ਹਾਰਟ ਅਟੈਕ ਹੋਣ ਵਾਲਾ ਹੈ, ਇਸਦੇ ਖ਼ਤਰੇ ਬਾਰੇ ਕੋਈ ਕਿਵੇਂ ਜਾਣ ਸਕਦਾ ਹੈ ਤੇ ਇਸ ਤੋਂ ਬਚਣ ਲਈ ਤੁਰੰਤ ਕੀ ਕਰਨਾ ਚਾਹੀਦਾ ਹੈ

    • ਲੇਖਕ, ਪ੍ਰਿਅੰਕਾ ਧੀਮਾਨ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਹਾਰਟ ਅਟੈਕ- ਇੱਕ ਅਜਿਹੀ ਬਿਮਾਰੀ ਜੋ ਅਚਾਨਕ, ਚੁੱਪਚਾਪ ਅਤੇ ਬਿਨ੍ਹਾਂ ਕੋਈ ਚੇਤਾਵਨੀ ਦਿੱਤੇ ਵੀ ਹੋ ਸਕਦੀ ਹੈ। ਇਹ ਦੁਨੀਆ ਭਰ ਵਿੱਚ ਹੋਣ ਵਾਲੀਆਂ ਮੌਤਾਂ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਹੈ।

ਪਰ ਹਾਰਟ ਅਟੈਕ ਨਾਲ ਹੋਣ ਵਾਲੀਆਂ ਮੌਤਾਂ ਕਿਉਂ ਵਧ ਰਹੀਆਂ ਹਨ, ਨੌਜਵਾਨ ਕਿਉਂ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ, ਕਿਵੇਂ ਕੋਈ ਆਪਣੇ ਆਪ ਨੂੰ ਹਾਰਟ ਅਟੈਕ ਤੋਂ ਬਚਾ ਸਕਦਾ ਹੈ?

ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ਸਿਹਤ ਸੀਕ੍ਰੇਟਸ ਦੇ ਦੂਜੇ ਐਪੀਸੋਡ ਵਿੱਚ ਗੱਲ ਇਸੇ ਬਿਮਾਰੀ ਬਾਰੇ ਕਰਾਂਗੇ ਅਤੇ ਇਸ ਨਾਲ ਜੁੜੇ ਤਮਾਮ ਅਹਿਮ ਸਵਾਲਾਂ ਦੇ ਜਵਾਬ ਜਾਨਣ ਦੀ ਕੋਸ਼ਿਸ਼ ਕਰਾਂਗੇ।

ਇਸ ਬਾਬਤ ਅਸੀਂ ਦਿੱਲੀ ਦੇ ਬੀਐੱਲਕੇ ਮੈਕਸ ਸੁਪਰਸਪੈਸ਼ੇਲਿਟੀ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਡਾ. ਸਤਬੀਰ ਸਿੰਘ ਨਾਲ ਗੱਲਬਾਤ ਕੀਤੀ ਜੋ ਇੱਕ ਮੰਨੇ-ਪ੍ਰਮੰਨੇ ਕਾਰਡੀਓਲੋਜਿਸਟ ਹਨ।

ਇਸ ਰਿਪੋਰਟ ਵਿੱਚ ਸਿਲਸਿਲੇਵਾਰ ਹਰ ਸਵਾਲ ਦਾ ਜਵਾਬ ਦਿੱਤਾ ਗਿਆ ਹੈ।

ਹਾਰਟ ਅਟੈਕ ਨਾਲ ਜੁੜੇ ਅਹਿਮ ਸਵਾਲਾਂ ਦੇ ਜਵਾਬ ਜਾਣੋ

ਸਵਾਲ- ਹਾਰਟ ਅਟੈਕ ਹੁੰਦਾ ਕੀ ਹੈ ਅਤੇ ਕੀ ਇਹ ਕਿਸੇ ਨੂੰ ਵੀ ਹੋ ਸਕਦਾ ਹੈ ?

ਜਵਾਬ- ਦਿਲ ਦੇ ਧੜਕਣ ਲਈ ਆਕਸੀਜਨ ਚਾਹੀਦੀ ਹੈ, ਆਕਸੀਜਨ ਖੂਨ ਦੇ ਰਸਤੇ ਆਉਂਦੀ ਹੈ ਅਤੇ ਖੂਨ ਨਸਾਂ ਵਿੱਚ ਚੱਲਦਾ ਹੈ ਅਤੇ ਜਦੋਂ ਨਸਾਂ ਦੇ ਵਿੱਚ ਅਚਾਨਕ ਰੁਕਾਵਟ ਆ ਜਾਂਦੀ ਹੈ ਤਾਂ ਉਸ ਸਥਿਤੀ ਨੂੰ ਹਾਰਟ ਅਟੈਕ ਕਿਹਾ ਜਾਂਦਾ ਹੈ।

ਇਹ ਕਿਸੇ ਨੂੰ ਵੀ ਹੋ ਸਕਦਾ ਹੈ, ਜ਼ਰੂਰੀ ਗੱਲ ਇਹ ਹੈ ਕਿ ਹਾਰਟ ਅਟੈਕ ਹੀ ਸਿਰਫ਼ ਇੱਕ ਬਿਮਾਰੀ ਨਹੀਂ ਹੈ। ਕਿਸੇ ਵੇਲੇ ਬਲਾਕੇਜ ਪੂਰੀ ਨਹੀਂ ਬਲਕਿ ਘੱਟ ਹੁੰਦੀ ਹੈ ਤਾਂ ਅਜਿਹੇ 'ਚ ਇਨਸਾਨ ਨੂੰ ਤੁਰਨ-ਫਿਰਨ 'ਤੇ ਲੱਛਣ ਮਹਿਸੂਸ ਹੁੰਦੇ ਹਨ। ਕਈ ਵਾਰ ਪਹਿਲੀ ਵਾਰ ਹੀ ਪਤਾ ਚੱਲਦਾ ਹੈ ਕਿ ਅਚਾਨਕ ਹਾਰਟ ਅਟੈਕ ਹੋ ਗਿਆ।

ਹਾਰਟ ਅਟੈਕ ਬਹੁਤ ਵਾਰ ਇਕਦਮ ਵੀ ਹੋ ਜਾਂਦਾ ਹੈ ਪਰ ਬਹੁਤ ਸਾਰੇ ਮਰੀਜ਼ਾਂ ਵਿੱਚ ਲੱਛਣ ਦਿਸਣ ਲੱਗ ਜਾਂਦੇ ਹਨ ਜਿਨ੍ਹਾਂ ਨੂੰ ਅਕਸਰ ਲੋਕ ਅਣਦੇਖਿਆ ਕਰ ਦਿੰਦੇ ਹਨ।

ਸਵਾਲ- ਦਿਲ ਦੇ ਦੌਰੇ ਦੇ ਮੁੱਖ ਲੱਛਣ ਕੀ ਹਨ ?

ਜਵਾਬ- ਚੱਲਣ ਵੇਲੇ ਛਾਤੀ ਵਿੱਚ ਭਾਰੀਪਣ ਹੋਣਾ, ਇਹ ਉਦੋਂ ਹੁੰਦਾ ਹੈ ਜਦੋਂ ਬਲਾਕੇਜ ਘੱਟ ਹੋਵੇ। ਜਦੋਂ ਪੂਰੀ ਬਲਾਕੇਜ ਹੁੰਦੀ ਹੈ ਤਾਂ ਉਦੋਂ ਬੈਠੇ-ਬੈਠੇ ਵੀ ਛਾਤੀ ਵਿੱਚ ਦਰਦ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਪਸੀਨਾ ਬਹੁਤ ਆਉਂਦਾ ਹੈ, ਸਾਹ ਫੁੱਲਣ ਲੱਗਦਾ ਹੈ ਅਤੇ ਜਿਹੜੀ ਦਰਦ ਹੁੰਦੀ ਹੈ ਉਹ ਤੁਹਾਡੀ ਖੱਬੀ ਬਾਂਹ, ਧੌਣ ਅਤੇ ਮੂੰਹ ਦੇ ਹੇਠਲੇ ਪਾਸੇ ਵੱਲ ਨੂੰ ਜਾਣ ਲੱਗਦੀ ਹੈ। ਚੱਲਣ ਉੱਤੇ ਇਹ ਦਰਦ ਹੋਰ ਵੱਧਦੀ ਹੈ। ਜੇਕਰ ਇਹੋ ਜਿਹੀ ਸਥਿਤੀ ਹੋਵੇ ਤਾਂ ਮੰਨਿਆ ਜਾ ਸਕਦਾ ਹੈ ਕਿ ਇਹ ਹਾਰਟ ਅਟੈਕ ਦੇ ਲੱਛਣ ਹੋ ਸਕਦੇ ਹਨ।

ਸਵਾਲ- ਇਹ ਬਿਮਾਰੀ ਕਿਹੜੇ ਕਾਰਨਾਂ ਕਰਕੇ ਹੁੰਦੀ ਹੈ ?

ਜਵਾਬ- ਸਭ ਤੋਂ ਵੱਡਾ ਕਾਰਨ ਸਾਡੀ ਜੀਵਨਸ਼ੈਲੀ, ਸਾਡਾ ਖਾਣਾ-ਪੀਣਾ, ਘੱਟ ਤੁਰਨਾ- ਫਿਰਨਾ, ਕਸਰਤ ਨਾ ਕਰਨਾ, ਟਰਾਂਸ ਫੈਟ ਵਾਲੀਆਂ ਚੀਜ਼ਾਂ ਜ਼ਿਆਦਾ ਖਾਣਾ, ਸ਼ੂਗਰ ਅਤੇ ਬੀਪੀ ਦਾ ਧਿਆਨ ਨਾ ਰੱਖਣਾ। ਜੇਕਰ ਪਰਿਵਾਰ ਵਿੱਚ ਕਿਸੇ ਨੂੰ ਹਾਰਟ ਦੀ ਬਿਮਾਰੀ ਹੋਵੇ ਤਾਂ ਇਨ੍ਹਾਂ ਚੀਜ਼ਾਂ ਦਾ ਧਿਆਨ ਹੋਰ ਵੀ ਜ਼ਿਆਦਾ ਰੱਖਣਾ ਚਾਹੀਦਾ ਹੈ।

ਸਵਾਲ- ਬਹੁਤ ਦੇਖਣ-ਸੁਣਨ ਨੂੰ ਮਿਲਦਾ ਹੈ ਕਿ ਜਿਮ ਕਰਨ ਵੇਲੇ ਕਿਸੇ ਸ਼ਖ਼ਸ ਨੂੰ ਹਾਰਟ ਅਟੈਕ ਆ ਗਿਆ, ਕੀ ਵਾਧੂ ਕਸਰਤ ਵੀ ਨੁਕਸਾਨਦੇਹ ਹੋ ਸਕਦੀ ਹੈ ?

ਜਵਾਬ- ਜਿਮ ਦੇ ਵਿੱਚ ਹੋਣ ਵਾਲੀ ਹਰ ਇਸ ਤਰ੍ਹਾਂ ਦੀ ਚੀਜ਼ ਹਾਰਟ ਅਟੈਕ ਨਹੀਂ ਹੁੰਦੀ, ਅਚਾਨਕ ਹੋਣ ਵਾਲੀ ਹਰ ਮੌਤ ਨੂੰ ਹਾਰਟ ਅਟੈਕ ਕਹਿ ਦਿੱਤਾ ਜਾਂਦਾ ਹੈ। ਪਰ ਜ਼ਰੂਰੀ ਨਹੀਂ ਹੈ ਕਿ ਅਚਾਨਕ ਹੋਣ ਵਾਲੀ ਹਰ ਮੌਤ ਹਾਰਟ ਅਟੈਕ ਹੋਵੇ। ਕੁਝ ਹਾਰਟ ਦੀਆਂ ਅਜਿਹੀਆਂ ਬਿਮਾਰੀਆਂ ਹਨ, ਜਿਸ ਵਿੱਚ ਮਰੀਜ਼ ਦੀ ਅਚਾਨਕ ਮੌਤ ਬਿਨ੍ਹਾਂ ਨਾੜੀਆਂ ਦੀ ਬਲਾਕੇਜ ਕਾਰਨ ਵੀ ਹੁੰਦੀ ਹੈ।

ਇਸ ਤੋਂ ਇਲਾਵਾ ਬ੍ਰੇਨ ਦੇ ਸਟ੍ਰੋਕ ਵੀ ਹੋ ਸਕਦੇ ਹਨ, ਜਿਸ ਵਿੱਚ ਦਿਮਾਗ ਦੀਆਂ ਨਾੜੀਆਂ ਵਿੱਚ ਬਲਾਕੇਜ ਹੋ ਜਾਂਦੀ ਹੈ। ਇਸ ਲਈ ਇਹ ਜ਼ਰੂਰੀ ਨਹੀਂ ਹੈ ਕਿ ਜਿਮ ਵਿੱਚ ਹੋਣ ਵਾਲੀ ਅਚਾਨਕ ਮੌਤ ਪਿੱਛੇ ਹਾਰਟ ਅਟੈਕ ਹੀ ਵਜ੍ਹਾ ਹੋਵੇ ਪਰ ਜ਼ਿਆਦਾਤਰ ਕਾਰਨ ਕਾਰਡੀਐਕ ਅਰੈਸਟ ਹੁੰਦੇ ਹਨ।

ਸਵਾਲ- ਕੋਈ ਇਹ ਕਿਵੇਂ ਜਾਣ ਸਕਦਾ ਹੈ ਕਿ ਉਸ ਨੂੰ ਹਾਰਟ ਅਟੈਕ ਹੋਣ ਵਾਲਾ ਹੈ ?

ਜਵਾਬ- ਹਾਰਟ ਅਟੈਕ ਹੋਣ ਵਾਲਾ ਹੈ, ਇਹ ਤਾਂ ਕੋਈ ਨਹੀਂ ਜਾਣ ਸਕਦਾ। ਪਰ ਜਿੰਨੇ ਜ਼ਿਆਦਾ ਰਿਸਕ ਫੈਕਟਰਸ ਹੋਣਗੇ, ਹਾਰਟ ਅਟੈਕ ਹੋਣ ਦੀ ਸੰਭਾਵਨਾ ਓਨੀ ਜ਼ਿਆਦਾ ਹੋਵੇਗੀ। ਦੁਨੀਆ ਵਿੱਚ ਇੱਕ ਸਟੱਡੀ ਹੋਈ ਸੀ, ਜਿਸਦਾ ਨਾਮ ਹੈ ਇੰਟਰ ਹਾਰਟ ਸਟੱਡੀ ਜੋ 50 ਤੋਂ ਵੱਧ ਮੁਲਕਾਂ ਵਿੱਚ ਹੋਈ ਅਤੇ ਇੱਕ ਲੱਖ ਤੋਂ ਵੱਧ ਮਰੀਜ਼ਾਂ ਉੱਤੇ ਕੀਤੀ ਗਈ, ਜਿਨ੍ਹਾਂ ਨੂੰ ਪਹਿਲਾ ਹਾਰਟ ਅਟੈਕ ਹੋਇਆ।

ਉਸ ਸਟੱਡੀ ਵਿੱਚ ਬਲੱਡ ਪ੍ਰੈਸ਼ਰ, ਡਾਇਬਟੀਜ਼, ਕੋਲੇਸਟ੍ਰੋਲ ਲੈਵਲ ਅਤੇ ਚਿੰਤਾ ਕਰਨਾ, ਹਾਰਟ ਅਟੈਕ ਹੋਣ ਦੇ ਸਭ ਤੋਂ ਵੱਡੇ ਕਾਰਨ ਮੰਨੇ ਗਏ। ਸਿਗਰੇਟ ਪੀਣਾ, ਕਸਰਤ ਨਾ ਕਰਨਾ ਅਤੇ ਸ਼ਾਕਾਹਾਰੀ ਖਾਣਾ ਘੱਟ ਖਾਣ ਨਾਲ ਵੀ ਇਸਦਾ ਖ਼ਤਰਾ ਪੈਦਾ ਹੁੰਦਾ ਹੈ।

ਸਵਾਲ- ਆਮ ਛਾਤੀ ਦੀ ਦਰਦ ਅਤੇ ਹਾਰਟ ਅਟੈਕ ਵਾਲੀ ਦਰਦ ਵਿੱਚ ਕੀ ਫਰਕ ਹੈ ?

ਜਵਾਬ- ਦਿਲ ਦੀ ਦਰਦ ਕਦੇ ਵੀ ਤੁਹਾਡੀ ਛਾਤੀ ਦੇ ਇੱਕ ਛੋਟੇ ਜਿਹੇ ਹਿੱਸੇ ਵਿੱਚ ਨਹੀਂ ਹੁੰਦੀ। ਸੂਈ ਵਰਗੀ ਦਰਦ ਨਹੀਂ ਹੋਵੇਗੀ ਅਤੇ ਇਹ ਦਰਦ ਜ਼ਿਆਦਾ ਹਿੱਸੇ ਵਿੱਚ ਹੋਵੇਗੀ। ਮਰੀਜ਼ ਇਹ ਦੱਸ ਨਹੀਂ ਪਾਉਂਦਾ ਕਿ ਦਰਦ ਕਿੱਥੋਂ ਸ਼ੁਰੂ ਹੋਈ ਅਤੇ ਕਿੱਥੋਂ ਤੱਕ ਜਾ ਰਹੀ ਹੈ।

ਕਈ ਵਾਰ ਇਹ ਵੀ ਹੁੰਦਾ ਹੈ ਕਿ ਹਾਰਟ ਦੇ ਹੇਠਲੇ ਹਿੱਸੇ ਵਿੱਚ ਜਦੋਂ ਆਕਸੀਜਨ ਦੀ ਸਪਲਾਈ ਘੱਟਦੀ ਹੈ ਤਾਂ ਉਸਦੇ ਲੱਛਣ ਗੈਸ ਵਾਲੇ ਹੋ ਸਕਦੇ ਹਨ। ਪਰ ਜੇਕਰ ਤੁਹਾਨੂੰ ਗੈਸ ਵਾਲੇ ਲੱਛਣ ਚੱਲਣ ਉੱਤੇ ਜਾਂ ਪੌੜੀਆਂ ਚੜ੍ਹਨ ਉੱਤੇ ਹੋ ਰਹੇ ਹਨ ਤਾਂ ਹਾਰਟ ਅਟੈਕ ਦਾ ਖ਼ਤਰਾ ਹੁੰਦਾ ਹੈ। ਅਜਿਹੀ ਸਥਿਤੀ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਸਵਾਲ- ਕਿਹੜੇ ਟੈਸਟ ਕਰਵਾ ਕੇ ਇਸ ਬਿਮਾਰੀ ਬਾਰੇ ਪਤਾ ਕੀਤਾ ਜਾ ਸਕਦਾ ਹੈ ?

ਜਵਾਬ- ਬਲੱਡ ਪ੍ਰੈਸ਼ਰ ਚੈੱਕ ਕਰਨਾ, ਸ਼ੂਗਰ ਚੈੱਕ ਕਰਨਾ, HbA1c ਟੈਸਟ ਹੁੰਦਾ ਹੈ ਜੋ 3 ਮਹੀਨੇ ਦੀ ਔਸਤਨ ਸ਼ੂਗਰ ਦੱਸਦਾ ਹੈ। ਐੱਲਡੀਏ ਅਤੇ ਐੱਲਪੀਏ ਕੋਲੇਸਟ੍ਰੋਲ ਬਾਰੇ ਪਤਾ ਕਰਨਾ, ਸਰੀਰ ਦੇ ਵਿੱਚ ਇਨਫਲਾਮੇਸ਼ਨ, ਨਸਾਂ ਦੇ ਵਿੱਚ ਸੋਜ ਲਈ ਸੀਐੱਲਪੀ ਦਾ ਟੈਸਟ ਹੁੰਦਾ ਹੈ। ਇਸ ਤੋਂ ਵੀ ਜ਼ਰੂਰੀ ਮਰੀਜ਼ ਕੋਲੋਂ ਉਸਦੀ ਪਰਿਵਾਰਕ ਹਿਸਟਰੀ ਪਤਾ ਕਰਨਾ ਹੈ।

ਜੇਕਰ ਤੁਹਾਡੇ ਪਰਿਵਾਰ ਵਿੱਚ ਕਿਸੇ ਮਰਦ ਮੈਂਬਰ ਨੂੰ 55 ਸਾਲ ਦੀ ਉਮਰ ਤੋਂ ਪਹਿਲਾਂ ਤੇ ਮਹਿਲਾ ਮੈਂਬਰ ਨੂੰ 65 ਦੀ ਉਮਰ ਤੋਂ ਪਹਿਲਾਂ ਪਹਿਲਾ ਹਾਰਟ ਅਟੈਕ ਆਇਆ ਹੈ ਤਾਂ ਜੈਨੇਟਿਕਲੀ ਤੁਹਾਡੇ ਵਿੱਚ ਹਾਰਟ ਅਟੈਕ ਹੋਣ ਦਾ ਖ਼ਤਰਾ ਵੱਧ ਹੈ। ਇਸ ਲਈ ਇਨ੍ਹਾਂ ਖ਼ਤਰਿਆਂ ਬਾਰੇ ਪਤਾ ਕਰਨਾ ਅਤੇ ਉਨ੍ਹਾਂ ਦਾ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਤੁਸੀਂ ਇਸ ਬਿਮਾਰੀ ਤੋਂ ਬਚ ਸਕੋ।

ਸਵਾਲ- ਡਾਇਬਟੀਜ਼ ਦਾ ਹਾਰਟ ਅਟੈਕ ਨਾਲ ਕਿੰਨਾ ਲਿੰਕ ਹੈ ?

ਜਵਾਬ- ਜੇਕਰ ਕਿਸੇ ਨੂੰ ਡਾਇਬਟੀਜ਼ ਹੋ ਜਾਂਦੀ ਹੈ ਤਾਂ ਮੰਨ ਲਿਆ ਜਾਂਦਾ ਹੈ ਕਿ ਉਸ ਨੂੰ ਹਾਰਟ ਅਟੈਕ ਵੀ ਹੋ ਸਕਦਾ ਹੈ। ਇਸ ਲਈ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਉਹੀ ਸਾਰੇ ਬਦਲਾਅ ਕਰਨੇ ਚਾਹੀਦੇ ਹਨ, ਜੋ ਇੱਕ ਹਾਰਟ ਦੇ ਮਰੀਜ਼ ਨੂੰ ਕਰਨੇ ਚਾਹੀਦੇ ਹਨ। ਅਜਿਹਾ ਬਲੱਡ ਪ੍ਰੈਸ਼ਰ ਅਤੇ ਹਾਈ ਕੋਲੇਸਟ੍ਰੋਲ ਲੈਵਲ ਬਾਰੇ ਵੀ ਮੰਨਿਆ ਜਾਂਦਾ ਹੈ। ਜਦੋਂ ਇਹ ਤਿੰਨੇ ਚੀਜ਼ਾਂ ਮਿਲ ਜਾਣ ਤਾਂ ਤੁਹਾਨੂੰ ਹਾਰਟ ਦੀ ਬਿਮਾਰੀ ਦਾ ਖ਼ਤਰਾ ਬਹੁਤ ਵਧਾ ਦਿੰਦੀਆਂ ਹਨ।

ਸਵਾਲ- ਇੱਕ ਚੰਗੀ ਜੀਵਨ ਸ਼ੈਲੀ ਨਾਲ ਕੀ ਜੈਨੇਟਿਕਸ ਹਾਰਟ ਡਿਜ਼ੀਜ਼ ਨੂੰ ਮਾਤ ਦਿੱਤੀ ਜਾ ਸਕਦੀ ਹੈ ?

ਜਵਾਬ- ਜੇਕਰ ਕਿਸੇ ਵਿੱਚ ਜੈਨੇਟਿਕਲ ਹਾਰਟ ਡਿਜ਼ੀਜ਼ ਦਾ ਖ਼ਤਰਾ ਹੋਵੇ ਤਾਂ ਬਾਕੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਟ੍ਰੀਟ ਕਰਨਾ ਬਹੁਤ ਜ਼ਰੂਰੀ ਹੈ। ਜਿਵੇਂ ਕਿ ਡਾਇਬਟੀਜ਼ ਦਾ ਪਤਾ ਲਗਾਉਣਾ ਅਤੇ ਉਸਦਾ ਚੰਗੀ ਤਰ੍ਹਾਂ ਇਲਾਜ ਕਰਨਾ, ਕੋਲੇਸਟ੍ਰੇਲ ਹੋਵੇ ਤਾਂ ਉਸਦਾ ਵੀ ਚੰਗਾ ਇਲਾਜ ਕਰਨਾ। ਫਿਰ ਅਸੀਂ ਉਸਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਰੋਕ ਸਕਦੇ ਹਾਂ।

ਸਵਾਲ- ਸਾਇਲੈਂਟ ਹਾਰਟ ਅਟੈਕ ਕੀ ਹੁੰਦਾ ਹੈ ?

ਜਵਾਬ- ਸਾਇਲੈਂਟ ਹਾਰਟ ਅਟੈਕ ਉਹ ਕੰਡੀਸ਼ਨ ਹੈ ਕਿ ਤੁਹਾਨੂੰ ਹਾਰਟ ਅਟੈਕ ਹੋ ਗਿਆ ਅਤੇ ਪਤਾ ਹੀ ਨਹੀਂ ਚੱਲਿਆ। ਹੋ ਸਕਦਾ ਹੈ ਕਿ ਤੁਹਾਨੂੰ 4-5 ਦਿਨਾਂ ਲਈ ਐਸੀਡਿਟੀ ਹੋਈ ਸੀ ਅਤੇ ਤੁਸੀਂ ਮੰਨ ਲਿਆ ਕਿ ਇਹ ਤਾਂ ਗੈਸ ਦੇ ਕਾਰਨ ਹੈ। ਉਸ ਨੇ ਤੁਹਾਡੇ ਹਾਰਟ ਨੂੰ ਡੈਮੇਜ ਕਰ ਦਿੱਤਾ ਅਤੇ ਤੁਹਾਨੂੰ ਪਤਾ ਨਹੀਂ ਲੱਗਿਆ। ਇਸਦਾ ਪਤਾ ਤਾਂ ਹੀ ਲਗਦਾ ਹੈ ਜਦੋਂ ਤੁਸੀਂ ਆਪਣੇ ਰੈਗੂਲਰ ਟੈਸਟ ਕਰਵਾਉਂਦੇ ਰਹਿੰਦੇ ਹੋ।

ਸਵਾਲ- ਮੰਨ ਲਓ ਕਿਸੇ ਸ਼ਖ਼ਸ ਨੂੰ ਉਦੋਂ ਹਾਰਟ ਅਟੈਕ ਆ ਰਿਹਾ ਜਦੋਂ ਉਹ ਇਕੱਲਾ ਹੋਵੇ ਤਾਂ ਉਸ ਨੂੰ ਤੁਰੰਤ ਕੀ ਕਰਨਾ ਚਾਹੀਦਾ ਹੈ ?

ਜਵਾਬ- ਡਾ. ਸਤਬੀਰ ਸਿੰਘ ਮੁਤਾਬਕ ਜੇਕਰ ਤੁਹਾਨੂੰ ਹਾਰਟ ਅਟੈਕ ਦੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਰੰਤ ਆਪਣੇ ਕਰੀਬੀਆਂ ਜਾਂ ਨੇੜੇ ਮੌਜੂਦ ਲੋਕਾਂ ਨੂੰ ਅਲਰਟ ਕਰ ਦਿਓ ਤਾਂ ਜੋ ਤੁਹਾਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਜਾ ਸਕੇ। ਹਸਪਤਾਲ ਪਹੁੰਚਣ 'ਤੇ ਸਭ ਤੋਂ ਪਹਿਲਾਂ ਤੁਹਾਡੀ ਈਸੀਜੀ ਕੀਤੀ ਜਾਂਦੀ ਹੈ, ਅਸੀਂ ਸੀਰੀਅਲ ਈਸੀਜੀ ਵੀ ਕਰਦੇ ਹਾਂ ਅਤੇ ਕੁਝ ਬਲੱਡ ਟੈਸਟ ਹੁੰਦੇ ਹਨ ਜਿਸ ਨਾਲ ਇਹ ਦੱਸਿਆ ਜਾ ਸਕਦਾ ਹੈ ਕਿ ਛੋਟਾ ਹਾਰਟ ਅਟੈਕ ਹੈ ਜਾਂ ਮੇਜਰ ਹਾਰਟ ਅਟੈਕ ਹੈ।

ਸਭ ਤੋਂ ਜ਼ਿਆਦਾ ਹਾਰਟ ਅਟੈਕ ਵਿੱਚ ਜੇਕਰ ਕਿਸੇ ਦਵਾਈ ਨੇ ਜਾਨਾਂ ਬਚਾਈਆਂ ਹਨ ਤਾਂ ਉਹ ਹੈ ਐਸਪੀਰਿਨ। ਇਸ ਲਈ ਐਸਪੀਰਿਨ ਦੀ ਦਵਾਈ ਹਰ ਘਰ ਵਿੱਚ ਹੋਣੀ ਚਾਹੀਦੀ ਹੈ। ਬੀਪੀ ਮਸ਼ੀਨ ਹਰ ਘਰ ਵਿੱਚ ਹੋਣੀ ਚਾਹੀਦੀ ਹੈ ਤੇ ਜਦੋਂ ਵੀ ਕਦੇ ਤੁਹਾਨੂੰ ਲੱਗੇ ਕਿ ਹਾਰਟ ਅਟੈਕ ਦੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਦੋਵਾਂ ਬਾਹਾਂ ਦਾ ਬੀਪੀ ਚੈੱਕ ਕਰ ਲਓ।

ਜੇਕਰ ਦੋਵੇਂ ਬਾਹਾਂ ਦੇ ਬੀਪੀ ਵਿਚਲਾ ਫਰਕ 20 ਤੋਂ ਜ਼ਿਆਦਾ ਨਹੀਂ ਆ ਰਿਹਾ ਤਾਂ ਡਿਸਪਰਿਨ ਖਾ ਲਵੋ। ਜੇਕਰ 20 ਤੋਂ ਜ਼ਿਆਦਾ ਦਾ ਫਰਕ ਆ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਹਾਰਟ ਅਟੈਕ ਆਰੋਟਿਕ ਡਾਇਸੈਕਸ਼ਨ ਕੰਡੀਸ਼ਨ ਕਰਕੇ ਆ ਰਿਹਾ ਹੋਵੇ। ਜੇਕਰ ਉਸ ਕੰਡੀਸ਼ਨ ਵਿੱਚ ਤੁਸੀਂ ਡਿਸਪਰਿਨ ਜਾਂ ਖ਼ੂਨ ਪਤਲਾ ਕਰਨ ਵਾਲੀ ਦਵਾਈ ਖਾਓਗੇ ਤਾਂ ਉਹ ਉਲਟਾ ਅਸਰ ਕਰੇਗੀ ਅਤੇ ਖ਼ਤਰਾ ਹੋਰ ਵਧ ਜਾਵੇਗਾ।

ਸਵਾਲ- ਕੀ ਹਾਰਟ ਅਟੈਕ ਦੇ ਹਰ ਮਰੀਜ਼ ਦੀ ਸਰਜਰੀ ਕਰਨ ਦੀ ਲੋੜ ਪੈਂਦੀ ਹੈ ਜਾਂ ਦਵਾਈਆਂ ਨਾਲ ਵੀ ਠੀਕ ਕੀਤਾ ਜਾ ਸਕਦਾ ਹੈ ?

ਜਵਾਬ- ਦਵਾਈਆਂ ਨਾਲ ਬਹੁਤ ਸਾਰੇ ਮਰੀਜ਼ਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਪਰ ਹਾਰਟ ਅਟੈਕ ਦੀ ਇੱਕ ਕੰਡੀਸ਼ਨ ਹੁੰਦੀ ਹੈ ਜਿਸ ਨੂੰ ਸਟੈਮੀ ਕਿਹਾ ਜਾਂਦਾ ਹੈ, ਉਸ ਵਿੱਚ ਹਾਰਟ ਦੀ ਮੇਜਰ ਵੈਸਲ ਜਦੋਂ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ, ਉਸ ਕੰਡੀਸ਼ਨ ਵਿੱਚ ਸਰਜਰੀ ਦੀ ਲੋੜ ਪੈਂਦੀ ਹੈ ਜਿਸ ਨੂੰ ਐਂਜਿਊ ਪਲਾਸਟੀ ਕਿਹਾ ਜਾਂਦਾ ਹੈ।

ਕਿਉਂਕਿ ਜੇਕਰ ਅਸੀਂ ਉਸ ਨਾੜੀ ਨੂੰ ਨਹੀਂ ਖੋਲ੍ਹਾਂਗੇ ਤਾਂ ਉਹ ਹਾਰਟ ਦੇ ਉਸ ਹਿੱਸੇ ਨੂੰ ਪਰਮਾਨੈਂਟ ਬੰਦ ਕਰ ਦੇਵੇਗੀ। ਉਸ ਨਸ ਨੂੰ ਸਾਨੂੰ 3 ਤੋਂ 12 ਘੰਟੇ ਜਾਂ ਵੱਧ ਤੋਂ ਵੱਧ 24 ਘੰਟਿਆਂ ਵਿੱਚ ਖੋਲ੍ਹ ਦੇਣਾ ਚਾਹੀਦਾ ਹੈ।

ਉਸ ਨੂੰ ਖੋਲ੍ਹਣ ਦੇ ਦੋ ਤਰੀਕੇ ਹਨ ਇੱਕ ਦਵਾਈਆਂ ਨਾਲ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਥ੍ਰੋਂਬੋਲੀਸਿਸ ਕਿਹਾ ਜਾਂਦਾ ਹੈ। ਜੇਕਰ ਐਂਜਿਊ ਪਲਾਸਟੀ ਮੁਹੱਈਆ ਨਾ ਹੋਵੇ ਤਾਂ ਥ੍ਰੋਂਬੋਲੀਸਿਸ ਕਰ ਦੇਣਾ ਚਾਹੀਦਾ ਹੈ।

ਸਵਾਲ- ਥ੍ਰੋਂਬੋਲੀਸਿਸ, ਐਂਜਿਊ ਪਲਾਸਟੀ ਤੇ ਐਂਜਿਊ ਗ੍ਰਾਫ਼ੀ ਵਿੱਚ ਫਰਕ ਕੀ ਹੈ ?

ਜਵਾਬ- ਥ੍ਰੋਂਬੋਲੀਸਿਸ ਇੱਕ ਉਹ ਦਵਾਈ ਹੈ ਜੋ ਹਾਰਟ ਅਟੈਕ ਦੇ ਦੌਰਾਨ ਹਾਰਟ ਦੇ ਅੰਦਰ ਬਣੇ ਕਲੋਟ ਨੂੰ ਬ੍ਰੇਕ ਕਰ ਸਕਦੀ ਹੈ। ਐਂਜਿਊ ਗ੍ਰਾਫ਼ੀ ਇੱਕ ਪ੍ਰਕਿਰਿਆ ਹੈ ਜਿਸ ਰਾਹੀਂ ਅਸੀਂ ਵੇਖ ਸਕਦੇ ਹਾਂ ਕਿ ਕਿਸ ਨਾੜੀ ਵਿੱਚ ਕਿੰਨੀ ਬਲਾਕੇਜ ਆਈ ਹੈ ਅਤੇ ਐਂਜਿਊ ਪਲਾਸਟੀ ਦਾ ਮਤਲਬ ਹੈ ਉਸ ਨਾੜੀ ਨੂੰ ਖੋਲ੍ਹਣਾ। ਜੇਕਰ ਲੋੜ ਪਏ ਤਾਂ ਉਸ ਵਿੱਚ ਸਟੰਟ ਪੈਂਦਾ ਹੈ।

ਸਵਾਲ- ਸਟੰਟ ਅਤੇ ਬਾਇਪਾਸ ਸਰਜਰੀ ਵਿੱਚ ਫਰਕ ਕੀ ਹੁੰਦਾ ਹੈ ?

ਜਵਾਬ- ਸਟੰਟ ਇੱਕ ਸਪਰਿੰਗ ਵਾਂਗ ਹੁੰਦਾ ਹੈ ਜੋ ਮੈਟਲ ਦਾ ਹੁੰਦਾ ਹੈ ਜਿਸ ਨਾਲ ਨਸ ਖੁੱਲ੍ਹ ਜਾਂਦੀ ਹੈ ਅਤੇ ਬਾਇਪਾਸ ਸਰਜਰੀ ਇੱਕ ਮੇਜਰ ਸਰਜਰੀ ਹੁੰਦੀ ਹੈ ਜਿਸ ਵਿੱਚ ਹਾਰਟ ਦੀਆਂ ਨਸਾਂ ਦੇ ਬਲਾਕੇਜ ਵਾਲੇ ਹਿੱਸੇ ਨੂੰ ਦੂਜੀ ਵੈਸਲ ਲਗਾ ਕੇ ਬਾਇਪਾਸ ਕਰ ਦਿੰਦੇ ਹਾਂ। ਉਹ ਦੂਜੀ ਵੈਸਲ ਅਸੀਂ ਮਰੀਜ਼ ਦੇ ਸਰੀਰ ਦੇ ਕਿਸੇ ਹੋਰ ਹਿੱਸੇ ਵਿੱਚੋਂ ਹੀ ਲੈਂਦੇ ਹਾਂ, ਜਾਂ ਉਸ ਦੀ ਛਾਤੀ ਦੀਆਂ ਹੀ ਨਸਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਹਾਰਟ ਦੇ ਲਈ ਵਰਤ ਲੈਂਦੇ ਹਾਂ।

ਸਵਾਲ- ਜੇਕਰ ਕਿਸੇ ਨੂੰ ਹਾਰਟ ਅਟੈਕ ਹੋਇਆ, ਤਾਂ ਉਸ ਤੋਂ ਬਾਅਦ ਉਸ ਸ਼ਖ਼ਸ ਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਕੀ ਬਦਲਾਅ ਕਰਨ ਦੀ ਲੋੜ ਹੈ?

ਜਵਾਬ- ਸਭ ਤੋਂ ਪਹਿਲਾਂ ਤਾਂ ਦਵਾਈਆਂ ਰੈਗੂਲਰ ਖਾਣ, ਆਪਣੇ ਬੀਪੀ ਤੇ ਸ਼ੂਗਰ ਦੀ ਜ਼ਿੰਮੇਵਾਰੀ ਖ਼ੁਦ ਲਵੋ, ਉਨ੍ਹਾਂ ਦੇ ਰਿਕਾਰਡ ਆਪਣੇ ਕੋਲ ਲਿਖ ਕੇ ਰੱਖੋ ਤੇ ਜਦੋਂ ਵੀ ਡਾਕਟਰ ਕੋਲ ਜਾਓ ਤਾਂ ਉਸ ਨੂੰ ਨਾਲ ਲੈ ਕੇ ਜਾਓ।

ਸਵਾਲ- ਹਾਰਟ ਦੀ ਫਿਟਨੈੱਸ ਕਿਵੇਂ ਰੱਖੀ ਜਾ ਸਕਦੀ ਹੈ ?

ਜਵਾਬ- ਜ਼ਿਆਦਾ ਚਲੋ, ਰੈਗੂਲਰ ਕਸਰਤ ਕਰੋ, ਖੁਸ਼ ਰਹੋ, ਗੁੱਸਾ ਘੱਟ ਕਰੋ, ਚਿੰਤਾ ਨਾ ਕਰੋ ਤੇ ਖਾਣ-ਪੀਣ ਦਾ ਧਿਆਨ ਰੱਖੋ। ਜ਼ਿਆਦਾ ਤਲੀਆਂ ਚੀਜ਼ਾਂ ਨਾ ਖਾਓ। ਉਹ ਤਲੀਆਂ ਚੀਜ਼ਾਂ ਤਾਂ ਬਿਲਕੁਲ ਨਾ ਖਾਓ ਜਿਨ੍ਹਾਂ ਵਿੱਚ ਟਰਾਂਸ ਫੈਟ ਹੈ। ਟਰਾਂਸ ਫੈਟ ਉਹ ਹੈ ਜਿਹੜਾ ਕਿ ਰੀ-ਹੀਟ ਹੋ ਕੇ ਬਣ ਰਿਹਾ ਹੈ। ਜਿਵੇਂ ਤਲਿਆ ਖਾਣਾ ਮੁੜ ਤਲ ਕੇ ਖਾਣਾ ਤੇ ਉਸ ਤੇਲ ਨੂੰ ਵਾਰ-ਵਾਰ ਵਰਤਣਾ। ਦੇਸੀ ਘਿਓ ਦੇ 1-2 ਚਮਚ ਰੋਜ਼ ਜ਼ਰੂਰ ਖਾਣੇ ਚਾਹੀਦੇ ਹਨ।

ਸਿਹਤ ਸੀਕ੍ਰੇਟਸ ਬੀਬੀਸੀ ਪੰਜਾਬੀ ਵੱਲੋਂ ਚਲਾਇਆ ਜਾ ਰਿਹਾ ਇੱਕ ਅਜਿਹਾ ਹੈਲਥ ਪੌਡਕਾਸਟ ਹੈ, ਜਿੱਥੇ ਤੁਹਾਨੂੰ ਮਰਦਾਂ, ਔਰਤਾਂ ਤੇ ਬੱਚਿਆਂ ਦੀ ਸਿਹਤ ਨਾਲ ਜੁੜੀ ਅਹਿਮ ਜਾਣਕਾਰੀ ਮਿਲੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)