ਸਰੀਏ ਨਾਲ ਕੁੱਟਮਾਰ ਹੋਈ, ਆਧਾਰ ਕਾਰਡ ਸਾੜੇ ਤੇ ਪਿਟਬੁੱਲ ਦਾ ਪਹਿਰਾ ਲਾਇਆ: 12 ਪਰਵਾਸੀ ਮਜ਼ਦੂਰਾਂ ਦੀ ਦਰਦਨਾਕ ਕਹਾਣੀ

ਮਜ਼ਦੂਰ

ਤਸਵੀਰ ਸਰੋਤ, Varun Kumar/Mohammad Suhail

ਤਸਵੀਰ ਕੈਪਸ਼ਨ, ਪੁਲਿਸ ਅਤੇ ਕਿਰਤ ਵਿਭਾਗ ਦੀ ਸਾਂਝੀ ਕਾਰਵਾਈ ਵਿੱਚ ਛੁਡਾਏ ਗਏ ਮਜ਼ਦੂਰ।
    • ਲੇਖਕ, ਸ਼ਾਹਬਾਜ਼ ਅਨਵਰ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

(ਚੇਤਾਵਨੀ: ਇਸ ਰਿਪੋਰਟ ਦੇ ਕੁਝ ਵੇਰਵੇ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹਨ)

ਉੱਤਰ ਪ੍ਰਦੇਸ਼ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 12 ਮਜ਼ਦੂਰਾਂ ਨੂੰ ਜਬਰਨ ਮਜ਼ਦੂਰੀ ਕਰਵਾਉਂਦੇ ਹੋਏ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਇਸ ਤਸ਼ੱਦਦ ਤੋਂ ਬਚਾਇਆ ਗਿਆ।

ਇਹ ਘਟਨਾ ਮੁਜ਼ੱਫਰਨਗਰ ਜ਼ਿਲ੍ਹੇ ਦੇ ਮੰਡੀ ਪਿੰਡ ਵਿੱਚ ਵਾਪਰੀ, ਜਿੱਥੇ 12 ਵਿਅਕਤੀਆਂ ਨੂੰ ਪੱਤਿਆਂ ਤੋਂ ਕਾਗਜ਼ ਅਤੇ ਰਜਾਈ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਜ਼ਬਰਦਸਤੀ ਮਜ਼ਦੂਰੀ ਲਈ ਰੱਖਿਆ ਗਿਆ ਸੀ।

ਇਹ ਬਚਾਅ ਪੁਲਿਸ ਅਤੇ ਕਿਰਤ ਵਿਭਾਗ ਦੁਆਰਾ ਕੀਤਾ ਗਿਆ ਇੱਕ ਸਾਂਝਾ ਆਪ੍ਰੇਸ਼ਨ ਸੀ। ਬਚਾਏ ਗਏ ਮਜ਼ਦੂਰਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਕੈਦੀਆਂ ਵਾਂਗ ਬੰਦੀ ਬਣਾਇਆ ਗਿਆ ਸੀ, ਉਨ੍ਹਾਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਗਏ ਸਨ, ਉਨ੍ਹਾਂ ਦੇ ਪਛਾਣ ਦੇ ਦਸਤਾਵੇਜ਼ ਸਾੜ ਦਿੱਤੇ ਗਏ ਸਨ ਅਤੇ ਉਨ੍ਹਾਂ ਨੂੰ ਇਮਾਰਤ ਤੋਂ ਬਾਹਰ ਜਾਣ ਤੋਂ ਰੋਕਿਆ ਗਿਆ ਸੀ।

ਬਚਾਏ ਗਏ ਮਜ਼ਦੂਰਾਂ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਉੱਤਰਾਖੰਡ, ਛੱਤੀਸਗੜ੍ਹ, ਹਰਿਆਣਾ, ਰਾਜਸਥਾਨ ਅਤੇ ਇੱਥੋਂ ਤੱਕ ਕਿ ਨੇਪਾਲ ਦੇ ਲੋਕ ਵੀ ਸ਼ਾਮਲ ਹਨ।

ਇਸ ਮਾਮਲੇ ਵਿੱਚ ਪੁਲਿਸ ਨੇ ਕੀ ਕਿਹਾ?

ਪੁਲਿਸ

ਤਸਵੀਰ ਸਰੋਤ, Varun Kumar/Mohammad Suhail

ਤਸਵੀਰ ਕੈਪਸ਼ਨ, ਪੁਲਿਸ ਦਾ ਕਹਿਣਾ ਹੈ ਕਿ ਫੈਕਟਰੀ ਵਿੱਚ ਮਜ਼ਦੂਰਾਂ ਦੇ ਨਾਲ ਜਾਨਵਰਾਂ ਵਰਗਾ ਵਿਵਹਾਰ ਕੀਤਾ ਜਾਂਦਾ ਸੀ।

ਮੁਜ਼ੱਫਰਨਗਰ ਦੇ ਐੱਸਐੱਸਪੀ ਸੰਜੇ ਵਰਮਾ ਨੇ ਦੱਸਿਆ ਕਿ ਕੁਝ ਮਜ਼ਦੂਰਾਂ ਦੀਆਂ ਪਸਲੀਆਂ ਟੁੱਟ ਗਈਆਂ ਸਨ। ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਇਹ ਵੀ ਇਲਜਾਮ ਲਗਾਇਆ ਗਿਆ ਹੈ ਕਿ ਤਸ਼ੱਦਦ ਕਾਰਨ ਕੁਝ ਮਜ਼ਦੂਰਾਂ ਦੀ ਮੌਤ ਵੀ ਹੋਈ ਹੈ।

ਮਾਮਲੇ ਦੇ ਸਬੰਧ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਪੁਲਿਸ ਫੈਕਟਰੀ ਮਾਲਕ ਅੰਕਿਤ ਬਾਲਿਆਨ ਦੀ ਭਾਲ ਕਰ ਰਹੀ ਹੈ।

ਬੀਬੀਸੀ ਨੇ ਸ਼ੱਕੀ ਅੰਕਿਤ ਬਾਲਿਆਨ ਨਾਲ ਉਸਦੇ ਮੋਬਾਈਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸਦਾ ਫੋਨ ਬੰਦ ਸੀ। ਬਾਕੀ ਦੋ ਮੁਲਜ਼ਮਾਂ ਦੇ ਪਰਿਵਾਰਾਂ ਨਾਲ ਵੀ ਸੰਪਰਕ ਨਹੀਂ ਹੋ ਸਕਿਆ।

22 ਜੂਨ ਨੂੰ ਪੁਲਿਸ, ਪ੍ਰਸ਼ਾਸਨ ਅਤੇ ਕਿਰਤ ਵਿਭਾਗ ਦੀ ਇੱਕ ਟੀਮ ਨੇ ਮੁਜ਼ੱਫਰਨਗਰ ਦੇ ਤਿਤਾਵੀ ਪੁਲਿਸ ਸਟੇਸ਼ਨ ਖੇਤਰ ਅਧੀਨ ਆਉਂਦੇ ਮੰਡੀ ਪਿੰਡ ਵਿੱਚ ਇੱਕ ਜਗ੍ਹਾ 'ਤੇ ਛਾਪਾ ਮਾਰਿਆ ਅਤੇ 12 ਮਜ਼ਦੂਰਾਂ ਨੂੰ ਬਚਾਇਆ।

ਪੁਲਿਸ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ, ਇਨ੍ਹਾਂ ਵਿਅਕਤੀਆਂ ਨੂੰ ਦੋਨਾ (ਪੇਪਰ ਪਲੇਟ) ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਰੱਖਿਆ ਜਾ ਰਿਹਾ ਸੀ।

ਪੁਲਿਸ ਨੇ ਕਿਹਾ, "ਫੈਕਟਰੀ ਵਿੱਚ ਮਜ਼ਦੂਰਾਂ ਨਾਲ ਜਾਨਵਰਾਂ ਵਰਗਾ ਵਿਵਹਾਰ ਕੀਤਾ ਜਾ ਰਿਹਾ ਸੀ। ਉਨ੍ਹਾਂ ਨੂੰ ਗਰਮ ਲੋਹੇ ਦੀਆਂ ਰਾਡਾਂ, ਬੈਲਟਾਂ ਅਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਸੀ। ਕਈ ਕਾਮਿਆਂ ਦੇ ਸਰੀਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਹਨ। ਬਚਾਏ ਗਏ ਲੋਕਾਂ ਵਿੱਚ ਕੁਝ ਨਾਬਾਲਗ ਵੀ ਸ਼ਾਮਲ ਹਨ। ਇਹ ਸਾਰੇ ਮਜ਼ਦੂਰ ਬਿਹਾਰ, ਉੱਤਰ ਪ੍ਰਦੇਸ਼, ਉਤਰਾਖੰਡ, ਛੱਤੀਸਗੜ੍ਹ, ਹਰਿਆਣਾ ਅਤੇ ਰਾਜਸਥਾਨ ਵਰਗੇ ਸੂਬਿਆਂ ਤੋਂ ਹਨ।"

ਮਜ਼ਦੂਰ ਰਾਮੂ ਦਾ ਬਿਆਨ

ਮੁਜ਼ੱਫਰਨਗਰ ਦੇ ਐੱਸਐੱਸਪੀ ਸੰਜੇ ਕੁਮਾਰ ਨੇ ਮੀਡੀਆ ਨੂੰ ਦੱਸਿਆ, "ਸੂਚਨਾ ਮਿਲਣ 'ਤੇ ਪੁਲਿਸ ਅਤੇ ਕਿਰਤ ਵਿਭਾਗ ਨੇ ਫੈਕਟਰੀ 'ਤੇ ਛਾਪਾ ਮਾਰਿਆ ਅਤੇ 12 ਮਜ਼ਦੂਰਾਂ ਨੂੰ ਬਚਾਇਆ। ਉਨ੍ਹਾਂ ਸਾਰਿਆਂ ਨੂੰ ਤਸੀਹੇ ਦਿੱਤੇ ਗਏ ਸਨ। ਕੁਝ ਦੇ ਕੰਨਾਂ 'ਤੇ ਸੱਟਾਂ ਲੱਗੀਆਂ ਸਨ, ਕੁਝ ਦੀ ਪਿੱਠ ਦੇ ਹੇਠਲੇ ਹਿੱਸੇ 'ਤੇ ਡੂੰਘੇ ਜ਼ਖ਼ਮ ਸਨ ਅਤੇ ਇੱਕ ਮਜ਼ਦੂਰ ਦੀਆਂ ਪਸਲੀਆਂ ਵੀ ਟੁੱਟੀਆਂ ਸਨ। ਕੁਝ ਨੂੰ ਦੋ ਸਾਲਾਂ ਤੋਂ ਬੰਦੀ ਬਣਾ ਕੇ ਰੱਖਿਆ ਗਿਆ ਸੀ, ਜਦੋਂ ਕਿ ਕੁਝ ਨੂੰ ਕੁਝ ਮਹੀਨਿਆਂ ਤੋਂ ਰੱਖਿਆ ਗਿਆ ਸੀ।"

ਉਨ੍ਹਾਂ ਨੇ ਦੱਸਿਆ, "ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਕੁਝ ਵਿਅਕਤੀਆਂ ਦੀ ਮੌਤ ਵੀ ਮੁਲਜ਼ਮਾਂ ਦੁਆਰਾ ਕੀਤੇ ਗਏ ਅੱਤਿਆਚਾਰਾਂ ਕਾਰਨ ਹੋਈ ਸੀ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਕਰ ਲਈ ਗਈ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ। ਇਸ ਮਾਮਲੇ ਵਿੱਚ ਦੋ ਮੁਲਜ਼ਮ ਸ਼ਿਵ ਤਿਆਗੀ (ਬੁਢਾਨਾ, ਮੁਜ਼ੱਫਰਨਗਰ) ਅਤੇ ਪ੍ਰਦੀਪ ਬਾਲਿਆਨ (ਤਿਤਾਵੀ, ਮੁਜ਼ੱਫਰਨਗਰ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸੇ ਪਿੰਡ ਦਾ ਰਹਿਣ ਵਾਲਾ ਅੰਕਿਤ ਬਾਲਿਆਨ ਫਰਾਰ ਹੈ।"

ਮੁਲਜ਼ਮਾਂ ਵਿਰੁੱਧ ਬਾਲ ਮਜ਼ਦੂਰੀ (ਮਨਾਹੀ ਅਤੇ ਨਿਯਮਨ) ਐਕਟ, 1986, ਕਿਸ਼ੋਰ ਨਿਆਂ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ, 2015 ਦੀਆਂ ਧਾਰਾਵਾਂ 75/79 ਅਤੇ ਬੰਧੂਆ ਮਜ਼ਦੂਰੀ ਪ੍ਰਣਾਲੀ (ਖਾਤਮਾ) ਐਕਟ, 1976 ਦੀਆਂ ਧਾਰਾਵਾਂ 16, 17, ਅਤੇ 18। ਸਣੇ ਕਈ ਹੋਰ ਧਾਰਾਵਾਂ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ।

ਬੀਬੀਸੀ ਨਿਊਜ਼ ਹਿੰਦੀ ਨੇ ਇਨ੍ਹਾਂ ਮਜ਼ਦੂਰਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਆਪਣੇ ਉਪਰ ਹੋਏ ਅੱਤਿਆਚਾਰ ਦੀ ਕਹਾਣੀ ਸੁਣਾਈ।

ਮਜ਼ਦੂਰਾਂ ਨੇ ਸੁਣਾਈ ਹੱਡਬੀਤੀ

ਮਜ਼ਦੂਰਾਂ ਨੇ ਮੀਡੀਆ ਨੂੰ ਆਪਣੇ ਜ਼ਖ਼ਮ ਦਿਖਾਏ ਹਨ।

ਤਸਵੀਰ ਸਰੋਤ, Varun Kumar/Mohammad Suhail

ਤਸਵੀਰ ਕੈਪਸ਼ਨ, ਮਜ਼ਦੂਰਾਂ ਨੇ ਮੀਡੀਆ ਨੂੰ ਆਪਣੇ ਜ਼ਖ਼ਮ ਦਿਖਾਏ ਹਨ।

ਉੱਤਰਾਖੰਡ ਦੇ ਨੈਨੀਤਾਲ ਦੇ ਰਹਿਣ ਵਾਲੇ ਰਾਮੂ ਕਹਿੰਦੇ ਹਨ, "ਸਾਨੂੰ ਫੈਕਟਰੀ ਵਿੱਚ ਕੈਦੀ ਦੀ ਤਰ੍ਹਾਂ ਰੱਖਿਆ ਗਿਆ ਸੀ। ਗੇਟ ਦੇ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਸੀ, ਮੋਬਾਈਲ ਫੋਨ ਖੋਹ ਲਏ ਗਏ, ਆਧਾਰ ਕਾਰਡ ਸਾੜ ਦਿੱਤੇ। ਸਾਨੂੰ ਸਰੀਏ ਨਾਲ ਕੁੱਟਿਆ ਜਾਂਦਾ ਸੀ ਅਤੇ ਖਾਣ ਵਿੱਚ ਸਿਰਫ ਚੋਕਰ ਦੀ ਰੋਟੀ ਦਿੱਤੀ ਜਾਂਦੀ ਸੀ।"

ਉਨ੍ਹਾਂ ਅੱਗੇ ਕਿਹਾ, "ਸਾਡੇ ਤੋਂ ਘੰਟਿਆਂ ਬੱਧੀ ਕੰਮ ਕਰਵਾਇਆ ਜਾਂਦਾ ਸੀ, ਸੋਣ ਵੀ ਨਹੀਂ ਦਿੱਤਾ ਜਾਂਦਾ ਸੀ। ਫੈਕਟਰੀ ਮਾਲਕ ਅੰਕਿਤ ਸਾਨੂੰ ਇੱਥੇ ਲੈ ਕੇ ਆਇਆ ਸੀ। ਪੁਲਿਸ ਨੇ ਸਾਨੂੰ ਨਵਾਂ ਜੀਵਨ ਦਿੱਤਾ ਹੈ।"

20 ਸਾਲਾ ਰਾਮੂ ਨੇ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਹੈ। ਉਨ੍ਹਾਂ ਨੂੰ ਢਾਈ ਮਹੀਨੇ ਪਹਿਲਾਂ ਰੁਜ਼ਗਾਰ ਦੇ ਬਹਾਨੇ ਅੰਬਾਲਾ ਰੋਡਵੇਜ਼ ਸਟੇਸ਼ਨ ਤੋਂ ਮੁਜ਼ੱਫਰਨਗਰ ਲਿਆਂਦਾ ਗਿਆ ਸੀ। ਉਸਦੇ ਤਿੰਨ ਭੈਣ-ਭਰਾ ਹਨ।

ਉੱਤਰ ਪ੍ਰਦੇਸ਼ ਦੇ ਓਰੈਯਾ ਦੇ ਰਹਿਣ ਵਾਲੇ 26 ਸਾਲਾ ਸ਼ਿਵਮ ਕੁਮਾਰ, ਉਨ੍ਹਾਂ ਮਜ਼ਦੂਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਬਚਾਇਆ ਗਿਆ ਹੈ। ਸ਼ਿਵਮ ਵਿਆਹਿਆ ਹੋਇਆ ਹੈ ਅਤੇ ਉਸਦੀ ਇੱਕ ਧੀ ਹੈ।

ਉਸਦੇ ਪਰਿਵਾਰ ਵਿੱਚ ਦੋ ਭੈਣਾਂ ਵੀ ਹਨ।

ਉਨ੍ਹਾਂ ਨੂੰ ਛੇ ਮਹੀਨਿਆਂ ਤੋਂ ਫੈਕਟਰੀ ਵਿੱਚ ਬੰਦੀ ਬਣਾਇਆ ਗਿਆ ਸੀ। ਉਸਨੇ ਮੀਡੀਆ ਨੂੰ ਆਪਣੇ ਕੁੱਲ੍ਹੇ ਅਤੇ ਪਿੱਠ ਦੇ ਹੇਠਲੇ ਹਿੱਸੇ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਦਿਖਾਏ।

ਯੂਪੀ ਦੇ ਸੀਤਾਪੁਰ ਦੇ ਰਹਿਣ ਵਾਲੇ 50 ਸਾਲਾ ਜਗਦੀਸ਼ ਨੇ ਰੋਂਦੇ ਹੋਏ ਕਿਹਾ, "ਅਸੀਂ ਇੱਥੇ 11 ਮਹੀਨਿਆਂ ਤੋਂ ਹਾਂ। ਜਦੋਂ ਅਸੀਂ ਕਹਿੰਦੇ ਸੀ ਕਿ ਅਸੀਂ ਦੁਖੀ ਹਾਂ ਅਤੇ ਘਰ ਜਾਣਾ ਚਾਹੁੰਦੇ ਹਾਂ, ਤਾਂ ਉਹ ਸਾਨੂੰ ਬੁਰੀ ਤਰ੍ਹਾਂ ਕੁੱਟਦੇ ਸਨ।"

ਛੱਤੀਸਗੜ੍ਹ ਦੇ ਬਿਲਾਸਪੁਰ ਦੇ ਰਹਿਣ ਵਾਲੇ ਨਾਰਾਏ ਫੈਕਟਰੀ ਤੋਂ ਛੁਡਾਏ ਜਾਣ ਤੋਂ ਬਾਅਦ ਬਹੁਤ ਖੁਸ਼ ਦਿਖਾਈ ਦਿੱਤੇ ਅਤੇ ਵਾਰ-ਵਾਰ ਪੁਲਿਸ ਦਾ ਧੰਨਵਾਦ ਕਰਦੇ ਰਹੇ।

ਉਨ੍ਹਾਂ ਨੇ ਕਿਹਾ, "ਪਰਿਵਾਰ ਵਿੱਚ ਦੋ ਭਰਾ ਅਤੇ ਦੋ ਬੱਚੇ ਹਨ। ਮੈਨੂੰ ਕੰਮ ਦੇਣ ਦੇ ਬਹਾਨੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਮੁਜ਼ੱਫਰਨਗਰ ਲਿਆਂਦਾ ਗਿਆ ਸੀ। ਮੈਂ ਇੱਥੇ ਲਗਭਗ ਚਾਰ ਮਹੀਨਿਆਂ ਤੋਂ ਸੀ। ਮੈਨੂੰ ਆਪਣੇ ਪਰਿਵਾਰ ਦੀ ਬਹੁਤ ਯਾਦ ਆਉਂਦੀ ਸੀ।"

ਦਾਨਬਹਾਦੁਰ ਥਾਪਾ

ਤਸਵੀਰ ਸਰੋਤ, Varun Kumar/Mohammad Suhail

ਤਸਵੀਰ ਕੈਪਸ਼ਨ, ਜਿਨ੍ਹਾਂ ਬੰਧੂਆਂ ਮਜ਼ਦੂਰਾਂ ਨੂੰ ਬਚਾਇਆ ਗਿਆ ਹੈ, ਉਨ੍ਹਾਂ ਵਿੱਚ ਨੇਪਾਲ ਦੇ ਰਹਿਣ ਵਾਲੇ ਦਾਨਬਹਾਦੁਰ ਥਾਪਾ ਵੀ ਸ਼ਾਮਲ ਹਨ।

ਇਨ੍ਹਾਂ ਬੰਧੂਆਂ ਮਜ਼ਦੂਰਾਂ ਵਿੱਚ ਨੇਪਾਲ ਦੇ ਪਾਲਪਾ ਜਿਲ੍ਹੇ ਦੇ ਸੱਤਿਆਵਤੀ ਪਿੰਡ ਦੇ ਰਹਿਣ ਵਾਲੇ ਦਾਨਬਹਾਦੁਰ ਥਾਪਾ ਵੀ ਸ਼ਾਮਲ ਹਨ। ਦਾਨਬਹਾਦੁਰ ਨੇ ਦੱਸਿਆ ਕਿ ਉਹ ਇਸ ਫੈਕਟਰੀ ਵਿੱਚ ਲਗਭਗ ਦੋ ਸਾਲ ਤੋਂ ਬੰਦੀ ਸਨ। ਇਨ੍ਹਾਂ ਦੋ ਸਾਲਾਂ ਵਿੱਚ ਇੱਕ ਵਾਰ ਵੀ ਉਨ੍ਹਾਂ ਦੀ ਘਰੇ ਗੱਲ ਨਹੀਂ ਹੋਈ।

ਉਨ੍ਹਾਂ ਨੇ ਕਿਹਾ, "ਸਾਡੇ ਤੋਂ ਮਜ਼ਦੂਰੀ ਕਰਵਾਈ ਜਾਂਦੀ ਸੀ। ਖਾਣ ਵਿੱਚ ਸਿਰਫ ਚੋਕਰ ਦੀ ਰੋਟੀ ਮਿਲਦੀ ਸੀ, ਨਾਲ ਲੂਣ ਅਤੇ ਲਾਲ ਮਿਰਚ ਦਾ ਪਾਊਡਰ। ਚਾਹ ਵਿੱਚ ਖੰਡ ਤੱਕ ਨਹੀਂ ਹੁੰਦੀ ਸੀ।"

'ਪਿਟਬੁੱਲ ਰੱਖਦੇ ਸੀ, ਤਾਂਕਿ ਮਜ਼ਦੂਰ ਕਿਤੇ ਭੱਜ ਨਾ ਜਾਣ'

ਡੰਡੇ

ਤਸਵੀਰ ਸਰੋਤ, Varun Kumar/Mohammad Suhail

ਤਸਵੀਰ ਕੈਪਸ਼ਨ, ਪੁਲਿਸ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਲੋਹੇ ਦੇ ਸਰੀਏ, ਬੈਲਟ ਅਤੇ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਿਆ ਜਾਂਦਾ ਸੀ।

ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਮਜ਼ਦੂਰਾਂ ਨੂੰ ਕੰਮ ਦੇਣ ਦੇ ਬਹਾਨੇ ਰੇਲਵੇ ਅਤੇ ਬੱਸ ਸਟੇਸ਼ਨਾਂ ਤੋਂ ਲਿਆਉਂਦੇ ਸਨ। ਉਨ੍ਹਾਂ ਨੂੰ 10,000 ਤੋਂ 12,000 ਰੁਪਏ ਦੀ ਮਹੀਨਾਵਾਰ ਤਨਖਾਹ, ਭੋਜਨ ਅਤੇ ਰਿਹਾਇਸ਼ ਦੇ ਵਾਅਦੇ ਕਰਕੇ ਲਾਲਚ ਦਿੱਤਾ ਜਾਂਦਾ ਸੀ। ਪਰ ਫੈਕਟਰੀ ਪਹੁੰਚਣ 'ਤੇ ਉਨ੍ਹਾਂ ਨੂੰ ਨਾ ਤਾਂ ਤਨਖਾਹ ਮਿਲੀ ਅਤੇ ਨਾ ਹੀ ਚੰਗਾ ਭੋਜਨ।

ਪੁਲਿਸ ਨੇ ਮੁਜ਼ੱਫਰਨਗਰ ਫੈਕਟਰੀ ਤੋਂ ਇੱਕ ਪਿਟਬੁੱਲ ਕੁੱਤਾ ਵੀ ਬਰਾਮਦ ਕੀਤਾ, ਜਿੱਥੇ ਮਜ਼ਦੂਰਾਂ ਨੂੰ ਬੰਦੀ ਬਣਾਇਆ ਗਿਆ ਸੀ। ਤਿਤਾਵੀ ਪੁਲਿਸ ਸਟੇਸ਼ਨ ਦੇ ਐੱਸਐੱਚਓ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਭੱਜਣ ਤੋਂ ਰੋਕਣ ਲਈ ਕੁੱਤੇ ਨੂੰ ਬਾਹਰ ਰੱਖਿਆ ਗਿਆ ਸੀ।

ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਬੰਦੀ ਬਣਾਏ ਗਏ ਮਜ਼ਦੂਰਾਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਗਏ ਸਨ, ਜਿਸ ਕਾਰਨ ਉਹ ਮਹੀਨਿਆਂ ਤੋਂ ਆਪਣੇ ਪਰਿਵਾਰਾਂ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਸਨ।

ਉਨ੍ਹਾਂ ਅੱਗੇ ਕਿਹਾ, "ਜ਼ਾਹਿਰ ਹੈ ਜਦੋਂ ਮਜ਼ਦੂਰਾਂ ਨੂੰ ਫੈਕਟਰੀ ਵਿੱਚ ਬੰਦੀ ਬਣਾ ਲਿਆ ਜਾਂਦਾ ਸੀ ਅਤੇ ਉਨ੍ਹਾਂ ਦੇ ਫ਼ੋਨ ਖੋਹ ਲਏ ਗਏ ਸਨ, ਤਾਂ ਉਹ ਆਪਣੇ ਪਰਿਵਾਰਾਂ ਨਾਲ ਕਿਵੇਂ ਗੱਲ ਕਰਦੇ। ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਮਜ਼ਦੂਰਾਂ ਦੇ ਪਰਿਵਾਰਾਂ ਨੇ ਪੁਲਿਸ ਥਾਣਿਆਂ ਵਿੱਚ ਉਨ੍ਹਾਂ ਦੀ ਗੁੰਮਸ਼ੁਦਗੀ ਦੀਆਂ ਰਿਪੋਰਟਾਂ ਦਰਜ ਕਰਵਾਈਆਂ ਸਨ ਜਾਂ ਨਹੀਂ।"

ਛੁਡਾਏ ਗਏ ਇੱਕ ਮਜ਼ਦੂਰ ਸੋਨੂੰ ਚੌਹਾਨ

ਤਸਵੀਰ ਸਰੋਤ, Varun Kumar/Mohammad Suhail

ਤਸਵੀਰ ਕੈਪਸ਼ਨ, ਛੁਡਾਏ ਗਏ ਇੱਕ ਮਜ਼ਦੂਰ ਸੋਨੂੰ ਚੌਹਾਨ

ਪਿੰਡ ਦੇ ਲੋਕਾਂ ਦਾ ਕੀ ਕਹਿਣਾ ਹੈ

ਫੈਕਟਰੀ

ਤਸਵੀਰ ਸਰੋਤ, Varun Kumar/Mohammad Suhail

ਤਸਵੀਰ ਕੈਪਸ਼ਨ, ਦੋਨਾ ਬਣਾਉਣ ਵਾਲੀ ਇਹ ਫੈਕਟਰੀ ਪਿੰਡ ਦੇ ਬਾਹਰਵਾਰ ਸਥਿਤ ਹੈ ਅਤੇ ਕਈ ਵਿੱਘਿਆਂ ਵਿੱਚ ਫੈਲੀ ਹੋਈ ਹੈ।

ਜਦੋਂ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਲੋੜੀਂਦੇ ਮੁਲਜ਼ਮ ਦੇ ਪਰਿਵਾਰ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਜਦੋਂ ਪਿੰਡ ਵਾਸੀਆਂ ਨੂੰ ਮੁਲਜ਼ਮ ਬਾਰੇ ਪੁੱਛਿਆ ਗਿਆ ਤਾਂ ਜ਼ਿਆਦਾਤਰ ਲੋਕ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਝਿਜਕਦੇ ਦਿਖਾਈ ਦਿੱਤੇ।

ਬੀਬੀਸੀ ਨੇ ਮੁਲਜ਼ਮ ਅੰਕਿਤ ਬਾਲਿਆਨ ਨਾਲ ਉਸਦੇ ਮੋਬਾਈਲ ਨੰਬਰ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਫ਼ੋਨ ਬੰਦ ਸੀ।

ਇਹ ਫੈਕਟਰੀ ਮੰਡੀ ਪਿੰਡ ਦੇ ਬਾਹਰਵਾਰ ਸਥਿਤ ਹੈ ਅਤੇ ਕਈ ਵਿਘਿਆਂ 'ਚ ਫੈਲੀ ਹੋਈ ਹੈ। ਪਿੰਡ ਦੇ ਸਾਬਕਾ ਮੁਖੀ ਬਿਜੇਂਦਰ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇੱਥੇ ਕੀ ਹੋ ਰਿਹਾ ਹੈ, ਸਾਨੂੰ ਸਿਰਫ਼ ਇਹ ਪਤਾ ਸੀ ਕਿ ਕੋਈ ਕਾਰਖਾਨਾ ਹੈ।"

ਇੱਕ ਹੋਰ ਪਿੰਡ ਵਾਸੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਗਿਆ ਕਿ 'ਸਾਨੂੰ ਕੁਝ ਸ਼ੱਕ ਤਾਂ ਸੀ ਪਰ ਇੰਨਾ ਸਭ ਕੁਝ ਚੱਲ ਰਿਹਾ ਹੈ, ਇਸਦੀ ਜਾਣਕਾਰੀ ਨਹੀਂ ਸੀ।'

ਇੱਕ ਹੋਰ ਪਿੰਡ ਵਾਸੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, "ਸਾਨੂੰ ਕੁਝ ਸ਼ੱਕ ਸੀ, ਪਰ ਸਾਨੂੰ ਕੋਈ ਪਤਾ ਨਹੀਂ ਸੀ ਕਿ ਇਹ ਸਭ ਕੁਝ ਹੋ ਰਿਹਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)