ਪੰਜਾਬ ਦਾ ਉਹ ਪਿੰਡ ਜਿੱਥੋਂ ਦੇ ਕਿਸਾਨ ਰਵਾਇਤੀ ਫ਼ਸਲਾਂ ਤੋਂ ਅੱਗੇ ਵਧ ਕੇ ਫੁੱਲਾਂ ਦੀ ਖੇਤੀ ਕਰ ਰਹੇ, ਵਿਦੇਸ਼ੀ ਬਾਜ਼ਾਰ ਵਿੱਚ ਹੁੰਦੀ ਹੈ ਵਿਕਰੀ

ਜਗਦੀਪ ਸਿੰਘ
ਤਸਵੀਰ ਕੈਪਸ਼ਨ, ਜਗਦੀਪ ਸਿੰਘ 18 ਏਕੜ ਜ਼ਮੀਨ 'ਤੇ ਫੁੱਲਾਂ ਦੀ ਖੇਤੀ ਕਰ ਰਹੇ ਹਨ ਅਤੇ ਇੱਕ ਕਾਮਯਾਬ ਕਿਸਾਨ ਵਜੋਂ ਜਾਣੇ ਜਾਂਦੇ ਹਨ
    • ਲੇਖਕ, ਕੁਲਵੀਰ ਸਿੰਘ
    • ਰੋਲ, ਬੀਬੀਸੀ ਸਹਿਯੋਗੀ
  • ਪੜ੍ਹਨ ਦਾ ਸਮਾਂ: 6 ਮਿੰਟ

ਪੰਜਾਬ ਦੇ ਖੇਤਾਂ ਵਿੱਚ ਕਣਕ-ਝੋਨੇ ਦੇ ਰਵਾਇਤੀ ਚੱਕਰ ਦੇ ਵਿਚਕਾਰ ਇੱਕ ਅਜਿਹਾ ਪਿੰਡ ਵੀ ਹੈ, ਜਿੱਥੇ ਮਿੱਟੀ ਸਿਰਫ਼ ਅੰਨ ਹੀ ਨਹੀਂ, ਸਗੋਂ ਰੰਗ-ਬਰੰਗੇ ਫੁੱਲ ਵੀ ਪੈਦਾ ਕਰ ਰਹੀ ਹੈ।

ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਦਿੜਬਾ ਦਾ ਪਿੰਡ ਗਿਦੜਿਆਣੀ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਫੁੱਲਾਂ ਦੀ ਖੇਤੀ ਕਰਕੇ ਇੱਕ ਵੱਖਰੀ ਪਛਾਣ ਬਣਾ ਰਿਹਾ ਹੈ।

ਅੱਜ ਇਹ ਪਿੰਡ ਪੰਜਾਬ ਵਿੱਚ ਫੁੱਲਾਂ ਦੀ ਖੇਤੀ ਦੇ ਇੱਕ ਅਹਿਮ ਕੇਂਦਰ ਵਜੋਂ ਉਭਰ ਰਿਹਾ ਹੈ, ਜਿੱਥੇ ਕਿਸਾਨ ਰਵਾਇਤੀ ਫ਼ਸਲਾਂ ਤੋਂ ਹਟ ਕੇ ਵਧੀਆ ਆਮਦਨੀ ਕਰ ਰਹੇ ਹਨ।

ਫੁੱਲਾਂ ਦੀ ਖੇਤੀ ਦਾ ਸਫ਼ਰ

ਇਸ ਪਿੰਡ ਵਿੱਚ ਫੁੱਲਾਂ ਦੀ ਖੇਤੀ ਦੀ ਸ਼ੁਰੂਆਤ ਸਾਲ 1999 ਵਿੱਚ ਹੋਈ ਸੀ। ਸ਼ੁਰੂ ਵਿੱਚ ਗਿਣਤੀ ਦੇ ਕੁਝ ਹੀ ਕਿਸਾਨ ਇਸ ਨਾਲ ਜੁੜੇ ਸਨ, ਪਰ ਸਮੇਂ ਦੇ ਨਾਲ ਇਹ ਗਿਣਤੀ ਵਧਦੀ ਗਈ।

ਪਿੰਡ ਵਿੱਚ ਪਹਿਲਾਂ ਤੋਂ ਬਣੇ ਮਾਹੌਲ ਨੇ ਹੋਰ ਕਿਸਾਨਾਂ ਨੂੰ ਵੀ ਇਸ ਵੱਲ ਖਿੱਚਿਆ ਅਤੇ ਅੱਜ ਕਰੀਬ 15 ਕਿਸਾਨ ਸਿੱਧੇ ਤੌਰ 'ਤੇ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ।

ਜਗਦੀਪ ਸਿੰਘ

ਪਿੰਡ ਦੇ ਕਿਸਾਨ ਜਗਦੀਪ ਸਿੰਘ ਨੇ ਬੀਏ ਤੱਕ ਪੜ੍ਹਾਈ ਕੀਤੀ ਹੋਈ ਹੈ, ਇਹ ਦੱਸਦੇ ਹਨ ਕਿ ਉਨ੍ਹਾਂ ਨੇ ਲਗਭਗ 8-9 ਸਾਲ ਪਹਿਲਾਂ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਸੀ। ਸ਼ੁਰੂਆਤੀ ਦੌਰ ਵਿੱਚ ਮੁਸ਼ਕਲਾਂ ਆਈਆਂ, ਪਰ ਹੌਲੀ-ਹੌਲੀ ਉਹ ਇਸ ਖੇਤੀ ਵਿੱਚ ਮਾਹਰ ਹੋ ਗਏ।

ਇਸ ਵੇਲੇ ਉਹ ਆਪਣੀ 18 ਏਕੜ ਜ਼ਮੀਨ 'ਤੇ ਫੁੱਲਾਂ ਦੀ ਖੇਤੀ ਕਰ ਰਹੇ ਹਨ ਅਤੇ ਇੱਕ ਕਾਮਯਾਬ ਕਿਸਾਨ ਵਜੋਂ ਜਾਣੇ ਜਾਂਦੇ ਹਨ।

ਫੁੱਲ
ਤਸਵੀਰ ਕੈਪਸ਼ਨ, ਇਸ ਸਮੇਂ ਪਿੰਡ ਵਿੱਚ ਲਗਭਗ 10 ਕਿਸਮਾਂ ਦੇ ਫੁੱਲ ਉਗਾਏ ਜਾ ਰਹੇ ਹਨ

ਕੰਟ੍ਰੈਕਟ ਫਾਰਮਿੰਗ ਨਾਲ ਵਧਦੀ ਆਮਦਨ

ਜਗਦੀਪ ਸਿੰਘ ਦਾ ਕਹਿਣਾ ਹੈ, "ਇਹ ਖੇਤੀ ਮੁੱਖ ਤੌਰ 'ਤੇ ਨਿੱਜੀ ਕੰਪਨੀਆਂ ਨਾਲ ਕੰਟ੍ਰੈਕਟ ਦੇ ਅਧਾਰ 'ਤੇ ਕੀਤੀ ਜਾਂਦੀ ਹੈ। ਕਿਸਾਨ ਫੁੱਲਾਂ ਦੇ ਬੀਜ ਤਿਆਰ ਕਰਕੇ ਕੰਪਨੀਆਂ ਨੂੰ ਵੇਚਦੇ ਹਨ।"

ਇਸ ਸਮੇਂ ਪਿੰਡ ਵਿੱਚ ਲਗਭਗ 10 ਕਿਸਮਾਂ ਦੇ ਫੁੱਲ ਉਗਾਏ ਜਾ ਰਹੇ ਹਨ। ਜਗਦੀਪ ਸਿੰਘ ਦੇ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਪਿੰਡ ਫੁੱਲਾਂ ਦੀ ਖੇਤੀ ਵਿੱਚ ਪੂਰੇ ਪੰਜਾਬ ਵਿੱਚ ਦੂਜੇ ਨੰਬਰ 'ਤੇ ਆਉਂਦਾ ਹੈ।

ਜਗਸੀਰ ਸਿੰਘ

ਉਹ ਦੱਸਦੇ ਹਨ, "ਕੰਪਨੀਆਂ ਬਿਜਾਈ ਵੇਲੇ ਹੀ ਰੇਟ ਤੈਅ ਕਰ ਦਿੰਦੀਆਂ ਹਨ ਅਤੇ ਆਮਦਨ ਬੀਜ ਦੇ ਝਾੜ 'ਤੇ ਨਿਰਭਰ ਕਰਦੀ ਹੈ। ਇੱਕ ਏਕੜ ਵਿੱਚ ਤਿੰਨ ਤੋਂ ਪੰਜ ਕੁਇੰਟਲ ਤੱਕ ਬੀਜ ਨਿਕਲਦਾ ਹੈ, ਜਿਸ ਦਾ ਰੇਟ 40 ਤੋਂ 45 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਮਿਲ ਜਾਂਦਾ ਹੈ।"

"ਇਹ ਬੀਜ ਵਿਦੇਸ਼ਾਂ ਅਮਰੀਕਾ, ਆਸਟ੍ਰੇਲੀਆ ਅਤੇ ਯੂਰਪ ਵਿੱਚ ਬਰਾਮਦ ਹੁੰਦੇ ਹਨ, ਜਿਸ ਨਾਲ ਕਿਸਾਨਾਂ ਨੂੰ ਨਵਾਂ ਬਾਜ਼ਾਰ ਮਿਲਿਆ ਹੈ। ਇਨ੍ਹਾਂ ਦੀ ਵਰਤੋਂ ਸਜਾਵਟ ਅਤੇ ਦਵਾਈਆਂ ਦੇ ਤੌਰ 'ਤੇ ਕੀਤੀ ਜਾਂਦੀ ਹੈ।"

ਹਾਲਾਂਕਿ, ਝਾੜ ਕਾਫੀ ਹੱਦ ਤੱਕ ਕਿਸਮ ਅਤੇ ਮੌਸਮ 'ਤੇ ਨਿਰਭਰ ਕਰਦਾ ਹੈ, ਜਿਸ ਕਾਰਨ ਕਈ ਵਾਰ ਉਤਪਾਦਨ ਵਿੱਚ ਘਾਟਾ-ਵਾਧਾ ਵੀ ਆ ਜਾਂਦਾ ਹੈ।

ਫੁੱਲ
ਤਸਵੀਰ ਕੈਪਸ਼ਨ, ਪਿੰਡ ਪੰਜਾਬ ਵਿੱਚ ਫੁੱਲਾਂ ਦੀ ਖੇਤੀ ਦੇ ਇੱਕ ਅਹਿਮ ਕੇਂਦਰ ਵਜੋਂ ਉਭਰ ਰਿਹਾ ਹੈ, ਜਿੱਥੇ ਕਿਸਾਨ ਰਵਾਇਤੀ ਫ਼ਸਲਾਂ ਤੋਂ ਹਟ ਕੇ ਵਧੀਆ ਆਮਦਨੀ ਕਰ ਰਹੇ ਹਨ

ਚੁਣੌਤੀਆਂ ਅਤੇ ਰੁਜ਼ਗਾਰ ਦੇ ਮੌਕੇ

ਹਾਲਾਂਕਿ ਇਸ ਖੇਤੀ ਨਾਲ ਕੁਝ ਮੁਸ਼ਕਲਾਂ ਵੀ ਜੁੜੀਆਂ ਹਨ। ਜਗਦੀਪ ਸਿੰਘ ਦੱਸਦੇ ਹਨ ਕਿ ਮਈ ਮਹੀਨੇ ਵਿੱਚ ਫੁੱਲਾਂ ਦੀ ਕਟਾਈ ਦੌਰਾਨ ਮਜ਼ਦੂਰਾਂ ਦੀ ਵੱਡੀ ਗਿਣਤੀ ਵਿੱਚ ਲੋੜ ਪੈਂਦੀ ਹੈ, ਪਰ ਇਸ ਸਮੇਂ ਬਹੁਤ ਸਾਰੇ ਮਜ਼ਦੂਰ ਮਨਰੇਗਾ ਦੇ ਕੰਮਾਂ ਵਿੱਚ ਲੱਗ ਜਾਂਦੇ ਹਨ, ਜਿਸ ਕਾਰਨ ਮਜ਼ਦੂਰਾਂ ਦੀ ਕਮੀ ਆ ਜਾਂਦੀ ਹੈ ਅਤੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਹ ਦੱਸਦੇ ਹਨ, "ਜਦੋਂ ਫੁੱਲ ਪੱਕ ਜਾਂਦੇ ਹਨ ਤਾਂ ਉਹ ਖੇਤ ਵਿੱਚ ਖਿਲਰ ਜਾਂਦੇ ਹਨ। ਇਨ੍ਹਾਂ ਨੂੰ ਇਕੱਠਾ ਕਰਨ ਲਈ ਵੈਕਿਊਮ ਮਸ਼ੀਨਾਂ ਅਤੇ ਝਾੜੂਆਂ ਦੀ ਮਦਦ ਲਈ ਜਾਂਦੀ ਹੈ।"

ਫੁੱਲਾਂ ਦੀ ਖੇਤੀ
ਤਸਵੀਰ ਕੈਪਸ਼ਨ, ਕਿਸਾਨ ਦੱਸਦੇ ਹਨ ਕਿ ਫੁੱਲਾਂ ਦੀ ਖੇਤੀ ਲਈ ਜ਼ਮੀਨ ਦੀ ਚੋਣ ਬਹੁਤ ਮਹੱਤਵਪੂਰਨ ਹੁੰਦੀ ਹੈ

ਪਾਣੀ ਦੀ ਲੋੜ ਦੇ ਸਬੰਧ ਵਿੱਚ ਉਹ ਕਹਿੰਦੇ ਹਨ ਕਿ ਇਹ ਖੇਤੀ ਕਣਕ ਦੇ ਬਰਾਬਰ ਹੀ ਪਾਣੀ ਅਤੇ ਖਾਦ ਮੰਗਦੀ ਹੈ।

ਭਵਿੱਖ ਬਾਰੇ ਗੱਲ ਕਰਦੇ ਹੋਏ ਜਗਦੀਪ ਸਿੰਘ ਕਹਿੰਦੇ ਹਨ ਕਿ ਫੁੱਲਾਂ ਦੀ ਖੇਤੀ ਦਾ ਰਕਬਾ ਵਧਾਉਣਾ ਕੰਪਨੀਆਂ ਦੀ ਮੰਗ 'ਤੇ ਨਿਰਭਰ ਕਰਦਾ ਹੈ।

ਜੇ ਮੰਗ ਵਧੇਗੀ ਤਾਂ ਕਿਸਾਨ ਵੀ ਇਸ ਖੇਤੀ ਨੂੰ ਵਧਾਉਣ ਲਈ ਤਿਆਰ ਹਨ। ਉਹ ਇਹ ਵੀ ਦੱਸਦੇ ਹਨ ਕਿ ਪੰਜਾਬ ਸਰਕਾਰ ਦੇ ਬਾਗ਼ਵਾਨੀ ਵਿਭਾਗ ਵੱਲੋਂ ਇਸ ਖੇਤੀ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ।

ਫੁੱਲਾਂ ਦੀ ਖੇਤੀ
ਤਸਵੀਰ ਕੈਪਸ਼ਨ, ਇਸ ਖੇਤੀ ਵਿੱਚ ਔਰਤਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਦੇ ਹਨ

ਇਸੇ ਪਿੰਡ ਦੇ ਦਸਵੀਂ ਤੱਕ ਪੜ੍ਹਨ ਵਾਲੇ ਕਿਸਾਨ ਜਗਸੀਰ ਸਿੰਘ ਦੱਸਦੇ ਹਨ ਕਿ ਇਸ ਵੇਲੇ ਲਗਭਗ 10 ਏਕੜ ਵਿੱਚ ਫੁੱਲਾਂ ਦੀ ਖੇਤੀ ਕਰ ਰਹੇ ਹਨ। ਉਨ੍ਹਾਂ ਨੇ ਇਹ ਖੇਤੀ 2018 ਵਿੱਚ ਸ਼ੁਰੂ ਕੀਤੀ ਸੀ।

ਉਹ ਕਹਿੰਦੇ ਹਨ, "ਪਹਿਲਾਂ ਵੀ ਕਈ ਕਿਸਾਨ ਇਹ ਖੇਤੀ ਕਰ ਰਹੇ ਸਨ, ਜਿਸ ਕਾਰਨ ਮੈਨੂੰ ਇਸ ਨੂੰ ਅਪਨਾਉਣ ਵਿੱਚ ਆਸਾਨੀ ਰਹੀ। ਫੁੱਲਾਂ ਦੀ ਬਿਜਾਈ ਆਮ ਤੌਰ 'ਤੇ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਕੀਤੀ ਜਾਂਦੀ ਹੈ।"

"ਕੁਝ ਕਿਸਮਾਂ ਬੀਜਾਂ ਰਾਹੀਂ ਬੀਜੀਆਂ ਜਾਂਦੀਆਂ ਹਨ, ਜਦਕਿ ਕੁਝ ਨੂੰ ਪਨੀਰੀ ਦੇ ਰੂਪ ਵਿੱਚ ਖੇਤਾਂ ਵਿੱਚ ਲਗਾਇਆ ਜਾਂਦਾ ਹੈ। ਬਿਜਾਈ ਦੇ ਸਮੇਂ ਉਨ੍ਹਾਂ ਨੂੰ ਪੰਜ ਤੋਂ ਦੱਸ ਔਰਤ ਮਜ਼ਦੂਰਾਂ ਦੀ ਲੋੜ ਪੈਂਦੀ ਹੈ, ਪਰ ਬੀਜ ਇਕੱਠੇ ਕਰਨ ਵੇਲੇ ਇਹ ਗਿਣਤੀ ਕਾਫੀ ਵੱਧ ਜਾਂਦੀ ਹੈ।"

ਉਹ ਇਹ ਵੀ ਦੱਸਦੇ ਹਨ ਕਿ ਫੁੱਲਾਂ ਦੀ ਖੇਤੀ ਲਈ ਜ਼ਮੀਨ ਦੀ ਚੋਣ ਬਹੁਤ ਮਹੱਤਵਪੂਰਨ ਹੁੰਦੀ ਹੈ। ਨਾ ਤਾਂ ਸ਼ੋਰੇ ਵਾਲੀ ਅਤੇ ਨਾ ਹੀ ਬਹੁਤ ਨਮੀ ਵਾਲੀ ਜ਼ਮੀਨ ਇਸ ਲਈ ਢੁੱਕਵੀਂ ਹੈ। ਦਰਮਿਆਨੀ ਕਿਸਮ ਦੀ ਜ਼ਮੀਨ ਇਸ ਲਈ ਸਭ ਤੋਂ ਉਚਿਤ ਮੰਨੀ ਜਾਂਦੀ ਹੈ।

ਉਹਨਾਂ ਨੂੰ ਦੋ ਸਾਲਾਂ ਤੱਕ ਬਾਗ਼ਵਾਨੀ ਵਿਭਾਗ ਵੱਲੋਂ ਢਾਈ ਏਕੜ ਲਈ ਕਰੀਬ 35 ਹਜ਼ਾਰ ਰੁਪਏ ਦੀ ਸਬਸਿਡੀ ਵੀ ਮਿਲੀ ਹੈ, ਜਿਸ ਨਾਲ ਉਨ੍ਹਾਂ ਨੂੰ ਇਹ ਖੇਤੀ ਵਧਾਉਣ ਵਿੱਚ ਮਦਦ ਮਿਲੀ।

ਸੁਖਵਿੰਦਰ ਕੌਰ
ਤਸਵੀਰ ਕੈਪਸ਼ਨ, ਸੁਖਵਿੰਦਰ ਸਿੰਘ ਮੁਤਾਬਕ ਉਹ ਕਰੀਬ 10 ਹਜ਼ਾਰ ਰੁਪਏ ਮਹੀਨਾ ਕਮਾ ਲੈਂਦੇ ਹਨ

ਕੰਟਰੈਕਟ ਫਾਰਮਿੰਗ ਦੇ ਆਪਣੇ ਤਜਰਬੇ ਬਾਰੇ ਦੱਸਦਿਆਂ ਜਗਸੀਰ ਸਿੰਘ ਕਹਿੰਦੇ ਹਨ, "ਹੁਣ ਤੱਕ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਕੰਪਨੀਆਂ ਨਾਲ ਹੋਏ ਸਮਝੌਤੇ ਮੁਤਾਬਕ ਭੁਗਤਾਨ ਮਿਲਦਾ ਹੈ ਅਤੇ ਇਸ ਨਾਲ ਆਮਦਨ ਵਿੱਚ ਵੀ ਵਾਧਾ ਹੋਇਆ ਹੈ।"

ਇਸ ਖੇਤੀ ਨਾਲ ਜੁੜੇ ਮਜ਼ਦੂਰਾਂ ਲਈ ਵੀ ਇਹ ਇੱਕ ਵੱਡਾ ਰੁਜ਼ਗਾਰ ਦਾ ਸਾਧਨ ਬਣ ਗਿਆ ਹੈ।

ਜਗਦੀਪ ਸਿੰਘ ਦੇ ਖੇਤਾਂ ਵਿੱਚ ਕੰਮ ਕਰਨ ਵਾਲੀ ਸੁਖਵਿੰਦਰ ਕੌਰ ਦੱਸਦੇ ਹਨ ਕਿ ਉਹ ਆਪਣੇ ਪਰਿਵਾਰ ਦੀ ਕਮਾਉਣ ਵਾਲੀ ਮੁੱਖ ਮੈਂਬਰ ਹਨ। ਉਨ੍ਹਾਂ ਦੇ ਪਤੀ ਦਾ ਹੱਥ ਕੱਟਿਆ ਹੋਇਆ ਹੈ, ਜਿਸ ਕਾਰਨ ਘਰ ਦੀ ਜ਼ਿੰਮੇਵਾਰੀ ਉਹ ਖੁਦ ਨਿਭਾ ਰਹੇ ਹਨ।

ਉਹ ਕਹਿੰਦੇ ਹਨ, "ਫੁੱਲਾਂ ਦੀ ਖੇਤੀ ਨਾਲ ਲਗਾਤਾਰ ਕੰਮ ਮਿਲ ਰਿਹਾ ਹੈ ਅਤੇ ਇਸ ਵੇਲੇ ਲਗਭਗ 10 ਹਜ਼ਾਰ ਰੁਪਏ ਮਹੀਨਾ ਕਮਾ ਲੈਂਦੀ ਹਾਂ। ਪਿੰਡ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਇਸ ਕੰਮ ਨਾਲ ਜੁੜੀਆਂ ਹੋਈਆਂ ਹਨ ਅਤੇ ਨੇੜਲੇ ਪਿੰਡਾਂ ਤੋਂ ਵੀ ਔਰਤਾਂ ਇੱਥੇ ਕੰਮ ਕਰਨ ਆਉਂਦੀਆਂ ਹਨ।"

ਮਨਦੀਪ ਸਿੰਘ

ਮਾਹਰਾਂ ਦੀ ਰਾਇ

ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ, ਸੰਗਰੂਰ ਤੋਂ ਐਸੋਸੀਏਟ ਡਾਇਰੈਕਟਰ ਡਾਕਟਰ ਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਗਰੂਰ ਦੇ ਲਹਿਰਾ ਗਾਗਾ ਬਲਾਕ ਦਾ ਪਿੰਡ ਦਰਿਆਣੀ ਫੁੱਲਾਂ ਦੇ ਬੀਜਾਂ ਦੀ ਖੇਤੀ ਕਰਨ ਦੇ ਲਈ ਇਲਾਕੇ ਦੇ ਵਿੱਚ ਚਰਚਾ ਦੇ ਵਿੱਚ ਹੈ

ਉਹ ਦੱਸਦੇ ਹਨ ਕਿ ਜਗਸੀਰ ਸਿੰਘ ਨੇ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਦੇ ਸੰਪਰਕ ਦੇ ਨਾਲ ਇਸ ਨਵੀਂ ਖੇਤੀ ਦੀ ਸ਼ੁਰੂਆਤ ਕੀਤੀ ਸੀ।

ਡਾਕਟਰ ਮਨਦੀਪ ਕਹਿੰਦੇ ਹਨ, "ਫਲੋਰੀਕਲਚਰ ਦਾ ਵਿਦੇਸ਼ਾਂ ਦੇ ਵਿੱਚ ਕਾਫੀ ਰੁਝਾਨ ਹੈ। ਇਨ੍ਹਾਂ ਪਿੰਡਾਂ ਵਿੱਚੋਂ ਵੱਡੇ ਪੱਧਰ ਉੱਤੇ ਫੁੱਲਾਂ ਦੇ ਬੀਜ ਵਿਦੇਸ਼ਾਂ ਵਿੱਚ ਭੇਜੇ ਜਾਂਦੇ ਹਨ।"

ਫੁੱਲਾਂ ਦੀ ਖੇਤੀ ਦੇ ਉੱਪਰ ਮਿਲਣ ਵਾਲੀ ਸਬਸਿਡੀ ਦੇ ਸੰਬੰਧ ਦੇ ਵਿੱਚ ਵੀ ਉਨ੍ਹਾਂ ਨੇ ਦੱਸਿਆ, "ਪੰਜਾਬ ਸਰਕਾਰ ਦਾ ਬਾਗ਼ਬਾਨੀ ਵਿਭਾਗ ਫੁੱਲਾਂ ਦੀ ਖੇਤੀ ਲਈ ਪ੍ਰਤੀ ਏਕੜ 14000 ਅਤੇ ਪ੍ਰਤੀ ਹੈਕਟੇਅਰ 35000 ਸਬਸਿਡੀ ਦਿੰਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)