'ਟਾਵਰ ਆਫ ਪੀਸਾ' ਵਾਂਗ ਹੋਰ ਪੁਰਾਣੀਆਂ ਇਮਾਰਤਾਂ ਝੁਕਣ ਦੇ ਬਾਅਦ ਵੀ ਕਿਵੇਂ ਸੁਰੱਖਿਅਤ ਰਹਿੰਦੀਆਂ ਹਨ, ਜਾਣੋ ਕੀ ਹੈ ਵਜ੍ਹਾ

ਇੱਕ ਚਮਕਦੇ ਦਿਨ ਵਿੱਚ ਟਾਵਰ ਆਫ ਪੀਸਾ ਕੋਲ ਲੋਕਾਂ ਦੀ ਭੀੜ

ਤਸਵੀਰ ਸਰੋਤ, PhotoFires via Getty Images

ਤਸਵੀਰ ਕੈਪਸ਼ਨ, ਟਾਵਰ ਆਫ ਪੀਸਾ, ਹੋਰ ਝੁਕਣਾ ਸ਼ੁਰੂ ਹੋ ਗਿਆ ਸੀ ਜਿਸ ਕਾਰਨ ਉਸ ਨੂੰ ਸੁਰੱਖਿਅਤ ਬਣਾਏ ਰੱਖਣ ਲਈ ਥੋੜ੍ਹਾ ਸਿੱਧਾ ਕਰਨਾ ਪਿਆ।
    • ਲੇਖਕ, ਡੇਜ਼ੀ ਸਟੀਫਨਜ਼
    • ਰੋਲ, ਬੀਬੀਸੀ ਵਰਲਡ ਸਰਵਿਸ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਝੁਕਿਆ ਹੋਇਆ ਟਾਵਰ ਆਫ ਪੀਸਾ, ਇਟਲੀ ਦੀਆਂ ਸਭ ਤੋਂ ਮਸ਼ਹੂਰ ਥਾਂਵਾਂ ਵਿਚੋਂ ਇੱਕ ਹੈ।

ਪਰ ਇਹ ਇਕੱਲੀ ਅਜਿਹੀ ਇਮਾਰਤ ਨਹੀਂ ਹੈ ਜੋ ਇੱਕ ਪਾਸੇ ਨੂੰ ਝੁਕੀ ਹੋਈ ਹੈ। ਨੀਦਰਲੈਂਡ ਦੇ 'ਡਾਂਸਿੰਗ ਹਾਊਸਜ਼' ਤੋਂ ਲੈ ਕੇ ਚੀਨ ਦੇ 'ਟਾਈਗਰ ਹਿੱਲ ਪੈਗੋਡਾ' ਤੱਕ, ਦੁਨੀਆਂ ਭਰ ਵਿੱਚ ਅਜਿਹੀਆਂ ਟੇਢੀਆਂ-ਮੇਢੀਆਂ ਇਮਾਰਤਾਂ ਮੌਜੂਦ ਹਨ

ਪਰ ਇਹ ਝੁਕੀਆਂ ਹੋਈਆਂ ਕਿਉਂ ਹਨ ? ਤੇ ਇਸ ਦਾ ਇਹ ਮਤਲਬ ਕਿਉਂ ਨਹੀਂ ਕਿ ਇਹ ਡਿੱਗ ਜਾਣਗੀਆਂ?

ਕੁਝ ਇਮਾਰਤਾਂ ਝੁਕੀਆਂ ਹੋਈਆਂ ਕਿਉਂ ਹਨ ?

ਨੀਦਰਲੈਂਡ ਦੇ ਐਮਸਟਰਡੈਮ ਵਿੱਚ ਰੰਗ ਬਿਰੰਗੇ ਘਰ ਜੋ ਇੱਕ ਦੂਜੇ ਵੱਲ ਝੁਕੇ ਹੋਏ ਹਨ। ਘਰਾਂ ਦੇ ਮੂਹਰੇ ਇੱਕ ਕਨਾਲ ਹੈ।

ਤਸਵੀਰ ਸਰੋਤ, Karl Hendon via Getty Images

ਤਸਵੀਰ ਕੈਪਸ਼ਨ, ਨੀਦਰਲੈਂਡ ਦੇ ਮਸ਼ਹੂਰ ਡਾਂਸਿੰਗ ਹਾਊਸਜ਼

ਨੀਦਰਲੈਂਡ ਦੀ ਡੈਲਫਟ ਯੂਨੀਵਰਸਿਟੀ ਆਫ ਟੈਕਨਾਲਜੀ ਐਂਡ ਡੈਲਟਾਰੇਜ਼ ਵਿੱਚ ਜੀਓਟੈਕਨੀਕਲ ਪ੍ਰੈਕਟਿਸ ਦੀ ਐਸੋਸੀਏਟ ਪ੍ਰੋਫੈਸਰ ਡਾ. ਮੈਂਡੀ ਕੋਰਫ ਮੁਤਾਬਕ ਇਮਾਰਤਾਂ ਦੇ ਇੱਕ ਪਾਸੇ ਝੁਕੇ ਹੋਣ ਦੇ ਕਈ ਕਾਰਨ ਹਨ।

ਕਈ ਕੇਸਾਂ ਵਿੱਚ, ਇਹ ਨੀਂਹਾਂ ਦੀਆਂ ਕਿਸਮਾਂ ਕਾਰਨ ਹੁੰਦਾ ਹੈ ਜਿਵੇਂ ਕਿ ਨੀਦਰਲੈਂਡ ਦੇ ਮਸ਼ਹੂਰ 'ਡਾਂਸਿੰਗ ਹਾਊਸਜ਼'।

ਕੋਰਫ ਕਹਿੰਦੇ ਹਨ, "ਐਮਸਟਰਡੈਮ ਸਿਟੀ ਸੈਂਟਰ ਵਿੱਚ ਜ਼ਿਆਦਾਤਰ ਘਰ ਲੱਕੜਾਂ ਦੇ ਪਿੱਲਰਾਂ ਨਾਲ ਬਣੇ ਹੋਏ ਹਨ।"

ਉਹ ਸਮਝਾਉਂਦੇ ਹਨ ਕਿ ਇਹ ਲੱਕੜਾਂ ਇਮਾਰਤਾਂ ਦੀਆਂ ਕੰਧਾਂ ਅਤੇ ਮੂਹਰਲੇ ਹਿੱਸਿਆਂ ਦੇ ਹੇਠਾਂ ਜੋੜਿਆਂ ਵਿੱਚ ਲਗਾਈਆਂ ਜਾਂਦੀਆਂ ਹਨ।

ਇਹ ਮਿੱਟੀ ਦੇ ਅੰਦਰ 12 ਮੀਟਰ ਤੱਕ ਜਾਂਦੇ ਹਨ ਜਿਸ ਵਿੱਚ ਨਰਮ ਮਿੱਟੀ, ਦਲਦਲੀ ਮਿੱਟੀ ਜਾਂ ਰੇਤ ਸ਼ਾਮਲ ਹੁੰਦੀ ਹੈ।

ਉਹ ਕਹਿੰਦੇ ਹਨ, "ਜੇ ਉਹ ਇਸੇ ਤਰ੍ਹਾਂ ਰਹਿਣ ਅਤੇ ਲੱਕੜ ਦੇ ਪਿੱਲਰ ਠੀਕ ਰਹਿਣ ਤਾਂ ਘਰਾਂ ਨੂੰ ਕੁਝ ਨਹੀਂ ਹੁੰਦਾ।"

ਪਰ ਕੋਰਫ ਇਹ ਵੀ ਕਹਿੰਦੀ ਹੈ ਕਿ ਜੇਕਰ ਉਹ ਖ਼ਰਾਬ ਹੋਣੇ ਜਾਂ ਗਲਣੇ ਸ਼ੁਰੂ ਹੋ ਜਾਣ ਤਾਂ ਤਰੇੜਾਂ ਆਉਣੀਆਂ ਸ਼ੁਰੂ ਹੋ ਸਕਦੀਆਂ ਹਨ ਅਤੇ ਗੈਰ-ਬਰਾਬਰ ਨੁਕਸਾਨ ਜਾਂ ਭਾਰ ਦੀ ਵੰਡ ਸਮੇਂ ਨਾਲ ਇਮਾਰਤਾਂ ਨੂੰ ਝੁਕਾ ਦਿੰਦੀ ਹੈ।

ਇੱਕ ਬਲੌਂਡ ਮਹਿਲਾ ਜਿਸ ਨੇ ਜਾਵਣੀ ਰੰਗ ਦਾ ਟੌਪ ਅਤੇ ਧੁੱਪ ਤੋਂ ਬਚਾਉਣ ਵਾਲੀ ਹੈਟ ਪਹਿਨੀ ਹੈ ਪੀਸਾ ਦੇ ਝੁਕੇ ਹੋਏ ਟਾਵਰ ਨਾਲ ਇਸ ਤਰ੍ਹਾਂ ਪੋਜ਼ ਬਣਾ ਰਹੀ ਹੈ ਜਿਵੇਂ ਉਸ ਨੂੰ ਡਿੱਗਣ ਤੋਂ ਰੋਕ ਰਹੀ ਹੋਵੇ।

ਤਸਵੀਰ ਸਰੋਤ, Sol de Zuasnabar Brebbia via Getty Images

ਤਸਵੀਰ ਕੈਪਸ਼ਨ, ਟਾਵਰ ਆਫ ਪੀਸਾ, ਇਟਲੀ ਦੀਆਂ ਮਸ਼ਹੂਰ ਥਾਵਾਂ ਵਿੱਚੋਂ ਇੱਕ ਹੈ।

ਟਾਵਰ ਆਫ ਪੀਸਾ

ਮਿੱਟੀ ਦੇ ਹਾਲਾਤ ਵੀ ਇਮਾਰਤਾਂ ਨੂੰ ਇੱਕ ਪਾਸੇ ਝੁਕਾ ਸਕਦੇ ਹਨ, ਜਿਵੇਂ ਕਿ ਟਾਵਰ ਆਫ ਪੀਸਾ ਦਾ ਕੇਸ ਹੈ।

ਨੂਨਜ਼ਿਆਂਤੇ ਸਕੇਗਲੀਆ ਜੋ ਕਿ ਪੀਸਾ ਯੂਨੀਵਰਸਿਟੀ ਵਿੱਚ ਸੌਇਲ(ਮਿੱਟੀ) ਮਕੈਨਿਕਸ ਐਂਡ ਫਾਊਂਡੇਸ਼ਨਜ਼ ਦੇ ਪ੍ਰੈਫੈਸਰ ਹਨ, ਉਸ ਟੀਮ ਦਾ ਹਿੱਸਾ ਹਨ ਜੋ ਟਾਵਰ ਦੇ ਝੁਕਾਅ ਦੀ ਨਿਗਰਾਨੀ ਕਰਦੀ ਹੈ।

ਸਕੇਗਲੀਆ ਨੇ ਬੀਬੀਸੀ ਦੇ ਰੇਡੀਓ ਪ੍ਰੋਗਰਾਮ ' ਵਿਟਨੈਸ ਹਿਸਟਰੀ' ਨੂੰ ਦੱਸਿਆ, "ਮਿੱਟੀ ਦੇ ਬਹੁਤ ਜ਼ਿਆਦਾ ਨਰਮ ਹੋਣ ਕਾਰਨ ਟਾਵਰ ਆਪਣੀ ਉਸਾਰੀ ਦੀ ਸ਼ੁਰੂਆਤ ਤੋਂ ਹੀ ਝੁਕਣਾ ਸ਼ੁਰੂ ਹੋ ਗਿਆ ਸੀ। ਇਹ ਤਿੰਨ ਤੋਂ ਚਾਰ ਮੀਟਰ ਤੱਕ ਜ਼ਮੀਨ ਵਿੱਚ ਧਸ ਗਿਆ ਸੀ।"

ਇਮਾਰਤਾਂ ਮਿੱਟੀ ਵਿੱਚ ਮਨੁੱਖ ਵੱਲੋਂ ਕੀਤੇ ਗਏ ਬਦਲਾਵਾਂ ਕਰਕੇ ਵੀ ਝੁਕ ਸਕਦੀਆਂ ਹਨ- ਉਦਾਹਰਨ ਵਜੋਂ ਡੈਲਫਟ ਵਿੱਚ ਓਲਡ ਚਰਚ ਦਾ ਟਾਵਰ।

ਕੋਰਫ ਕਹਿੰਦੀ ਹੈ, "ਇਹ ਬਹੁਤ ਘੱਟ ਲੋਕ ਜਾਣਦੇ ਹਨ ਪਰ ਇਹ ਲਗਭਗ ਟਾਵਰ ਆਫ ਪੀਸਾ ਵਾਂਗ ਹੀ ਝੁਕਿਆ ਹੋਇਆ ਹੈ।"

ਉਨ੍ਹਾਂ ਦੱਸਿਆ, "ਇਹ ਨਹਿਰ ਵੱਲ ਝੁਕ ਰਿਹਾ ਹੈ ਕਿਉਂਕਿ ਨਹਿਰ ਲਈ ਇੱਕ ਪਾਸੇ ਦੀ ਮਿੱਟੀ ਪੱਟ ਦਿੱਤੀ ਗਈ ਸੀ ਅਤੇ ਇੱਕ ਪਾਸੇ ਦੀ ਮਿੱਟੀ ਜ਼ਿਆਦਾ ਨਰਮ ਹੈ। ਇਸ ਲਈ ਉਸ ਥਾਂ ਇਸ ਨੂੰ ਸਿੱਧਾ ਰੱਖਣ ਲਈ ਘੱਟ ਦਬਾਅ ਹੈ ਅਤੇ ਫਿਰ ਜਦੋਂ ਉਨ੍ਹਾਂ ਨੇ ਇਸ ਨੂੰ ਬਣਾਇਆ ਤਾਂ ਇਹ ਝੁਕਣਾ ਸ਼ੁਰੂ ਹੋ ਗਿਆ।"

ਧਰਤੀ ਹੇਠਲੇ ਪਾਣੀ ਵਿੱਚ ਬਦਲਾਅ ਵੀ ਇਮਾਰਤ ਦੇ ਝੁਕਣ ਦਾ ਕਾਰਨ ਬਣ ਸਕਦੇ ਹਨ। ਕੋਰਫ ਕਹਿੰਦੀ ਹੈ ਕਿ ਕਈ ਵਾਰ ਇਮਾਰਤਾਂ ਨੂੰ ਜਾਣ ਬੁਝ ਕੇ ਵੀ ਇਸ ਤਰ੍ਹਾਂ ਦਾ ਝੁਕਵਾਂ ਡਿਜ਼ਾਈਨ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਐਮਸਟਰਡੈਮ ਵਿੱਚ ਬਹੁਤ ਸਾਰੇ ਘਰ ਅੱਗੇ ਵੱਲ ਝੁਕੇ ਹੋਏ ਬਣਾਏ ਜਾਂਦੇ ਹਨ ਕਿਉਂਕਿ ਪੁਰਾਣੇ ਸਮੇਂ ਵਿੱਚ ਵਪਾਰੀਆਂ ਦੇ ਘਰ ਇਸੇ ਤਰ੍ਹਾਂ ਬਣਾਏ ਜਾਂਦੇ ਸਨ।

ਕੋਰਫ ਕਹਿੰਦੀ ਹੈ, "ਇਹ ਅਕਸਰ ਸਮਾਨ ਦੀ ਸਟੋਰੇਜ ਲਈ ਨਹਿਰਾਂ ਕਿਨਾਰੇ ਬਣਾਏ ਜਾਂਦੇ ਸਨ ਅਤੇ ਘਰ ਅੰਦਰ ਸਮਾਨ ਦੀ ਆਵਾਜਾਈ ਅਸਾਨ ਬਣਾਉਣ ਲਈ ਉਨ੍ਹਾਂ ਨੂੰ ਅੱਗੇ ਵੱਲ ਝੁਕਵੇਂ ਬਣਾਇਆ ਜਾਂਦਾ ਸੀ। ਇਸ ਲਈ ਉਹ ਅੱਗੇ ਵੱਲ ਝੁਕੇ ਹੋਏ ਹਨ ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਘਰ ਦੀ ਬਣਤਰ ਵਿੱਚ ਕੋਈ ਸਮੱਸਿਆ ਹੈ। ਪਰ ਜਦੋਂ ਉਹ ਇੱਕ ਪਾਸੇ ਵੱਲ ਝੁਕੇ ਹੁੰਦੇ ਹਨ ਤਾਂ ਸਮਝੋ ਕਿ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ।"

ਝੁਕਾਅ ਨੂੰ ਠੀਕ ਕਰਨਾ

ਇੱਕ ਨਹਿਰ ਅਤੇ ਘਰਾਂ ਦੀਆਂ ਕਤਾਰਾਂ ਵਾਲੀ ਸੜਕ ਤੋਂ ਦਿਸ ਰਿਹਾ ਚਰਚ ਦਾ ਟਾਵਰ ਜੋ ਕਿ ਖੱਬੇ ਪਾਸੇ ਨੂੰ ਝੁਕਿਆ ਹੋਇਆ ਹੈ।

ਤਸਵੀਰ ਸਰੋਤ, Sergio Amiti via Getty Images

ਤਸਵੀਰ ਕੈਪਸ਼ਨ, ਡੈਲਫਟ ਵਿੱਚ ਓਡੇ ਕਰਕ ਟਾਵਰ ਇੱਕ ਪਾਸੇ ਨੂੰ ਝੁਕਿਆ ਹੋਇਆ ਹੈ, ਇਸ ਦਾ ਕਾਰਨ ਉੱਥੇ ਨਹਿਰ ਦੀ ਮੌਜੂਦਗੀ ਹੈ।

ਤਾਂ ਫਿਰ ਅਜਿਹੇ ਝੁਕੇ ਹੋਏ ਢਾਂਚਿਆਂ ਨਾਲ, ਅਸੀਂ ਜ਼ਿਆਦਾ ਚਿੰਤਤ ਕਿਉਂ ਨਹੀਂ ਹਾਂ ?

ਡਾ. ਕੋਰਫ ਮੁਤਾਬਕ, ਝੁਕੀ ਹੋਈ ਇਮਾਰਤ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਉਹ ਢਾਂਚੇ ਵਜੋਂ ਮਜ਼ਬੂਤ ਨਹੀਂ ਹੈ।

ਉਹ ਕਹਿੰਦੀ ਹੈ, "ਇਸ ਦੇ ਢਾਂਚਾਗਤ ਰੂਪ ਵਿੱਚ ਸਥਿਰ ਹੋਣ ਲਈ ਇਸ ਦਾ ਝੁਕਣਾ ਜ਼ਰੂਰੀ ਹੈ।"

ਪਰ ਕਈ ਵਾਰ ਝੁਕਾਅ ਨੂੰ ਠੀਕ ਕਰਨਾ ਪੈਂਦਾ ਹੈ ਜਿਵੇਂ ਕਿ ਟਾਵਰ ਆਫ ਪੀਸਾ ਦੇ ਮਾਮਲੇ ਵਿੱਚ ਹੋਇਆ ਸੀ।

ਹਾਲਾਂਕਿ ਟਾਵਰ ਬਹੁਤ ਸ਼ੁਰੂਆਤ ਵਿੱਚ ਹੀ ਝੁਕਣਾ ਸ਼ੁਰੂ ਹੋ ਗਿਆ ਸੀ ਪਰ ਮਾਪਾਂ ਨੇ ਦਿਖਾਇਆ ਕਿ ਵੀਹਵੀਂ ਸਦੀ ਵਿੱਚ ਇਹ ਸਥਿਤੀ ਹੋਰ ਖ਼ਰਾਬ ਹੋ ਗਈ ਅਤੇ ਟਾਵਰ ਦਾ ਝੁਕਾਅ ਲਗਾਤਾਰ ਵਧਦਾ ਗਿਆ।

ਸਕੇਗਲੀਆ ਕਹਿੰਦੇ ਹਨ, "ਸਥਿਤੀ ਬਹੁਤ ਚਿੰਤਾਜਨਕ ਸੀ।"

ਫਿਰ 1989 ਵਿੱਚ ਇਟਲੀ ਦੇ ਪਾਵੀਆ ਸ਼ਹਿਰ ਵਿੱਚ ਸਿਵਿਕ ਟਾਵਰ ਢਹਿ ਗਿਆ। ਸਕੇਗਲੀਆ ਮੁਤਾਬਕ, ਇਹ ਇੱਕ ਚੇਤਾਵਨੀ ਸੀ ਸੀ ਅਤੇ ਅਗਲੇ ਸਾਲ ਟਾਵਰ ਆਫ ਪੀਸਾਂ ਨੂੰ ਲੋਕਾਂ ਲਈ ਬੰਦ ਕਰ ਦਿੱਤਾ ਗਿਆ।

ਪੀਸਾ ਦੇ ਝੁਕੇ ਹੋਏ ਟਾਵਰ ਨੂੰ ਮੁੜ ਸੁਰੱਖਿਅਤ ਬਣਾਉਣ ਲਈ ਇਸ ਨੂੰ ਥੋੜ੍ਹਾ ਜਿਹਾ ਸਿੱਧਾ ਕਰਨ ਲਈ ਬਹੁਤ ਸਾਰੇ ਵਿਚਾਰ ਪੇਸ਼ ਕੀਤੇ ਗਏ ਸੀ।

ਸਕੇਗਲੀਆ ਕਹਿੰਦੇ ਹਨ, "ਜਿਹੜੀ ਤਕਨੀਕ ਚੁਣੀ ਗਈ ਸੀ, ਉਹ ਸੀ ਮਿੱਟੀ ਕੱਢਣਾ।"

ਇਹ ਟਾਵਰ ਗਿਆਰਾਂ ਸਾਲ ਬਾਅਦ ਦੁਬਾਰਾ ਖੋਲ੍ਹਿਆ ਗਿਆ।

ਇੱਕ ਖਾਸ ਕੇਸ

ਡ੍ਰਿਲ ਮਸ਼ੀਨਰੀ ਦੀ ਕਤਾਰ ਅਤੇ ਬੈਕਗਰਾਊਂਡ ਵਿੱਚ ਦਿਸ ਰਿਹਾ ਟਾਵਰ ਆਫ ਪੀਸਾ

ਤਸਵੀਰ ਸਰੋਤ, Antonello NUSCA/Gamma-Rapho via Getty Images

ਤਸਵੀਰ ਕੈਪਸ਼ਨ, ਟਾਵਰ ਆਫ ਪੀਸਾ ਨੂੰ ਸਥਿਰ ਕਰਨ ਦਾ ਕੰਮ ਗਿਆਰਾਂ ਸਾਲ ਤੱਕ ਚੱਲਿਆ।

ਕੋਰਫ ਮੁਤਾਬਕ ਇਮਾਰਤਾਂ ਨੂੰ ਸਿੱਧਾ ਕਰਨ ਦਾ ਇਹ ਤਰੀਕਾ ਆਮ ਨਹੀਂ ਹੈ।

ਉਹ ਕਹਿੰਦੀ ਹੈ, "ਇਹ ਖਾਸ ਸੀ ਪੀਸਾ ਲਈ, ਆਮ ਸਥਿਤੀਆਂ ਵਿੱਚ ਤੁਸੀਂ ਅਜਿਹਾ ਨਹੀਂ ਕਰੋਗੇ।"

ਜੇਕਰ ਕਿਸੇ ਝੁਕੀ ਹੋਈ ਇਮਾਰਤ ਵਿੱਚ ਐਮਸਟਰਡੈਮ ਦੇ ਘਰਾਂ ਵਾਂਗ ਲੱਕੜ ਦੇ ਪਿੱਲਰ ਲੱਗੇ ਹੋਣ, ਤਾਂ ਨੀਂਹਾਂ ਨੂੰ ਬਦਲ ਕੇ ਝੁਕਾਅ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕਦਾ ਹੈ ਪਰ ਇਹ ਇੱਕ ਔਖਾ ਕੰਮ ਹੈ ਅਤੇ ਇਸ ਵਿੱਚ ਹੇਠਲੀ ਮੰਜ਼ਿਲ ਨੂੰ ਹਟਾਉਣਾ ਪੈਂਦਾ ਹੈ।

ਕੋਰਫ ਨੇ ਕਿਹਾ ਕਿ ਘਰ ਨੂੰ ਉਸੇ ਤਰ੍ਹਾਂ ਜੈਕ ਨਾਲ ਉੱਤੇ ਚੁੱਕ ਕੇ ਵੀ ਝੁਕਾਅ ਨੂੰ ਠੀਕ ਕਰਨਾ ਸੰਭਵ ਹੈ ਜਿਵੇਂ ਤੁਸੀਂ ਕਾਰ ਨੂੰ ਚੁੱਕਦੇ ਹੋ ਪਰ ਕਈ ਵਾਰ ਇਹ ਫ਼ਾਇਦੇ ਦੀ ਬਜਾਏ ਨੁਕਸਾਨ ਜ਼ਿਆਦਾ ਕਰ ਸਕਦਾ ਹੈ।

ਉਸ ਨੇ ਕਿਹਾ, "ਜੇਕਰ ਇਹ ਬਹੁਤ ਜ਼ਿਆਦਾ ਝੁਕਿਆ ਹੋਇਆ ਹੈ ਤਾਂ ਇਸ ਨੂੰ ਸਿੱਧਾ ਕਰਨਾ ਕਾਫ਼ੀ ਖਤਰਨਾਕ ਵੀ ਹੁੰਦਾ ਹੈ ਕਿਉਂਕਿ ਘਰ ਵੀ ਇੱਕ ਤਰ੍ਹਾਂ ਨਾਲ ਝੁਕੇ ਰਹਿਣ ਦੇ ਅਨੁਕੂਲ ਢਲ ਚੁੱਕਾ ਹੁੰਦਾ ਹੈ।"

ਤੁਹਾਨੂੰ ਬਹੁਤ ਸਾਵਧਾਨ ਰਹਿਣਾ ਪੈਂਦਾ ਹੈ ਤਾਂ ਜੋ ਸਥਿਤੀ ਹੋਰ ਖਰਾਬ ਨਾ ਹੋਵੇ।

ਹਾਲਾਂਕਿ ਕੁਝ ਇਮਾਰਤਾਂ ਨੂੰ ਸਥਿਰ ਕੀਤਾ ਜਾ ਸਕਦਾ ਹੈ ਪਰ ਇਸ ਦੇ ਕੁਝ ਨੁਕਸਾਨ ਵੀ ਹਨ।

ਕੋਰਫ ਨੇ ਕਿਹਾ, "ਉਹ ਇਮਾਰਤਾਂ ਨਾਲ ਹਰ ਤਰ੍ਹਾਂ ਦੇ ਪ੍ਰਯੋਗ ਕਰ ਸਕਦੇ ਹਨ, ਸਭ ਕੁਝ ਸੰਭਵ ਹੈ। "

"ਪਰ ਇਸ ਵਿੱਚ ਬਹੁਤ ਜ਼ਿਆਦਾ ਪੈਸਾ ਖਰਚ ਹੁੰਦਾ ਹੈ ਅਤੇ ਇਹ ਕਾਫ਼ੀ ਗੁੰਝਲਦਾਰ ਹੈ।"

ਜਲਵਾਯੂ ਪਰਿਵਰਤਨ ਦਾ ਅਸਰ

ਇੱਟਾਂ ਦਾ ਇੱਕ ਘਰ ਜਿਸ 'ਤੇ ਵੱਡੀ ਤਰੇੜ ਦਿਸ ਰਹੀ ਹੈ।

ਤਸਵੀਰ ਸਰੋਤ, Bloomberg / Contributor via Getty Images

ਤਸਵੀਰ ਕੈਪਸ਼ਨ, ਜ਼ਮੀਨੀ ਪਾਣੀ ਦਾ ਪੱਧਰ ਘਟਣ ਨਾਲ ਨੀਦਰਲੈਂਡ ਦੇ ਕਈ ਘਰ ਨੁਕਸਾਨ ਦੇ ਖਤਰੇ ਵਿੱਚ ਹਨ।

ਕੋਰਫ ਦੀ ਰਿਸਰਚ ਵਿੱਚ ਪਤਾ ਲੱਗਿਆ ਹੈ ਕਿ ਸਿਰਫ ਨੀਦਰਲੈਂਡ ਵਿੱਚ ਹੀ ਅਜਿਹੇ 75000 ਘਰ ਹਨ ਜੋ ਲੱਕੜ ਦੇ ਪਿੱਲਰਾਂ 'ਤੇ ਬਣੇ ਹੋਏ ਹਨ ਅਤੇ ਉਨ੍ਹਾਂ ਦੇ ਖ਼ਰਾਬ ਹੋਣ ਦਾ ਖਤਰਾ ਹੈ, ਜਦਕਿ ਘੱਟ ਡੂੰਘੀਆਂ ਨੀਂਹਾਂ ਕਾਰਨ ਇਸ ਤੋਂ ਲਗਭਗ ਤਿੰਨ ਗੁਣਾ ਵੱਧ ਘਰ ਖ਼ਤਰੇ ਵਿੱਚ ਹਨ।

ਇਹ ਸਮੱਸਿਆਵਾਂ ਹੋਰ ਵੀ ਵਧ ਸਕਦੀਆਂ ਹਨ।

ਕੋਰਫ ਕਹਿੰਦੀ ਹੈ, "ਜਲਵਾਯੂ ਪਰਿਵਰਤਨ ਅਤੇ ਜ਼ਮੀਨੀ ਪਾਣੀ ਵਿੱਚ ਹੋਣ ਵਾਲੇ ਬਦਲਾਵਾਂ ਕਾਰਨ ਕਈ ਵਾਰ ਅਸੀਂ ਕੁਝ ਬਹੁਤ ਤੇਜ਼ੀ ਨਾਲ ਬਦਲਾਅ ਹੁੰਦੇ ਦੇਖਦੇ ਹਾਂ।"

ਜੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਨੀਵਾਂ ਹੋ ਜਾਂਦਾ ਹੈ, ਤਾਂ ਲੱਕੜ ਦੇ ਪਿੱਲਰਾਂ ਤੱਕ ਹਵਾ ਪਹੁੰਚ ਜਾਂਦੀ ਹੈ ਜਿਸ ਨਾਲ ਨੁਕਸਾਨ ਦੀ ਰਫਤਾਰ ਤੇਜ਼ ਹੋ ਸਕਦੀ ਹੈ। ਜ਼ਮੀਨੀ ਪਾਣੀ ਦੇ ਬਦਲਾਅ ਮਿੱਟੀ ਦੀਆਂ ਤਹਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ, ਜਿਸ ਦਾ ਦੂਜੀਆਂ ਕਿਸਮਾਂ ਦੀਆਂ ਨੀਂਹਾਂ ਵਾਲੇ ਘਰਾਂ 'ਤੇ ਵੀ ਮਾੜਾ ਅਸਰ ਪੈਂਦਾ ਹੈ।

ਪਰ ਉਸ ਨੇ ਇਹ ਵੀ ਕਿਹਾ ਕਿ ਇਹ ਇੱਕ ਹੌਲੀ ਪ੍ਰਕਿਰਿਆ ਸੀ।

ਅਤੇ ਜਿੱਥੋਂ ਤੱਕ ਪੀਸਾ ਦੇ ਝੁਕੇ ਹੋਏ ਟਾਵਰ ਦਾ ਸਵਾਲ ਹੈ- 11 ਸਾਲ ਦੇ ਕੰਮ ਤੋਂ ਬਾਅਦ ਇਸ ਦਾ ਝੁਕਾਅ 40 ਸੈ.ਮੀ ਤੋਂ ਵੱਧ ਘਟ ਗਿਆ ਸੀ। ਇਹ ਕੰਮ 2001 ਵਿੱਚ ਪੂਰਾ ਹੋਇਆ ਸੀ। ਇੰਜੀਨੀਅਰਾਂ ਦਾ ਮੰਨਣਾ ਹੈ ਕਿ ਘੱਟੋ ਘੱਟ ਅਗਲੇ 200 ਸਾਲ ਤੱਕ ਇਸ ਦਾ ਭਵਿੱਖ ਸੁਰੱਖਿਅਤ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)