'ਅਮਰੀਕਾ ਦੀ ਆਜ਼ਾਦੀ ਦਾ ਇੱਕੋ ਮਤਲਬ ਹੈ ਕਿ ਬਾਕੀ ਸਾਰੀ ਦੁਨੀਆਂ ਅਮਰੀਕਾ ਦੀ ਗ਼ੁਲਾਮੀ ਕਰੇ' -ਮੁਹੰਮਦ ਹਨੀਫ਼ ਦੀ ਟਿੱਪਣੀ

- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਇਸ 4 ਜੁਲਾਈ ਨੂੰ ਅਮਰੀਕਾ ਦੀ ਆਜ਼ਾਦੀ ਦੇ ਢਾਈ ਸੌ ਸਾਲ ਪੂਰੇ ਹੋ ਜਾਣਗੇ, ਜਸ਼ਨ ਹੋਏਗਾ, ਪਰੇਡਾਂ ਹੋਣਗੀਆਂ।
ਟਰੰਪ ਬੋਲਣਗੇ ਕਿ 'ਮੇਕ ਅਮੈਰਿਕਾ ਗ੍ਰੇਟ ਅਗੇਨ', ਇਹ ਵੀ ਕਹਿਣਗੇ ਕਿ ਮੇਰੇ ਵਰਗਾ ਪੁੱਤਰ ਇਸ ਧਰਤੀ ਨੇ ਢਾਈ ਸਦੀਆਂ ਵਿੱਚ ਜੰਮਿਆ ਹੀ ਨਹੀਂ। ਇਸ ਤਰ੍ਹਾਂ ਦੇ ਮੌਕੇ 'ਤੇ ਸਾਰੀ ਦੁਨੀਆਂ ਮੁਬਾਰਕਬਾਦਾਂ ਦਿੰਦੀ ਹੈ।
ਜਿੰਨੇ ਦੇਣੀ ਹੈ, ਉਹ ਦੇ ਲਵੇ।
ਲੇਕਿਨ ਸਾਨੂੰ ਤੇ ਇਹੀ ਸਮਝ ਆਈ ਹੈ ਵੀ ਅਮਰੀਕਾ ਦੀ ਆਜ਼ਾਦੀ ਦਾ ਇੱਕੋ ਮਤਲਬ ਹੈ ਕਿ ਬਾਕੀ ਸਾਰੀ ਦੁਨੀਆਂ ਅਮਰੀਕਾ ਦੀ ਗ਼ੁਲਾਮੀ ਕਰੇ।
ਅਮਰੀਕਾ ਨੂੰ ਗ਼ੁਲਾਮੀ ਦਾ ਬੜਾ ਪੁਰਾਣਾ ਚਸਕਾ ਹੈ।
ਢਾਈ ਸੌ ਵਰ੍ਹੇ ਪਹਿਲੇ ਅਮਰੀਕਾ ਦੇ ਵੱਡਿਆਂ ਨੇ, ਜਿਨਾਂ ਨੂੰ 'ਫਾਉਂਡਿੰਗ ਫਾਦਰਜ਼' ਵੀ ਕਹਿੰਦੇ ਨੇ, ਇੱਕ 'ਡੈਕਲਰੇਸ਼ਨ ਆਫ ਇੰਡੀਪੈਂਡੇਂਸ' ਸਾਈਨ ਕੀਤਾ ਸੀ।
ਉਹਦਾ ਪਹਿਲਾ ਜੁਮਲਾ ਇਹ ਸੀ ਵੀ ਸਾਰੇ ਇਨਸਾਨ ਬਰਾਬਰ ਨੇ। ਇਹ ਜੁਮਲਾ ਉੱਕਾ ਝੂਠ ਸੀ।
ਉਸ ਵੇਲੇ ਅਫ਼ਰੀਕਾ ਤੋਂ ਲੱਖਾਂ ਲੋਕਾਂ ਨੂੰ ਹੱਥ ਪੈਰ ਬੰਨ੍ਹ ਕੇ ਜਹਾਜ਼ਾਂ ਵਿੱਚ ਪਸ਼ੂਆਂ ਵਾਂਗੂ ਭਰ ਕੇ ਅਮਰੀਕਾ ਲੈ ਕੇ ਆਉਂਦੇ ਸਨ। ਗ਼ੁਲਾਮਾਂ ਦੀਆਂ ਮੰਡੀਆਂ ਸਨ।
'ਡੈਕਲਰੇਸ਼ਨ ਆਫ਼ ਇੰਡੀਪੈਂਡੈਂਸ ਸਾਈਨ' ਕਰਨ ਵਾਲੇ ਥੌਮਸ ਜੈਫਰਸਨ ਵੀ ਸਨ ਤੇ 600 ਤਾਂ ਉਨ੍ਹਾਂ ਦੇ ਆਪਣੇ ਗ਼ੁਲਾਮ ਸਨ।
ਫਿਰ ਗ਼ੁਲਾਮੀ ਮੁਕਾਈ ਗਈ ਲੇਕਿਨ 70-75 ਵਰ੍ਹੇ ਪਹਿਲੇ ਤੱਕ ਅਗਰ ਤੁਸੀਂ ਕਾਲੇ (ਸਿਆਹਫਾਮ) ਹੋ ਤਾਂ ਗੋਰਿਆਂ ਦੀ ਬੱਸ ਵਿੱਚ ਨਹੀਂ ਬਹਿ ਸਕਦੇ।
ਕਾਲਾ ਬੱਚਾ ਉਨ੍ਹਾਂ ਦੇ ਸਕੂਲ ਨਹੀਂ ਜਾ ਸਕਦਾ।
ਅਗਰ ਤੁਹਾਡੀ ਜੇਬ 'ਚ ਡਾਲਰ ਵੀ ਨੇ ਤਾਂ ਤੁਸੀਂ ਗੋਰਿਆਂ ਦੀ ਬਾਰ ਵਿੱਚ ਜਾ ਕੇ ਦਾਰੂ ਨਹੀਂ ਪੀ ਸਕਦੇ।
ਅਮਰੀਕਾ ਦੇ ਘਰ ਗ਼ੁਲਾਮੀ ਮੁੱਕੀ ਤੇ ਉਹ ਦੁਨੀਆਂ ਨੂੰ ਆਜ਼ਾਦ ਕਰਾਉਣ ਤੁਰ ਪਿਆ।

ਤਸਵੀਰ ਸਰੋਤ, Getty Images
ਵੀਅਤਮਾਨ ਵਿੱਚ ਕੋਈ ਵੀਹ ਕੁ ਲੱਖ ਬੰਦਾ ਮਾਰਿਆ, ਫਿਰ ਇਹ ਕਹਿ ਕੇ ਘਰ ਟੁਰ ਗਿਆ ਕਿ ਇਨ੍ਹਾਂ ਵੀਅਤਨਾਮੀਆਂ ਨੂੰ ਤੇ ਆਜ਼ਾਦੀ ਚਾਹੀਦੀ ਨਹੀਂ।
ਆਪਣੇ ਹੀ ਗੁਆਂਢ ਅਫ਼ਗਾਨਿਸਤਾਨ ਨੂੰ ਕੋਈ ਤਿੰਨ ਵਾਰੀ ਆਜ਼ਾਦ ਕਰਾਉਣ ਆਇਆ।
ਪੰਜ ਨਸਲਾਂ ਤਬਾਹ ਕਰਕੇ ਫਿਰ ਉਸੇ ਹੀ ਤਾਲਿਬਾਨ ਨਾਲ ਸੁਲ੍ਹਾ-ਸਫ਼ਾਈ ਕਰਕੇ ਆਪਣੇ ਟੈਂਕ, ਜਹਾਜ਼ ਲੈ ਕੇ ਵਾਪਸ ਟੁਰ ਗਿਆ।
ਗੱਲ ਉਹੀ ਪੁਰਾਣੀ ਕਿ ਇਨ੍ਹਾਂ ਅਫ਼ਗਾਨਾਂ ਨੂੰ ਸਾਡੀ ਆਜ਼ਾਦੀ ਪਸੰਦ ਹੀ ਨਹੀਂ ਆਈ।
ਪਿਛਲੇ ਢਾਈ ਵਰ੍ਹਿਆਂ ਵਿੱਚ ਅਸਲਾ ਅਤੇ ਅਰਬਾਂ ਡਾਲਰ ਦੇ ਕੇ ਵੀਹ ਹਜ਼ਾਰ ਤੋਂ ਜ਼ਿਆਦਾ ਫ਼ਲਸਤੀਨੀ ਬੱਚੇ ਮਰਵਾਏ ਸਨ ਤੇ ਨਾਲ ਘਰ ਬੈਠਾ 'ਮੇਕ ਅਮਰੀਕਾ ਗ੍ਰੇਟ ਅਗੇਨ' ਦੇ ਨਾਅਰੇ ਵੀ ਮਾਰਦਾ ਰਿਹਾ।
ਇਹ ਤੇ ਸਾਡੀ ਆਪਣੀ ਵੇਖੀ ਹੱਡ-ਬੀਤੀ ਹੈ।
ਦੂਸਰੀ ਜੰਗੇ ਅਜ਼ੀਮ (ਦੂਜੀ ਵਿਸ਼ਵ ਜੰਗ) ਤਕਰੀਬਨ ਜਿੱਤ ਚੁੱਕਿਆ ਸੀ। ਫਿਰ ਵੀ ਆਪਣੇ ਐਟਮ ਬੰਬ ਟੈਸਟ ਕਰਨ ਲਈ ਹਿਰੋਸ਼ੀਮਾ ਤੇ ਨਾਗਾਸਾਕੀ ਵਰਗੇ ਪੂਰੇ ਸ਼ਹਿਰ ਸਾੜ੍ਹ ਕੇ ਸਵਾਹ ਕਰ ਦਿੱਤੇ ਤੇ ਦੁਨੀਆਂ ’ਤੇ ਇਹ ਸਾਬਤ ਕਰ ਦਿੱਤਾ ਵੀ ਨਾ ਸਿਰਫ਼ ਅਮਰੀਕਾ ਆਜ਼ਾਦ ਹੈ ਬਲਕਿ 'ਮਾਦਰ ਪਿਦਰ ਆਜ਼ਾਦ' ਹੈ।
ਜਿਹੜੇ ਪੜ੍ਹੇ-ਲਿਖੇ ਅਮਰੀਕੀ ਨੇ ਉਹ ਤੁਹਾਨੂੰ ਦੱਸਣਗੇ ਵੀ ਅਮਰੀਕਾ ਨੇ ਦੁਨੀਆਂ ਨੂੰ ਜੰਗਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਦਿੱਤਾ ਹੈ।

ਤਸਵੀਰ ਸਰੋਤ, Getty Images
ਮੈਕਡੌਨਲਡ ਅਮਰੀਕਾ ਦਾ ਹੀ ਤੋਹਫ਼ਾ ਹੈ।
ਮਿੱਕੀ ਮਾਊਸ ਤੇ ਸਪਾਈਡਰਮੈਨ ਤੇ ਬੈਟਮੈਨ ਸਾਰੀ ਦੁਨੀਆਂ ਦੇ ਬੱਚਿਆਂ ਦਾ ਜੀਅ ਪਰਚਾਉਂਦੇ ਨੇ।
ਹਰ ਸਾਲ ਨਵੇਂ ਆਈਫੋਨ ਦੀ ਸੋਗਾਤ ਵੀ ਪੂਰੀ ਦੁਨੀਆਂ ਨੂੰ ਵੰਡੀ ਜਾਂਦੀ ਹੈ।
ਢਾਈ ਸੌ ਸਾਲ ਤੋਂ ਅਮਰੀਕਾ ਦਾ ਰੋਣਾ ਇੱਕੋ ਹੀ ਹੈ ਕਿ ਅਸੀਂ ਤੁਹਾਨੂੰ ਆਜ਼ਾਦ ਕਰਾਉਣਾ ਚਾਹੁੰਦੇ ਹਾਂ, ਤੁਹਾਡੇ ’ਤੇ ਬੰਬ ਸੁੱਟਨੇ ਹਾਂ, ਤੁਸੀਂ ਸਾਡਾ ਸ਼ੁਕਰੀਆ ਨਾ ਅਦਾ ਕਰਦੇ ਹੋ ਬਲਕਿ ਅੱਗੋਂ ਵਿਹਰ ਜਾਂਦੇ ਹੋ।
ਅਗਰ ਤੁਸੀਂ ਪੁਰਾਣੀਆਂ ਅਮਰੀਕੀ ਬਲੈਕ ਐਂਡ ਵ੍ਹਾਈਟ ਫ਼ਿਲਮਾਂ ਵੇਖੀਆਂ ਹੋਣ ਤੇ ਉਨ੍ਹਾਂ ਵਿੱਚ ਇੱਕ ਬਰਥਡੇਅ ਸੀਨ ਹੁੰਦਾ ਹੈ, ਜਿਹਦੇ ਵਿੱਚ ਕੋਈ ਕੇਕ ਵਾਲੀ ਥਾਲੀ ਚੁੱਕ ਕੇ ਕਿਸੇ ਦੇ ਮੂੰਹ ਤੇ ਮਾਰ ਦਿੰਦਾ ਹੈ।
ਇਹ ਨੂੰ ਪਾਈ ਫਾਈਟ ਵੀ ਕਹਿੰਦੇ ਨੇ। ਇਹ ਅਮਰੀਕਾ ਦੀ ਅਜ਼ੀਮ ਤਹਿਜੀਬ ਦਾ ਹਿੱਸਾ ਵੀ ਹੈ।
ਫਿਰ ਸਾਰੇ ਇੱਕ ਦੂਸਰੇ ਦੇ ਮੂੰਹ ਤੇ ਕੇਕ ਵਾਲੀਆਂ ਥਾਲੀਆਂ ਮਾਰਦੇ ਨੇ ਤੇ ਹੱਸਦੇ ਰਹਿੰਦੇ ਨੇ।
ਜੇ ਅਮਰੀਕਾ ਨੇ ਵਾਕਈ ਅਮਰੀਕਾ ਨੂੰ ਗ੍ਰੇਟ ਬਣਾਉਣਾ ਹੈ ਤੇ ਆਪਣੀ ਬਰਥ ਡੇਅ ਇੰਝ ਹੀ ਮਨਾਉਣ ਕੇਕ ਵਾਲੀਆਂ ਥਾਲੀਆਂ ਚੁੱਕੋ, ਇੱਕ ਦੂਸਰੇ ਦੇ ਮੂੰਹ ਤੇ ਸੁੱਟੋ ਤੇ ਬਾਕੀ ਦੁਨੀਆਂ ਦੀ ਜਾਨ ਛੱਡ ਦਿਓ।
ਰੱਬ ਰਾਖਾ!
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ















