ਗੁਰਦਾਸਪੁਰ ਵਿੱਚ ਕੁਝ ਕਿਸਾਨ ਰਾਜਮਾਂਹ ਦੀ ਕਾਸ਼ਤ ਕਿਉਂ ਕਰ ਰਹੇ ਹਨ, ਇੰਟਰਕ੍ਰੋਪਿੰਗ ਕਰਕੇ ਸਾਲ ਵਿੱਚ ਕਿਵੇਂ ਉਗਾ ਰਹੇ ਹਨ ਤਿੰਨ ਫ਼ਸਲਾਂ

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਗੁਰਦਾਸਪੁਰ ਦੇ ਕੁਝ ਕਿਸਾਨ ਕਣਕ ਅਤੇ ਕਮਾਦ ਨਾਲ ਇੰਟਰਕ੍ਰੋਪਿੰਗ ਕਰਕੇ ਰਾਜਮਾਂਹ ਦੀ ਖੇਤੀ ਅਪਣਾ ਰਹੇ ਹਨ। ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀ ਇਸ ਫ਼ਸਲ ਤੋਂ ਉਨ੍ਹਾਂ ਨੂੰ ਵਧੀਆ ਭਾਅ ਅਤੇ ਦੋਹਰੀ ਆਮਦਨ ਮਿਲ ਰਹੀ ਹੈ।

ਇੰਟਰਕ੍ਰੋਪਿੰਗ ਯਾਨੀ ਇੱਕ ਸਮੇਂ ਵਿੱਚ ਖੇਤ ਵਿੱਚ 2 ਜਾਂ 2 ਤੋਂ ਵੱਧ ਫਸਲਾਂ ਨੂੰ ਬੀਜਣਾ।

ਪੰਜਾਬ ਦੇ ਕਈ ਕਿਸਾਨ ਹੁਣ ਰਵਾਇਤੀ ਖੇਤੀ ਤੋਂ ਹੱਟ ਕੇ ਵਧੀਆ ਆਮਦਨ ਲਈ ਫ਼ਸਲੀ ਵਿਭਿੰਨਤਾ ਵੱਲ ਵੱਧ ਰਹੇ ਹਨ।

ਖਾਸ ਕਰਕੇ ਗੁਰਦਾਸਪੁਰ ਵਿੱਚ ਕੁਝ ਕਿਸਾਨ ਕਣਕ ਦੇ ਬਦਲ ਅਤੇ ਕਮਾਦ ਨਾਲ ਇੰਟਰਕ੍ਰੋਪਿੰਗ ਕਰਕੇ ਰਾਜਮਾਂਹ ਦੀ ਕਾਸ਼ਤ ਕਰ ਰਹੇ ਹਨ।

ਜ਼ਿਲ੍ਹਾ ਗੁਰਦਾਸਪੁਰ ਵਿੱਚ ਮੁੱਖ ਤੌਰ 'ਤੇ ਕਮਾਦ ਦੀ ਕਾਸ਼ਤ ਕਰਨ ਵਾਲੇ ਕਈ ਕਿਸਾਨ ਇੰਟਰਕ੍ਰੋਪਿੰਗ ਰਾਹੀਂ ਕਮਾਦ ਦੇ ਨਾਲ ਦੋਹਰੀ ਫ਼ਸਲ ਵਜੋਂ ਰਾਜਮਾਂਹ ਦੀ ਕਾਸ਼ਤ ਕਰ ਰਹੇ ਹਨ ਅਤੇ ਉੱਥੇ ਹੀ ਕਈ ਕਿਸਾਨ ਇਸ ਨੂੰ ਕਣਕ ਦੀ ਥਾਂ ਲਗਾ ਕੇ, ਸਾਲ ਦੀਆਂ ਤਿੰਨ ਫ਼ਸਲਾਂ ਉਗਾ ਰਹੇ ਹਨ।

ਦਰਅਸਲ, ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀ ਇਸ ਫ਼ਸਲ ਤੋਂ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਦੇ ਮੁਕਾਬਲੇ ਵਧੇਰੇ ਮੁਨਾਫ਼ਾ ਮਿਲ ਰਿਹਾ ਹੈ।

ਵੈਸੇ ਤਾਂ ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰਾਖੰਡ, ਜੰਮੂ ਹਿਮਾਚਲ ਦੇ ਡਰਾਈ ਏਰੀਏ ਨਾਲ ਸਬੰਧਤ ਰਾਜਮਾਂਹ ਦੀ ਫ਼ਸਲ ਵੱਡੇ ਪੱਧਰ 'ਤੇ ਹੁੰਦੀ ਹੈ ਪਰ ਹੁਣ ਪੰਜਾਬ ਵਿੱਚ ਵੀ ਕਈ ਥਾਂਵਾ ਉੱਤੇ ਰਕਬਾ ਵੱਧ ਰਿਹਾ ਹੈ।

ਸਾਲ ਵਿੱਚ ਤਿੰਨ ਫ਼ਸਲਾਂ

ਗੁਰਦਾਸਪੁਰ ਦੇ ਪਿੰਡ ਭੰਡਾਲ ਦੇ ਕਿਸਾਨ ਸੰਦੀਪ ਸਿੰਘ ਅਤੇ ਉਨ੍ਹਾਂ ਦੇ ਪਿਤਾ ਜਸਬੀਰ ਸਿੰਘ ਦੱਸਦੇ ਹਨ ਕਿ ਇਸ ਸਾਲ ਉਨ੍ਹਾਂ ਨੇ ਕਰੀਬ 20 ਏਕੜ ਰਕਬੇ ਵਿੱਚ ਕਣਕ ਦੇ ਬਦਲ ਵਜੋਂ ਰਾਜਮਾਂਹ ਦੀ ਕਾਸ਼ਤ ਕੀਤੀ ਹੈ।

ਇਸ ਤੋਂ ਪਹਿਲਾਂ ਪਿਛਲੇ ਸਾਲ ਉਨ੍ਹਾਂ ਨੇ ਇਹ ਫ਼ਸਲ ਸਿਰਫ਼ 6 ਏਕੜ ਵਿੱਚ ਬੀਜੀ ਸੀ, ਪਰ ਕਣਕ ਦੇ ਮੁਕਾਬਲੇ ਇਸ ਵਿੱਚ ਉਨ੍ਹਾਂ ਨੂੰ ਦੁਗਣਾ ਮੁਨਾਫ਼ਾ ਹੋਇਆ। ਇਹੀ ਕਾਰਨ ਹੈ ਕਿ ਇਸ ਸਾਲ ਉਨ੍ਹਾਂ ਨੇ ਰਕਬਾ ਵਧਾ ਦਿੱਤਾ।

ਸੰਦੀਪ ਸਿੰਘ ਦੱਸਦੇ ਹਨ, "ਰਾਜਮਾਂਹ ਦੀ ਖੇਤੀ ਲਾਹੇਵੰਦ ਹੈ, ਕਿਉਂਕਿ ਇਸ ਦੇ ਮੰਡੀਕਰਨ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਅਤੇ ਇਹ ਫ਼ਸਲ ਕਰੀਬ ਤਿੰਨ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ।"

"ਇਸ ਤੋਂ ਬਾਅਦ ਅਸੀਂ ਅਗੇਤੀ ਬਾਸਮਤੀ 1509 ਦੀ ਬਿਜਾਈ ਕਰ ਸਕਦੇ ਹਾਂ ਅਤੇ ਉਸ ਦੀ ਕਟਾਈ ਤੋਂ ਬਾਅਦ ਅਗੇਤੇ ਮਟਰ ਵੀ ਬੀਜੇ ਜਾ ਸਕਦੇ ਹਨ, ਜਿਸ ਨਾਲ ਇੱਕ ਸਾਲ ਵਿੱਚ ਤਿੰਨ ਫ਼ਸਲਾਂ ਦਾ ਲਾਭ ਮਿਲਦਾ ਹੈ।"

ਸੰਦੀਪ ਸਿੰਘ ਅਤੇ ਉਨ੍ਹਾਂ ਦੇ ਪਿਤਾ ਜਸਬੀਰ ਸਿੰਘ ਮੁਤਾਬਕ ਉਨ੍ਹਾਂ ਨੇ ਕਰੀਬ 10 ਸਾਲ ਪਹਿਲਾਂ ਵੀ ਇਸ ਫ਼ਸਲ ਦੀ ਬਿਜਾਈ ਕੀਤੀ ਸੀ, ਪਰ ਉਸ ਸਮੇਂ ਜਾਣਕਾਰੀ ਦੀ ਘਾਟ ਕਾਰਨ ਝਾੜ ਘੱਟ ਰਿਹਾ।

ਉਹ ਦੱਸਦੇ ਹਨ ਕਿ ਹੁਣ ਉਨ੍ਹਾਂ ਦੇ ਰਿਸ਼ਤੇਦਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੱਡੇ ਪੱਧਰ 'ਤੇ ਇਹ ਖੇਤੀ ਕਰ ਰਹੇ ਹਨ। ਉਨ੍ਹਾਂ ਦੀ ਸਲਾਹ ਅਤੇ ਬੀਜ ਦੀ ਮਦਦ ਨਾਲ ਪਿਛਲੇ ਸਾਲ ਦੁਬਾਰਾ ਸ਼ੁਰੂਆਤ ਕੀਤੀ ਗਈ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡੀ ਔਂਕੜ ਇਹ ਹੈ ਕਿ ਖੇਤੀਬਾੜੀ ਵਿਭਾਗ ਜਾਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਬਾਰੇ ਨਾ ਤਾਂ ਕੋਈ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਬੀਜ ਜਾਂ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰੀ ਪੱਧਰ 'ਤੇ ਮਦਦ ਮਿਲੇ ਤਾਂ ਕਿਸਾਨ ਹੋਰ ਵੱਡਾ ਲਾਭ ਲੈ ਸਕਦੇ ਹਨ।

ਕਿਸਾਨਾਂ ਨੇ ਦੱਸਿਆ, "ਇਸ ਫ਼ਸਲ ਦਾ ਇੱਕ ਏਕੜ ਪਿੱਛੇ ਕਰੀਬ 10 ਤੋਂ 12 ਕੁਇੰਟਲ ਝਾੜ ਆ ਰਿਹਾ ਹੈ, ਕਵਾਲਟੀ ਵੀ ਚੰਗੀ ਹੈ ਅਤੇ ਭਾਅ ਵੀ ਹੋਰਨਾਂ ਫ਼ਸਲਾਂ ਨਾਲੋਂ ਵਧੀਆ ਮਿਲ ਰਿਹਾ ਹੈ।"

ਇੰਟਰਕ੍ਰੋਪਿੰਗ ਰਾਹੀਂ ਬਿਜਾਈ

ਗੁਰਦਾਸਪੁਰ ਵਿੱਚ ਕੁਝ ਕਿਸਾਨ ਕਮਾਦ ਦੀ ਫ਼ਸਲ ਵਿੱਚ ਇੰਟਰਕ੍ਰੋਪਿੰਗ ਰਾਹੀਂ ਵੀ ਰਾਜਮਾਂਹ ਦੀ ਬਿਜਾਈ ਕਰ ਕੇ ਵਧੀਆ ਮੁਨਾਫ਼ਾ ਕਮਾ ਰਹੇ ਹਨ।

ਕਿਸਾਨਾਂ ਅਤੇ ਖੇਤੀਬਾੜੀ ਮਾਹਰ ਡਾ. ਅਮਰੀਕ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੁਣ ਗੰਨੇ ਦੀ ਬਿਜਾਈ ਰਵਾਇਤੀ ਸਿਆੜਾਂ ਵਾਲੇ ਢੰਗ ਦੀ ਥਾਂ ਖਾਲ੍ਹੀ ਜਾਂ ਟਰੈਂਚ ਵਿਧੀ ਨਾਲ ਵਧੇਰੇ ਕੀਤੀ ਜਾ ਰਹੀ ਹੈ। ਖੰਡ ਮਿੱਲਾਂ ਵੀ ਲੰਬੇ ਸਮੇਂ ਤੋਂ ਗੰਨਾ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ 4 ਫੁੱਟ ਦੇ ਵਕਫ਼ੇ ਨਾਲ ਟਰੈਂਚ ਵਿਧੀ ਰਾਹੀਂ ਬਿਜਾਈ ਕਰਨ ਦੀ ਸਿਫ਼ਾਰਿਸ਼ ਕਰ ਰਹੀਆਂ ਹਨ।

ਉਨ੍ਹਾਂ ਮੁਤਾਬਕ, "ਇਹ ਆਧੁਨਿਕ ਤਕਨੀਕ ਹੈ, ਜਿਸ ਲਈ ਬਿਜਾਈ ਅਤੇ ਕਟਾਈ ਦੀਆਂ ਮਸ਼ੀਨਾਂ ਵੀ ਵਿਭਾਗ ਅਤੇ ਮਿਲਾਂ ਵੱਲੋਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਨਾਲ ਕਿਸਾਨਾਂ ਦਾ ਖਰਚ ਘੱਟ ਹੁੰਦਾ ਹੈ ਅਤੇ ਖੇਤ ਵਿੱਚ ਬਚੀ ਖਾਲ੍ਹੀ ਥਾਂ 'ਤੇ ਦੋਹਰੀ ਫ਼ਸਲ ਵੀ ਲਾਈ ਜਾ ਸਕਦੀ ਹੈ, ਜਿਸ ਨੂੰ ਇੰਟਰਕ੍ਰੋਪਿੰਗ ਕਹਿੰਦੇ ਹਨ।"

ਡਾ. ਅਮਰੀਕ ਸਿੰਘ ਦੱਸਦੇ ਹਨ, "ਪਹਿਲਾਂ ਕਿਸਾਨ ਕਮਾਦ ਨਾਲ ਮਾਂਹ, ਮੂੰਗੀ ਅਤੇ ਭਿੰਡੀ ਵਰਗੀਆਂ ਫ਼ਸਲਾਂ ਦੀ ਇੰਟਰਕ੍ਰੋਪਿੰਗ ਕਰਦੇ ਸਨ, ਪਰ ਹੁਣ ਕੁਝ ਕਿਸਾਨ ਰਾਜਮਾਂਹ ਦੀ ਬਿਜਾਈ ਵੀ ਕਰ ਰਹੇ ਹਨ, ਜਿਸ ਨਾਲ ਇੱਕੋ ਸਮੇਂ ਦੋਹਰੀ ਕਮਾਈ ਹੋ ਰਹੀ ਹੈ।"

ਉਧਰ ਪਿੰਡ ਸਹਾਰੀ ਦੇ ਕਿਸਾਨ ਪਲਵਿੰਦਰ ਸਿੰਘ ਦੱਸਦੇ ਹਨ ਕਿ ਉਹ ਮੁੱਖ ਤੌਰ 'ਤੇ ਕਮਾਦ ਦੀ ਖੇਤੀ ਕਰਦੇ ਹਨ ਅਤੇ ਕਰੀਬ 25 ਏਕੜ ਵਿੱਚ ਕਮਾਦ ਬੀਜੀ ਹੋਈ ਹੈ।

ਪਿਛਲੇ ਸਾਲ ਉਨ੍ਹਾਂ ਨੇ ਸਿਰਫ਼ 4 ਕਨਾਲ ਵਿੱਚ ਰਾਜਮਾਂਹ ਟ੍ਰਾਇਲ ਵਜੋਂ ਬੀਜੀ ਸੀ, ਜਿਸ ਦਾ ਝਾੜ ਚੰਗਾ ਰਿਹਾ। ਇਸ ਕਾਰਨ ਇਸ ਵਾਰ ਉਨ੍ਹਾਂ ਨੇ 6 ਏਕੜ ਵਿੱਚ ਕਮਾਦ ਨਾਲ ਰਾਜਮਾਂਹ ਦੀ ਇੰਟਰਕ੍ਰੋਪਿੰਗ ਕੀਤੀ ਹੈ।

ਪਲਵਿੰਦਰ ਸਿੰਘ ਦੱਸਦੇ ਹਨ, "ਕਮਾਦ ਦੀ ਫ਼ਸਲ 'ਤੇ ਆਇਆ ਖਰਚ ਤਾਂ ਰਾਜਮਾਂਹ ਤੋਂ ਹੀ ਨਿਕਲ ਗਿਆ ਅਤੇ ਹੁਣ ਦੋਹਰੀ ਆਮਦਨ ਹੋ ਰਹੀ ਹੈ। ਫ਼ਸਲ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਇਸ ਵਾਰ ਕਰੀਬ 6 ਕੁਇੰਟਲ ਪ੍ਰਤੀ ਏਕੜ ਝਾੜ ਹੋਵੇਗਾ।"

ਮਾਹਰਾਂ ਦੀ ਰਾਇ

ਮੰਡੀਕਰਨ ਬਾਰੇ ਪਲਵਿੰਦਰ ਸਿੰਘ ਦੱਸਦੇ ਹਨ ਕਿ ਗੰਨੇ ਦੀ ਫ਼ਸਲ ਦੇ ਪੈਸੇ ਕਈ ਮਹੀਨਿਆਂ ਬਾਅਦ ਮਿਲਦੇ ਹਨ, ਜਦਕਿ ਰਾਜਮਾਂਹ ਨੂੰ ਕਿਸੇ ਕਾਰੋਬਾਰੀ ਨੂੰ ਤੁਰੰਤ ਵੇਚਿਆ ਜਾ ਸਕਦਾ ਹੈ।

ਉਹ ਕਹਿੰਦੇ ਹਨ, "ਜੇ ਕਿਸਾਨ ਖ਼ੁਦ ਪੈਕਿੰਗ ਕਰਕੇ ਸਿੱਧਾ ਗਾਹਕਾਂ ਤੱਕ ਪਹੁੰਚਣ ਤਾਂ ਇਸ ਤੋਂ ਹੋਰ ਵੀ ਵਧੀਆ ਆਮਦਨ ਲਈ ਜਾ ਸਕਦੀ ਹੈ।"

ਕਿਸਾਨਾਂ ਦਾ ਕਹਿਣਾ ਹੈ ਕਿ ਇਹ ਫ਼ਸਲ ਰਵਾਇਤੀ ਫ਼ਸਲਾਂ ਨਾਲੋਂ ਵੱਧ ਮਿਹਨਤ ਅਤੇ ਨਿਗਰਾਨੀ ਮੰਗਦੀ ਹੈ, ਪਰ ਸਹੀ ਦੇਖਭਾਲ ਨਾਲ ਇਸ ਦੇ ਨਤੀਜੇ ਵੀ ਕਾਫ਼ੀ ਚੰਗੇ ਮਿਲ ਰਹੇ ਹਨ।

ਖੇਤੀਬਾੜੀ ਮਾਹਰ ਡਾ. ਅਮਰੀਕ ਸਿੰਘ ਦੱਸਦੇ ਹਨ ਕਿ ਰਾਜਮਾਂਹ ਮੁੱਖ ਤੌਰ 'ਤੇ ਦੋ ਕਿਸਮਾਂ ਦੇ ਹੁੰਦੇ ਹਨ, ਲਾਲ ਅਤੇ ਚਿੱਤਰੇ।

ਉਹ ਆਖਦੇ ਹਨ, "ਜੰਮੂ-ਕਸ਼ਮੀਰ ਵੱਲ ਦੇ ਲਾਲ ਰਾਜਮਾ ਕਾਫ਼ੀ ਮਸ਼ਹੂਰ ਹਨ ਅਤੇ ਇਹ ਫ਼ਸਲ ਹੋਰਨਾਂ ਸੂਬਿਆਂ ਵਿੱਚ ਵੀ ਵੱਡੇ ਪੱਧਰ 'ਤੇ ਹੁੰਦੀ ਹੈ, ਪਰ ਹੁਣ ਕੁਝ ਸਮੇਂ ਤੋਂ ਪੰਜਾਬ ਵਿੱਚ ਵੀ ਇਸ ਦੀ ਕਾਸ਼ਤ ਹੋ ਰਹੀ ਹੈ।"

"ਪਰ ਪੰਜਾਬ ਵਿੱਚ ਚਿੱਤਰੇ ਰਾਜਮਾਂਹ ਦੀ ਕਾਸ਼ਤ ਦੇ ਨਤੀਜੇ ਕਾਫ਼ੀ ਚੰਗੇ ਸਾਹਮਣੇ ਆਏ ਹਨ, ਜਦਕਿ ਲਾਲ ਰਾਜਮਾਂਹ ਦੀ ਖੇਤੀ ਨੂੰ ਇੱਥੇ ਵਧੇਰੇ ਸਫ਼ਲਤਾ ਨਹੀਂ ਮਿਲੀ।"

ਡਾ. ਅਮਰੀਕ ਸਿੰਘ ਕਹਿੰਦੇ ਹਨ, "ਪੰਜਾਬ ਦਾ ਮੌਸਮ ਰਾਜਮਾਂਹ ਦੀ ਇਸ ਕਿਸਮ ਲਈ ਕਾਫ਼ੀ ਅਨੁਕੂਲ ਹੈ ਅਤੇ ਕਿਸਾਨਾਂ ਨੂੰ ਇਸ ਤੋਂ ਹੋਰਨਾਂ ਇੰਟਰਕ੍ਰੋਪਿੰਗ ਫ਼ਸਲਾਂ ਦੇ ਮੁਕਾਬਲੇ ਵਧੇਰੇ ਲਾਭ ਮਿਲ ਰਿਹਾ ਹੈ।"

ਡਾ. ਅਮਰੀਕ ਸਿੰਘ ਦੇ ਮੁਤਾਬਕ ਇਸ ਦੀ ਬਿਜਾਈ ਦਾ ਢੁਕਵਾਂ ਸਮਾਂ 15 ਜਨਵਰੀ ਤੋਂ 15 ਫ਼ਰਵਰੀ ਤੱਕ ਹੈ। ਉਨ੍ਹਾਂ ਨੇ ਦੱਸਿਆ ਕਿ ਕਮਾਦ ਦੀ ਫ਼ਸਲ ਨਾਲ ਪਹਿਲਾਂ ਮਾਂਹ, ਮੂੰਗੀ ਅਤੇ ਭਿੰਡੀ ਵਰਗੀਆਂ ਫ਼ਸਲਾਂ ਦੀ ਇੰਟਰਕ੍ਰੋਪਿੰਗ ਕੀਤੀ ਜਾਂਦੀ ਸੀ, ਪਰ ਰਾਜਮਾਂਹ ਵਿੱਚ ਹੋਰ ਵੱਧ ਲਾਭ ਦੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਕਿਹਾ, "ਇਸ ਦਾ ਬੀਜ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਇੱਕ ਵਾਰ ਬੀਜ ਖਰੀਦਣ ਤੋਂ ਬਾਅਦ ਕਿਸਾਨ ਖ਼ੁਦ ਵੀ ਬੀਜ ਸੰਭਾਲ ਸਕਦੇ ਹਨ, ਜਿਸ ਨਾਲ ਖਰਚ ਘਟਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)