100 ਮੀਟਰ ਵਿੱਚ ਤਗਮੇ ਹਾਸਲ ਕਰਨ ਵਾਲੇ ਮੁਹੰਮਦ ਬਾਸਿਲ (ਖੱਬੇ) ਤੇ ਦਿਲੀਪ ਮਹਾਦੁ ਗਾਵਿਤ

ਇਸ ਤੋਂ ਪਹਿਲਾਂ ਗੋਲਡ ਸਣੇ ਭਾਰਤ ਦੀ ਝੋਲੀ ਤਿੰਨ ਤਗਮੇ ਪਏ ਸਨ।

ਪੈਰਾ ਅਥਲੀਟ ਦਿਲੀਪ ਮਹਾਦੁ ਗਾਵਿਤ ਨੇ ਭਾਰਤ ਨੂੰ ਇਹ ਤੀਜਾ ਗੋਲਡ ਮੈਡਲ ਦਿਵਾਇਆ ਸੀ। ਉਨ੍ਹਾਂ ਨੇ 100 ਮੀਟਰ ਦੀ ਦੌੜ ਵਿੱਚ 10.71 ਸੈਕਿੰਡ ਦੀ ਟਾਈਮਿੰਗ ਨਾਲ ਪਹਿਲਾ ਸਥਾਨ ਹਾਸਲ ਕੀਤਾ।

100 ਮੀਟਰ ਵਿੱਚ ਹੀ ਭਾਰਤ ਦੇ ਮੁਹੰਮਦ ਬਾਸਿਲ ਨੇ 10.83 ਦੇ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ।

ਲੌਂਗ ਜੰਪ ਵਿੱਚ ਮੁਰਲੀ ਸ਼੍ਰੀਸ਼ੰਕਰ ਨੇ 8.09 ਮੀਟਰ ਦੀ ਛਾਲ ਮਾਰ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ।

ਖੱਬੇ ਪਾਸੇ ਵੇਟਲਿਫ਼ਟਰ ਹਰਜਿੰਦਰ ਕੌਰ ਅਤੇ ਸੱਜੇ ਪਾਸੇ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖੱਬੇ ਪਾਸੇ ਵੇਟਲਿਫ਼ਟਰ ਹਰਜਿੰਦਰ ਕੌਰ ਅਤੇ ਸੱਜੇ ਪਾਸੇ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ

ਕਾਮਨਵੈਲਥ ਗੇਮਜ਼ 2026 ਵਿੱਚ ਮੰਗਲਵਾਰ ਦੇਰ ਰਾਤ ਭਾਰਤੀ ਖਿਡਾਰੀਆਂ ਨੇ 2 ਸਿਲਵਰ ਮੈਡਲ ਹਾਸਲ ਕੀਤੇ ਸਨ। ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 10 ਹਜ਼ਾਰ ਮੀਟਰ ਰੇਸ ਵਿੱਚ ਦੂਜਾ ਸਥਾਨ ਹਾਸਲ ਕੀਤਾ ਸੀ।

ਉਹ ਇਸ ਈਵੈਂਟ ਵਿੱਚ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਗੁਲਵੀਰ ਨੇ 27:49.78 ਸੈਕੰਡ ਦਾ ਸਮਾਂ ਕੱਢਿਆ। ਇਸ ਈਵੈਂਟ ਵਿੱਚ ਆਸਟ੍ਰੇਲੀਆ ਦੇ ਕਾਈ ਰੌਬਿਨਸਨ ਨੇ ਗੋਲਡ ਅਤੇ ਆਇਲ ਆਫ ਮੈਨ ਦੇ ਮੁਲਾਰਕੀ ਨੇ ਬ੍ਰੌਂਜ਼ ਮੈਡਲ ਜਿੱਤਿਆ।

ਇਸ ਤੋਂ ਪਹਿਲਾਂ ਪੰਜਾਬ ਦੇ ਨਾਭਾ ਦੇ ਪਿੰਡ ਮੈਹਸ਼ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ 69 ਕਿਲੋਗ੍ਰਾਮ ਭਾਰ ਵਰਗ ਵਿੱਚ ਕੁੱਲ 227 ਕਿਲੋਗ੍ਰਾਮ ਭਾਰ ਚੁੱਕ ਕੇ ਸਿਲਵਰ ਮੈਡਲ ਜਿੱਤਿਆ।

ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਭਾਰਤੀ ਵੇਟਲਿਫ਼ਟਰ ਹਰਜਿੰਦਰ ਕੌਰ ਨੇ ਕਿਹਾ, "ਮੈਂ ਭਾਰਤ ਲਈ ਸਿਲਵਰ ਮੈਡਲ ਜਿੱਤ ਕੇ ਬਹੁਤ ਖ਼ੁਸ਼ ਹਾਂ। ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਆਪਣੀ ਕਾਰਗੁਜ਼ਾਰੀ ਤੋਂ ਬਹੁਤ ਖ਼ੁਸ਼ ਹਾਂ, ਮੈਂ ਆਪਣਾ ਮੈਡਲ ਆਪਣੇ ਪਰਿਵਾਰ ਨੂੰ ਸਮਰਪਿਤ ਕਰਾਂਗੀ। ਮੈਂ ਭਾਰਤੀ ਫੈਡਰੇਸ਼ਨ ਅਤੇ ਭਾਰਤ ਸਰਕਾਰ ਦੀ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸਾਨੂੰ ਇੱਥੇ ਪਹੁੰਚਣ ਵਿੱਚ ਮਦਦ ਕੀਤੀ।"

ਸ਼ਰਮਿਲਾ ਧਨਖੜ ਨੇ ਕਾਮਨ ਵੈਲਥ ਗੇਮਜ਼ ਦੇ ਪੈਰਾ ਐਥਲੇਟਿਕਸ ਵਿੱਚ ਭਾਰਤ ਲਈ ਪਹਿਲਾ ਗੋਲਡ ਜਿੱਤਿਆ ਹੈ।

ਤਸਵੀਰ ਸਰੋਤ, Paul Harding/Getty Images

ਤਸਵੀਰ ਕੈਪਸ਼ਨ, ਸ਼ਰਮਿਲਾ ਧਨਖੜ ਨੇ ਕਾਮਨ ਵੈਲਥ ਗੇਮਜ਼ ਦੇ ਪੈਰਾ ਐਥਲੇਟਿਕਸ ਵਿੱਚ ਭਾਰਤ ਲਈ ਪਹਿਲਾ ਗੋਲਡ ਜਿੱਤਿਆ ਹੈ।

ਇਸ ਤੋਂ ਪਹਿਲਾਂ ਭਾਰਤ ਨੂੰ ਕਾਮਨਵੈਲਥ ਖੇਡਾਂ ਵਿੱਚ ਦੂਜਾ ਗੋਲਡ ਪੈਰਾ ਐਥਲੀਟ ਸ਼ਰਮਿਲਾ ਧਨਖੜ ਨੇ ਦਵਾਇਆ ਸੀ।

ਪੈਰਾ ਮਹਿਲਾ ਸ਼ੌਟ ਪੁੱਟ ਐੱਫ57 ਈਵੈਂਟ ਵਿੱਚ ਸ਼ਰਮਿਲਾ ਨੇ ਸੋਨੇ ਦਾ ਮੈਡਲ ਹਾਸਲ ਕੀਤਾ। ਇਸ ਜਿੱਤ ਨਾਲ ਉਹ ਕਾਮਨਵੈਲਥ ਖੇਡਾਂ ਵਿੱਚ ਪੈਰਾ ਐਥਲੈਟਿਕਸ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਣ ਬਣ ਗਈ ਅਤੇ ਪੈਰਾ ਐਥਲੈਟਿਕਸ ਵਿੱਚ ਤਗ਼ਮੇ ਲਈ ਭਾਰਤ ਦਾ 20 ਸਾਲ ਦਾ ਇੰਤਜ਼ਾਰ ਵੀ ਖ਼ਤਮ ਹੋ ਗਿਆ ਸੀ।

ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਸ਼ਰਮਿਲਾ ਧਨਖੜ ਨੇ ਕਿਹਾ, "ਮੈਂ ਆਪਣੇ ਦੇਸ਼ ਲਈ ਤਮਗਾ ਜਿੱਤ ਕੇ ਬਹੁਤ ਖੁਸ਼ ਹਾਂ। ਇਹ ਮੇਰਾ ਸੁਪਨਾ ਸੀ ਅਤੇ ਮੇਰੀ ਮਾਂ ਦਾ ਵੀ ਸੁਪਨਾ ਸੀ। ਮੇਰੀ ਮਾਂ ਇਹ ਦੇਖ ਕੇ ਬਹੁਤ ਖੁਸ਼ ਹੋਵੇਗੀ। ਹੁਣ ਮੇਰਾ ਅਗਲਾ ਟੀਚਾ ਏਸ਼ਿਆਈ ਖੇਡਾਂ ਅਤੇ ਓਲੰਪਿਕ ਹੈ। ਇਹ ਮੇਰਾ ਪਹਿਲਾ ਮੈਡਲ ਹੈ ਅਤੇ ਮੈਂ ਭਵਿੱਖ ਵਿੱਚ ਵੀ ਕਈ ਹੋਰ ਤਮਗੇ ਜਿੱਤਦੀ ਰਹਾਂਗੀ।"

ਬੀਬੀਸੀ ਸਹਿਯੋਗੀ ਮਨੋਜ ਢਾਕਾ ਦੀ ਰਿਪੋਰਟ ਮੁਤਾਬਕ, ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਛਿਥਰੌਲੀ ਪਿੰਡ ਦੀ ਪੈਰਾ ਐਥਲੀਟ ਸ਼ਰਮਿਲਾ ਧਨਖੜ ਨੇ ਮਹਿਲਾ ਸ਼ਾਟਪੁੱਟ ਦੀ ਐੱਫ-57 ਸ਼੍ਰੇਣੀ ਵਿੱਚ 9.81 ਮੀਟਰ ਦਾ ਥਰੋ ਕਰਕੇ ਭਾਰਤ ਲਈ ਸੋਨ ਤਮਗਾ ਜਿੱਤਿਆ। ਪਰ ਉਨ੍ਹਾਂ ਦੀ ਇਹ ਜਿੱਤ ਸਿਰਫ਼ ਇੱਕ ਖੇਡ ਉਪਲਬਧੀ ਨਹੀਂ, ਸਗੋਂ ਸੰਘਰਸ਼, ਹੌਸਲੇ ਅਤੇ ਲਗਾਤਾਰ ਮਿਹਨਤ ਦੀ ਕਹਾਣੀ ਹੈ।

ਸਿਰਫ਼ ਦੋ ਸਾਲ ਦੀ ਉਮਰ ਵਿੱਚ ਪੋਲਿਓ ਕਾਰਨ ਉਨ੍ਹਾਂ ਦਾ ਇੱਕ ਪੈਰ ਪ੍ਰਭਾਵਿਤ ਹੋ ਗਿਆ ਸੀ। ਪਰਿਵਾਰ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਾਰਨ ਉਨ੍ਹਾਂ ਦਾ ਬਿਹਤਰ ਇਲਾਜ ਨਹੀਂ ਹੋ ਸਕਿਆ। ਪਿਤਾ ਛੋਟੇ ਕਿਸਾਨ ਸਨ ਅਤੇ ਮਾਂ ਜੋਤਹੀਣ ਹਨ।

ਘੱਟ ਉਮਰ ਵਿੱਚ ਵਿਆਹ ਤੋਂ ਬਾਅਦ ਵੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਆਈਆਂ। 26 ਸਾਲ ਦੀ ਉਮਰ ਵਿੱਚ ਪਹਿਲੇ ਪਤੀ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ, ਜਿਸ ਤੋਂ ਬਾਅਦ ਉਹ ਆਪਣੀਆਂ ਦੋ ਧੀਆਂ ਨਾਲ ਪੇਕੇ ਵਾਪਸ ਆ ਗਏ।

ਉਨ੍ਹਾਂ ਦੀ ਜ਼ਿੰਦਗੀ ਵਿੱਚ ਬਦਲਾਅ ਉਸ ਸਮੇਂ ਆਇਆ ਜਦੋਂ ਦੂਜੇ ਵਿਆਹ ਤੋਂ ਬਾਅਦ ਪਤੀ ਅਜੀਤ ਨੇ ਉਨ੍ਹਾਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। 34 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪੈਰਾ ਐਥਲੈਟਿਕਸ ਦੀ ਟ੍ਰੇਨਿੰਗ ਸ਼ੁਰੂ ਕੀਤੀ। ਆਰਥਿਕ ਮੁਸ਼ਕਲਾਂ ਦੇ ਬਾਵਜੂਦ ਪਰਿਵਾਰ ਨੂੰ ਘਰ ਤੱਕ ਵੇਚਣਾ ਪਿਆ, ਪਰ ਸ਼ਰਮਿਲਾ ਨੇ ਆਪਣੇ ਸੁਪਨਿਆਂ ਨਾਲ ਸਮਝੌਤਾ ਨਹੀਂ ਕੀਤਾ।

2022 ਦੇ ਪੈਰਾ ਕਾਮਨਵੈਲਥ ਖੇਡਾਂ ਵਿੱਚ ਚੌਥੇ ਸਥਾਨ 'ਤੇ ਰਹਿਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਤਕਨੀਕ ਅਤੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ ਅਤੇ ਆਖ਼ਰਕਾਰ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਨੇ ਆਪਣੀ ਜਿੱਤ ਆਪਣੀਆਂ ਧੀਆਂ ਅਤੇ ਪਤੀ ਨੂੰ ਸਮਰਪਿਤ ਕੀਤੀ।

ਇਸ ਤੋਂ ਪਹਿਲਾਂ ਵੇਟਲਿਫ਼ਟਰ ਮੀਰਾਬਾਈ ਚਾਨੂ ਭਾਰਤ ਨੂੰ ਪਹਿਲਾ ਗੋਲਡ ਦਵਾ ਚੁੱਕੇ ਹਨ।

ਕਿਹੜੇ ਖਿਡਾਰੀਆਂ ਨੇ ਸਿਲਵਰ ਮੈਡਲ ਹਾਸਲ ਕੀਤੇ ?

ਸਰਵੇਸ਼ ਕੁਸ਼ਾਰੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਥਲੀਟ ਸਰਵੇਸ਼ ਕੁਸ਼ਾਰੇ ਨੇ ਪੁਰਸ਼ ਹਾਈ ਜੰਪ ਈਵੈਂਟ ਵਿੱਚ ਭਾਰਤ ਨੂੰ ਸਿਲਵਰ ਮੈਡਲ ਦਵਾਇਆ ਹੈ

ਇਸ ਤੋਂ ਪਹਿਲਾਂ ਰਿਸ਼ੀਕਾਂਤ ਸਿੰਘ, ਮੁੱਥੂਪੰਡੀ ਰਾਜਾ, ਗਿਆਨੇਸ਼ਵਰੀ ਯਾਦਵ, ਵੱਲੂਰੀ ਅਜੇ ਬਾਬੂ ਨੇ ਵੇਟਲਿਫਟਿੰਗ ਵਿੱਚ ਚਾਂਦੀ ਦੇ ਤਮਗੇ ਹਾਸਲ ਕੀਤੇ ਸਨ।

ਇਸ ਤੋਂ ਇਲਾਵਾ ਐਥਲੀਟ ਸਰਵੇਸ਼ ਕੁਸ਼ਾਰੇ ਨੇ ਪੁਰਸ਼ ਹਾਈ ਜੰਪ ਈਵੈਂਟ ਵਿੱਚ ਭਾਰਤ ਨੂੰ ਸਿਲਵਰ ਮੈਡਲ ਦਵਾਇਆ ਸੀ।

ਐਥਲੀਟ ਗਿਆਨੇਸ਼ਵਰੀ ਯਾਦਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਥਲੀਟ ਗਿਆਨੇਸ਼ਵਰੀ ਯਾਦਵ ਨੇ ਜਿੱਤਿਆ ਸਿਲਵਰ ਮੈਡਲ ਜਿੱਤਿਆ

ਗਿਆਨੇਸ਼ਵਰੀ ਯਾਦਵ ਨੇ ਔਰਤਾਂ ਦੇ 53 ਕਿਲੋਗ੍ਰਮ ਭਾਰ ਵਰਗ ਵਿੱਚ ਕੁੱਲ 199 ਕਿਲੋਗ੍ਰਾਮ ਭਾਰ ਚੁੱਕਿਆ, ਜਿਸ ਵਿੱਚ 88 ਕਿਲੋਗ੍ਰਾਮ ਸਨੈਚ ਅਤੇ 111 ਕਿਲੋਗ੍ਰਾਮ ਕਲੀਨ ਐਂਡ ਜਰਕ ਸ਼ਾਮਲ ਹੈ।

ਇਹ ਉਨ੍ਹਾਂ ਦਾ ਕੁੱਲ ਭਾਰ ਅਤੇ ਕਲੀਨ ਐਂਡ ਜਰਕ ਮੁਕਾਬਲੇ ਵਿੱਚ ਨਿੱਜੀ ਸਰਵੋਤਮ ਪ੍ਰਦਰਸ਼ਨ ਹੈ।

ਛੱਤੀਸਗੜ੍ਹ ਨਾਲ ਸਬੰਧਤ ਗਿਆਨੇਸ਼ਵਰੀ ਪਟਿਆਲਾ ਸਥਿਤ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿੱਚ ਰਾਸ਼ਟਰੀ ਕੋਚਿੰਗ ਪ੍ਰੋਗਰਾਮ ਤਹਿਤ ਟ੍ਰੇਨਿੰਗ ਕਰਦੀ ਰਹੀ ਹੈ।

ਗਿਆਨੇਸ਼ਵਰੀ ਨੇ ਕਾਮਨਵੈਲਥ ਚੈਂਪੀਅਨਸ਼ਿਪ, ਏਸ਼ੀਆਈ ਚੈਂਪੀਅਨਸ਼ਿਪ ਅਤੇ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਸਣੇ ਕਈ ਵੱਡੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।

ਬ੍ਰਾਂਜ਼ ਮੈਡਲ ਜਿੱਤਣ ਵਾਲੇ ਖਿਡਾਰੀ

ਸ਼ਿਲਪਾ ਕੇ ਸ਼ਾਇਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੈਰਾ ਐਥਲੀਟ ਸ਼ਿਲਪਾ ਕੇ ਸ਼ਾਇਲਾ ਨੇ ਸ਼ੌਟ ਪੁੱਟ ਵਿੱਚ ਬ੍ਰਾਂਜ਼ ਮੈਡਲ ਹਾਸਲ ਕੀਤਾ

ਸਭ ਤੋਂ ਪਹਿਲਾ ਬ੍ਰਾਂਜ਼ ਮੈਡਲ ਪੈਰਾ ਪਾਵਰਲਿਫ਼ਟਰ ਝੰਡੂ ਕੁਮਾਰ ਨੇ ਦਵਾਇਆ।

ਪੈਰਾ ਐਥਲੀਟ ਸ਼ਿਲਪਾ ਕੇ ਸ਼ਾਇਲਾ ਨੇ ਮਹਿਲਾ ਸ਼ੌਟ ਪੁੱਟ ਐੱਫ57 ਈਵੈਂਟ ਵਿੱਚ ਬ੍ਰਾਂਜ਼ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ ਵੇਟਲਿਫ਼ਟਰ ਬਿੰਦਿਆਰਾਨੀ ਦੇਵੀ ਵੀ ਕਾਂਸੇ ਦਾ ਤਮਗਾ ਹਾਸਲ ਕਰਨ ਵਿੱਚ ਕਾਮਯਾਬ ਰਹੇ।

ਮੀਰਾਬਾਈ ਚਾਨੂ ਨੇ ਲਗਾਤਾਰ ਤੀਜੀ ਵਾਰ ਜਿੱਤਿਆ ਗੋਲਡ

ਮੀਰਾਬਾਈ ਚਾਨੂ

ਤਸਵੀਰ ਸਰੋਤ, Mattia Ozbot/Getty Images

ਤਸਵੀਰ ਕੈਪਸ਼ਨ, ਮੀਰਾਬਾਈ ਨੇ ਲਗਾਤਾਰ ਤੀਜੀ ਵਾਰ ਕਾਮਨਵੈਲਥ ਗੇਮਜ਼ ਵਿੱਚ ਸੋਨ ਤਗ਼ਮਾ ਜਿੱਤਿਆ ਹੈ।

ਵੇਟਲਿਫ਼ਟਰ ਮੀਰਾਬਾਈ ਚਾਨੂ ਨੇ ਗਲਾਸਗੋ ਕਾਮਨਵੈਲਥ ਗੇਮਜ਼ ਵਿੱਚ ਭਾਰਤ ਲਈ ਪਹਿਲਾ ਸੋਨ ਤਗ਼ਮਾ ਜਿੱਤਿਆ।

ਮੀਰਾਬਾਈ ਨੇ ਲਗਾਤਾਰ ਤੀਜੀ ਵਾਰ ਕਾਮਨਵੈਲਥ ਗੇਮਜ਼ ਵਿੱਚ ਸੋਨ ਤਗ਼ਮਾ ਜਿੱਤਿਆ ਹੈ।

ਮਹਿਲਾਵਾਂ ਦੇ 48 ਕਿਲੋਗ੍ਰਾਮ ਵਰਗ ਦੇ ਮੁਕਾਬਲੇ ਵਿੱਚ ਮੀਰਾਬਾਈ ਨੇ ਕਈ ਰਿਕਾਰਡ ਤੋੜੇ।

ਉਨ੍ਹਾਂ ਨੇ ਸਨੈਚ ਵਿੱਚ 85 ਕਿਲੋਗ੍ਰਾਮ, ਕਲੀਨ ਐਂਡ ਜਰਕ ਵਿੱਚ 105 ਕਿਲੋਗ੍ਰਾਮ ਸਮੇਤ ਕੁੱਲ 190 ਕਿਲੋਗ੍ਰਾਮ ਭਾਰ ਚੁੱਕਿਆ।

ਮੀਰਾਬਾਈ ਚਾਨੂ ਨੇ ਕਾਮਨਵੈਲਥ ਗੇਮਜ਼ ਵਿੱਚ ਸਨੈਚ ਵਿੱਚ 85 ਕਿਲੋਗ੍ਰਾਮ ਭਾਰ ਚੁੱਕਿਆ ਹੈ, ਜੋ ਕਿ ਇੱਕ ਰਿਕਾਰਡ ਹੈ।

ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ, ਮੀਰਾਬਾਈ ਚਾਨੂ ਨੇ ਕਿਹਾ, "ਮੈਂ ਬਹੁਤ ਖੁਸ਼ ਹਾਂ। ਕਾਮਨਵੈਲਥ ਖੇਡਾਂ ਵਿੱਚ ਇਹ ਮੇਰਾ ਤੀਜਾ ਸੋਨੇ ਦਾ ਤਮਗਾ ਹੈ। ਕੁੱਲ ਮਿਲਾ ਕੇ ਇਹ ਮੇਰਾ ਚੌਥਾ ਤਮਗਾ ਹੈ। ਮੇਰਾ ਸਫ਼ਰ 2014 ਦੀਆਂ ਕਾਮਨਵੈਲਥ ਖੇਡਾਂ ਤੋਂ ਹੀ ਸ਼ੁਰੂ ਹੋਇਆ ਸੀ, ਜਿੱਥੇ ਮੈਂ ਚਾਂਦੀ ਦਾ ਤਮਗਾ ਜਿੱਤਿਆ ਸੀ।"

ਉਨ੍ਹਾਂ ਕਿਹਾ ਸੀ, "ਅੱਜ ਭਾਰਤ ਲਈ ਸੋਨੇ ਦਾ ਤਮਗਾ ਜਿੱਤ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਲਗਾਤਾਰ ਸੋਨੇ ਦੇ ਤਮਗੇ ਜਿੱਤਣਾ ਕਿਸੇ ਵੀ ਖਿਡਾਰੀ ਲਈ ਬਹੁਤ ਵੱਡੀ ਉਪਲਬਧੀ ਹੁੰਦੀ ਹੈ, ਇਸ ਲਈ ਅੱਜ ਮੈਂ ਬਹੁਤ ਖੁਸ਼ ਹਾਂ।"

ਮੀਰਾਬਾਈ ਚਾਨੂ ਨੇ ਲਗਾਤਾਰ ਤੀਜੀ ਵਾਰ ਕਾਮਨਵੈਲਥ ਗੇਮਜ਼ ਵਿੱਚ ਸੋਨ ਤਗ਼ਮਾ ਜਿੱਤਿਆ ਹੈ ਪਰ ਉਹ ਇਸ ਤੋਂ ਪਹਿਲਾਂ ਚਾਂਦੀ ਦਾ ਤਗ਼ਮਾ ਵੀ ਜਿੱਤ ਚੁੱਕੇ ਹਨ।

ਉਨ੍ਹਾਂ ਨੇ ਸਾਲ 2014 ਵਿੱਚ ਗਲਾਸਗੋ ਵਿੱਚ ਹੀ ਕਾਮਨਵੈਲਥ ਗੇਮਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2018 ਦੀਆਂ ਗੋਲਡ ਕੋਸਟ ਕਾਮਨਵੈਲਥ ਗੇਮਜ਼ ਵਿੱਚ ਸੋਨ ਤਗ਼ਮਾ ਜਿੱਤਿਆ ਸੀ, ਫਿਰ ਸਾਲ 2022 ਦੀਆਂ ਬਰਮਿੰਘਮ ਕਾਮਨਵੈਲਥ ਗੇਮਜ਼ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ।

ਮੀਰਾਬਾਈ ਨੇ ਟੋਕਿਓ ਓਲੰਪਿਕਸ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਸੀ, ਜਿਸ ਨਾਲ ਉਹ ਅਜਿਹਾ ਇਤਿਹਾਸ ਰਚਣ ਵਾਲੇ ਪਹਿਲੇ ਭਾਰਤੀ ਬਣੇ ਸਨ।

ਦੋ ਵਾਰ ਜਿੱਤਿਆ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ ਐਵਾਰਡ

ਵੇਟਲਿਫ਼ਟਰ ਮੀਰਾਬਾਈ ਚਾਨੂ ਨੇ ਸਾਲ 2022 ਦਾ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ ਐਵਾਰਡ ਜਿੱਤਿਆ ਸੀ।

ਚਾਨੂ ਨੂੰ ਜਨਤਕ ਵੋਟਿੰਗ ਦੇ ਨਤੀਜੇ ਆਉਣ ਤੋਂ ਬਾਅਦ ਜੇਤੂ ਐਲਾਨਿਆ ਗਿਆ ਸੀ।

ਸਾਲ 2021 ਦਾ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ ਐਵਾਰਡ ਵੀ ਉਨ੍ਹਾਂ ਨੇ ਹੀ ਜਿੱਤਿਆ ਸੀ।

ਮੀਰਾਬਾਈ ਚਾਨੂ ਨੇ ਕਿਹੜੇ-ਕਿਹੜੇ ਤਗ਼ਮੇ ਜਿੱਤੇ ਹਨ?

ਮੀਰਾਬਾਈ ਚਾਨੂ

ਤਸਵੀਰ ਸਰੋਤ, NurPhoto via Getty Images

ਤਸਵੀਰ ਕੈਪਸ਼ਨ, 8 ਅਗਸਤ, 1994 ਨੂੰ ਜਨਮੇ ਅਤੇ ਮਣੀਪੁਰ ਦੇ ਛੋਟੇ ਜਿਹੇ ਪਿੰਡ ਵਿੱਚ ਪਲ਼ੇ ਮੀਰਾਬਾਈ ਬਚਪਨ ਤੋਂ ਹੀ ਕਾਫ਼ੀ ਹੁਨਰਮੰਦ ਸਨ।

ਕਾਮਨਵੈਲਥ ਗੇਮਜ਼ 2014 - ਚਾਂਦੀ ਦਾ ਤਗ਼ਮਾ

ਵਿਸ਼ਵ ਚੈਂਪੀਅਨਸ਼ਿਪ 2017 - ਸੋਨ ਤਗ਼ਮਾ

ਕਾਮਨਵੈਲਥ ਗੇਮਜ਼ 2018 - ਸੋਨ ਤਗ਼ਮਾ

ਏਸ਼ੀਆਈ ਚੈਂਪੀਅਨਸ਼ਿਪ 2020 - ਕਾਂਸੀ ਦਾ ਤਗ਼ਮਾ

ਟੋਕਿਓ ਓਲੰਪਿਕ 2020 - ਚਾਂਦੀ ਦਾ ਤਗ਼ਮਾ

ਕਾਮਨਵੈਲਥ ਗੇਮਜ਼ 2022 - ਸੋਨ ਤਗ਼ਮਾ

ਵਿਸ਼ਵ ਚੈਂਪੀਅਨਸ਼ਿਪ 2022 - ਚਾਂਦੀ ਦਾ ਤਗ਼ਮਾ

ਵਿਸ਼ਵ ਚੈਂਪੀਅਨਸ਼ਿਪ 2025 - ਚਾਂਦੀ ਦਾ ਤਗ਼ਮਾ

ਕਾਮਨਵੈਲਥ ਗੇਮਜ਼ 2026 - ਸੋਨ ਤਗ਼ਮਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)