ਅਮਰੀਕਾ 'ਚ 'ਪੰਜਾਬੀ ਡੈਵਿਲਜ਼' ਕਲੱਬ ਦੇ ਮੁਖੀ ਨੂੰ ਹਥਿਆਰ ਤਸਕਰੀ ਤੇ ਵਿਸਫੋਟਕ ਸਮੱਗਰੀ ਰੱਖਣ ਦੇ ਇਲਜ਼ਾਮ 'ਚ 5 ਸਾਲ ਤੋਂ ਵੱਧ ਦੀ ਸਜ਼ਾ

ਗ੍ਰਿਫ਼ਤਾਰ ਵਿਅਕਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਸ਼ਨਪ੍ਰੀਤ ਸਿੰਘ ਨੂੰ ਅਮਰੀਕੀ ਫੈਡਰਲ ਅਦਾਲਤ ਦੇ ਜੱਜ ਡੇਲ ਏ. ਡ੍ਰੋਜ਼ਡ ਨੇ 12 ਮਈ 2026 ਨੂੰ ਇਹ ਸਜ਼ਾ ਸੁਣਾਈ (ਸੰਕੇਤਕ ਤਸਵੀਰ)
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਅਮਰੀਕਾ ਦੇ ਕੈਲੀਫੋਰਨੀਆ ਦੀ ਇੱਕ ਫੈਡਰਲ ਅਦਾਲਤ ਨੇ ਪੰਜਾਬੀ ਮੂਲ ਦੇ 27 ਸਾਲਾ ਨੌਜਵਾਨ ਜਸ਼ਨਪ੍ਰੀਤ ਸਿੰਘ ਉਰਫ਼ ਲੋਡੀ ਨੂੰ ਹਥਿਆਰਾਂ ਦੀ ਤਸਕਰੀ ਅਤੇ ਵਿਸਫੋਟਕ ਸਮੱਗਰੀ ਰੱਖਣ ਦੇ ਦੋਸ਼ ਵਿੱਚ ਪੰਜ ਸਾਲ ਅਤੇ ਚਾਰ ਮਹੀਨਿਆਂ (64 ਮਹੀਨੇ) ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।

ਯੂਐੱਸ ਅਟਾਰਨੀ ਆਫਿਸ, ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਅਨੁਸਾਰ, ਜਸ਼ਨਪ੍ਰੀਤ ਸਿੰਘ ਨੇ ਅਦਾਲਤ ਵਿੱਚ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਕਬੂਲ ਕਰ ਲਿਆ ਸੀ।

ਅਮਰੀਕੀ ਫੈਡਰਲ ਅਦਾਲਤ ਦੇ ਜੱਜ ਡੇਲ ਏ. ਡ੍ਰੋਜ਼ਡ ਨੇ 12 ਮਈ 2026 ਨੂੰ ਇਹ ਸਜ਼ਾ ਸੁਣਾਈ। ਜਸ਼ਨਪ੍ਰੀਤ ਸਿੰਘ ਨੇ ਫਰਵਰੀ 2026 ਵਿੱਚ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਕਬੂਲ ਲਿਆ ਸੀ।

ਹਾਲਾਂਕਿ, ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹ ਫੈਡਰਲ ਏਜੰਸੀਆਂ ਦੀ ਨਿਗਰਾਨੀ ਹੇਠ ਰਹੇਗਾ।

ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਜਸ਼ਨਪ੍ਰੀਤ ਸਿੰਘ ਅਣਅਧਿਕਾਰਤ ਮੋਟਰਸਾਈਕਲ ਗੈਂਗ "ਪੰਜਾਬੀ ਡੈਵਿਲਜ਼" ਕਲੱਬ ਦਾ ਮੁਖੀ ਸੀ, ਜਿਸ ਦਾ ਸਬੰਧ ਸਥਾਨਕ 'ਹੈਲਜ਼ ਐਂਜਲਜ਼' ਮੋਟਰ ਸਾਈਕਲ ਕਲੱਬ ਨਾਲ ਵੀ ਸੀ।

'ਹੈਲਜ਼ ਏਂਜਲਸ' ਕੈਲੇਫੋਰਨੀਆ ਦਾ ਹੀ ਇੱਕ ਹੋਰ ਗ਼ੈਰ-ਕਾਨੂੰਨੀ ਪ੍ਰਸਿੱਧ ਮੋਟਰ ਸਾਈਕਲ ਕਲੱਬ ਹੈ, ਜਿਸ ਨੂੰ ਅਕਸਰ ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਗੈਂਗਸਟਰਾਂ ਨਾਲ ਜੁੜਿਆ ਮੰਨਿਆ ਜਾਂਦਾ ਹੈ।

ਜਸ਼ਨਪ੍ਰੀਤ ਸਿੰਘ ਉੱਤੇ ਕੀ ਇਲਜ਼ਾਮ ਸਨ

ਅਦਾਲਤੀ ਦਸਤਾਵੇਜ਼ਾਂ ਅਨੁਸਾਰ, 6 ਜੂਨ 2025 ਨੂੰ ਜਸ਼ਨਪ੍ਰੀਤ ਸਿੰਘ ਨੇ ਇੱਕ ਅੰਡਰ ਕਵਰ ਅਫ਼ਸਰ ਨੂੰ ਕਈ ਹਥਿਆਰ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਹਥਿਆਰਾਂ ਵਿੱਚ ਇੱਕ ਛੋਟੀ ਬੈਰਲ ਰਾਈਫ਼ਲ, ਤਿੰਨ ਅਸਾਲਟ ਹਥਿਆਰ, ਤਿੰਨ ਮਸ਼ੀਨ ਗੰਨ ਕਨਵਰਜ਼ਨ ਡਿਵਾਈਸ ਅਤੇ ਇੱਕ ਰਿਵਾਲਵਰ ਸ਼ਾਮਲ ਸੀ।

ਇਸ ਤੋਂ ਬਾਅਦ ਜਦੋਂ ਪੁਲਿਸ ਨੇ ਜਸ਼ਨਪ੍ਰੀਤ ਸਿੰਘ ਦੇ ਘਰ ਦੀ ਤਲਾਸ਼ੀ ਲਈ ਤਾਂ ਉੱਥੋਂ ਇੱਕ ਆਟੋਮੈਟਿਕ ਮਸ਼ੀਨ ਗੰਨ, ਇੱਕ ਹੋਰ ਮਸ਼ੀਨਗੰਨ ਕਨਵਰਸ਼ਨ ਡਿਵਾਈਸ, ਇੱਕ ਸਾਈਲੈਂਸਰ, ਡਰੰਮ ਮੈਗਜ਼ੀਨ ਅਤੇ ਕੁਝ ਹੋਰ ਵਿਸਫੋਟਕ ਪਦਾਰਥ ਬਰਾਮਦ ਹੋਏ ਸਨ, ਜਿਨ੍ਹਾਂ ਵਿੱਚ ਇੱਕ "ਪਾਈਨਐਪਲ" ਸਟਾਈਲ ਫ਼ਿਊਜ਼ ਹੈਂਡ ਗਰਨੇਡ ਅਤੇ ਇੱਕ ਮਿਲਟਰੀ ਕਲੇਮੋਰ ਮਾਈਨ ਵਰਗੀ ਚੀਜ਼ ਸ਼ਾਮਲ ਸੀ।

ਇਨ੍ਹਾਂ ਵਿਸਫੋਟਕਾਂ ਨੂੰ ਬੰਬ ਨਿਰੋਧਕ ਦਸਤੇ ਵੱਲੋਂ ਮੌਕੇ ਉੱਤੇ ਹੀ ਨਸ਼ਟ ਕਰ ਦਿੱਤਾ ਗਿਆ ਸੀ।

ਬਰਾਮਦ ਹੋਈ ਸਮੱਗਰੀ

ਤਸਵੀਰ ਸਰੋਤ, U.S. Attorney's Office, Eastern District of California

ਤਸਵੀਰ ਕੈਪਸ਼ਨ, ਬਰਾਮਦ ਹੋਏ ਹਥਿਆਰਾਂ ਦੀ ਤਸਵੀਰ

ਜਸ਼ਨਪ੍ਰੀਤ ਸਿੰਘ ਅਮਰੀਕੀ ਏਜੰਸੀਆਂ ਦੇ ਕਾਬੂ ਕਿਵੇਂ ਆਇਆ

ਜਸ਼ਨਪ੍ਰੀਤ ਪਹਿਲਾਂ ਸੈਨ ਜੋਕਿਨ ਕਾਊਂਟੀ ਵਿੱਚ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਸਨ, ਪਰ 21 ਜੁਲਾਈ, 2025 ਨੂੰ ਉਹ ਜਦੋਂ ਅਦਾਲਤ ਵਿੱਚ ਪੇਸ਼ ਹੋਣ ਵਿੱਚ ਅਸਫ਼ਲ ਰਿਹਾ ਤਾਂ ਅਦਾਲਤ ਨੇ ਉਸ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ।

ਪਰ 23 ਜੁਲਾਈ 2025 ਨੂੰ ਯੂਐੱਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ ਐੱਫਬੀਆਈ ਨੂੰ ਸੂਚਿਤ ਕੀਤਾ ਗਿਆ ਕਿ ਜਸ਼ਨਪ੍ਰੀਤ ਸਿੰਘ 26 ਜੁਲਾਈ ਨੂੰ ਭਾਰਤ ਭਾਰਤ ਭੱਜਣ ਦੀ ਫ਼ਿਰਾਕ ਵਿੱਚ ਹੈ ਅਤੇ ਇਸ ਦੇ ਲਈ ਉਸ ਨੇ ਬਕਾਇਦਾ ਟਿਕਟ ਵੀ ਬੁੱਕ ਕਰ ਲਈ ਹੈ।

ਇਸ ਤੋਂ ਬਾਅਦ ਐੱਫਬੀਆਈ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਜਸ਼ਨਪ੍ਰੀਤ ਸਿੰਘ ਨੂੰ 26 ਜੁਲਾਈ ਨੂੰ ਸੈਨ ਫਰਾਂਸਿਸਕੋ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ।

ਇਸ ਕੇਸ ਦੀ ਜਾਂਚ ਵਿੱਚ ਅਮਰੀਕਾ ਦੀਆਂ ਕਈ ਏਜੰਸੀਆਂ ਨੇ ਮਿਲ ਕੇ ਕੰਮ ਕੀਤਾ, ਜਿਸ ਵਿੱਚ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ), ਬਿਊਰੋ ਆਫ਼ ਅਲਕੋਹਲ, ਟੋਬੈਕੋ, ਫਾਇਰ ਆਰਮਜ਼ ਐਂਡ ਐਕਸਪਲੋਸਿਵਜ਼ (ਏਟੀਐੱਫ), ਡਰੱਗ ਇਨਫੋਰਸਮੈਂਟ ਐਡਮਨਿਸਟ੍ਰੇਸ਼ਨ (ਡੀਈਏ), ਇਨਫੋਰਸਮੈਂਟ ਐਂਡ ਰਿਮੂਵਲ ਆਪਰੇਸ਼ਨਜ਼ (ਈਆਰਓ), ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ (ਐੱਚਐਸਆਈ), ਸਮੇਤ ਹੋਰ ਕਈ ਏਜੰਸੀਆਂ ਸ਼ਾਮਲ ਸਨ।

ਜਸ਼ਨਪ੍ਰੀਤ ਸਿੰਘ ਖ਼ਿਲਾਫ਼ ਕਾਰਵਾਈ 'ਅਪਰੇਸ਼ਨ ਟੇਕ ਬੈਕ ਅਮਰੀਕਾ' ਦਾ ਹਿੱਸਾ ਸੀ, ਜਿਸ ਦਾ ਉਦੇਸ਼ ਅਪਰਾਧਿਕ ਸੰਗਠਨਾਂ ਨੂੰ ਖ਼ਤਮ ਕਰਨਾ ਅਤੇ ਭਾਈਚਾਰਿਆਂ ਨੂੰ ਹਿੰਸਕ ਅਪਰਾਧਾਂ ਤੋਂ ਬਚਾਉਣਾ ਹੈ।

'ਅਪਰੇਸ਼ਨ ਟੇਕ ਬੈਕ ਅਮਰੀਕਾ' ਇੱਕ ਦੇਸ਼ ਵਿਆਪੀ ਮੁਹਿੰਮ ਹੈ। ਇਹ ਮੁਹਿੰਮ ਗ਼ੈਰ-ਕਾਨੂੰਨੀ ਪਰਵਾਸ ਦੇ ਹਮਲੇ ਨੂੰ ਰੋਕਣ, ਨਸ਼ਾ ਤਸਕਰਾਂ ਅਤੇ ਅੰਤਰਰਾਸ਼ਟਰੀ ਅਪਰਾਧਿਕ ਸੰਗਠਨਾਂ ਦੇ ਮੁਕੰਮਲ ਖ਼ਾਤਮੇ ਲਈ ਅਤੇ ਭਾਈਚਾਰਿਆਂ ਨੂੰ ਹਿੰਸਕ ਅਪਰਾਧੀਆਂ ਤੋਂ ਬਚਾਉਣ ਲਈ ਨਿਆਂ ਵਿਭਾਗ ਦੇ ਸਾਰੇ ਸਰੋਤਾਂ ਦੀ ਵਰਤੋਂ ਕਰਦੀ ਹੈ।

ਗ੍ਰਿਫ਼ਤਾਰ ਵਿਅਕਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਫਬੀਆਈ ਨੇ ਜਸ਼ਨਪ੍ਰੀਤ ਸਿੰਘ ਨੂੰ 26 ਜੁਲਾਈ ਨੂੰ ਸੈਨ ਫਰਾਂਸਿਸਕੋ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ (ਸੰਕੇਤਕ ਤਸਵੀਰ)

ਕਦੋਂ ਕੀ-ਕੀ ਹੋਇਆ

6 ਜੂਨ 2025: ਇਸ ਕੇਸ ਦੀ ਸ਼ੁਰੂਆਤ ਇਸ ਦਿਨ ਹੋਈ। ਜਸ਼ਨਪ੍ਰੀਤ ਸਿੰਘ ਨੇ ਇੱਕ ਅੰਡਰਕਵਰ ਅਫਸਰ ਨੂੰ ਗ਼ੈਰ-ਕਾਨੂੰਨੀ ਹਥਿਆਰ ਵੇਚਣ ਦੀ ਕੋਸ਼ਿਸ਼ ਕੀਤੀ। ਉਸੇ ਦਿਨ ਉਸ ਦੇ ਘਰ ਅਤੇ ਵਾਹਨ ਦੀ ਤਲਾਸ਼ੀ ਲਈ ਗਈ, ਜਿਸ ਵਿੱਚ ਇੱਕ ਫੁੱਲ ਆਟੋਮੈਟਿਕ ਮਸ਼ੀਨ ਗੰਨ, ਸਾਈਲੈਂਸਰ, ਡਰੱਮ ਮੈਗਜ਼ੀਨ ਅਤੇ ਵਿਸਫੋਟਕ ਸਮੱਗਰੀ ਬਰਾਮਦ ਹੋਈ।

21 ਜੁਲਾਈ 2025: ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਉਸ ਖ਼ਿਲਾਫ਼ ਬੈਂਚ ਵਾਰੰਟ ਜਾਰੀ ਹੋ ਗਿਆ।

23 ਜੁਲਾਈ 2025: ਅਮਰੀਕੀ ਕਸਟਮਜ਼ ਅਧਿਕਾਰੀਆਂ ਨੇ ਐੱਫਬੀਆਈ ਨੂੰ ਖ਼ਬਰ ਦਿੱਤੀ ਕਿ ਜਸ਼ਨਪ੍ਰੀਤ ਭਾਰਤ ਭੱਜਣ ਲਈ ਟਿਕਟ ਬੁੱਕ ਕਰ ਚੁੱਕਾ ਹੈ।

26 ਜੁਲਾਈ 2025: ਉਸ ਨੂੰ ਸੈਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਐੱਫਬੀਆਈ ਅਤੇ ਕਸਟਮਜ਼ ਏਜੰਸੀਆਂ ਨੇ ਗ੍ਰਿਫ਼ਤਾਰ ਕੀਤਾ।

ਫਰਵਰੀ 2026: ਫੈਡਰਲ ਅਦਾਲਤ ਵਿੱਚ ਉਸ ਨੇ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਕਬੂਲ ਲਿਆ।

12 ਮਈ 2026: ਫੈਡਰਲ ਜੱਜ ਡੇਲ ਏ. ਡ੍ਰੋਜ਼ਡ ਨੇ ਉਸ ਨੂੰ 5 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ।

ਅਮਰੀਕਾ ਪੁਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੈਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਐੱਫਬੀਆਈ ਅਤੇ ਕਸਟਮਜ਼ ਏਜੰਸੀਆਂ ਨੇ ਗ੍ਰਿਫ਼ਤਾਰ ਕਰ ਲਿਆ ਸੀ (ਸੰਕੇਤਕ ਤਸਵੀਰ)

ਪੰਜਾਬੀ ਡੈਵਿਲਜ਼ ਕਲੱਬ ਦਾ ਪਿਛੋਕੜ ਕੀ ਹੈ

ਇਹ ਮੋਟਰ ਸਾਈਕਲ ਕਲੱਬ ਕੈਲੇਫੋਰਨੀਆ ਦੇ ਸ਼ਹਿਰ ਸਟਾਕਟਨ ਆਧਾਰਿਤ ਹੈ। ਸਟਾਕਟਨ ਵਿੱਚ ਪੰਜਾਬੀ ਅਤੇ ਸਿੱਖ ਭਾਈਚਾਰੇ ਦੀ ਭਰਵੀਂ ਵਸੋਂ ਹੈ। ਇੱਥੇ ਰਹਿਣ ਵਾਲੇ ਜ਼ਿਆਦਾ ਪੰਜਾਬੀ ਟਰਾਂਸਪੋਰਟ, ਹੋਟਲ ਕਾਰੋਬਾਰ ਅਤੇ ਖੇਤੀਬਾੜੀ ਦਾ ਕੰਮ ਕਰਦੇ ਹਨ।

ਪੰਜਾਬੀ ਡੈਵਿਲਜ਼ ਕਲੱਬ ਦੇ ਜ਼ਿਆਦਾਤਰ ਮੈਂਬਰ ਨੌਜਵਾਨ ਅਤੇ ਕੁਝ ਦਸਤਾਰਧਾਰੀ ਸਨ ਜੋ ਕਾਲੇ ਰੰਗ ਦੀਆਂ ਜੈਕਟਾਂ ਪਾਉਂਦੇ ਸਨ। ਬਰਾਮਦ ਹੋਈਆਂ ਜੈਕਟਾਂ ਦੇ ਪਿੱਛੇ ਪੀਲੇ ਰੰਗ ਨਾਲ ਇੱਕ ਨਕਸ਼ਾ ਅਤੇ ਨੀਲੀ ਦਸਤਾਰ ਵਾਲੀ ਤਸਵੀਰ ਬਣਾਈ ਹੁੰਦੀ ਸੀ। ਇਸ ਗਰੁੱਪ ਦੇ ਮੈਂਬਰਾਂ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਇਹ ਅਕਸਰ ਮਹਿੰਗੇ ਮੋਟਰ ਸਾਈਕਲ ਇਸਤੇਮਾਲ ਕਰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)