You’re viewing a text-only version of this website that uses less data. View the main version of the website including all images and videos.
ਡੇਅ ਕੇਅਰ ਸੈਂਟਰ ਵਿੱਚ ਛੋਟੇ ਬੱਚਿਆਂ ਨਾਲ ਦੁਰਵਿਵਹਾਰ ਦੇ ਇਲਜ਼ਾਮ, ਪੰਜ ਮਹਿਲਾ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੈਂਗਲੁਰੂ ਤੋਂ ਬੀਬੀਸੀ ਹਿੰਦੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
(ਇਸ ਕਹਾਣੀ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।)
ਪੁਲਿਸ ਨੇ ਬੈਂਗਲੁਰੂ ਦੇ ਇੱਕ ਡੇਅ ਕੇਅਰ ਕ੍ਰੈੱਸ਼ (ਬਾਲ ਦੇਖਭਾਲ ਕੇਂਦਰ) ਦੀਆਂ ਮਹਿਲਾ ਮੁਲਾਜ਼ਮਾਂ ਖ਼ਿਲਾਫ਼ ਛੋਟੇ ਬੱਚਿਆਂ ਨਾਲ ਅਣਮਨੁੱਖੀ ਵਿਹਾਰ ਕਰਨ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਲਜ਼ਾਮ ਹੈ ਕਿ ਉਹ ਬੱਚਿਆਂ ਨੂੰ ਵਾਸ਼ਿੰਗ ਮਸ਼ੀਨ ਦੇ ਅੰਦਰ ਪਾ ਦਿੰਦੀਆਂ ਸਨ ਅਤੇ ਉਨ੍ਹਾਂ ਦੇ ਮੂੰਹ ਵਿੱਚ ਟਾਇਲਟ ਦੇ ਜੈੱਟ ਸਪ੍ਰੇ ਨਾਲ ਪਾਣੀ ਪਾਉਂਦੀਆਂ ਸਨ।
ਇਹ ਡੇਅ-ਕੇਅਰ ਕ੍ਰੈੱਸ਼ ਬੈਂਗਲੁਰੂ ਪੂਰਬ ਵਿੱਚ ਆਈਟੀ ਖੇਤਰ ਦੀ ਵੱਡੀ ਕੰਪਨੀ ਕੈਪਜੈਮਿਨੀ ਦੇ ਮੁਲਾਜ਼ਮਾਂ ਲਈ ਆਊਟਸੋਰਸ ਕੀਤੀ ਗਈ ਸਹੂਲਤ ਸੀ।
ਕੰਪਨੀ ਨੇ ਅਧਿਕਾਰਿਕ ਤੌਰ 'ਤੇ ਕਿਹਾ ਹੈ ਕਿ ਉਹ ਫ਼ਿਲਹਾਲ ਇਸ ਡੇਅ ਕੇਅਰ ਨੂੰ ਅਸਥਾਈ ਤੌਰ 'ਤੇ ਬੰਦ ਕਰ ਰਹੀ ਹੈ। ਕੰਪਨੀ ਨੇ ਸੱਚਾਈ ਸਾਹਮਣੇ ਲਿਆਉਣ ਲਈ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਹੈ।
ਪੁਲਿਸ ਵੱਲੋਂ ਦਰਜ ਐੱਫਆਈਆਰ ਵਿੱਚ ਜਿਨ੍ਹਾਂ ਪੰਜ ਮਹਿਲਾ ਕਰਮਚਾਰੀਆਂ ਦੇ ਨਾਮ ਸ਼ਾਮਲ ਹਨ, ਉਨ੍ਹਾਂ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਗਿਆ ਹੈ।
ਨਾਮ ਨਾ ਦੱਸਣ ਦੀ ਸ਼ਰਤ 'ਤੇ ਇੱਕ ਪੁਲਿਸ ਅਧਿਕਾਰੀ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਇਹ ਜਾਣਕਾਰੀ ਦਿੱਤੀ।
ਉੱਧਰ ਬੈਂਗਲੁਰੂ ਦੇ ਪੁਲਿਸ ਕਮਿਸ਼ਨਰ ਸੀਮਾਂਤ ਕੁਮਾਰ ਸਿੰਘ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਜੇਕਰ ਅਜਿਹੀਆਂ ਘਟਨਾਵਾਂ ਸੱਚਮੁੱਚ ਵਾਪਰੀਆਂ ਹਨ, ਤਾਂ ਇਹ ਬਹੁਤ ਹੀ ਚਿੰਤਾਜਨਕ ਅਤੇ ਬੇਹੱਦ ਗੰਭੀਰ ਮਾਮਲਾ ਹੈ।"
ਮਾਮਲਾ ਕਿਵੇਂ ਸਾਹਮਣੇ ਆਇਆ
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਚਾਈਲਡ ਹੈਲਪਲਾਈਨ ਨੂੰ ਇੱਕ ਫ਼ੋਨ ਆਇਆ, ਜਿਸ ਵਿੱਚ ਇਲਜ਼ਾਮ ਲਗਾਇਆ ਗਿਆ ਸੀ ਕਿ ਦੋ-ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਮਾੜਾ ਵਿਹਾਰ ਕੀਤਾ ਜਾ ਰਿਹਾ ਸੀ।
ਬੈਂਗਲੁਰੂ ਪੂਰਬ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਦੇ ਲਾਅ ਅਫ਼ਸਰ ਤਿਲਕੇਸ਼ ਕੁਮਾਰ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ, "ਅਸੀਂ ਸ਼ਿਕਾਇਤਕਰਤਾ ਨੂੰ ਹੋਰ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਅਤੇ ਸਾਨੂੰ ਵੀਡੀਓ ਮਿਲੇ।"
ਇਸ ਤੋਂ ਬਾਅਦ ਉਸੇ ਸ਼ਿਕਾਇਤ ਨੂੰ ਪੁਲਿਸ ਨੇ ਐੱਫਆਈਆਰ ਵਜੋਂ ਦਰਜ ਕਰ ਲਿਆ।
ਵੀਡੀਓ ਵਿੱਚ ਇੱਕ ਕਮਰੇ ਦੇ ਫਰਸ਼ 'ਤੇ ਬੈਠੇ ਕੁਝ ਬੱਚੇ ਰੋਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਟਾਇਲਟ ਵਿੱਚ ਉਨ੍ਹਾਂ 'ਤੇ ਜੈੱਟ ਸਪ੍ਰੇ ਨਾਲ ਪਾਣੀ ਸੁੱਟਿਆ ਜਾ ਰਿਹਾ ਹੈ। ਵੀਡੀਓ ਵਿੱਚ ਬੱਚਿਆਂ ਨੂੰ ਵਾਸ਼ਿੰਗ ਮਸ਼ੀਨ ਦੇ ਡਰੱਮ ਵਿੱਚ ਪਾਉਂਦੇ ਹੋਏ ਵੀ ਦੇਖਿਆ ਜਾ ਸਕਦਾ ਹੈ।
ਤਿਲਕੇਸ਼ ਕੁਮਾਰ ਨੇ ਪੁਸ਼ਟੀ ਕੀਤੀ ਕਿ ਸ਼ੁਰੂਆਤੀ ਸ਼ਿਕਾਇਤ ਇੱਕ ਸਾਬਕਾ ਮੁਲਾਜ਼ਮ ਨੇ ਕੀਤੀ ਸੀ, ਜਿਸ ਨੂੰ ਕਥਿਤ ਤੌਰ 'ਤੇ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ, "ਸਾਨੂੰ ਨਹੀਂ ਪਤਾ ਕਿ ਉਸ ਨੂੰ ਨੌਕਰੀ ਤੋਂ ਕਿਉਂ ਹਟਾਇਆ ਗਿਆ। ਵੀਡੀਓ ਵਿੱਚ ਦੋ ਬੱਚਿਆਂ ਨਾਲ ਦੁਰਵਿਹਾਰ ਦਿਖਾਇਆ ਗਿਆ ਹੈ। ਸਾਨੂੰ ਕੰਪਨੀ ਤੋਂ ਬੱਚਿਆਂ ਦੇ ਮਾਪਿਆਂ ਬਾਰੇ ਜਾਣਕਾਰੀ ਨਹੀਂ ਮਿਲੀ।"
ਆਈਟੀ ਕੰਪਨੀ ਦੇ ਕੈਂਪਸ ਵਿੱਚ ਮੌਜੂਦ ਡੇਅ-ਕੇਅਰ ਕ੍ਰੈੱਸ਼ ਵਿੱਚ ਕੇਸ ਦਰਜ ਕੀਤਾ ਗਿਆ।
ਇੱਕ ਪੁਲਿਸ ਅਧਿਕਾਰੀ, ਜਿਨ੍ਹਾਂ ਨੂੰ ਮੀਡੀਆ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ, ਨੇ ਕਿਹਾ, "ਜਿਨ੍ਹਾਂ ਪੰਜ ਮਹਿਲਾਵਾਂ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ, ਉਨ੍ਹਾਂ ਦੀ ਅਜੇ ਤੱਕ ਕਿਸੇ ਵੀ ਵਕੀਲ ਨੇ ਨੁਮਾਂਇੰਦਗੀ ਨਹੀਂ ਕੀਤੀ ਹੈ।''
ਜਿਵੇਂ ਹੀ ਮੁਲਜ਼ਮ ਜਾਂ ਉਨ੍ਹਾਂ ਦੇ ਕਾਨੂੰਨੀ ਨੁਮਾਇੰਦੇ ਆਪਣਾ ਪੱਖ ਰੱਖਣਗੇ, ਅਸੀਂ ਇਸ ਰਿਪੋਰਟ ਨੂੰ ਅਪਡੇਟ ਕਰਾਂਗੇ।
ਤਿਲਕੇਸ਼ ਕੁਮਾਰ ਨੇ ਦੱਸਿਆ ਕਿ ਡੇਅ-ਕੇਅਰ ਕ੍ਰੈੱਸ਼ ਦੇ ਮਾਲਕ ਸੋਸੀਏਟੇ ਬੇਬੀ ਜੇਨਰਲ ਆਸਟ੍ਰੇਲੀਆ ਵਿੱਚ ਰਹਿੰਦੇ ਹਨ। ਕ੍ਰੈਸ਼ ਦੇ ਸੁਪਰਵਾਈਜ਼ਰ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਕੈਪਜੈਮਿਨੀ ਨੇ ਕਿਹਾ ਕਿ ਕੰਪਨੀ ਦੀ "ਸਭ ਤੋਂ ਪਹਿਲੀ ਤਰਜੀਹ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ਹੈ।"
ਕੰਪਨੀ ਨੇ ਅੱਗੇ ਕਿਹਾ ਕਿ ਉਹ ਸੰਬੰਧਤ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ ਅਤੇ ਤੱਥਾਂ ਦੀ ਪੁਸ਼ਟੀ ਕਰਨ ਦੇ ਯਤਨਾਂ ਵਿੱਚ ਮਦਦ ਕਰ ਰਹੀ ਹੈ। ਸਾਵਧਾਨੀ ਵਜੋਂ ਕੰਪਨੀ ਨੇ ਬੈਂਗਲੁਰੂ ਸਥਿਤ ਆਪਣੀ ਆਨ-ਕੈਂਪਸ ਡੇਅ-ਕੇਅਰ ਸਹੂਲਤ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਕੰਪਨੀ ਨੇ ਪੁਲਿਸ ਜਾਂ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਨੂੰ ਬੱਚਿਆਂ ਦੇ ਮਾਪਿਆਂ ਦੀ ਜਾਣਕਾਰੀ ਉਪਲੱਬਧ ਨਹੀਂ ਕਰਵਾਈ ਹੈ।
ਬੈਂਗਲੁਰੂ ਦੇ ਪੁਲਿਸ ਕਮਿਸ਼ਨਰ ਸੀਮਾਂਤ ਕੁਮਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਹੋਰ ਕੰਪਨੀਆਂ ਵਿੱਚ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨ ਵਾਸਤੇ ਸੰਬੰਧਤ ਅਧਿਕਾਰੀਆਂ ਨੂੰ ਪੱਤਰ ਲਿਖੇਗਾ।
ਬਾਲ ਨਿਆਂ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ ਦੀ ਧਾਰਾ 75 ਦੇ ਤਹਿਤ, ਕੋਈ ਵੀ ਵਿਅਕਤੀ ਜੋ ਬੱਚੇ ਦੀ ਦੇਖਭਾਲ ਦੀ ਜ਼ਿੰਮੇਵਾਰੀ ਵਿੱਚ ਰਹਿੰਦੇ ਹੋਏ ਉਸ ਨੂੰ ਮਾਰਦਾ-ਕੁੱਟਦਾ ਹੈ ਜਾਂ ਦੁਰਵਿਹਾਰ ਕਰਦਾ ਹੈ ਜਾਂ ਮਾਨਸਿਕ ਜਾਂ ਸਰੀਰਕ ਕਸ਼ਟ ਦਿੰਦਾ ਹੈ, ਉਸ ਨੂੰ ਤਿੰਨ ਸਾਲ ਤੱਕ ਦੀ ਸਖ਼ਤ ਕੈਦ ਜਾਂ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।
ਲਿਖਤੀ ਸ਼ਿਕਾਇਤ ਤੋਂ ਬਾਅਦ ਕਾਰਵਾਈ
ਤਿਲਕੇਸ਼ ਕੁਮਾਰ ਨੇ ਦੱਸਿਆ, "ਪੁੱਛਗਿੱਛ ਦੌਰਾਨ ਕਾਲ ਕਰਨ ਵਾਲੇ ਨੇ ਸਾਨੂੰ ਦੱਸਿਆ ਕਿ ਬੱਚਿਆਂ ਨੂੰ ਫਰੰਟ-ਲੋਡਿੰਗ ਵਾਸ਼ਿੰਗ ਮਸ਼ੀਨ ਦੇ ਅੰਦਰ ਪਾ ਦਿੱਤਾ ਜਾਂਦਾ ਸੀ, ਬਾਥਰੂਮ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਅਤੇ ਵੈਸਟਰਨ ਕਮੋਡ ਨਾਲ ਜੁੜੇ ਜੈੱਟ ਸਪ੍ਰੇ ਰਾਹੀਂ ਉਨ੍ਹਾਂ ਦੇ ਮੂੰਹ ਵਿੱਚ ਪਾਣੀ ਦੀ ਬੁਛਾੜ ਕੀਤੀ ਜਾਂਦੀ ਸੀ।"
ਉਨ੍ਹਾਂ ਕਿਹਾ, "ਇਸ ਤੋਂ ਬਾਅਦ 29 ਜੂਨ ਨੂੰ ਸਾਨੂੰ ਇੱਕ ਲਿਖਤੀ ਸ਼ਿਕਾਇਤ ਮਿਲੀ, ਜਿਸ ਵਿੱਚ ਘਟਨਾ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਜਾਣਕਾਰੀ ਸੀ। ਇਹ ਜਾਣਕਾਰੀ ਮਿਲਣ ਤੋਂ ਬਾਅਦ ਅਸੀਂ ਪੁਲਿਸ ਨਾਲ ਮਿਲ ਕੇ ਸਭ ਤੋਂ ਪਹਿਲਾਂ ਘਟਨਾ ਸਥਾਨ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਅਸੀਂ ਪੁਸ਼ਟੀ ਕੀਤੀ ਕਿ ਸ਼ਿਕਾਇਤ ਵਿੱਚ ਦੱਸੀ ਗਈ ਥਾਂ ਹੀ ਉਹ ਸਥਾਨ ਸੀ ਜਿੱਥੇ ਇਹ ਘਟਨਾ ਵਾਪਰੀ ਸੀ। ਘਟਨਾ ਸਥਾਨ ਦੇ ਨਿਰੀਖਣ ਤੋਂ ਬਾਅਦ ਅਸੀਂ ਪੁਲਿਸ ਥਾਣੇ ਵਾਪਸ ਆਏ ਅਤੇ ਸ਼ਿਕਾਇਤ ਦਰਜ ਕਰਵਾਈ।"
ਕਰਨਾਟਕ ਸਟੇਟ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਦੇ ਚੇਅਰਪਰਸਨ ਸੰਤੋਸ਼ ਕੁਮਾਰ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ ਕਿ ਡੇਅ-ਕੇਅਰ ਵਿੱਚ 35 ਬੱਚੇ ਹਨ।
ਉਨ੍ਹਾਂ ਕਿਹਾ, "ਸਾਡੇ ਕੋਲ ਅਜੇ ਤੱਕ ਬੱਚਿਆਂ ਦੀ ਪੂਰੀ ਸੂਚੀ ਨਹੀਂ ਹੈ। ਅਸੀਂ ਕੰਪਨੀ ਤੋਂ ਸੂਚੀ ਮੰਗੀ ਸੀ, ਪਰ ਉਨ੍ਹਾਂ ਨੇ ਕਿਹਾ ਕਿ ਕੰਪਨੀ ਇਹ ਪੁਲਿਸ ਨੂੰ ਸੌਂਪੇਗੀ। ਅਸੀਂ ਉਨ੍ਹਾਂ ਨੂੰ ਸਾਰੇ 35 ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਪੂਰੀ ਜਾਣਕਾਰੀ ਦੇਣ ਲਈ ਕਿਹਾ ਹੈ।"
"ਅਸੀਂ ਕਮਿਸ਼ਨ ਦੇ ਜ਼ਰੀਏ ਬੱਚਿਆਂ ਦੀ ਕਾਊਂਸਲਿੰਗ ਦਾ ਪ੍ਰਬੰਧ ਕਰਨ ਦੀ ਵੀ ਯੋਜਨਾ ਬਣਾ ਰਹੇ ਹਾਂ। ਗ੍ਰਿਫ਼ਤਾਰੀਆਂ ਦੀ ਗੱਲ ਕਰੀਏ ਤਾਂ ਡੇਅ-ਕੇਅਰ ਸੈਂਟਰ ਵਿੱਚ 14 ਲੋਕ ਕੰਮ ਕਰਦੇ ਸਨ। ਉਨ੍ਹਾਂ ਵਿੱਚੋਂ ਕੋਈ ਵੀ ਇਸ ਵੇਲੇ ਉੱਥੇ ਮੌਜੂਦ ਨਹੀਂ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ