'ਕਮਾਈ ਕਰਨ ਲਈ ਕਰਜ਼ਾ ਲੈ ਕੇ ਖਰੀਦਿਆ ਸੀ ਊਠ', ਕਸ਼ਮੀਰ ਵਿੱਚ ਇੱਕ ਸ਼ਖ਼ਸ ਨੂੰ ਊਠ ਖਰੀਦਣਾ ਕਿਉਂ ਪਿਆ ਭਾਰੀ

ਸ਼ੈੱਟੀ ਨਾਮ ਦਾ ਇਹ ਊਠ ਕਸ਼ਮੀਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ

ਤਸਵੀਰ ਸਰੋਤ, Jehangir Ali

ਤਸਵੀਰ ਕੈਪਸ਼ਨ, ਇਸ ਊਠ ਨੂੰ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਗੁਲਾਮ ਰਸੂਲ ਭੱਟ ਦੇ ਘਰ ਤੋਂ ਸ੍ਰੀਨਗਰ ਮਿਊਂਸਿਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ
    • ਲੇਖਕ, ਜਹਾਂਗੀਰ ਅਲੀ
    • ਰੋਲ, ਬੀਬੀਸੀ ਪੱਤਰਕਾਰ, ਸ਼੍ਰੀਨਗਰ ਤੋਂ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਗੁਲਾਮ ਰਸੂਲ ਭੱਟ ਦੇ ਘਰ ਇੱਕ ਦਿਨ ਅਚਾਨਕ ਕੁਝ ਲੋਕ ਪਹੁੰਚੇ ਅਤੇ ਉਨ੍ਹਾਂ ਦੇ ਊਠ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਭੱਟ ਨੂੰ ਉਸ ਵੇਲੇ ਤੱਕ ਇਹ ਨਹੀਂ ਪਤਾ ਸੀ ਕਿ ਉਹ ਲੋਕ ਕੌਣ ਸਨ ਅਤੇ ਉਨ੍ਹਾਂ ਦਾ ਊਠ ਘਰ ਤੋਂ ਕਿਉਂ ਲੈਕੇ ਜਾਇਆ ਗਿਆ।

ਉਨ੍ਹਾਂ ਦੇ ਊਠ ਨੂੰ ਸ੍ਰੀਨਗਰ ਮਿਊਂਸਿਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਭੱਟ ਈਦ 'ਤੇ ਊਠ ਦੀ ਕੁਰਬਾਨੀ ਦੇਣ ਵਾਲੇ ਸਨ। ਭਾਰਤ ਵਿੱਚ ਊਠ ਨੂੰ ਮਾਰਨਾ ਗੈਰਕਾਨੂੰਨੀ ਹੈ।

ਭੱਟ ਨੇ ਇਸੇ ਸਾਲ ਇੱਕ ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਲੈ ਕੇ ਇਹ ਊਠ ਖਰੀਦਿਆ ਸੀ। ਕੁਰਬਾਨੀ ਦੀ ਗੱਲ ਤੋਂ ਇਨਕਾਰ ਕਰਦੇ ਹੋਏ ਭੱਟ ਕਹਿੰਦੇ ਹਨ ਕਿ ਉਹ ਊਠ ਦੀ ਵਰਤੋਂ ਸੈਲਾਨੀਆਂ ਤੋਂ ਕਮਾਈ ਲਈ ਕਰਨਾ ਚਾਹੁੰਦੇ ਸਨ।

ਪਰ ਜਾਨਵਰਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਇਰਾਦਿਆਂ 'ਤੇ ਸ਼ੱਕ ਸੀ। ਹੁਣ ਇਹ ਮਾਮਲਾ ਅਦਾਲਤ ਤੱਕ ਪਹੁੰਚ ਚੁੱਕਾ ਹੈ।

ਕੀ ਹੈ ਪੂਰਾ ਮਾਮਲਾ?

ਊਠ

ਤਸਵੀਰ ਸਰੋਤ, Jehangir Ali

ਤਸਵੀਰ ਕੈਪਸ਼ਨ, ਅਧਿਕਾਰੀਆਂ ਨੂੰ ਸ਼ੱਕ ਹੈ ਕਿ ਭੱਟ ਈਦ 'ਤੇ ਊਠ ਦੀ ਕੁਰਬਾਨੀ ਦੇਣ ਵਾਲੇ ਸਨ, ਭਾਰਤ ਵਿੱਚ ਊਠ ਨੂੰ ਮਾਰਨਾ ਗੈਰਕਾਨੂੰਨੀ ਹੈ

ਗੁਲਾਮ ਰਸੂਲ ਭੱਟ ਦਾ ਕਹਿਣਾ ਹੈ ਕਿ ਕਸ਼ਮੀਰ ਵਿੱਚ ਊਠ ਦੇਖਣਾ ਸੈਲਾਨੀਆਂ ਲਈ ਇੱਕ ਅਨੋਖਾ ਤਜਰਬਾ ਹੁੰਦਾ, ਇਸ ਲਈ ਉਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਇੱਕ ਊਠ ਖਰੀਦਿਆ।

ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਸ ਦੇ ਮਾਲਕੀ ਹੱਕ ਲਈ ਉਨ੍ਹਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਵੇਗਾ।

ਭੱਟ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ ਕਿ ਉਨ੍ਹਾਂ ਨੇ ਊਠ ਖਰੀਦਣ ਲਈ 1 ਲੱਖ 20 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ। ਉਨ੍ਹਾਂ ਦੱਸਿਆ ਕਿ ਉਹ ਇਸ ਊਠ ਨੂੰ ਕਸ਼ਮੀਰ ਦੇ ਮਸ਼ਹੂਰ ਸੈਰ-ਸਪਾਟੇ ਵਾਲੇ ਸਥਾਨ ਦੂਧਪਥਰੀ ਲੈਕੇ ਜਾਣ ਦੀ ਯੋਜਨਾ ਬਣਾ ਰਹੇ ਸਨ।

ਗੁਲਾਮ ਰਸੂਲ ਭੱਟ ਦਾ ਕਹਿਣਾ ਹੈ, "ਦੂਧਪਥਰੀ ਵਿੱਚ ਬਹੁਤ ਸਾਰੇ ਸੈਲਾਨੀ ਆਉਂਦੇ ਹਨ। ਮੈਨੂੰ ਲੱਗਿਆ ਕਿ ਊਠ ਦੀ ਸਵਾਰੀ ਜਾਂ ਉਸ ਨਾਲ ਫੋਟੋ ਖਿਚਵਾਉਣ ਦਾ ਵਿਚਾਰ ਸੈਲਾਨੀਆਂ ਨੂੰ ਪਸੰਦ ਆਵੇਗਾ। ਕਸ਼ਮੀਰ ਵਿੱਚ ਅਜਿਹਾ ਪਹਿਲੀ ਵਾਰ ਹੁੰਦਾ ਅਤੇ ਇਸ ਨਾਲ ਮੇਰੀ ਕਮਾਈ ਵੀ ਹੋ ਜਾਂਦੀ।"

ਸੈਲਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭੱਟ ਦਾ ਕਹਿਣਾ ਹੈ ਕਿ ਕਸ਼ਮੀਰ ਵਿੱਚ ਊਠ ਦੇਖਣਾ ਸੈਲਾਨੀਆਂ ਲਈ ਇੱਕ ਅਨੋਖਾ ਤਜਰਬਾ ਹੁੰਦਾ, ਇਸ ਲਈ ਉਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਇੱਕ ਊਠ ਖਰੀਦਿਆ

ਪਰ ਭੱਟ ਦੇ ਇਨ੍ਹਾਂ ਦਾਵਿਆਂ ਦੇ ਉਲਟ ਕਸ਼ਮੀਰ ਵਿੱਚ ਜਾਨਵਰਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਸਮੂਹ 'ਐਨੀਮਲ ਰਾਈਟਸ ਕਸ਼ਮੀਰ' ਨੂੰ ਇੱਕ ਸੋਸ਼ਲ ਮੀਡੀਆ ਪੋਸਟ ਦੇਖ ਕੇ ਸ਼ੱਕ ਹੋਇਆ।

ਸਮੂਹ ਦੇ ਸੰਸਥਾਪਕ ਦਾਊਦ ਮੁਹੰਮਦ ਨੇ ਦੱਸਿਆ ਕਿ ਇਸੇ ਸਾਲ ਮਈ ਵਿੱਚ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਨਜ਼ਰ ਆਈ, ਜਿਸ ਵਿੱਚ ਕਿਹਾ ਗਿਆ ਸੀ ਕਿ 'ਭੱਟ ਈਦ 'ਤੇ ਇਸ ਜਾਨਵਰ ਦੀ ਕੁਰਬਾਨੀ ਦੇਣ ਵਾਲੇ ਹਨ'।

ਇਸਲਾਮ ਵਿੱਚ ਈਦ-ਉਲ-ਅਜ਼ਹਾ 'ਤੇ ਪੈਗ਼ੰਬਰ ਇਬਰਾਹੀਮ ਦੇ ਅੱਲਾਹ ਪ੍ਰਤੀ ਸਮਰਪਣ ਦੀ ਯਾਦ ਵਿੱਚ ਭੇਡ, ਬੱਕਰੀ, ਮੱਝ ਜਾਂ ਊਠ ਵਰਗੇ ਜਾਨਵਰਾਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ।

ਇਸਲਾਮ ਵਿੱਚ ਈਦ 'ਤੇ ਊਠ ਦੀ ਕੁਰਬਾਨੀ ਦੇਣ ਦੀ ਵੀ ਇਜਾਜ਼ਤ ਹੈ। ਮੱਧ ਪੂਰਬ ਅਤੇ ਅਫ਼ਰੀਕਾ ਦੇ ਕਈ ਦੇਸ਼ਾਂ ਵਿੱਚ ਈਦ 'ਤੇ ਜਾਨਵਰਾਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ।

ਪਰ, 'ਪਸ਼ੂ ਕਰੂਰਤਾ ਨਿਵਾਰਣ ਐਕਟ, 1960' ਅਤੇ ਹੋਰ ਕਾਨੂੰਨਾਂ ਤਹਿਤ ਪੂਰੇ ਭਾਰਤ ਵਿੱਚ ਊਠ ਨੂੰ ਮਾਰਨ 'ਤੇ ਪਾਬੰਦੀ ਹੈ।

ਇਸੇ ਆਧਾਰ 'ਤੇ, ਈਦ ਤੋਂ ਇੱਕ ਦਿਨ ਪਹਿਲਾਂ 26 ਮਈ ਨੂੰ ਐਨਜੀਓ ਦੇ ਕੁਝ ਮੈਂਬਰਾਂ ਦੇ ਨਾਲ ਸ਼੍ਰੀਨਗਰ ਮਿਊਂਸਿਪਲ ਕਾਰਪੋਰੇਸ਼ਨ (ਐਸਐਮਸੀ) ਦੇ ਅਧਿਕਾਰੀਆਂ ਨੇ ਬਡਗਾਮ ਵਿੱਚ ਭੱਟ ਦੇ ਘਰ ਛਾਪਾ ਮਾਰਿਆ।

ਅਧਿਕਾਰੀ ਊਠ ਨੂੰ ਇੱਕ ਖ਼ਾਸ ਵੈਨ ਵਿੱਚ ਸ਼੍ਰੀਨਗਰ ਲੈ ਗਏ।

ਮਾਮਲਾ ਅਦਾਲਤ ਪਹੁੰਚਿਆ

ਕਸ਼ਮੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭੱਟ ਨੇ ਹੁਣ ਐਸਐਮਸੀ ਤੋਂ ਆਪਣਾ ਊਠ ਵਾਪਸ ਹਾਸਲ ਕਰਨ ਲਈ ਸ਼੍ਰੀਨਗਰ ਦੀ ਇੱਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ

ਭੱਟ ਦੱਸਦੇ ਹਨ ਕਿ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਲੱਗਿਆ ਕਿ ਉਨ੍ਹਾਂ ਦਾ ਊਠ ਲੈਕੇ ਜਾਣ ਵਾਲੇ ਲੋਕ ਕੌਣ ਸਨ।

ਉਨ੍ਹਾਂ ਕਿਹਾ, "ਜਦੋਂ ਮੈਂ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ, ਤਾਂ ਉਦੋਂ ਪਤਾ ਲੱਗਿਆ ਕਿ ਉਹ ਐਸਐਮਸੀ ਦੇ ਅਧਿਕਾਰੀ ਅਤੇ ਐਨਜੀਓ ਦੇ ਕਾਰਕੁਨ ਸਨ।"

ਤਾਂ ਕੀ ਭੱਟ ਵਾਕਈ ਈਦ 'ਤੇ ਊਠ ਦੀ ਕੁਰਬਾਨੀ ਦੇਣ ਦੀ ਯੋਜਨਾ ਬਣਾ ਰਹੇ ਸਨ?

ਇਸ ਇਲਜ਼ਾਮ ਬਾਰੇ ਉਨ੍ਹਾਂ ਕਿਹਾ, "ਮੈਂ ਇੱਕ ਗਰੀਬ ਆਦਮੀ ਹਾਂ। ਮੈਂ ਲਿਖ ਕੇ ਦੇਣ ਲਈ ਤਿਆਰ ਹਾਂ ਕਿ ਮੈਂ ਉਸ ਦੀ ਦੇਖਭਾਲ ਕਰਾਂਗਾ। ਮੈਂ ਉਸ ਨੂੰ ਵਾਪਸ ਜੰਮੂ ਲਿਜਾ ਕੇ ਪਸ਼ੂ ਵਪਾਰੀ ਨੂੰ ਵਾਪਸ ਕਰਨ ਲਈ ਵੀ ਤਿਆਰ ਹਾਂ ਤਾਂ ਜੋ ਮੈਂ ਆਪਣਾ ਕਰਜ਼ਾ ਚੁਕਾ ਸਕਾਂ।"

ਭੱਟ ਨੇ ਹੁਣ ਐਸਐਮਸੀ ਤੋਂ ਆਪਣਾ ਊਠ ਵਾਪਸ ਹਾਸਲ ਕਰਨ ਲਈ ਸ਼੍ਰੀਨਗਰ ਦੀ ਇੱਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।

ਉਨ੍ਹਾਂ ਨੇ ਕਿਹਾ, "ਅਦਾਲਤ ਨੇ ਐਸਐਮਸੀ ਅਤੇ ਐਨਜੀਓ ਨੂੰ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ ਹੈ। ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਹੁਣ ਇੱਕ ਮਹੀਨਾ ਹੋ ਗਿਆ ਹੈ। ਮੈਂ ਸੱਚਮੁੱਚ ਪਰੇਸ਼ਾਨ ਹਾਂ। ਕੀ ਕਰਾਂ?"

ਬੀਬੀਸੀ ਨੇ ਐਸਐਮਸੀ ਕਮਿਸ਼ਨਰ ਫ਼ੈਜ਼ ਲੁਲ ਹਸੀਬ ਨਾਲ ਇਸ ਮਾਮਲੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।

ਦੂਜੇ ਪਾਸੇ, 'ਐਨੀਮਲ ਰਾਈਟਸ ਕਸ਼ਮੀਰ' ਸਮੂਹ ਦੇ ਸੰਸਥਾਪਕ ਦਾਊਦ ਮੁਹੰਮਦ ਨੇ ਕਿਹਾ ਕਿ ਊਠ ਕਸ਼ਮੀਰ ਦਾ ਨਹੀਂ ਹੈ ਅਤੇ ਜੇਕਰ ਉਸ ਨੂੰ ਘਾਟੀ ਵਿੱਚ ਹੀ ਰੱਖਿਆ ਗਿਆ ਤਾਂ ਉਹ ਕੜਾਕੇ ਦੀ ਠੰਢ ਵਿੱਚ ਜ਼ਿੰਦਾ ਸਮਾਂ ਨਹੀਂ ਰਹਿ ਸਕੇਗਾ।

ਉਨ੍ਹਾਂ ਨੇ ਕਿਹਾ ਕਿ 'ਐਨੀਮਲ ਰੈਸਕਿਊ ਕਸ਼ਮੀਰ' ਹੁਣ ਜੰਮੂ-ਕਸ਼ਮੀਰ ਸਰਕਾਰ ਦੀ ਮਦਦ ਨਾਲ 'ਸ਼ੈੱਟੀ' ਨੂੰ ਰਾਜਸਥਾਨ ਲੈਕੇ ਜਾਣ ਦੀ ਯੋਜਨਾ ਬਣਾ ਰਿਹਾ ਹੈ, ਜਿੱਥੇ ਉਸ ਨੂੰ ਇੱਕ ਵਾਈਲਡਲਾਈਫ਼ ਸੈਂਕਚੁਅਰੀ ਵਿੱਚ ਛੱਡਿਆ ਜਾਵੇਗਾ।

ਮੁਹੰਮਦ ਨੇ ਕਿਹਾ, "ਸਾਨੂੰ ਅਦਾਲਤ ਤੋਂ ਕੋਈ ਹੁਕਮ ਨਹੀਂ ਮਿਲਿਆ ਹੈ। ਇਸ ਜਾਨਵਰ ਨੂੰ ਬਚਾਇਆ ਗਿਆ ਹੈ ਅਤੇ ਉਸ ਨੂੰ ਵਾਪਸ ਉੱਥੇ ਭੇਜਿਆ ਜਾਵੇਗਾ, ਜਿੱਥੇ ਉਸ ਦਾ ਕੁਦਰਤੀ ਨਿਵਾਸ ਹੈ।"

ਊਠ ਨੂੰ ਮਿਲਿਆ ਨਵਾਂ ਘਰ ਅਤੇ ਨਵਾਂ ਨਾਮ

ਮਿਊਂਸਿਪਲ ਵੈਟਰਨਰੀ ਸਰਵਿਸਿਜ਼ ਕੰਪਲੈਕਸ

ਤਸਵੀਰ ਸਰੋਤ, Jehangir Ali

ਤਸਵੀਰ ਕੈਪਸ਼ਨ, ਹੁਣ ਇਹ ਊਠ ਸ਼੍ਰੀਨਗਰ ਦੇ ਟੇਂਗਪੋਰਾ ਇਲਾਕੇ ਵਿੱਚ ਐਸਐਮਸੀ ਦੇ ਮਿਊਂਸਿਪਲ ਵੈਟਰਨਰੀ ਸਰਵਿਸਿਜ਼ ਕੰਪਲੈਕਸ ਵਿੱਚ ਇੱਕ ਅਨੋਖਾ ਨਜ਼ਾਰਾ ਬਣ ਗਿਆ ਹੈ

ਊਠ ਨੂੰ ਬਚਾਉਣ ਵਾਲੀ ਟੀਮ ਨੇ ਇਸ ਦਾ ਨਾਮ 'ਸ਼ੈੱਟੀ' ਰੱਖਿਆ ਹੈ। ਉਸਦੀ ਦੇਖਭਾਲ ਕਰਨ ਵਾਲਿਆਂ ਮੁਤਾਬਕ, ਇਸ ਊਠ ਦੀ ਉਮਰ ਕਰੀਬ ਤਿੰਨ ਸਾਲ ਹੈ। ਹੁਣ ਇਹ ਸ਼੍ਰੀਨਗਰ ਦੇ ਟੇਂਗਪੋਰਾ ਇਲਾਕੇ ਵਿੱਚ ਐਸਐਮਸੀ ਦੇ ਮਿਊਂਸਿਪਲ ਵੈਟਰਨਰੀ ਸਰਵਿਸਿਜ਼ ਕੰਪਲੈਕਸ ਵਿੱਚ ਇੱਕ ਅਨੋਖਾ ਨਜ਼ਾਰਾ ਬਣ ਗਿਆ ਹੈ।

ਵੈਟਰਨਰੀ ਕੰਪਲੈਕਸ ਦੇ ਇੱਕ ਕੋਨੇ ਵਿੱਚ ਬੈਡਮਿੰਟਨ ਕੋਰਟ ਦੇ ਆਕਾਰ ਦਾ ਇੱਕ ਠੀਕ-ਠਾਕ ਮਿੱਟੀ ਵਾਲਾ ਪਲਾਟ 'ਸ਼ੈੱਟੀ' ਲਈ ਰਾਖਵਾਂ ਕੀਤਾ ਗਿਆ ਹੈ, ਜਿੱਥੇ ਉਹ ਜ਼ਿਆਦਾਤਰ ਸਮਾਂ ਬਿਤਾਉਂਦਾ ਹੈ।

ਪਰ ਉਸ ਦੀ ਦੇਖਭਾਲ ਕਰਨ ਵਾਲਿਆਂ ਨੂੰ ਉਸ ਨੂੰ ਸੰਭਾਲਣ ਵਿੱਚ ਥੋੜ੍ਹੀ ਮੁਸ਼ਕਿਲ ਆ ਰਹੀ ਹੈ।

ਵੈਟਰਨਰੀ ਕੰਪਲੈਕਸ ਦੇ ਇੱਕ ਕਰਮਚਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਕਿਹਾ, "'ਸ਼ੈੱਟੀ' ਲਈ ਸਹੀ ਖਾਣਾ ਲੱਭਣਾ ਇੱਕ ਮੁਸ਼ਕਿਲ ਕੰਮ ਰਿਹਾ ਹੈ।"

ਉਨ੍ਹਾਂ ਕਿਹਾ, "ਪਿਛਲੇ ਤਿੰਨ ਦਿਨਾਂ ਤੋਂ ਉਸ ਨੂੰ ਪੇਟ ਫੁੱਲਣ ਦੀ ਸਮੱਸਿਆ ਸੀ, ਜਿਸ ਕਾਰਨ ਸਾਨੂੰ ਉਸ ਦੀ ਹਾਲਤ ਦਾ ਪਤਾ ਲਗਾਉਣ ਲਈ ਮਾਹਿਰਾਂ ਦੀ ਇੱਕ ਟੀਮ ਬਣਾਉਣੀ ਪਈ। ਸਾਡੇ ਡਾਕਟਰ ਅਜਿਹੇ ਜਾਨਵਰਾਂ ਦਾ ਇਲਾਜ ਕਰਨ ਦੇ ਆਦੀ ਨਹੀਂ ਹਨ।"

ਫ਼ਿਲਹਾਲ ਲੋਕ ਊਠ ਨਾਲ ਸੈਲਫ਼ੀਆਂ ਤਾਂ ਲੈ ਰਹੇ ਹਨ, ਪਰ ਗੁਲਾਮ ਰਸੂਲ ਭੱਟ ਦੀ ਯੋਜਨਾ ਅਜਿਹੀਆਂ ਸੈਲਫ਼ੀਆਂ ਦੀ ਨਹੀਂ ਸੀ। ਹੁਣ ਇਸ ਊਠ ਅਤੇ ਭੱਟ ਦਾ ਭਵਿੱਖ ਅਦਾਲਤ ਦੇ ਹੁਕਮ 'ਤੇ ਟਿਕਿਆ ਹੋਇਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)