12 ਸਾਲਾਂ ਤੋਂ ਮਾਪੇ ਬਣਨ ਨੂੰ ਤਰਸ ਰਿਹਾ ਸੀ ਜੋੜਾ, ਫਿਰ ਪਤਨੀ ਨੇ ਇੱਕੋ ਨਾਲ ਪੰਜ ਬੱਚਿਆਂ ਨੂੰ ਜਨਮ ਦਿੱਤਾ

ਤਸਵੀਰ ਸਰੋਤ, Hiwot Fana Specialized Hospital
- ਲੇਖਕ, ਮਾਈਕਲ ਤੇਫੇਰੀ
- ਰੋਲ, ਬੀਬੀਸੀ ਅਫ਼ਰੀਕਾ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਇਥੋਪੀਆ ਦੇ ਹਰਾਰੀ ਵਿੱਚ ਇੱਕ ਮਹਿਲਾ ਨੇ 12 ਸਾਲ ਤੱਕ ਮਾਂ ਬਣਨ ਲਈ ਇੰਤਜ਼ਾਰ ਕਰਨ ਤੋਂ ਬਾਅਦ ਆਖ਼ਿਰਕਾਰ ਇੱਕੋ ਵਾਰ ਵਿੱਚ ਪੰਜ ਬੱਚਿਆਂ ਨੂੰ ਜਨਮ ਦਿੱਤਾ ਹੈ।
ਬੇਦ੍ਰੀਆ ਅਦੇਮ ਨਾਮ ਦੀ ਇਸ ਮਹਿਲਾ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਪਤੀ ਇੱਕੋ ਨਾਲ ਪੰਜ ਬੱਚਿਆਂ ਦੇ ਜਨਮ 'ਤੇ "ਬਹੁਤ ਖ਼ੁਸ਼" ਹਨ।
ਹਸਪਤਾਲ ਨੇ ਦੱਸਿਆ ਕਿ 35 ਸਾਲਾ ਮਹਿਲਾ ਨੇ ਹਿਵੋਟ ਫਾਨਾ ਸਪੈਸ਼ਲਾਈਜ਼ਡ ਹਸਪਤਾਲ ਵਿੱਚ ਚਾਰ ਮੁੰਡਿਆਂ ਅਤੇ ਇੱਕ ਕੁੜੀ ਨੂੰ ਜਨਮ ਦਿੱਤਾ ਅਤੇ ਸਾਰੇ ਬੱਚੇ ਪੂਰੀ ਤਰ੍ਹਾਂ ਸਿਹਤਮੰਦ ਹਨ।
ਬੇਦ੍ਰੀਆ ਅਦੇਮ ਨੇ ਬੀਬੀਸੀ ਨੂੰ ਕਿਹਾ, "ਮੈਂ ਆਪਣੀ ਖ਼ੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ।"
ਉਨ੍ਹਾਂ ਨੇ ਉਹ ਦੌਰ ਯਾਦ ਕੀਤਾ ਜਦੋਂ ਉਹ ਬਹੁਤ ਜ਼ਿਆਦਾ ਤਣਾਅ ਵਿੱਚ ਚਲੇ ਗਏ ਸਨ।
ਕੁਦਰਤੀ ਤਰੀਕੇ ਨਾਲ ਹੋਇਆ ਸੀ ਗਰਭਧਾਰਣ
ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾਕਟਰ ਮੁਹੰਮਦ ਨੂਰ ਅਬਦੁਲਾਹੀ ਨੇ ਦੱਸਿਆ ਕਿ ਮਾਂ ਅਤੇ ਬੱਚੇ ਫਿਲਹਾਲ ਹਸਪਤਾਲ ਦੀ ਦੇਖਰੇਖ ਵਿੱਚ ਹਨ।
ਬੱਚਿਆਂ ਦਾ ਵਜ਼ਨ 1.3 ਤੋਂ 1.4 ਕਿਲੋਗ੍ਰਾਮ ਦੇ ਵਿਚਕਾਰ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਇੱਕ ਕਿਲੋਗ੍ਰਾਮ ਤੋਂ ਵੱਧ ਵਜ਼ਨ ਵਾਲੇ ਨਵਜੰਮੇ ਬੱਚਿਆਂ ਦੇ ਜਿਊਂਦੇ ਰਹਿਣ ਅਤੇ ਸਿਹਤਮੰਦ ਵਿਕਾਸ ਦੀ ਉਮੀਦ ਵੱਧ ਹੁੰਦੀ ਹੈ।
ਡਾਕਟਰ ਨੇ ਬੀਬੀਸੀ ਨੂੰ ਦੱਸਿਆ ਕਿ ਬੇਦ੍ਰੀਆ ਨੇ ਕਿਸੇ ਵੀ 'ਇਨ ਵਿਟ੍ਰੋ ਫਰਟੀਲਾਈਜ਼ੇਸ਼ਨ' (ਆਈਵੀਐਫ) ਦੀ ਮਦਦ ਤੋਂ ਬਿਨਾਂ ਹੀ ਕੁਦਰਤੀ ਤਰੀਕੇ ਨਾਲ ਗਰਭਧਾਰਣ ਕੀਤਾ ਸੀ।
ਹਸਪਤਾਲ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਆਈਵੀਐਫ ਇਲਾਜ ਦੀ ਪੇਸ਼ਕਸ਼ ਵੀ ਨਹੀਂ ਦਿੱਤੀ ਗਈ ਸੀ।
ਧਿਆਨ ਦੇਣਯੋਗ ਹੈ ਕਿ ਆਈਵੀਐਫ ਇਲਾਜ ਨਾਲ ਇੱਕੋ ਸਮੇਂ ਕਈ ਬੱਚੇ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਕੁਦਰਤੀ ਤੌਰ 'ਤੇ ਇੱਕੋ ਵਾਰ 'ਚ ਪੰਜ ਬੱਚਿਆਂ ਦਾ ਗਰਭਧਾਰਣ ਹੋਣ ਦੀ ਸੰਭਾਵਨਾ ਲਗਭਗ 5.5 ਕਰੋੜ ਮਹਿਲਾਵਾਂ ਵਿੱਚੋਂ ਇੱਕ 'ਚ ਹੁੰਦੀ ਹੈ।
'ਮੈਂ ਇੱਕ ਬੱਚੇ ਲਈ ਦੁਆ ਕੀਤੀ ਸੀ'

ਡਾਕਟਰ ਨੇ ਦੱਸਿਆ ਕਿ ਮਹਿਲਾ ਨੇ ਮੰਗਲਵਾਰ ਸ਼ਾਮ ਨੂੰ ਸੀਜ਼ੇਰੀਅਨ ਸੈਕਸ਼ਨ ਰਾਹੀਂ ਬੱਚਿਆਂ ਨੂੰ ਜਨਮ ਦਿੱਤਾ।
ਡਾਕਟਰ ਮੁਹੰਮਦ ਨੇ ਕਿਹਾ, "ਪੂਰੀ ਪ੍ਰੈਗਨੈਂਸੀ ਦੌਰਾਨ ਉਨ੍ਹਾਂ ਨੂੰ ਚੰਗੀ ਡਾਕਟਰੀ ਦੇਖਭਾਲ ਦਿੱਤੀ ਗਈ। ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਉਨ੍ਹਾਂ ਦੇ ਗਰਭ ਵਿੱਚ ਇੱਕ ਤੋਂ ਵੱਧ ਬੱਚੇ ਹਨ। ਉਨ੍ਹਾਂ ਨੂੰ ਪੂਰੀ ਡਾਕਟਰੀ ਦੇਖਭਾਲ ਮਿਲੀ।"
ਬੇਦ੍ਰੀਆ ਨੇ ਦੱਸਿਆ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਗਰਭ ਵਿੱਚ ਚਾਰ ਬੱਚੇ ਹਨ, ਪਰ ਡਿਲੀਵਰੀ ਵੇਲੇ ਪਤਾ ਲੱਗਿਆ ਕਿ ਉਨ੍ਹਾਂ ਦੇ ਗਰਭ ਵਿੱਚ ਇੱਕ ਹੋਰ ਬੱਚਾ ਹੈ।
ਮਾਂ ਬਣਨ ਦੇ ਲੰਬੇ ਇੰਤਜ਼ਾਰ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, "ਮੈਂ ਤਾਂ ਸਿਰਫ਼ ਇੱਕ ਬੱਚੇ ਲਈ ਦੁਆ ਕੀਤੀ ਸੀ। ਪਰ ਅੱਲ੍ਹਾ ਨੇ ਮੈਨੂੰ ਪੰਜ ਬੱਚੇ ਦਿੱਤੇ।"
ਪਹਿਲੀ ਵਾਰ ਮਾਂ ਬਣੇ ਬੇਦ੍ਰੀਆ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੇ ਪਹਿਲੇ ਵਿਆਹ ਤੋਂ ਪਹਿਲਾਂ ਹੀ ਇੱਕ ਬੱਚਾ ਹੈ ਅਤੇ ਉਹ ਬੱਚਾ ਵੀ ਉਨ੍ਹਾਂ ਦੇ ਨਾਲ ਹੀ ਰਹਿੰਦਾ ਹੈ।
ਉਨ੍ਹਾਂ ਕਿਹਾ, "ਮੇਰੇ ਪਤੀ ਅਕਸਰ ਮੈਨੂੰ ਕਹਿੰਦੇ ਸਨ ਕਿ ਜਦੋਂ ਤੱਕ ਉਹ ਬੱਚਾ ਮੇਰੇ ਕੋਲ ਹੈ, ਮੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਪਰ ਮੈਨੂੰ ਬਹੁਤ ਦੁੱਖ ਹੁੰਦਾ ਸੀ, ਕਿਉਂਕਿ ਪਿੰਡ ਵਿੱਚ ਹਰ ਕੋਈ ਬੱਚਾ ਨਾ ਹੋਣ 'ਤੇ ਮੇਰੇ 'ਤੇ ਸਵਾਲ ਚੁੱਕਦਾ ਸੀ।"
"ਪੰਜ ਤੋਹਫ਼ੇ"

ਤਸਵੀਰ ਸਰੋਤ, Hiwot Fana Specialized Hospital
ਉਨ੍ਹਾਂ ਕਿਹਾ, "ਅਤੀਤ ਵਿੱਚ ਮੈਂ ਜੋ ਦਰਦ ਝੱਲਿਆ, ਉਹ ਹੁਣ ਕਿਸੇ ਦੂਰ ਦੇ ਸੁਪਨੇ ਵਾਂਗ ਲੱਗਦਾ ਹੈ। ਮੈਂ ਉਸਨੂੰ ਯਾਦ ਵੀ ਨਹੀਂ ਕਰਨਾ ਚਾਹੁੰਦੀ।"
ਉਨ੍ਹਾਂ ਕਿਹਾ, "ਮੈਂ 12 ਸਾਲ ਤੱਕ ਦਰਦ ਅਤੇ ਇੱਕਲਾਪੇ ਵਿੱਚ ਜ਼ਿੰਦਗੀ ਬਿਤਾਈ। ਮੈਂ ਲਗਾਤਾਰ ਇੱਕ ਬੱਚੇ ਲਈ ਦੁਆ ਕਰਦੀ ਰਹੀ। ਆਖ਼ਿਰਕਾਰ, ਅੱਲ੍ਹਾ ਨੇ ਮੇਰੀ ਦੁਆ ਸੁਣ ਲਈ।"
ਬੇਦ੍ਰੀਆ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਇੱਕ ਛੋਟੇ ਕਿਸਾਨ ਹਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਆਪਣੇ ਹੁਣ ਵੱਡੇ ਹੋ ਚੁੱਕੇ ਪਰਿਵਾਰ ਦੀ ਦੇਖਭਾਲ ਕਿਵੇਂ ਕਰਨਗੇ।
ਉਨ੍ਹਾਂ ਅੱਗੇ ਕਿਹਾ, "ਪਰ ਮੈਨੂੰ ਉਮੀਦ ਹੈ ਕਿ ਅੱਲ੍ਹਾ ਮੇਰੇ ਭਾਈਚਾਰੇ ਅਤੇ ਸਰਕਾਰ ਦੀ ਮਦਦ ਨਾਲ ਮੇਰੀ ਸਹਾਇਤਾ ਕਰੇਗਾ।"
ਇਨ੍ਹਾਂ ਬੱਚਿਆਂ ਨੂੰ, ਜਿਨ੍ਹਾਂ ਨੂੰ ਉਹ "ਪੰਜ ਤੋਹਫ਼ੇ" ਕਹਿੰਦੇ ਹਨ, ਨਾਏਫ਼, ਅੰਮਾਰ, ਮੁਨਸਿਰ, ਨਾਜ਼ੀਰਾ ਅਤੇ ਅੰਸਾਰ ਨਾਮ ਦਿੱਤੇ ਗਏ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































