100 ਸਾਲਾਂ ਵਿੱਚ ਇਨਸਾਨਾਂ ਦਾ ਕੱਦ ਕਿਵੇਂ ਬਦਲਿਆ, ਇਨ੍ਹਾਂ ਦੇਸ਼ਾਂ ਦੇ ਲੋਕਾਂ ਦਾ ਕੱਦ ਸਭ ਤੋਂ ਵੱਧ ਵਧਿਆ

ਤਸਵੀਰ ਸਰੋਤ, Nezar Abdallah Basheer/Anadolu via Getty Images
- ਲੇਖਕ, ਕੈਥਰੀਨ ਹੀਟਵੁੱਡ
- ਰੋਲ, ਬੀਬੀਸੀ ਵਰਲਡ ਸਰਵਿਸ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਜੇਕਰ ਤੁਸੀਂ ਆਪਣੇ ਪੁਰਖਿਆਂ ਨਾਲ ਆਪਣੇ ਕੱਦ ਦੀ ਤੁਲਨਾ ਕਰੋ, ਤਾਂ ਬਹੁਤ ਸੰਭਾਵਨਾ ਹੈ ਕਿ ਤੁਸੀਂ ਉਨ੍ਹਾਂ ਨਾਲੋਂ ਵੱਧ ਲੰਬੇ ਹੋਵੋਗੇ। ਖੋਜ ਨਾਲ ਜੁੜੀ ਵੈੱਬਸਾਈਟ 'ਆਵਰ ਵਰਲਡ ਇਨ ਡੇਟਾ' ਦੇ ਮੁਤਾਬਕ, ਅੱਜ ਦੁਨੀਆ ਭਰ ਦੇ ਨੌਜਵਾਨਾਂ ਦਾ ਔਸਤ ਕੱਦ 100 ਸਾਲ ਪਹਿਲਾਂ ਦੇ ਉਨ੍ਹਾਂ ਦੇ ਪੁਰਖਿਆਂ ਨਾਲੋਂ ਲਗਭਗ 10 ਸੈਂਟੀਮੀਟਰ ਵੱਧ ਹੈ।
ਸਾਲ 2016 ਵਿੱਚ ਹੋਏ ਇੱਕ ਅਧਿਐਨ ਵਿੱਚ 1896 ਅਤੇ 1996 ਵਿੱਚ ਪੈਦਾ ਹੋਏ ਲੋਕਾਂ ਦੀ ਤੁਲਨਾ ਕੀਤੀ ਗਈ ਸੀ।
ਇਸ ਅਧਿਐਨ ਵਿੱਚ ਪਤਾ ਲੱਗਾ ਕਿ ਦੱਖਣੀ ਕੋਰੀਆ ਦੀਆਂ ਔਰਤਾਂ ਅਤੇ ਈਰਾਨ ਦੇ ਮਰਦਾਂ ਦੇ ਕੱਦ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ। ਦੱਖਣੀ ਕੋਰੀਆ ਦੀਆਂ ਔਰਤਾਂ ਦਾ ਕੱਦ ਔਸਤਨ 20 ਸੈਂਟੀਮੀਟਰ ਅਤੇ ਈਰਾਨੀ ਮਰਦਾਂ ਦਾ ਕੱਦ 17 ਸੈਂਟੀਮੀਟਰ ਵਧਿਆ ਹੈ।
ਸਕਾਟਲੈਂਡ ਦੀ ਯੂਨੀਵਰਸਿਟੀ ਆਫ਼ ਏਬਰਡੀਨ ਵਿੱਚ ਗਲੋਬਲ ਹੈਲਥ ਦੀ ਸੀਨੀਅਰ ਲੈਕਚਰਾਰ ਡਾ. ਅਰਵਿੰਦਾ ਗੁੰਟੁਪੱਲੀ ਕਹਿੰਦੀ ਹੈ ਕਿ ਇਸ ਦੇ ਪਿੱਛੇ ਬਿਹਤਰ ਖੁਰਾਕ, ਬਿਮਾਰੀਆਂ ਨਾਲ ਜੁੜੇ ਹਾਲਾਤ ਵਿੱਚ ਸੁਧਾਰ, ਟੀਕਾਕਰਨ ਅਤੇ ਕਈ ਹੋਰ ਕਾਰਨ ਹਨ। ਪਰ ਇਨਸਾਨਾਂ ਦਾ ਕੱਦ ਹਮੇਸ਼ਾ ਵਧਦਾ ਹੀ ਨਹੀਂ ਰਿਹਾ ਹੈ।
ਹਜ਼ਾਰਾਂ ਸਾਲਾਂ ਦੌਰਾਨ ਖੁਰਾਕ, ਜੰਗਾਂ, ਬਿਮਾਰੀਆਂ ਅਤੇ ਸਮਾਜ ਵਿੱਚ ਆਏ ਹੋਰ ਵੱਡੇ ਬਦਲਾਵਾਂ ਕਾਰਨ ਕਦੇ ਇਨਸਾਨਾਂ ਦਾ ਕੱਦ ਵਧਿਆ, ਤਾਂ ਕਦੇ ਘਟ ਗਿਆ।
ਇਤਿਹਾਸ ਬਾਰੇ ਕੱਦ ਤੋਂ ਕੀ ਪਤਾ ਲੱਗਦਾ ਹੈ?

ਤਸਵੀਰ ਸਰੋਤ, Getty Images
ਖੋਜਕਾਰਾਂ ਦਾ ਕਹਿਣਾ ਹੈ ਕਿ ਜਦੋਂ ਇਤਿਹਾਸ ਜਾਂ ਅੰਕੜਿਆਂ ਨਾਲ ਜੁੜੀਆਂ ਹੋਰ ਜਾਣਕਾਰੀਆਂ ਉਪਲਬਧ ਨਹੀਂ ਹੁੰਦੀਆਂ, ਤਾਂ ਲੋਕਾਂ ਦੇ ਕੱਦ ਤੋਂ ਉਨ੍ਹਾਂ ਦੇ ਜੀਵਨ ਪੱਧਰ ਬਾਰੇ ਇੱਕ ਵੱਡੀ ਤਸਵੀਰ ਸਮਝੀ ਜਾ ਸਕਦੀ ਹੈ।
ਆਰਥਿਕ ਇਤਿਹਾਸਕਾਰ ਅਤੇ ਕਵੀਨਜ਼ ਯੂਨੀਵਰਸਿਟੀ ਬੇਲਫਾਸਟ ਦੇ ਪ੍ਰੋਫੈਸਰ ਡਾਕਟਰ ਮੈਥਿਆਸ ਬਲਮ ਕਹਿੰਦੇ ਹਨ, "ਲੰਬਾਈ ਲੋਕਾਂ ਦੀ ਖ਼ੁਸ਼ਹਾਲੀ ਮਾਪਣ ਦਾ ਇੱਕ ਚੰਗਾ ਪੈਮਾਨਾ ਹੈ।"
ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਕਿਸੇ ਵਿਅਕਤੀ ਦੀ ਲੰਬਾਈ ਦਾ 80 ਜਾਂ ਇੱਥੋਂ ਤੱਕ ਕਿ 90 ਫ਼ੀਸਦੀ ਹਿੱਸਾ ਉਸ ਦੇ ਜੀਨਾਂ ਦੁਆਰਾ ਤੈਅ ਹੁੰਦਾ ਹੈ।
ਬਾਕੀ ਹਿੱਸਾ ਭਾਵੇਂ ਘੱਟ ਹੋਵੇ, ਪਰ ਉਸ ਉੱਤੇ ਖਾਣ-ਪੀਣ, ਬਿਮਾਰੀਆਂ ਦੇ ਸੰਪਰਕ ਵਿੱਚ ਆਉਣ, ਬਚਪਨ ਦੇ ਮਾਹੌਲ ਅਤੇ ਇਲਾਜ ਦੀ ਸਹੂਲਤ ਮਿਲਣ ਵਰਗੇ ਕਾਰਨਾਂ ਦਾ ਅਸਰ ਪੈਂਦਾ ਹੈ।
ਬਲਮ ਕਹਿੰਦੇ ਹਨ, "ਜ਼ਿਆਦਾ ਲੰਬਾ ਕੱਦ ਬਿਹਤਰ ਜੀਵਨ ਪੱਧਰ ਦੀ ਨਿਸ਼ਾਨੀ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਜੀਨਾਂ ਵਿੱਚ ਮੌਜੂਦ ਅੰਤਰ ਦੇ ਅਸਰ ਨੂੰ ਘੱਟ ਕਰਨ ਲਈ ਖੋਜਕਾਰ ਵੱਡੀ ਆਬਾਦੀ ਦੇ ਔਸਤ ਕੱਦ ਦਾ ਅਧਿਐਨ ਕਰਦੇ ਹਨ।
ਇਸ ਨਾਲ ਉਹ ਅਜਿਹੇ ਬਦਲਾਵਾਂ ਅਤੇ ਅਸਮਾਨਤਾਵਾਂ ਦਾ ਪਤਾ ਲਗਾ ਸਕਦੇ ਹਨ, ਜੋ ਕੁੱਲ ਘਰੇਲੂ ਉਤਪਾਦ ਭਾਵ ਜੀਡੀਪੀ ਵਰਗੇ ਪੈਮਾਨਿਆਂ ਵਿੱਚ ਦਿਖਾਈ ਨਹੀਂ ਦਿੰਦੇ।
ਕੀ ਖੇਤੀ ਸ਼ੁਰੂ ਕਰਨ ਨਾਲ ਇਨਸਾਨਾਂ ਦਾ ਕੱਦ ਘਟ ਗਿਆ?

ਤਸਵੀਰ ਸਰੋਤ, Getty Images
ਬਲਮ ਦੇ ਮੁਤਾਬਕ, ਇਨਸਾਨਾਂ ਦੇ ਕੱਦ ਦੇ ਇਤਿਹਾਸ ਵਿੱਚ ਦੋ ਵੱਡੇ ਮੋੜ ਆਏ।
ਪਹਿਲਾ ਬਦਲਾਅ ਨਵਪਾਸ਼ਾਣ ਕ੍ਰਾਂਤੀ ਦੇ ਸਮੇਂ ਆਇਆ। ਇਹ ਉਹ ਦੌਰ ਸੀ, ਜਦੋਂ ਲਗਭਗ 10 ਤੋਂ 12 ਹਜ਼ਾਰ ਸਾਲ ਪਹਿਲਾਂ ਇਨਸਾਨਾਂ ਨੇ ਸ਼ਿਕਾਰ ਕਰਨ ਅਤੇ ਜੰਗਲਾਂ ਤੋਂ ਭੋਜਨ ਇਕੱਠਾ ਕਰਨ ਦੀ ਬਜਾਏ ਖੇਤੀ ਕਰਨੀ ਸ਼ੁਰੂ ਕੀਤੀ।
ਇੰਨੇ ਪੁਰਾਣੇ ਸਮੇਂ ਵਿੱਚ ਇਨਸਾਨਾਂ ਦੇ ਕੱਦ ਵਿੱਚ ਹੋਏ ਬਦਲਾਵਾਂ ਨੂੰ ਸਮਝਣ ਲਈ ਖੋਜਕਾਰਾਂ ਨੂੰ ਪਿੰਜਰਾਂ ਤੋਂ ਮਿਲੀ ਜਾਣਕਾਰੀ ਉੱਤੇ ਨਿਰਭਰ ਰਹਿਣਾ ਪੈਂਦਾ ਹੈ। ਹਾਲਾਂਕਿ, ਇਸ ਤਰ੍ਹਾਂ ਮਿਲਣ ਵਾਲੀ ਜਾਣਕਾਰੀ ਦੀਆਂ ਆਪਣੀਆਂ ਸੀਮਾਵਾਂ ਹਨ।
ਫਿਰ ਵੀ ਜ਼ਿਆਦਾਤਰ ਖੋਜਕਾਰ ਇਸ ਗੱਲ ਨਾਲ ਸਹਿਮਤ ਹਨ ਕਿ ਖੇਤੀ ਦੀ ਸ਼ੁਰੂਆਤ ਤੋਂ ਬਾਅਦ ਇਨਸਾਨਾਂ ਦਾ ਕੱਦ ਘਟਿਆ ਸੀ।
ਸਾਲ 2022 ਵਿੱਚ ਹੋਏ ਇੱਕ ਅਧਿਐਨ ਤੋਂ ਪਤਾ ਲੱਗਾ ਕਿ ਜੇ ਜੀਨਾਂ ਵਿੱਚ ਮੌਜੂਦ ਅੰਤਰ ਦੇ ਅਸਰ ਨੂੰ ਹਟਾ ਦਿੱਤਾ ਜਾਵੇ, ਤਾਂ ਨਵਪਾਸ਼ਾਣ ਯੁੱਗ ਦੇ ਲੋਕਾਂ ਦਾ ਔਸਤ ਕੱਦ ਉਨ੍ਹਾਂ ਤੋਂ ਪਹਿਲਾਂ ਰਹਿਣ ਵਾਲੇ ਲੋਕਾਂ ਦੇ ਮੁਕਾਬਲੇ 2.8 ਸੈਂਟੀਮੀਟਰ ਘੱਟ ਸੀ।
ਖੇਤੀ ਸ਼ੁਰੂ ਹੋਣ ਨਾਲ ਭੋਜਨ ਦਾ ਵਧੇਰੇ ਸਥਾਈ ਪ੍ਰਬੰਧ ਤਾਂ ਹੋ ਗਿਆ, ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਲੋਕਾਂ ਨੂੰ ਪਹਿਲਾਂ ਨਾਲੋਂ ਬਿਹਤਰ ਖਾਣਾ ਮਿਲਣ ਲੱਗ ਪਿਆ ਸੀ।
ਸ਼ਿਕਾਰ ਕਰ ਕੇ ਅਤੇ ਜੰਗਲਾਂ ਤੋਂ ਭੋਜਨ ਇਕੱਠਾ ਕਰ ਕੇ ਰਹਿਣ ਵਾਲੇ ਲੋਕਾਂ ਦੀ ਖੁਰਾਕ ਵਿੱਚ ਪਸ਼ੂਆਂ ਤੋਂ ਮਿਲਣ ਵਾਲੀਆਂ ਚੀਜ਼ਾਂ ਵਧੇਰੇ ਸ਼ਾਮਲ ਹੁੰਦੀਆਂ ਸਨ।
ਲੋਕਾਂ ਦਾ ਕੱਦ ਕਦੇ ਵਧਿਆ ਅਤੇ ਕਦੇ ਘਟਿਆ

ਤਸਵੀਰ ਸਰੋਤ, Getty Images
ਬਲਮ ਕਹਿੰਦੇ ਹਨ ਕਿ ਇਹੀ ਗੱਲ ਸਭ ਤੋਂ ਅਹਿਮ ਹੈ।
ਉਨ੍ਹਾਂ ਦੇ ਮੁਤਾਬਕ, "ਇਹ ਗੱਲ ਭੁੱਖੇ ਜਾਂ ਪੇਟ ਭਰੇ ਹੋਣ ਨਾਲ ਜੁੜੀ ਹੈ। ਇਸ ਲਿਹਾਜ਼ ਨਾਲ ਪਸ਼ੂਆਂ ਤੋਂ ਮਿਲਣ ਵਾਲਾ ਭੋਜਨ ਚੰਗਾ ਸੀ, ਕਿਉਂਕਿ ਇਸ ਵਿੱਚ ਪਾਏ ਜਾਣ ਵਾਲੇ ਐਮੀਨੋ ਐਸਿਡ ਸਰੀਰ ਲਈ ਅਸਲ ਵਿੱਚ ਜ਼ਰੂਰੀ ਹੁੰਦੇ ਹਨ।"
ਬਿਹਤਰ ਖੁਰਾਕ ਤੋਂ ਇਲਾਵਾ, ਸ਼ਿਕਾਰ ਕਰ ਕੇ ਅਤੇ ਭੋਜਨ ਇਕੱਠਾ ਕਰ ਕੇ ਰਹਿਣ ਵਾਲੇ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੇ ਸਨ। ਉਹ ਆਪਣਾ ਕੂੜਾ ਪਿੱਛੇ ਛੱਡ ਕੇ ਅੱਗੇ ਵਧ ਜਾਂਦੇ ਸਨ।
ਪਰ ਖੇਤੀ ਕਰਨ ਵਾਲੇ ਲੋਕਾਂ ਲਈ ਅਜਿਹਾ ਕਰਨਾ ਸੰਭਵ ਨਹੀਂ ਸੀ।
ਉਹ ਛੂਤ ਦੀਆਂ ਬਿਮਾਰੀਆਂ ਨਾਲ ਜੂਝਦੇ ਸਨ। ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ, ਆਪਣੇ ਘਰਾਂ ਅਤੇ ਪਸ਼ੂਆਂ ਦੀ ਦੇਖਭਾਲ ਕਰਨੀ ਹੁੰਦੀ ਸੀ ਅਤੇ ਜਾਨਵਰਾਂ ਦੇ ਨਾਲ ਹੀ ਰਹਿਣਾ ਪੈਂਦਾ ਸੀ।
ਬਲਮ ਦੇ ਮੁਤਾਬਕ, ਇਸ ਤੋਂ ਬਾਅਦ ਦੇ ਹਜ਼ਾਰਾਂ ਸਾਲਾਂ ਦੌਰਾਨ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਦਾ ਕੱਦ ਕਦੇ ਵਧਿਆ ਅਤੇ ਕਦੇ ਘਟਿਆ। ਪਰ ਅਕਸਰ ਇਹ ਬਦਲਾਅ ਲੰਬੇ ਸਮੇਂ ਤੱਕ ਨਹੀਂ ਟਿਕੇ।
ਉਹ ਕਹਿੰਦੇ ਹਨ, "ਲੰਬੇ ਸਮੇਂ ਤੱਕ ਕੱਦ ਦੇ ਲਗਾਤਾਰ ਵਧਣ ਜਾਂ ਘਟਣ ਦਾ ਕੋਈ ਸਪੱਸ਼ਟ ਰੁਝਾਨ ਦਿਖਾਈ ਨਹੀਂ ਦਿੰਦਾ। ਕਾਲ ਪੈਂਦੇ ਹਨ, ਜੰਗਾਂ ਹੁੰਦੀਆਂ ਹਨ, ਪਰ ਉਨ੍ਹਾਂ ਤੋਂ ਬਾਅਦ ਆਬਾਦੀ ਮੁੜ ਸੰਭਲ ਜਾਂਦੀ ਹੈ।"
ਕੁਝ ਸੰਕਟਾਂ ਦੇ ਅਜਿਹੇ ਨਤੀਜੇ ਵੀ ਸਾਹਮਣੇ ਆਏ, ਜਿਨ੍ਹਾਂ ਦੀ ਉਮੀਦ ਨਹੀਂ ਸੀ।
14ਵੀਂ ਸਦੀ ਦੇ ਮੱਧ ਵਿੱਚ ਯੂਰਪ ਵਿੱਚ ਪਲੇਗ ਦੀ ਮਹਾਮਾਰੀ ਫੈਲੀ ਸੀ, ਜਿਸ ਨੂੰ 'ਬਲੈਕ ਡੈੱਥ' ਕਿਹਾ ਜਾਂਦਾ ਹੈ। ਇਸ ਵਿੱਚ ਯੂਰਪ ਦੀ ਅੱਧੀ ਆਬਾਦੀ ਤੱਕ ਦੇ ਮਾਰੇ ਜਾਣ ਦਾ ਅਨੁਮਾਨ ਹੈ।
ਪਰ ਇਸ ਮਹਾਮਾਰੀ ਤੋਂ ਬਾਅਦ ਦੇ ਲੋਕਾਂ ਦੇ ਕੱਦ ਦੇ ਅਨੁਮਾਨ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਔਸਤ ਲੰਬਾਈ ਵਧ ਗਈ ਸੀ।
ਡਾ. ਗੁੰਟੁਪੱਲੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਇੰਗਲੈਂਡ ਵਿੱਚ ਮਿਲੇ ਪਿੰਜਰਾਂ ਉੱਤੇ ਇੱਕ ਅਧਿਐਨ ਕੀਤਾ।
ਇਸ ਤੋਂ ਪਤਾ ਲੱਗਾ ਕਿ 14ਵੀਂ ਸਦੀ ਦੀ ਸ਼ੁਰੂਆਤ ਵਿੱਚ ਲੋਕਾਂ ਦਾ ਔਸਤ ਕੱਦ ਲਗਭਗ 170 ਸੈਂਟੀਮੀਟਰ ਸੀ। 15ਵੀਂ ਸਦੀ ਦੀ ਸ਼ੁਰੂਆਤ ਤੱਕ ਇਹ ਵਧ ਕੇ ਲਗਭਗ 174 ਸੈਂਟੀਮੀਟਰ ਹੋ ਗਿਆ ਸੀ।
ਗੁੰਟੁਪੱਲੀ ਕਹਿੰਦੀ ਹੈ ਕਿ ਇਸ ਬਾਰੇ ਬਹੁਤ ਜ਼ਿਆਦਾ ਅੰਕੜੇ ਉਪਲਬਧ ਨਹੀਂ ਹਨ।
ਫਿਰ ਵੀ ਉਨ੍ਹਾਂ ਦਾ ਅਨੁਮਾਨ ਹੈ ਕਿ ਕੱਦ ਵਧਣ ਦਾ ਇੱਕ ਕਾਰਨ ਮਜ਼ਦੂਰੀ ਵਿੱਚ ਵਾਧਾ ਹੋ ਸਕਦਾ ਹੈ।
ਕੰਮ ਕਰਨ ਵਾਲੇ ਲੋਕਾਂ ਦੀ ਕਮੀ ਹੋ ਗਈ ਸੀ। ਇਸ ਨਾਲ ਮਜ਼ਦੂਰਾਂ ਦੀ ਸੌਦੇਬਾਜ਼ੀ ਕਰਨ ਦੀ ਤਾਕਤ ਵਧੀ ਹੋਵੇਗੀ ਅਤੇ ਸ਼ਾਇਦ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਵੀ ਸੁਧਾਰ ਹੋਇਆ ਹੋਵੇਗਾ।
'ਕਈ ਬਦਲਾਵਾਂ ਨੇ ਮਿਲ ਕੇ ਅਸਰ ਪਾਇਆ'
ਬਲਮ ਦੇ ਮੁਤਾਬਕ, ਇਨਸਾਨਾਂ ਦੀ ਲੰਬਾਈ ਵਿੱਚ ਦੂਜਾ ਵੱਡਾ ਬਦਲਾਅ ਉਦਯੋਗਿਕ ਕ੍ਰਾਂਤੀ ਦੇ ਨਾਲ ਆਇਆ।
ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ 18ਵੀਂ ਸਦੀ ਵਿੱਚ ਬ੍ਰਿਟੇਨ ਤੋਂ ਹੋਈ ਅਤੇ ਇਸ ਤੋਂ ਬਾਅਦ ਇਹ ਦੁਨੀਆ ਦੇ ਦੂਜੇ ਹਿੱਸਿਆਂ ਵਿੱਚ ਫੈਲ ਗਈ।
ਉਦਯੋਗੀਕਰਨ ਦੌਰਾਨ ਅਰਥਵਿਵਸਥਾਵਾਂ ਖੇਤੀਬਾੜੀ ਤੋਂ ਉਦਯੋਗਾਂ ਵੱਲ ਵਧੀਆਂ। ਵੱਡੇ ਪੱਧਰ ਉੱਤੇ ਸ਼ਹਿਰ ਵਸੇ, ਨਵੀਆਂ ਤਕਨੀਕਾਂ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣੀਆਂ ਅਤੇ ਕੌਮਾਂਤਰੀ ਵਪਾਰ ਦੇ ਨੈੱਟਵਰਕ ਦਾ ਵਿਸਥਾਰ ਹੋਇਆ।
ਇਨ੍ਹਾਂ ਬਦਲਾਵਾਂ ਨਾਲ ਲੋਕਾਂ ਦੀ ਲੰਬਾਈ ਵਧੀ, ਪਰ ਅਜਿਹਾ ਤੁਰੰਤ ਨਹੀਂ ਹੋਇਆ।
ਗੁੰਟੁਪੱਲੀ ਕਹਿੰਦੀ ਹੈ ਕਿ ਉਦਯੋਗਿਕ ਕ੍ਰਾਂਤੀ ਦੇ ਸ਼ੁਰੂਆਤੀ ਦੌਰ ਦਾ ਮਾਹੌਲ "ਸਿਹਤ ਲਈ ਚੰਗਾ ਨਹੀਂ ਸੀ।"
ਸਫ਼ਾਈ ਦੇ ਮਾੜੇ ਪ੍ਰਬੰਧ, ਤੰਗ ਘਰਾਂ ਅਤੇ ਕਾਰਖਾਨਿਆਂ ਵਿੱਚ ਬਹੁਤ ਔਖੇ ਕੰਮ ਕਾਰਨ ਸ਼ੁਰੂਆਤੀ ਦਹਾਕਿਆਂ ਵਿੱਚ ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੀ ਲੰਬਾਈ ਘਟ ਗਈ।
ਉਨ੍ਹਾਂ ਦੇ ਮੁਤਾਬਕ, ਵੱਡੇ ਉਦਯੋਗਿਕ ਸ਼ਹਿਰਾਂ ਵਿੱਚ ਹਾਲਾਤ ਅਜਿਹੇ ਸਨ ਕਿ ਲੋਕ ਇੱਕੋ ਬਿਸਤਰੇ ਉੱਤੇ ਵੱਖ-ਵੱਖ ਸ਼ਿਫ਼ਟਾਂ ਵਿੱਚ ਵਾਰੀ-ਵਾਰੀ ਸੌਂਦੇ ਸਨ।
ਲੋਕਾਂ ਦੀ ਆਮਦਨ ਵਧਣ ਅਤੇ ਜਨਤਕ ਸਿਹਤ ਨਾਲ ਜੁੜੇ ਕਦਮ ਚੁੱਕੇ ਜਾਣ ਤੋਂ ਬਾਅਦ ਹੀ ਉਨ੍ਹਾਂ ਦੇ ਕੱਦ ਵਿੱਚ ਸਪੱਸ਼ਟ ਵਾਧਾ ਦਿਖਾਈ ਦਿੱਤਾ।
ਬਲਮ ਇਸ ਨੂੰ ਸਫ਼ਾਈ, ਰਹਿਣ ਦੀ ਥਾਂ ਅਤੇ ਭੋਜਨ ਵਿੱਚ ਸੁਧਾਰ ਦੇ ਨਾਲ-ਨਾਲ ਇਲਾਜ ਦੀਆਂ ਨਵੀਆਂ ਤਕਨੀਕਾਂ ਦੀ ਖੋਜ ਦਾ ਨਤੀਜਾ ਮੰਨਦੇ ਹਨ।
ਉਹ ਕਹਿੰਦੇ ਹਨ, "ਇਹ ਕਈ ਬਦਲਾਵਾਂ ਦਾ ਇੱਕ ਵੱਡਾ ਸਮੂਹ ਸੀ, ਜਿਨ੍ਹਾਂ ਨੇ ਮਿਲ ਕੇ ਅਸਰ ਪਾਇਆ।"
ਦੱਖਣੀ ਕੋਰੀਆ ਵਿੱਚ ਉਦਯੋਗੀਕਰਨ ਦੇਰ ਨਾਲ ਸ਼ੁਰੂ ਹੋਇਆ। ਪਰ ਸਾਲ 2016 ਦੇ ਵਿਸ਼ਲੇਸ਼ਣ ਮੁਤਾਬਕ, ਦੇਸ਼ ਦੇ ਤੇਜ਼ ਆਰਥਿਕ ਵਿਕਾਸ ਦੇ ਨਾਲ ਪਿਛਲੀ ਇੱਕ ਸਦੀ ਦੌਰਾਨ ਲੋਕਾਂ ਦੀ ਔਸਤ ਲੰਬਾਈ ਵਿੱਚ ਸਭ ਤੋਂ ਤੇਜ਼ ਵਾਧਿਆਂ ਵਿੱਚੋਂ ਇੱਕ ਦਰਜ ਕੀਤਾ ਗਿਆ।
ਦੱਖਣੀ ਕੋਰੀਆ ਦੇ ਮਰਦਾਂ ਦਾ ਔਸਤ ਕੱਦ 15 ਸੈਂਟੀਮੀਟਰ ਅਤੇ ਔਰਤਾਂ ਦਾ 20 ਸੈਂਟੀਮੀਟਰ ਵਧਿਆ।
ਕੀ ਇਨਸਾਨਾਂ ਦਾ ਕੱਦ ਆਪਣੀ ਸਭ ਤੋਂ ਉੱਚੀ ਹੱਦ ਤੱਕ ਪਹੁੰਚ ਗਿਆ ਹੈ?

'ਆਵਰ ਵਰਲਡ ਇਨ ਡੇਟਾ' ਦੇ ਮੁਤਾਬਕ, ਸਾਲ 1996 ਵਿੱਚ ਪੈਦਾ ਹੋਏ ਮਰਦਾਂ ਦਾ ਦੁਨੀਆ ਭਰ ਵਿੱਚ ਔਸਤ ਕੱਦ 171 ਸੈਂਟੀਮੀਟਰ ਅਤੇ ਔਰਤਾਂ ਦਾ ਔਸਤ ਕੱਦ 159 ਸੈਂਟੀਮੀਟਰ ਹੈ।
ਬਲਮ ਕਹਿੰਦੇ ਹਨ ਕਿ ਅੱਜ ਬਹੁਤ ਸਾਰੇ ਵਿਕਸਿਤ ਦੇਸ਼ਾਂ ਵਿੱਚ ਆਮਦਨ, ਕੰਮ ਕਰਨ ਦੀ ਸਮਰੱਥਾ ਅਤੇ ਵਸਤਾਂ ਤੇ ਸੇਵਾਵਾਂ ਵਿੱਚ ਵਾਧੇ ਦੇ ਬਾਵਜੂਦ ਲੋਕਾਂ ਦੇ ਔਸਤ ਕੱਦ ਵਿੱਚ ਹੋਰ ਵਾਧਾ ਹੁੰਦਾ ਦਿਖਾਈ ਨਹੀਂ ਦੇ ਰਿਹਾ।
ਅਜਿਹਾ ਕਿਉਂ ਹੋ ਰਿਹਾ ਹੈ, ਇਸ ਦਾ ਕਾਰਨ ਸਪੱਸ਼ਟ ਨਹੀਂ ਹੈ।
ਕੁਝ ਖੋਜਕਾਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੇਸ਼ਾਂ ਦੇ ਲੋਕ ਸ਼ਾਇਦ ਉਸ ਵੱਧ ਤੋਂ ਵੱਧ ਕੱਦ ਤੱਕ ਪਹੁੰਚ ਚੁੱਕੇ ਹਨ, ਜੋ ਉਨ੍ਹਾਂ ਦੇ ਜੀਨ ਤੈਅ ਕਰਦੇ ਹਨ।
ਇਸ ਦੇ ਪਿੱਛੇ ਫਾਸਟ ਫੂਡ ਦੀ ਵਧਦੀ ਖਪਤ ਅਤੇ ਘੱਟ ਸਰੀਰਕ ਗਤੀਵਿਧੀਆਂ ਵਾਲੀ ਜੀਵਨਸ਼ੈਲੀ ਵੀ ਇੱਕ ਕਾਰਨ ਹੋ ਸਕਦੀ ਹੈ।
ਬਲਮ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ "ਜੈਵਿਕ ਜੀਵਨ ਪੱਧਰ" ਨੂੰ ਸਮਝਣ ਲਈ ਕੱਦ ਤੋਂ ਇਲਾਵਾ ਕੁਝ ਨਵੇਂ ਪੈਮਾਨਿਆਂ ਦੀ ਲੋੜ ਪੈ ਸਕਦੀ ਹੈ।
ਮਿਸਾਲ ਵਜੋਂ, ਉਹ ਕਹਿੰਦੇ ਹਨ ਕਿ ਵੀਗਨ ਅਤੇ ਸ਼ਾਕਾਹਾਰੀ ਭੋਜਨ ਖਾਣ ਦਾ ਰੁਝਾਨ ਵਧਣ ਨਾਲ ਲੋਕਾਂ ਦਾ ਔਸਤ ਕੱਦ ਵਧੇ, ਇਹ ਜ਼ਰੂਰੀ ਨਹੀਂ ਹੈ।
ਪਰ ਇਸ ਦੇ ਹੋਰ ਫ਼ਾਇਦੇ ਹੋ ਸਕਦੇ ਹਨ। ਅਜਿਹਾ ਭੋਜਨ ਸਿਹਤ ਲਈ ਬਿਹਤਰ ਹੋ ਸਕਦਾ ਹੈ ਜਾਂ ਵਾਤਾਵਰਣ ਦੇ ਲਿਹਾਜ਼ ਨਾਲ ਵਧੇਰੇ ਟਿਕਾਊ ਹੋ ਸਕਦਾ ਹੈ।
ਜਿਨ੍ਹਾਂ ਦੇਸ਼ਾਂ ਵਿੱਚ ਗ਼ਰੀਬੀ, ਉੱਥੇ ਕੱਦ ਛੋਟਾ!

ਤਸਵੀਰ ਸਰੋਤ, Getty Images
ਦੂਜੇ ਪਾਸੇ, ਪੂਰੀ ਦੁਨੀਆ ਦੀ ਤਸਵੀਰ ਨੂੰ ਦੇਖਦਿਆਂ ਡਾ. ਅਰਵਿੰਦਾ ਗੁੰਟੁਪੱਲੀ ਨੂੰ ਸ਼ੱਕ ਹੈ ਕਿ ਇਨਸਾਨਾਂ ਦਾ ਕੱਦ ਅੱਗੇ ਵੀ ਲਗਾਤਾਰ ਵਧਦਾ ਰਹੇਗਾ।
ਉਹ ਭੋਜਨ ਅਤੇ ਬਾਲਣ ਦੀ ਕਮੀ ਦੇ ਨਾਲ-ਨਾਲ ਅੱਜ ਦੀਆਂ "ਬੇਹੱਦ ਗੰਭੀਰ ਅਸਮਾਨਤਾਵਾਂ" ਵੱਲ ਧਿਆਨ ਦਿਵਾਉਂਦੀ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਘੱਟ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਵਿੱਚ ਕੁਪੋਸ਼ਣ ਕਾਰਨ ਬੱਚਿਆਂ ਦਾ ਕੱਦ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਛੋਟਾ ਰਹਿ ਜਾਣ ਦੇ ਮਾਮਲੇ ਵਧੇਰੇ ਹਨ।
ਇਨ੍ਹਾਂ ਦੇਸ਼ਾਂ ਵਿੱਚ ਸਭ ਤੋਂ ਗ਼ਰੀਬ ਲੋਕਾਂ ਦਾ ਕੱਦ ਸਭ ਤੋਂ ਛੋਟਾ ਹੁੰਦਾ ਹੈ।
ਇੱਥੇ ਕੱਦ ਛੋਟਾ ਰਹਿ ਜਾਣ ਦਾ ਮਤਲਬ ਹੈ ਕਿ ਬੱਚੇ ਆਪਣੀ ਉਮਰ ਦੇ ਹਿਸਾਬ ਨਾਲ ਬਹੁਤ ਛੋਟੇ ਹੁੰਦੇ ਹਨ। ਇਸ ਦਾ ਅਸਰ ਵੱਡੇ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਲੰਬਾਈ ਉੱਤੇ ਪੈਂਦਾ ਹੈ।
ਗੁੰਟੁਪੱਲੀ ਦੇ ਮੁਤਾਬਕ, ਸੋਕੇ ਅਤੇ ਹੜ੍ਹਾਂ ਵਰਗੀਆਂ ਮੌਸਮ ਦੀਆਂ ਗੰਭੀਰ ਘਟਨਾਵਾਂ ਭੋਜਨ ਦੇ ਉਤਪਾਦਨ ਅਤੇ ਦੁੱਧ ਤੇ ਪਸ਼ੂਆਂ ਤੋਂ ਮਿਲਣ ਵਾਲੇ ਹੋਰ ਖਾਧ ਪਦਾਰਥਾਂ ਦੀ ਉਪਲਬਧਤਾ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ।
ਉਹ ਕਹਿੰਦੀ ਹੈ, "ਦੁਨੀਆ ਭਰ ਵਿੱਚ ਸਿਹਤ ਉੱਤੇ ਖ਼ਰਚ ਹੋਣ ਵਾਲਾ ਬਜਟ ਵੀ ਘੱਟ ਹੋ ਰਿਹਾ ਹੈ। ਇਸ ਦਾ ਅਸਰ ਟੀਕਾਕਰਨ, ਪੋਸ਼ਣ ਅਤੇ ਸ਼ਰਨਾਰਥੀਆਂ ਲਈ ਚਲਾਏ ਜਾ ਰਹੇ ਕਈ ਪ੍ਰੋਗਰਾਮਾਂ ਉੱਤੇ ਪੈ ਰਿਹਾ ਹੈ।"
ਗੁੰਟੁਪੱਲੀ ਦਾ ਮੰਨਣਾ ਹੈ ਕਿ ਇਨ੍ਹਾਂ ਸਾਰੇ ਹਾਲਾਤ ਦੇ ਇਕੱਠੇ ਹੋਣ ਨਾਲ ਕੱਦ ਨਾਲ ਜੁੜੀ ਅਸਮਾਨਤਾ ਵਧੇਗੀ।
ਇਹ ਅਸਮਾਨਤਾ ਸਿਰਫ਼ ਅਮੀਰ ਅਤੇ ਗ਼ਰੀਬ ਦੇਸ਼ਾਂ ਵਿਚਕਾਰ ਹੀ ਨਹੀਂ, ਸਗੋਂ ਇੱਕੋ ਸਮਾਜ ਦੇ ਲੋਕਾਂ ਵਿਚਕਾਰ ਵੀ ਵਧੇਗੀ।
ਉਹ ਕਹਿੰਦੀ ਹੈ, "ਅਸੀਂ ਇੱਕ ਅਸਮਾਨ ਦੁਨੀਆ ਵਿੱਚ ਰਹਿੰਦੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



























