ਸੂਰਜ ਦੀਆਂ ਕਿਹੜੀਆਂ ਕਿਰਨਾਂ ਚਮੜੀ ਦੇ ਕੈਂਸਰ ਦਾ ਖ਼ਤਰਾ ਵਧਾਉਂਦੀਆਂ ਹਨ, ਜਾਣੋ ਇਨ੍ਹਾਂ ਤੋਂ ਕਿਵੇਂ ਬਚੀਏ

ਤਸਵੀਰ ਸਰੋਤ, Getty Images
ਗਰਮ ਮੌਸਮ ਅਕਸਰ ਅਲਟ੍ਰਾ੍ ਵਾਇਲੇਟ (ਯੂਵੀ) ਕਿਰਨਾਂ ਦੇ ਉੱਚ ਪੱਧਰ ਲਿਆਉਂਦਾ ਹੈ।
ਯੂਵੀ ਕਿਰਨਾਂ ਸੂਰਜ ਤੋਂ ਨਿਕਲਦੀਆਂ ਹਨ ਅਤੇ ਧਰਤੀ ਦੇ ਵਾਤਾਵਰਣ ਵਿੱਚੋਂ ਲੰਘਦੀਆਂ ਹਨ।
ਥੋੜ੍ਹੀ ਮਾਤਰਾ ਵਿੱਚ ਇਹ ਸਾਡੀ ਤੰਦਰੁਸਤੀ ਲਈ ਲਾਜ਼ਮੀ ਹੈ, ਪਰ ਜ਼ਿਆਦਾ ਹੋਣ ਨਾਲ ਚਮੜੀ ਨੂੰ ਨੁਕਸਾਨ ਪਹੁੰਚ ਸਕਦੀਆਂ ਹਨ।
ਕੀ ਯੂਵੀ ਖ਼ਤਰਨਾਕ ਹੈ?
ਯੂਵੀ ਫਾਇਦੇਮੰਦ ਹੈ ਕਿਉਂਕਿ ਇਹ ਸਾਡੀ ਚਮੜੀ ਨੂੰ ਜ਼ਰੂਰੀ ਵਿਟਾਮਿਨ ਡੀ ਬਣਾਉਣ ਵਿੱਚ ਮਦਦ ਕਰਦਾ ਹੈ।
ਇਹ ਹੱਡੀਆਂ, ਖੂਨ ਦੀਆਂ ਕੋਸ਼ਿਕਾਵਾਂ ਅਤੇ ਸਾਡੇ ਇਮਿਊਨ ਸਿਸਟਮ ਭਾਵ ਰੋਗ ਪ੍ਰਤੀਰੋਧ ਤੰਤਰ ਦੇ ਕੰਮ ਲਈ ਮਹੱਤਵਪੂਰਨ ਹੈ।
ਲੰਡਨ ਦੀ ਸੇਂਟ ਜਾਰਜ ਯੂਨੀਵਰਸਿਟੀ ਤੋਂ ਪ੍ਰੋਫੈਸਰ ਡੋਰੋਥੀ ਬੈਨੇਟ ਚੇਤਾਵਨੀ ਦਿੰਦੇ ਹਨ ਕਿ ਸਾਨੂੰ ਧੁੱਪ ਵਿੱਚ ਬਿਤਾਉਣ ਵਾਲੇ ਸਮੇਂ ਬਾਰੇ ਸਾਵਧਾਨ ਰਹਿਣ ਦੀ ਲੋੜ ਹੈ।
ਉਹ ਕਹਿੰਦੇ ਹਨ, "ਹਰ ਵਾਰ ਯੂਵੀ ਨਾਲ ਸੰਪਰਕ, ਖ਼ਾਸ ਕਰਕੇ ਹਰ ਵਾਰ ਧੁੱਪ 'ਚ ਸੜਨਾ (ਸੰਨਬਰਨ), ਸਾਡੀ ਚਮੜੀ ਦੇ ਕੈਂਸਰ ਦੇ ਖ਼ਤਰੇ ਨੂੰ ਵਧਾਉਂਦਾ ਹੈ।"
"ਮੇਲਾਨੋਮਾ, ਜੋ ਸਭ ਤੋਂ ਖ਼ਤਰਨਾਕ ਚਮੜੀ ਦਾ ਕੈਂਸਰ ਹੈ, ਹੁਣ ਯੂਕੇ ਵਿੱਚ ਪੰਜਵਾਂ ਸਭ ਤੋਂ ਆਮ ਕੈਂਸਰ ਬਣ ਗਿਆ ਹੈ, ਜਿਸ ਦੇ ਵਾਧੇ ਦਾ ਕਾਰਨ ਧੁੱਪ ਸੇਕਣ ਨਾਲ ਜੋੜਿਆ ਜਾ ਰਿਹਾ ਹੈ।"
ਯੂਵੀ ਕਿਰਨਾਂ ਚਮੜੀ ਦੀਆਂ ਕੋਸ਼ਿਕਾਵਾਂ ਵਿੱਚ ਡੀਐੱਨਏ ਨੂੰ ਨੁਕਸਾਨ ਪਹੁੰਚਾ ਕੇ ਚਮੜੀ ਦੇ ਕੈਂਸਰ ਨੂੰ ਵਧਾਉਂਦੀਆਂ ਹਨ।
ਇਹ ਚਮੜੀ ਦੇ ਬੁਢਾਪੇ ਵਿੱਚ ਵੀ ਵੱਡੀ ਭੂਮਿਕਾ ਨਿਭਾਉਂਦੀਆਂ ਹਨ, ਜਿਸ ਨਾਲ ਝੁਰੜੀਆਂ ਅਤੇ ਚਮੜੀ ਢਿੱਲੀ ਹੁੰਦੀ ਹੈ।
ਯੂਵੀ ਦੇ ਸੰਪਰਕ ਨਾਲ ਅੱਖਾਂ ਦੀਆਂ ਸਮੱਸਿਆਵਾਂ ਨੂੰ ਵੀ ਜੋੜਿਆ ਜਾਂਦਾ ਹੈ, ਜਿਵੇਂ ਕਿ ਮੋਤੀਆ ਬਿੰਦ।

ਤਸਵੀਰ ਸਰੋਤ, Getty Images
ਯੂਵੀ ਇੰਡੈਕਸ ਕੀ ਹੈ?
ਯੂਵੀ ਕਿਰਨਾਂ ਦੇ ਪੱਧਰ ਦਿਨ ਭਰ ਵਿੱਚ ਬਦਲਦੇ ਰਹਿੰਦੇ ਹਨ।
ਸਭ ਤੋਂ ਉੱਚੇ ਪੱਧਰ "ਸੋਲਰ ਨੂਨ" ਦੇ ਆਲੇ-ਦੁਆਲੇ ਚਾਰ ਘੰਟਿਆਂ ਦੇ ਸਮੇਂ ਦੌਰਾਨ ਹੁੰਦੇ ਹਨ, ਜਦੋਂ ਸੂਰਜ ਸਭ ਤੋਂ ਉੱਚੇ ਸਥਾਨ 'ਤੇ ਹੁੰਦਾ ਹੈ, ਆਮ ਤੌਰ 'ਤੇ ਦੇਰ ਸਵੇਰ ਤੋਂ ਲੈ ਕੇ ਦੁਪਹਿਰ ਦੇ ਸ਼ੁਰੂ ਤੱਕ।
ਯੂਵੀ ਇੰਡੈਕਸ (ਜਾਂ ਯੂਵੀਆਈ) ਅਲਟ੍ਰਾ ਵਾਇਲੇਟ ਕਿਰਨਾਂ ਦਾ ਇੱਕ ਮਿਆਰੀ, ਅੰਤਰਰਾਸ਼ਟਰੀ ਮਾਪ ਹੈ।
ਇਸ ਦੇ ਮੁੱਲ (ਵੈਲਿਊ) ਜ਼ੀਰੋ ਤੋਂ ਸ਼ੁਰੂ ਹੁੰਦੇ ਹਨ ਅਤੇ 10 ਤੋਂ ਉੱਪਰ ਵੀ ਜਾ ਸਕਦੇ ਹਨ।
ਜਿੰਨਾ ਵੱਡਾ ਨੰਬਰ ਹੋਵੇਗਾ, ਓਨਾਂ ਹੀ ਚਮੜੀ ਅਤੇ ਅੱਖਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਵੱਧ ਹੋਵੇਗਾ ਅਤੇ ਨੁਕਸਾਨ ਹੋਣ ਲਈ ਘੱਟ ਸਮਾਂ ਲੱਗੇਗਾ।
ਯੂਵੀ ਦੇ ਵੱਖ-ਵੱਖ ਪੱਧਰ ਕੀ ਹਨ?

ਭੂ-ਮੱਧ ਰੇਖਾ ਦੇ ਨੇੜੇ ਦੇਸ਼ਾਂ ਵਿੱਚ ਪੂਰੇ ਸਾਲ ਦਿਨ ਦੇ ਵਿਚਕਾਰ ਬਹੁਤ ਉੱਚੇ ਯੂਵੀ ਪੱਧਰ ਹੋ ਸਕਦੇ ਹਨ।
ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਦੇ ਅਨੁਸਾਰ, ਕੇਨਿਆ ਦੇ ਨੈਰੋਬੀ ਵਿੱਚ ਪੂਰੇ ਸਾਲ ਯੂਵੀ ਪੱਧਰ 10 ਤੋਂ ਵੱਧ ਰਹਿ ਸਕਦੇ ਹਨ।
ਸਪੇਨ ਦੇ ਮਯੋਰਕਾ ਵਿੱਚ ਆਮ ਤੌਰ 'ਤੇ ਜੂਨ ਅਤੇ ਜੁਲਾਈ ਵਿੱਚ ਇਹ 9 ਤੱਕ ਪਹੁੰਚ ਜਾਂਦਾ ਹੈ।
ਪਰ ਦੱਖਣੀ ਐਟਲਾਂਟਿਕ ਵਿੱਚ ਫਾਕਲੈਂਡ ਟਾਪੂਆਂ ਵਿੱਚ, ਗਰਮੀ ਦੇ ਮੌਸਮ ਵਿੱਚ ਵੀ ਇਹ ਆਮ ਤੌਰ 'ਤੇ 5 ਤੋਂ ਉੱਪਰ ਨਹੀਂ ਜਾਂਦਾ।
ਵੱਖ-ਵੱਖ ਯੂਵੀ ਪੱਧਰਾਂ ਦੇ ਲੋਕਾਂ ਲਈ ਕੀ ਮਾਅਨੇ ਹਨ?
ਡਬਲਿਊਐੱਚਓ ਦੇ ਮੁਤਾਬਕ, ਜਦੋਂ ਪੱਧਰ ਇਹ ਹਨ ਤਾਂ ਧੁੱਪ ਤੋਂ ਬਚਾਅ ਦੀ ਲੋੜ ਨਹੀਂ ਹੁੰਦੀ-
- 1-2 (ਘੱਟ)
ਜਦੋਂ ਪੱਧਰ ਇਹ ਹੁੰਦੇ ਹਨ ਤਾਂ ਕੁਝ ਹੱਦ ਤੱਕ ਧੁੱਪ ਤੋਂ ਬਚਾਅ ਦੀ ਲੋੜ ਹੁੰਦੀ ਹੈ:
- 6-7 (ਉੱਚੇ)
- 3-5 (ਦਰਮਿਆਨੇ)
ਜਦੋਂ ਯੂਵੀ ਪੱਧਰ ਇਹ ਹੋਣ ਤਾਂ ਵਾਧੂ ਧੁੱਪ ਤੋਂ ਬਚਾਅ ਦੀ ਲੋੜ ਹੁੰਦੀ ਹੈ:
- 11+ (ਬਹੁਤ ਹੀ ਉੱਚੇ)
- 8-10 (ਬਹੁਤ ਜ਼ਿਆਦਾ ਉੱਚੇ)
ਬੱਚੇ, ਵੱਡਿਆਂ ਨਾਲੋਂ ਯੂਵੀ ਕਿਰਨਾਂ ਲਈ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਘੱਟ ਪੱਧਰਾਂ 'ਤੇ ਵੀ ਵੱਧ ਸੁਰੱਖਿਆ ਦੀ ਲੋੜ ਹੁੰਦੀ ਹੈ।

ਤਸਵੀਰ ਸਰੋਤ, Getty Images
ਤੁਸੀਂ ਯੂਵੀ ਨੁਕਸਾਨ ਤੋਂ ਕਿਵੇਂ ਬਚ ਸਕਦੇ ਹੋ?
ਨੈਸ਼ਨਲ ਹੈਲਥ ਸਰਵਿਸ ਦੇ ਅਨੁਸਾਰ:
- ਜਦੋਂ ਧੁੱਪ ਸਭ ਤੋਂ ਤੇਜ਼ ਹੁੰਦੀ ਹੈ ਤਾਂ ਛਾਂ ਵਿੱਚ ਰਹੋ
- ਢੰਗ ਦੇ ਕੱਪੜਿਆਂ ਨਾਲ ਸਰੀਰ ਢਕੋ ਅਤੇ ਧੁੱਪ ਵਾਲੀਆਂ ਐਨਕਾਂ ਲਗਾਓ
- ਆਪਣੇ ਚਿਹਰੇ, ਗਰਦਨ ਅਤੇ ਖੁੱਲ੍ਹੀ ਚਮੜੀ 'ਤੇ ਫੈਕਟਰ 30 ਜਾਂ ਇਸ ਤੋਂ ਵੱਧ ਅਤੇ ਘੱਟੋ-ਘੱਟ 4-ਸਟਾਰ ਯੂਵੀਏ ਸੁਰੱਖਿਆ ਵਾਲੀ ਸਨਸਕ੍ਰੀਨ ਵਰਤੋ
- ਸਨਸਕ੍ਰੀਨ ਨੂੰ ਨਿਯਮਿਤ ਤੌਰ 'ਤੇ ਦੁਬਾਰਾ ਲਗਾਓ, ਬੋਤਲ 'ਤੇ ਦਿੱਤੀਆਂ ਹਦਾਇਤਾਂ ਚੈਕ ਕਰੋ
- ਯਕੀਨੀ ਬਣਾਓ ਕਿ ਬੱਚੇ ਅਤੇ ਨਵਜਨਮੇ ਬੱਚੇ ਸੁਰੱਖਿਅਤ ਹਨ
ਬ੍ਰਿਟਿਸ਼ ਐਸੋਸੀਏਸ਼ਨ ਆਫ ਡਰਮੈਟੋਲੋਜਿਸਟਸ ਦੇ ਡਾ. ਬਾਵ ਸ਼ੇਰਗਿੱਲ ਦੇ ਅਨੁਸਾਰ, ਗਲੋਬਲ ਰਿਸਰਚ ਮੁਤਾਬਕ, ਲੋਕ ਅਕਸਰ ਸਨਸਕ੍ਰੀਨ ਲਗਾਉਂਦੇ ਸਮੇਂ ਸਰੀਰ ਦੇ ਕੁਝ ਹਿੱਸੇ ਛੱਡ ਦਿੰਦੇ ਹਨ।
ਉਹ ਕਹਿੰਦੇ ਹਨ, "ਲੋਕ ਅਕਸਰ ਆਪਣੀ ਨੱਕ ਦੇ ਪਾਸੇ ਵਾਲਾ ਹਿੱਸਾ ਭੁੱਲ ਜਾਂਦੇ ਹਨ, ਜਿੱਥੇ ਮੈਂ ਕਾਫ਼ੀ ਚਮੜੀ ਦਾ ਕੈਂਸਰ ਦੇਖਿਆ ਹੈ।"
ਹੋਰ ਹਿੱਸੇ ਜਿਨ੍ਹਾਂ ਨੂੰ ਢੱਕਣ ਦੀ ਲੋੜ ਹੁੰਦੀ ਹੈ ਉਹ ਹਨ ਕੰਨ ਦੇ ਕੋਲ ਵਾਲੇ ਹਿੱਸੇ (ਟੈਂਪਲਜ਼) ਅਤੇ ਛਾਤੀ ਦਾ ਉੱਪਰਲਾ ਹਿੱਸਾ।
ਇੱਕ ਮਾਪਦੰਡ ਵਜੋਂ, ਵੱਡਿਆਂ ਨੂੰ ਪੂਰੇ ਸਰੀਰ 'ਤੇ ਲਗਾਉਣ ਲਈ ਲਗਭਗ ਛੇ ਤੋਂ ਅੱਠ ਚਮਚ ਸਨਸਕ੍ਰੀਨ ਵਰਤਣੀ ਚਾਹੀਦੀ ਹੈ।

ਤਸਵੀਰ ਸਰੋਤ, Getty Images
ਕੀ ਤੁਸੀਂ ਸੁਰੱਖਿਅਤ ਤਰੀਕੇ ਨਾਲ ਟੈਨ ਹੋ ਸਕਦੇ ਹੋ?
ਨੈਸ਼ਨਲ ਹੈਲਥ ਸਰਵਿਸ ਅਨੁਸਾਰ, ਟੈਨ ਹੋਣ ਦਾ ਕੋਈ ਵੀ ਸੁਰੱਖਿਅਤ ਜਾਂ ਸਿਹਤਮੰਦ ਤਰੀਕਾ ਨਹੀਂ ਹੈ।
ਡਾ. ਸ਼ੇਰਗਿੱਲ ਸਲਾਹ ਦਿੰਦੇ ਹਨ ਕਿ ਇਸ ਦੀ ਬਜਾਇ ਸੈਲਫ-ਟੈਨ ਉਤਪਾਦ ਵਰਤੋ।
ਉਹ ਕਹਿੰਦੇ ਹਨ, "ਜਦੋਂ ਤੁਸੀਂ ਟੈਨ ਹੁੰਦੇ ਹੋ, ਅਲਟ੍ਰਾ ਵਾਇਲੇਟ ਰੋਸ਼ਨੀ ਤੁਹਾਡੀ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਰੰਗਦਾਰ ਪਦਾਰਥ ਬਣਾਉਣ ਲਈ ਉਤਸ਼ਾਹਿਤ ਕਰਦੀ ਹੈ ਤਾਂ ਜੋ ਡੀਐੱਨਏ ਦੀ ਰੱਖਿਆ ਹੋ ਸਕੇ ਪਰ ਇਹ ਰੱਖਿਆ ਬਹੁਤ ਘੱਟ ਹੁੰਦੀ ਹੈ, ਲਗਭਗ ਐੱਸਪੀ4 ਦੇ ਬਰਾਬਰ।
ਉਹ ਚੇਤਾਵਨੀ ਦਿੰਦੇ ਹਨ, "ਇਹ ਬਹੁਤ ਘੱਟ ਸੁਰੱਖਿਆ ਹੈ। ਇਸ ਲਈ ਤੁਸੀਂ ਜਲਦੀ ਸੜ੍ਹ ਸਕਦੇ ਹੈ।"

ਤਸਵੀਰ ਸਰੋਤ, Getty Images
ਕੀ ਬੱਦਲਾਂ ਅਤੇ ਹਵਾ ਵਾਲੇ ਮੌਸਮ ਵਿੱਚ ਵੀ ਤੁਸੀਂ ਸੜ੍ਹ ਸਕਦੇ ਹੋ?
ਯੂਨੀਵਰਸਿਟੀ ਆਫ ਰੀਡਿੰਗ ਦੀ ਡਾ. ਮਿਕਾਏਲਾ ਹੇਗਲਿਨ ਕਹਿੰਦੀ ਹੈ ਕਿ ਚਮੜੀ ਤੱਕ ਪਹੁੰਚਣ ਵਾਲੀ ਯੂਵੀ ਮਾਤਰਾ ਦਿਨ ਦੇ ਤਾਪਮਾਨ 'ਤੇ ਨਿਰਭਰ ਨਹੀਂ ਕਰਦੀ।
ਉਨ੍ਹਾਂ ਦਾ ਕਹਿਣਾ ਹੈ, "ਯੂਕੇ ਵਿੱਚ ਅਪ੍ਰੈਲ ਦੇ ਅੰਤ ਦੇ ਇੱਕ ਚਮਕਦਾਰ ਤੇ ਹਵਾ ਵਾਲੇ ਦਿਨ ਵਿੱਚ ਯੂਵੀ ਪੱਧਰ ਲਗਭਗ ਅਗਸਤ ਦੇ ਇੱਕ ਗਰਮ ਧੁੱਪ ਵਾਲੇ ਦਿਨ ਵਰਗੇ ਹੀ ਹੋ ਸਕਦੇ ਹਨ।"
ਬੀਬੀਸੀ ਵੈਦਰ ਦੀ ਹੈਲਨ ਵਿਲੇਟਸ ਚੇਤਾਵਨੀ ਦਿੰਦੀ ਹੈ, "ਤੁਹਾਡੀ ਚਮੜੀ 30°ਸੈਲੀਅਸ ਹੋਵੇ ਜਾਂ 20°ਸੈਲੀਅਸ, ਦੋਵਾਂ ਹਾਲਤਾਂ ਵਿੱਚ ਇੱਕੋ ਜਿੰਨੀ ਤੇਜ਼ੀ ਨਾਲ ਸੜ੍ਹ ਸਕਦੀ ਹੈ।"
"ਬੱਦਲਾਂ ਵਾਲੇ ਦਿਨਾਂ ਵਿੱਚ ਧੋਖਾ ਨਾ ਖਾਓ। ਯੂਵੀ ਪਤਲੇ ਬੱਦਲਾਂ ਵਿੱਚੋਂ ਵੀ ਲੰਘ ਜਾਂਦਾ ਹੈ। ਇਸ ਲਈ ਭਾਵੇਂ ਤੁਹਾਨੂੰ ਲੱਗੇ ਕਿ ਧੁੱਪ ਨਹੀਂ ਹੈ, ਫਿਰ ਵੀ ਤੁਸੀਂ ਸੜ੍ਹ ਸਕਦੇ ਹੋ।"
ਮੇਰੀ ਚਮੜੀ ਭੂਰੀ ਹੈ। ਕੀ ਮੈਨੂੰ ਚਿੰਤਾ ਕਰਨ ਦੀ ਲੋੜ ਹੈ?
ਡਾ. ਸ਼ੇਰਗਿੱਲ ਦੇ ਅਨੁਸਾਰ, ਹਾਂ।
ਉਹ ਕਹਿੰਦੇ ਹਨ, "ਚਮੜੀ ਡਾਰਕ ਲੱਗ ਸਕਦੀ ਹੈ, ਪਰ ਸੁਰੱਖਿਆ ਦੇ ਹਿਸਾਬ ਨਾਲ ਇਹ ਹਮੇਸ਼ਾ ਅਜਿਹਾ ਵਰਤਾਅ ਨਹੀਂ ਕਰਦੀ ਕਿਉਂਕਿ ਇਸ ਵਿੱਚ ਹੋਰ ਵੀ ਜ਼ੀਨ ਸ਼ਾਮਲ ਹੁੰਦੇ ਹਨ।"
"ਉਦਾਹਰਨ ਵਜੋਂ, ਮੈਂ ਦੱਖਣੀ ਏਸ਼ੀਆਈ ਲੋਕਾਂ ਵਿੱਚ ਵੀ ਚਮੜੀ ਦਾ ਕੈਂਸਰ ਦੇਖਿਆ ਹੈ ਅਤੇ ਮਿਲੀ-ਜੁਲੀ ਵਿਰਾਸਤ ਵਾਲੇ ਲੋਕਾਂ ਵਿੱਚ ਵੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































