You’re viewing a text-only version of this website that uses less data. View the main version of the website including all images and videos.
ਇੰਸਟਾਗ੍ਰਾਮ ਭਾਰਤ ਵਿੱਚ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਦਾ ਪ੍ਰਸਾਰ ਕਰਨ ਵਾਲੇ ਐਡ ਚਲਾ ਰਿਹਾ ਹੈ-ਬੀਬੀਸੀ ਦੀ ਪੜਤਾਲ
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਵਰਲਡ ਸਰਵਿਸ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਚੇਤਾਵਨੀ: ਇਸ ਰਿਪੋਰਟ ਦੇ ਕੁਝ ਵੇਰਵੇ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।
ਬੀਬੀਸੀ-ਆਈ ਦੀ ਇੱਕ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਇੰਸਟਾਗ੍ਰਾਮ ਭਾਰਤ ਵਿੱਚ ਪੈਸੇ ਲੈਕੇ ਅਜਿਹੇ ਵਿਗਿਆਪਨ ਚਲਾ ਰਿਹਾ ਹੈ, ਜਿਸਦੇ ਨਾਲ ਬੱਚੇ-ਬੱਚੀਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਦਾ ਪ੍ਰਸਾਰ ਹੋ ਰਿਹਾ ਹੈ।
ਬੀਬੀਸੀ ਵਰਲਡ ਸਰਵਿਸ ਵੱਲੋਂ ਦੇਖੇ ਗਏ ਇਨ੍ਹਾਂ ਵਿਗਿਆਪਨਾਂ ਵਿੱਚ 'ਰੇਪ ਵੀਡੀਓ' ਅਤੇ 'ਚਾਈਲਡ ਵੀਡੀਓ' ਜਿਹੀ ਸ਼ਬਦਾਵਲੀ ਵਰਤੀ ਗਈ ਹੈ ਅਤੇ ਇਹ ਯੂਜ਼ਰਜ਼ ਨੂੰ ਟੈਲੀਗ੍ਰਾਮ ਮੈਸੇਜਿੰਗ ਐਪ ਦੇ ਅਜਿਹੇ ਚੈਨਲਾਂ ਨਾਲ ਜੋੜਦੇ ਹਨ ਜਿੱਥੇ ਉਹ ਮਹਿਜ਼ 99 ਰੁਪਏ ਵਿੱਚ ਇਹ ਸਮੱਗਰੀ ਖਰੀਦ ਸਕਦੇ ਹਨ।
ਇੰਸਟਾਗ੍ਰਾਮ 'ਤੇ ਵਿਗਿਆਪਨ ਸਿਰਫ਼ ਉਦੋਂ ਹੀ ਪਬਲਿਸ਼ ਕੀਤੇ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਪਹਿਲਾਂ ਇੰਸਟਾਗ੍ਰਾਮ ਦੀ ਮੌਡਰੇਸ਼ਨ ਟੈਕਨੋਲਜੀ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ।
ਜਦੋਂ ਬੀਬੀਸੀ ਨੇ ਇਨ੍ਹਾਂ ਵਿੱਚੋਂ ਇੱਕ ਵਿਗਿਆਪਨ ਦੀ ਰਿਪੋਰਟ ਇੰਸਟਾਗ੍ਰਾਮ ਨੂੰ ਕੀਤੀ ਤਾਂ ਸੋਸ਼ਲ ਮੀਡੀਆ ਪਲੇਟਫ਼ਾਰਮ ਨੇ 24 ਘੰਟਿਆਂ ਬਾਅਦ ਜਵਾਬ ਦਿੱਤਾ ਕਿ ਇਹ ਪੋਸਟ ਉਨ੍ਹਾਂ ਦੀਆਂ 'ਕਮਿਉਨਟੀ ਗਾਈਡਲਾਈਨਜ਼' ਦੀ ਉਲੰਘਣਾ ਨਹੀਂ ਕਰਦੀ।
ਬਾਅਦ ਵਿੱਚ ਜਦੋਂ ਬੀਬੀਸੀ ਨੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੈਟਾ ਤੋਂ ਇਸ ਬਾਰੇ ਟਿੱਪਣੀ ਮੰਗੀ ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਕਈ ਵਿਗਿਆਪਨਾਂ ਨੂੰ ਬੰਦ ਕਰ ਚੁੱਕੀ ਹੈ ਅਤੇ ਉਨ੍ਹਾਂ ਨੂੰ ਪੋਸਟ ਕਰਨ ਵਾਲੇ ਖਾਤਿਆਂ ਨੂੰ ਸਸਪੈਂਡ ਕਰ ਚੁੱਕੀ ਹੈ।
ਕੰਪਨੀ ਨੇ ਕਿਹਾ ਕਿ ਬੀਬੀਸੀ ਦੀ ਪੜਤਾਲ ਦੇ ਬਾਅਦ ਉਨ੍ਹਾਂ ਨੇ ਹੋਰ ਵਿਗਿਆਪਨ ਹਟਾ ਦਿੱਤੇ ਹਨ, ਹੋਰ ਖਾਤੇ ਬੰਦ ਕਰ ਦਿੱਤੇ ਹਨ ਅਤੇ ਅਜਿਹੀ ਸਮੱਗਰੀ ਦੇ ਯੂ.ਆਰ.ਐਲ ਬਲੌਕ ਕਰ ਦਿੱਤੇ ਹਨ ਜੋ ਉਸ ਦੀਆਂ ਨੀਤੀਆਂ ਦੀ ਉਲੰਘਣਾ ਕਰਦੇ ਸੀ।
ਟੈਲੀਗ੍ਰਾਮ ਨੇ ਕਿਹਾ ਕਿ ਉਨ੍ਹਾਂ ਨੇ 2026 ਵਿੱਚ ਬਾਲ ਸੋਸ਼ਣ ਸਮੱਗਰੀ ਨਾਲ ਸਬੰਧਤ 2,74,000 ਤੋਂ ਵੱਧ ਗਰੁੱਪਾਂ ਅਤੇ ਚੈਨਲਾਂ ਨੂੰ ਹਟਾਇਆ ਹੈ।
ਪੜਤਾਲ ਕਿਵੇਂ ਸ਼ੁਰੂ ਹੋਈ?
ਜਦੋਂ ਦੇਖਿਆ ਕਿ ਇਹ ਪਲੇਟਫ਼ਾਰਮ ਜਿਨਸੀ ਤੌਰ 'ਤੇ ਉਕਸਾਉਣ ਵਾਲੀ ਸਮੱਗਰੀ ਪ੍ਰਮੋਟ ਕਰ ਰਿਹਾ ਸੀ ਜਦੋਂਕਿ ਇੱਕ ਯੂਜ਼ਰ ਨੇ ਅਜਿਹੀ ਸਮੱਗਰੀ ਬਾਰੇ ਸਰਚ ਨਾ ਵੀ ਕੀਤਾ ਹੋਵੇ ਤਾਂ ਬੀਬੀਸੀ ਨੇ ਇੰਸਟਾਗ੍ਰਾਮ 'ਤੇ ਇੱਕ ਦੂਜੇ ਨਾਮ ਤੋਂ ਹੋਰ ਖਾਤਾ ਬਣਾਇਆ।
ਇਸ ਵਿੱਚ ਭੋਜਨ, ਮੌਸਮ ਅਤੇ ਭਾਰਤ ਵਿੱਚ ਰੋਜ਼ਾਨਾ ਜ਼ਿੰਦਗੀ ਬਾਰੇ ਕੰਟੈਂਟ ਪੋਸਟ ਕਰਦੀਆਂ ਮਹਿਲਾਵਾਂ ਸ਼ਾਮਲ ਸਨ ਜਿਨ੍ਹਾਂ ਨੇ ਅੰਗ ਦਿਖਾਊ ਕੱਪੜੇ ਪਹਿਨੇ ਹੁੰਦੇ ਸਨ ਅਤੇ ਆਪਣੀਆਂ ਪੋਸਟਾਂ ਵਿੱਚ ਜਿਨਸੀ ਇਸ਼ਾਰਿਆਂ ਦੀ ਵਰਤੋਂ ਕਰ ਰਹੀਆਂ ਸਨ।
ਭਾਰਤ ਵਿੱਚ ਬਣਾਏ ਇਸ ਨਵੇਂ ਖਾਤੇ ਨੇ ਪਲੇਟਫ਼ਾਰਮ 'ਤੇ ਜਿਨਸੀ ਸਮੱਗਰੀ ਦੀ ਜਾਂਚ ਕਰਨ ਲਈ ਇਨ੍ਹਾਂ ਔਰਤਾਂ ਅਤੇ ਹੋਰ ਮਿਲਦੇ ਜੁਲਦੇ ਲੋਕਾਂ ਸਮੇਤ 10 ਜਣਿਆ ਨੂੰ ਫੌਲੋ ਕਰਨਾ ਸ਼ੁਰੂ ਕੀਤਾ।
ਇੱਕ ਹਫਤੇ ਦੇ ਅੰਦਰ ਹੀ, ਇੰਸਟਾਗ੍ਰਾਮ ਨੇ ਫ਼ੀਡ 'ਤੇ ਔਰਤਾਂ ਵੱਲੋਂ ਵੀਡੀਓ ਕਾਲ ਦੀ ਪੇਸ਼ਕਸ਼ ਕਰਨ ਵਾਲੀਆਂ ਅਤੇ ਪੂਰੀ ਤਰ੍ਹਾਂ ਨੰਗੇ ਜੋੜਿਆਂ ਨੂੰ ਸੈਕਸ ਕਰਦਿਆਂ ਦਿਖਾਉਣ ਦੇ ਵਿਗਿਆਪਨ ਆਉਣੇ ਸ਼ੁਰੂ ਹੋ ਗਏ।
ਕੁਝ ਹੀ ਦਿਨਾਂ ਵਿੱਚ ਫੀਡ ਵਿੱਚ ਅਜਿਹੇ ਵਿਗਿਆਪਨ ਆਉਣ ਲੱਗੇ ਜਿਸ ਵਿੱਚ ਬੱਚੇ-ਬੱਚੀਆਂ ਨੂੰ ਬਾਲਗਾਂ ਨਾਲ ਜਿਨਸੀ ਸਥਿਤੀਆਂ ਵਿੱਚ ਦਿਖਾਇਆ ਜਾ ਰਿਹਾ ਸੀ। ਇਸਦੇ ਨਾਲ ਟੈਲੀਗ੍ਰਾਮ ਚੈਨਲ ਦੇ ਲਿੰਕ ਵੀ ਸਨ।
ਕੁੱਲ ਮਿਲਾ ਕੇ ਬਾਲ ਜਿਨਸੀ ਸ਼ੋਸ਼ਣ ਨੂੰ ਉਤਸ਼ਾਹਿਤ ਕਰਦੇ ਕਰੀਬ ਤੀਹ ਵੱਖ-ਵੱਖ ਵਿਗਿਆਪਨ ਆਏ, ਇਨ੍ਹਾਂ ਵਿੱਚੋਂ ਕੁਝ ਨੂੰ ਇੱਕ ਤੋਂ ਜ਼ਿਆਦਾ ਅਕਾਊਟਾਂ ਵੱਲੋਂ ਸਾਂਝਾ ਕੀਤਾ ਗਿਆ ਸੀ।
ਦੂਜੇ ਨਾਮ ਨਾਲ ਬਣਾਏ ਗਏ ਅਕਾਊਂਟ ਨੂੰ ਬਾਲਗ ਅਸ਼ਲੀਲ ਸਮੱਗਰੀ ਦਿਖਾਉਣ ਵਾਲੇ ਵੀਹ ਵਿਗਿਆਪਨ ਵੀ ਦਿਖਾਏ ਗਏ।
ਭਾਰਤ ਵਿੱਚ ਬਾਲ ਜਿਨਸੀ ਸੋਸ਼ਣ ਸਮੱਗਰੀ ਅਤੇ ਬਾਲਗ ਪੌਰਨੋਗ੍ਰਾਫੀ, ਦੋਹਾਂ ਦੀ ਪ੍ਰਚਾਰ ਕਾਨੂੰਨੀ ਅਪਰਾਧ ਹਨ ਜਦਕਿ ਮੈਟਾ ਦੀ ਪਾਲਿਸੀ ਕਹਿੰਦੀ ਹੈ ਕਿ ਵਿਗਿਆਪਨਾਂ ਵਿੱਚ ਨੰਗੇਜ਼, ਜਿਨਸੀ ਅੰਗ ਜਾਂ ਅਜਿਹਾ ਕੰਟੈਂਟ ਨਹੀਂ ਹੋਣਾ ਚਾਹੀਦਾ ਜਿਸ ਨਾਲ ਬੱਚਿਆਂ ਦਾ ਜਿਨਸੀ ਸ਼ੋਸ਼ਣ ਹੋਵੇ ਜਾਂ ਉਨ੍ਹਾਂ ਨੂੰ ਖ਼ਤਰੇ ਵਿੱਚ ਪਾਉਂਦਾ ਹੋਵੇ।
ਇੱਕ ਵਿਗਿਆਪਨ ਵਿੱਚ ਦਿਖਾਇਆ ਗਿਆ ਕਿ ਕਰੀਬ ਬਾਰਾਂ ਸਾਲ ਦੇ ਜਾਪ ਰਹੇ ਮੁੰਡਾ ਕੁੜੀ ਨੂੰ ਜਿਨਸੀ ਗਤੀਵਿਧੀ ਵਿੱਚ ਦਿਖਾਇਆ ਗਿਆ।
ਇੱਕ ਹੋਰ ਵਿਗਿਆਪਨ ਵਿੱਚ ਇੱਕ ਆਦਮੀ ਨੂੰ ਇੱਕ ਕੁੜੀ ਦੇ ਮੋਢੇ ਉੱਤੇ ਬਾਂਹ ਰੱਖੇ ਹੋਏ ਦਿਖਾਇਆ ਗਿਆ ਅਤੇ ਲਿਖਿਆ ਸੀ ਕਿ ਆਦਮੀ 52 ਸਾਲ ਦਾ ਸੀ ਅਤੇ ਲੜਕੀ 12 ਸਾਲ ਦੀ। ਟੈਲੀਗ੍ਰਾਮ ਚੈਨਲ ਨਾਲ ਜੋੜਦਿਆਂ ਲਿਖਿਆ ਸੀ, "ਦੇਖਣ ਲਈ ਕਲਿੱਕ ਕਰੋ।"
ਬੀਬੀਸੀ ਨੇ ਇੰਸਟਾਗ੍ਰਾਮ ਕੋਲ ਇੱਕ ਵਿਗਿਆਪਨ ਰਿਪੋਰਟ ਕੀਤਾ ਜਿਸ ਵਿੱਚ ਇੱਕ ਛੋਟੀ ਲੜਕੀ ਰੋ ਰਹੀ ਸੀ ਅਤੇ ਸ਼ਬਦ ਸੰਕੇਤ ਕਰ ਰਹੇ ਸਨ ਕਿ ਉਸ ਦਾ ਜਿਨਸੀ ਸੋਸ਼ਣ ਕੀਤਾ ਗਿਆ ਸੀ।
ਪਰ 24 ਘੰਟੇ ਬਾਅਦ ਇੰਸਟਾਗ੍ਰਾਮ ਦਾ ਜਵਾਬ ਆਇਆ ਅਤੇ ਕਿਹਾ ਕਿ ਉਸ ਨੇ ਵਿਗਿਆਪਨ ਨਹੀਂ ਹਟਾਇਆ ਹੈ ਕਿ "ਕਿਉਂਕਿ ਸਾਡੀ ਰੀਵੀਓ ਟੀਮ ਨੇ ਦੇਖਿਆ ਕਿ ਵਿਗਿਆਪਨ ਸਾਡੇ ਕਮਿਉਨਟੀ ਸਟੈਂਡਰਡਜ਼ ਦੇ ਖ਼ਿਲਾਫ਼ ਨਹੀਂ ਜਾਂਦਾ।"
ਮੈਟਾ ਨੇ ਕੀ ਕਿਹਾ ?
ਬਾਅਦ ਵਿੱਚ ਮੈਟਾ ਨੇ ਬੀਬੀਸੀ ਨੂੰ ਦੱਸਿਆ ਕਿ "ਕੋਈ ਸਿਸਟਮ ਪਰਫੈਕਟ ਨਹੀਂ ਹੈ ਅਤੇ ਸੰਭਾਵਨਾ ਹੈ ਕਿ ਉਨ੍ਹਾਂ ਦਾ ਰੀਵੀਓ ਸਿਸਟਮ ਸਾਰੀਆਂ ਪਾਲਿਸੀ ਉਲੰਘਣਾਵਾਂ ਨਾ ਪਛਾਣ ਸਕੇ।"
ਮੈਟਾ ਨੇ ਕਿਹਾ, "ਅਸੀਂ ਵਿਗਿਆਪਨ ਦੇ ਲਾਈਵ ਹੋਣ ਤੋਂ ਬਾਅਦ ਵੀ ਉਨ੍ਹਾਂ 'ਤੇ ਸਰਗਰਮ ਖੋਜ ਤਕਨਾਲੋਜੀ ਚਲਾਉਣਾ ਜਾਰੀ ਰੱਖਦੇ ਹਾਂ ਅਤੇ ਕੋਈ ਵੀ ਵਿਅਕਤੀ ਸਾਨੂੰ ਕਿਸੇ ਅਜਿਹੇ ਵਿਗਿਆਪਨ ਦੀ ਰਿਪੋਰਟ ਕਰ ਸਕਦਾ ਹੈ ਜੋ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਡੇ ਨਿਯਮਾਂ ਨੂੰ ਤੋੜਦਾ ਹੈ।"
ਇਸ ਨੇ ਅੱਗੇ ਕਿਹਾ ਕਿ ਜਦੋਂ ਵੀ ਉਸ ਨੂੰ ਬੱਚਿਆਂ ਦੇ ਸੰਭਾਵਿਤ ਸ਼ੋਸ਼ਣ ਬਾਰੇ ਪਤਾ ਲੱਗਦਾ ਹੈ ਤਾਂ ਇਹ ਕਾਨੂੰਨ ਦੀ ਪਾਲਣਾ ਕਰਦਿਆਂ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਡ ਚਿਲਡਰਨ(NCMEC) ਨੂੰ ਇਸ ਦੀ ਰਿਪੋਰਟ ਕਰਦਾ ਹੈ। ਇਹ ਬੱਚਿਆਂ ਦੇ ਆਨਲਾਈਨ ਜਿਨਸੀ ਸੋਸ਼ਣ ਦੇ ਮਾਮਲਿਆਂ ਲਈ ਇੱਕ ਕੇਂਦਰੀਕ੍ਰਿਤ ਵਿਸ਼ਵ-ਵਿਆਪੀ ਰਿਪੋਰਟਿੰਗ ਪ੍ਰਣਾਲੀ ਹੈ।
ਅਸੀਂ ਬਾਲ ਜਿਨਸੀ ਸੋਸ਼ਣ ਸਮੱਗਰੀ ਵੇਚਣ ਵਾਲੇ ਦੋ ਚੈਨਲ, ਟੈਲੀਗ੍ਰਾਮ ਨੂੰ ਰਿਪੋਰਟ ਕੀਤੇ।
ਉਨ੍ਹਾਂ ਵਿੱਚੋਂ ਇੱਕ ਨੂੰ ਹਟਾ ਦਿੱਤਾ ਗਿਆ ਸੀ ਅਤੇ ਇੱਕ ਮੈਸੇਜ ਨਾਲ ਬਦਲ ਦਿੱਤਾ ਗਿਆ ਕਿ: "ਇਹ ਗਰੁੱਪ ਨਹੀਂ ਦਿਖਾਇਆ ਜਾ ਸਕਦਾ ਕਿਉਂਕਿ ਇਸ ਨੇ ਟੈਲੀਗ੍ਰਾਮ ਦੀ ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ", ਪਰ ਦੂਜਾ ਗਰੁੱਪ ਵਿਕਰੀ ਲਈ ਨਵੀਆਂ ਵੀਡੀਓਜ਼ ਪੋਸਟ ਕਰਦਾ ਰਿਹਾ।
ਅਲੋਚਕਾਂ ਨੇ ਪਹਿਲਾਂ ਵੀ ਇਸ ਪਲੇਟਫ਼ਾਰਮ 'ਤੇ ਅਪਰਾਧਿਕ ਸਮੱਗਰੀ ਨੂੰ ਸਾਂਝਾ ਕਰਨੋਂ ਰੋਕਣ ਲਈ ਲੋੜੀਂਦੇ ਕਦਮ ਨਾ ਚੁੱਕਣ ਦੇ ਇਲਜ਼ਾਮ ਲਗਾਏ ਹਨ।
ਦੁਬਈ ਬੇਸਡ ਇਹ ਕੰਪਨੀ ਨਾ ਐਨਸੀਐਮਈਸੀ ਦੀ ਮੈਂਬਰ ਹੈ ਨਾ ਹੀ ਇੰਟਰਨੈਟ ਵਾਚ ਫਾਊਂਡੇਸ਼ਨ ਦੀ। ਆਈਡਬਲਿਊ ਵੀ ਜ਼ਿਆਦਾਤਰ ਆਨਲਾਈਨ ਪਲੇਟਫ਼ਾਰਮਾਂ ਨਾਲ ਮਿਲ ਕੇ ਅਜਿਹੇ ਕੰਟੈਂਟ ਨੂੰ ਲੱਭਣ ਅਤੇ ਰਿਪੋਰਟ ਕਰਨ ਅਤੇ ਹਟਾਉਣ ਦਾ ਕੰਮ ਕਰਦੀ ਹੈ।
ਟੈਲੀਗ੍ਰਾਮ ਨੇ ਬੀਬੀਸੀ ਨੂੰ ਦੱਸਿਆ ਕਿ ਕੰਪਨੀ ਆਟੋਮੇਟਿਡ ਅਤੇ ਮਨੁੱਖੀ ਦੋਹੇਂ ਤਰੀਕੇ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਐਪਲੀਕੇਸ਼ਨ ਤੋਂ ਮਿਟਾਉਣ ਲਈ ਵਰਤਦੀ ਹੈ ਅਤੇ ਨਤੀਜੇ ਵਜੋਂ ਇਸ ਨੇ ਅਜਿਹੇ ਕੰਟੈਂਟ ਦੇ ਜਨਤਕ ਫੈਲਾਅ ਨੂੰ ਵਰਚੂਅਲੀ ਮਿਟਾਇਆ ਹੈ।
ਮੈਟਾ, ਵਿਗਿਆਪਨ ਦੀ ਕਮਾਈ 'ਤੇ ਕਿਵੇਂ ਨਿਰਭਰ ਕਰਦਾ ਹੈ?
ਵਿਗਿਆਪਨ, ਮੈਟਾ ਲਈ ਕਮਾਈ ਦਾ ਮਹੱਤਵਪੂਰਨ ਸ੍ਰੋਤ ਹਨ।
ਜਨਵਰੀ ਵਿੱਚ, ਇਸ ਨੇ ਰਿਪੋਰਟ ਕੀਤਾ ਕਿ ਇਸ ਦੇ 2025 ਵਿੱਚ ਖ਼ਤਮ ਹੋਏ ਵਿੱਤੀ ਵਰ੍ਹੇ ਦੇ 200 ਬਿਲੀਅਨ ਡਾਲਰ ਰੈਵੇਨੀਊ ਦਾ ਕਰੀਬ 98 ਫ਼ੀਸਦੀ ਵਿਗਿਆਪਨ ਤੋਂ ਆਇਆ। ਵਿਸ਼ਲੇਸ਼ਕ ਅੰਦਾਜ਼ਾ ਲਗਾਉਂਦੇ ਹਨ ਕਿ ਵਿਗਿਆਪਨ ਇੰਸਟਾਗ੍ਰਾਮ ਦੇ ਰੈਵੇਨੀਊ ਦਾ 90 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਹਨ।
ਜਦੋਂ ਕਿ ਆਮ ਪੋਸਟਾਂ ਬਿਨ੍ਹਾਂ ਕਿਸੇ ਜਾਂਚ ਦੇ ਆਪਣੇ ਆਪ ਅਪਲੋਡ ਹੋ ਜਾਂਦੀਆਂ ਹਨ, ਮੈਟਾ ਦਾ ਕਹਿਣਾ ਹੈ ਕਿ ਹਰੇਕ ਵਿਗਿਆਪਨ ਨੂੰ ਇਸ ਦੇ ਪਲੇਟਫ਼ਾਰਮਾਂ 'ਤੇ ਆਗਿਆ ਦੇਣ ਤੋਂ ਪਹਿਲਾਂ ਰੀਵਿਊ ਕੀਤਾ ਜਾਂਦਾ ਹੈ।
ਮੋਟੇ ਤੌਰ ਉੱਤੇ ਔਟੋਮੇਟੇਡ ਤਕਨੀਕ ਉੱਤੇ ਨਿਰਭਰ ਰਹਿਣ ਵਾਲਾ ਉਸਦਾ ਰੀਵਿਊ ਸਿਸਟਮ ਵਿਗਿਆਪਨ ਦੀਆਂ ਤਸਵੀਰਾਂ, ਵੀਡੀਓ, ਟੈਕਸਟ, ਆਡੀਓ, ਕਿਸਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਯੂਜ਼ਰ ਨੂੰ ਕਿਸ ਲਿੰਕ ਉੱਤੇ ਭੇਜਿਆ ਜਾ ਰਿਹਾ ਹੈ-ਇਹ ਸਭ ਜਾਂਚ ਕਰਦਾ ਹੈ।
ਫਿਰ ਇਹ ਸਾਫਟਵੇਅਰ, ਵਿਗਿਆਪਨਾਂ ਨੂੰ ਰੱਦ ਜਾਂ ਮਨਜ਼ੂਰ ਕਰਦਾ ਹੈ ਅਤੇ ਅਨਿਸ਼ਚਿਤਤਾ ਦੀ ਸਥਿਤੀ ਵਿੱਚ ਮਾਮਲਿਆਂ ਨੂੰ ਮਨੁੱਖੀ ਰੀਵਿਊ ਲਈ ਅੱਗੇ ਭੇਜਦਾ ਹੈ।
ਮਾਰਚ ਵਿੱਚ ਮੈਟਾ ਨੇ ਐਲਾਨ ਕੀਤਾ ਸੀ ਕਿ ਉਹ ਥਰਡ ਪਾਰਟੀ ਮਨੁੱਖੀ ਮੌਡਰੇਟਰਾਂ 'ਤੇ ਆਪਣੀ ਨਿਰਭਰਤਾ ਨੂੰ ਘਟਾ ਰਿਹਾ ਹੈ ਅਤੇ ਏਆਈ ਦੀ ਵਰਤੋਂ ਨੂੰ ਵਧਾ ਰਿਹਾ ਹੈ। ਨਾਲ ਹੀ ਉਸ ਨੇ ਇਹ ਵੀ ਕਿਹਾ ਸੀ ਕਿ 'ਮਾਹਿਰ ਸਾਡੇ ਏਆਈ ਸਿਸਟਮਾਂ ਨੂੰ ਡਿਜ਼ਾਈਨ ਕਰਨਗੇ, ਸਿਖਲਾਈ ਦੇਣਗੇ ਅਤੇ ਨਿਗਰਾਨੀ ਅਤੇ ਮੁਲਾਂਕਣ ਕਰਨਗੇ।'
ਬੀਬੀਸੀ ਨੇ ਭਾਰਤ ਦੀ ਸੁਪਰੀਮ ਕੋਰਟ ਤੋਂ ਰਿਟਾਇਰਡ ਜਸਟਿਸ ਮਦਨ ਲੋਕੂਰ ਨਾਲ ਇਨ੍ਹਾਂ ਵਿਗਿਆਪਨਾਂ ਬਾਰੇ ਗੱਲ ਕੀਤੀ। ਉਹ ਇਸ ਗੱਲੋਂ ਚਿੰਤਤ ਸਨ ਕਿ ਇੰਸਟਾਗ੍ਰਾਮ 'ਅਪਰਾਧਿਕ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਪੈਸਾ ਕਮਾ ਰਿਹਾ ਹੈ।'
ਉਨ੍ਹਾਂ ਕਿਹਾ, "ਇਹ ਭਾਰਤ ਦੀ ਸੁਪਰੀਮ ਕੋਰਟ ਲਈ ਓਨਾ ਗੰਭੀਰ ਮੁੱਦਾ ਹੈ ਕਿ ਇਸ ਦਾ ਸਵੈ-ਨੋਟਿਸ ਲੈਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਇਨ੍ਹਾਂ ਸ਼ੋਸ਼ਲ ਮੀਡੀਆ ਪਲੇਟਫ਼ਾਰਮਾਂ ਖ਼ਿਲਾਫ਼ ਕਾਰਵਾਈ ਲਈ ਕਹਿਣਾ ਚਾਹੀਦਾ ਹੈ।"
"ਕੰਪਨੀ ਦੇ ਮੁੱਖ ਟੀਚੇ ਵਰਤੋਂ ਅਤੇ ਇੰਗੇਜਮੈਂਟ ਵਧਾਉਣਾ ਹਨ"
ਕੰਪਨੀ ਨਾਲ ਜੁੜੇ ਇੱਕ ਸਾਬਕਾ ਅਧਿਕਾਰੀ ਨੇ ਕੀ ਦੱਸਿਆ ?
ਫੇਸਬੁੱਕ(2021 ਵਿੱਚ ਮੈਟਾ ਬਣਨ ਤੋਂ ਪਹਿਲਾਂ ਜਿਸ ਨਾਮ ਨਾਲ ਜਾਣਿਆ ਜਾਂਦਾ ਸੀ) ਦੇ ਸਾਬਕਾ ਵਾਈਸ-ਪਰੈਜ਼ੀਡੈਂਟ ਨੇ ਕਿਹਾ ਕਿ ਉਹ ਬੀਬੀਸੀ ਦੀ ਪੜਤਾਲ ਨੇ ਉਨ੍ਹਾਂ ਨੂੰ ਡਰਾਇਆ ਪਰ ਹੈਰਾਨ ਨਹੀਂ ਕੀਤਾ।
ਸਾਲ 2009 ਤੋਂ 2020 ਤੱਕ ਕੰਪਨੀ ਲਈ ਕੰਮ ਕਰਨ ਵਾਲੇ ਅਤੇ ਐਡਵਰਟਾਈਜ਼ਿੰਗ ਅਤੇ ਮਾਰਕੀਟਿੰਗ ਬਿਜ਼ਨਸ ਵਧਾਉਣ ਵਿੱਚ ਮਦਦ ਕਰਨ ਵਾਲੇ ਬਰੀਅਨ ਬੋਲੈਂਡ ਨੇ ਕਿਹਾ ਕਿ ਉਨ੍ਹਾਂ ਨੇ ਨੌਕਰੀ ਛੱਡੀ ਸੀ ਕਿ ਕਿਉਂਕਿ ਉਹ ਮਹਿਸੂਸ ਕਰਦੇ ਸਨ 'ਉਨ੍ਹਾਂ ਨੂੰ ਕਿਤੇ ਵੀ ਯੂਜ਼ਰਜ਼ ਦੀ ਪਰਵਾਹ ਨਹੀਂ ਸੀ।'
ਉਨ੍ਹਾਂ ਦੱਸਿਆ ਕਿ ਇੰਸਟਾਗ੍ਰਾਮ ਦਾ ਐਲਗੋਰਿਦਮ, ਉਪਭੋਗਤਾਵਾਂ ਨੂੰ ਕੁਝ ਹੋਰ ਜ਼ਿਆਦਾ ਐਕਸਟ੍ਰੀਮ, ਵਧੇਰੇ ਲੁਭਾਉਣ ਵਾਲਾ ਦਿਖਾ ਕੇ ਪਲੇਟਫ਼ਾਰਮ 'ਤੇ ਟਿਕਾਏ ਰੱਖਣ ਲਈ ਤਿਆਰ ਕੀਤਾ ਗਿਆ ਸੀ।
ਉਨ੍ਹਾਂ ਕਿਹਾ, "ਅਜਿਹਾ ਨਹੀਂ ਹੈ ਕਿ ਐਲਗੋਰਿਦਮ ਕਹਿੰਦਾ ਹੈ ਕਿ 'ਆਓ ਲੋਕਾਂ ਨੂੰ ਪੈਡੋਫਾਈਲਜ਼(ਉਨ੍ਹਾਂ ਬਾਲਗਾਂ ਲਈ ਵਰਤਿਆ ਜਾਂਦਾ ਸ਼ਬਦ ਜੋ ਬੱਚਿਆਂ ਪ੍ਰਤੀ ਜਿਨਸੀ ਖਿੱਚ ਮਹਿਸੂਸ ਕਰਦੇ ਹਨ) ਬਣਾਈਏ' ਪਰ ਕਿਉਂਕਿ ਉਹ ਜ਼ਿੰਮੇਵਾਰੀ ਨਾਲ ਇਸ ਦਾ ਮਾਰਗਦਰਸ਼ਨ ਅਤੇ ਨਿਯੰਤਰਣ ਨਹੀਂ ਕਰ ਰਹੇ ਹਨ ਅਤੇ ਇਹ ਸਿਰਫ਼ ਕਮਾਈ ਅਤੇ ਕਲਿੱਕਾਂ ਦੇ ਟੀਚਿਆਂ ਵੱਲ ਭੱਜ ਰਿਹਾ ਹੈ , ਇਸ ਲਈ ਜੇਕਰ ਲੋਕ ਇਨ੍ਹਾਂ ਪ੍ਰਣਾਲੀਆਂ ਪ੍ਰਤੀ ਸੱਚਮੁੱਚ ਅਤੇ ਹਮਲਾਵਰ ਰੂਪ ਵਿੱਚ ਸੁਰੱਖਿਆਤਮਕ ਰਵੱਈਆ ਨਹੀਂ ਅਪਣਾਉਂਦੇ ਤਾਂ ਇਹ ਅਜਿਹੇ ਨਤੀਜੇ ਪੈਦਾ ਕਰੇਗਾ।"
ਬੋਲੈਂਡ ਨੇ ਕਿਹਾ ਕਿ 2009-2010 ਦੇ ਵਿਚਕਾਰ ਉਸ ਨੇ ਇੱਕ ਪ੍ਰੌਜੈਕਟ ਦੀ ਅਗਵਾਈ ਕੀਤੀ ਜਿਸ ਦਾ ਮਕਸਦ ਉਪਭੋਗਤਾਵਾਂ ਨਾਲ ਸਕੈਮ ਕਰਨ ਵਾਲੇ ਵਿਗਿਆਪਨਾਂ ਨੂੰ ਹਟਾਉਣਾ ਸੀ। ਇਸ ਦਾ ਮਤਲਬ ਸੀ ਕਿ ਉਨ੍ਹਾਂ ਨੂੰ "ਯੂਜ਼ਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਤਜਰਬੇ ਦੇ ਲਈ ਇਹ ਕਰਨ ਦਿੱਤਾ ਗਿਆ ਜਦੋਂਕਿ ਉਸ ਨਾਲ ਕੰਪਨੀ ਦੇ ਰੈਵਨਿਊ ਉੱਤੇ ਵੱਡਾ ਅਸਰ ਪਿਆ।"
ਉਨ੍ਹਾਂ ਕਿਹਾ, "ਮੈਂ ਸੋਚਦਾ ਹਾਂ ਕਿ ਦੁਖਦਾਈ ਅਤੇ ਤ੍ਰਾਸਦੀਪੂਰਨ ਗੱਲ ਇਹ ਹੈ ਕਿ ਸਮੇਂ ਦੇ ਨਾਲ ਕਮਾਈ ਅਤੇ ਉਪਭੋਗਤਾ ਦੇ ਅਨੁਭਵ ਵਿਚਕਾਰ ਸਮਝੌਤਾ ਗੱਲਬਾਤ ਦਾ ਇੱਕ ਵਧੇਰੇ ਮੁੱਖ ਹਿੱਸਾ ਬਣ ਗਿਆ।"
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ 2025 ਵਿੱਚ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦਿੱਤਾ ਸੀ ਅਤੇ ਅੱਗੇ ਕਿਹਾ, "ਜੇਕਰ ਲੋਕ ਵੱਡੀ ਗਿਣਤੀ ਵਿੱਚ ਇਹ ਕਹਿਣਾ ਸ਼ੁਰੂ ਕਰ ਦੇਣ ਕੇ ਮੈਂ ਜਾ ਰਿਹਾ ਹਾਂ, ਮੇਰਾ ਹੋ ਗਿਆ, ਇਸ ਨੂੰ ਭੁੱਲ ਜਾਓ, ਤਾਂ ਕੰਪਨੀ ਇਸ ਵੱਲ ਜ਼ਰੂਰ ਧਿਆਨ ਦੇਵੇਗੀ।"
ਬੀਬੀਸੀ ਨੂੰ ਭੇਜੇ ਬਿਆਨ ਵਿੱਚ ਮੈਟਾ ਨੇ ਕਿਹਾ, "ਬਾਲ ਸ਼ੋਸ਼ਣ ਇੱਕ ਭਿਆਨਕ ਅਪਰਾਧ ਹੈ ਅਤੇ ਮੈਟਾ ਆਪਣੀਆਂ ਐਪਲੀਕੇਸ਼ਨ 'ਤੇ ਇਸ ਨਾਲ ਲੜਨ ਲਈ ਆਕਰਮਕ ਕੰਮ ਕਰ ਰਿਹਾ ਹੈ।"
ਇਸ ਵਿੱਚ ਕਿਹਾ ਕਿ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਮੈਟਾ ਨੇ ਜਾਣਬੁੱਝ ਕੇ ਅਤੇ ਸੋਚ ਸਮਝ ਕੇ ਬੱਚਿਆਂ ਵਾਲੇ ਵਿਗਿਆਪਨਾਂ ਨੂੰ ਅਜਿਹੀ ਸਮੱਗਰੀ ਵਿੱਚ ਅਣਉਚਿਤ ਦਿਲਚਸਪੀ ਰੱਖਣ ਵਾਲੇ ਉਪਭੋਗਤਾਵਾਂ ਤੱਕ ਪਹੁੰਚਾਇਆ।
ਕੰਪਨੀ ਨੇ ਸੁਰੱਖਿਆ ਨਾਲੋਂ ਕਮਾਈ ਨੂੰ ਪਹਿਲ ਦੇਣ ਦੇ ਇਲਜ਼ਾਮ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ 2025 ਵਿੱਚ ਇਸ ਨੇ 'ਸੰਭਾਵਿਤ ਤੌਰ 'ਤੇ ਸ਼ੱਕੀ ਵਿਹਾਰ ਦੇ ਸੰਕੇਤ' ਦਿਖਾਉਣ ਵਾਲੇ ਚਾਰ ਮਿਲੀਅਨ ਤੋਂ ਵੱਧ ਅਕਾਊਂਟਾਂ ਨੂੰ ਆਟੋਮੈਟਿਕਲੀ ਬੰਦ ਕਰ ਦਿੱਤਾ ਸੀ।
ਮੈਟਾ ਨੇ ਅੱਗੇ ਕਿਹਾ, "ਜਦਕਿ ਪੱਕੇ ਇਰਾਦੇ ਵਾਲੇ ਅਪਰਾਧੀ ਜਾਂਚ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ, ਸਾਡੀਆਂ ਮਾਹਿਰ ਟੀਮਾਂ ਸਾਡੇ ਬਚਾਅ ਪੱਖ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀਆਂ ਹਨ, ਅਪਰਾਧੀਆਂ ਨੂੰ ਹਟਾਉਮ ਲਈ ਨਵੀਂ ਤਕਨਾਲੋਜੀ ਵਿਕਸਤ ਕਰ ਰਹੀਆਂ ਹਨ। ਨਿਯਮਾਂ ਦੀ ਉਲੰਘਣਾਂ ਕਰਨ ਵਾਲੀਆਂ ਵੈਬਸਾਈਟਾਂ ਦੇ ਲਿੰਕਾਂ ਨੂੰ ਬਲੌਕ ਕਰ ਰਹੀਆਂ ਹਨ ਅਤੇ ਹੋਰ ਕੰਪਨੀਆਂ ਨਾਲ ਖੁਫੀਆ ਜਾਣਕਾਰੀ ਸਾਂਝੀ ਕਰ ਰਹੀਆਂ ਹਨ ਤਾਂ ਜੋ ਉਹ ਵੀ ਕਾਰਵਾਈ ਕਰ ਸਕਣ।"
ਬੋਲੈਂਡ ਨੇ ਇਸ ਸਾਲ ਦੇ ਸ਼ੁਰੂ ਵਿੱਚ ਅਮਰੀਕਾ ਦੇ ਨਿਊ ਮੈਕਸੀਕੋ ਰਾਜ ਵਿੱਚ ਇੱਕ ਮੁਕੱਦਮੇ ਦੌਰਾਨ ਮੈਟਾ ਦੇ ਖ਼ਿਲਾਫ਼ ਗਵਾਹੀ ਦਿੱਤੀ ਸੀ, ਜਿਸ ਵਿੱਚ ਕੰਪਨੀ 'ਤੇ ਬੱਚਿਆਂ ਲਈ ਆਪਣੇ ਪਲੇਟਫ਼ਾਰਮਾਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਉਪਭੋਗਤਾਵਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।
ਕੋਰਟ ਨੇ ਮੈਟਾ ਨੂੰ ਨਿਊ ਮੈਕਸੀਕੋ ਨੂੰ 375 ਮਿਲੀਅਨ ਡਾਲਰ ਅਦਾ ਕਰਨ ਦੇ ਹੁਕਮ ਦਿੱਤੇ ਸਨ। ਉਸ ਵੇਲੇ ਕੰਪਨੀ ਦੇ ਬੁਲਾਰੇ ਨੇ ਕਿਹਾ ਸੀ ਕਿ ਉਹ ਫ਼ੈਸਲੇ ਨਾਲ ਅਸਹਿਮਤ ਸਨ ਅਤੇ ਅੱਗੇ ਅਪੀਲ ਕਰਨ ਦੀ ਇੱਛਾ ਹੈ।
ਇਤਰਾਜ਼ਯੋਗ ਸਮੱਗਰੀ ਦੀ ਰਿਪੋਰਟਿੰਗ
ਯੂਐਸ ਦੀਆਂ ਸੋਸ਼ਲ ਮੀਡੀਆ ਕੰਪਨੀਆਂ ਲਈ ਉਨ੍ਹਾਂ ਦੇ ਪਲੇਟਫ਼ਾਰਮਾਂ 'ਤੇ ਬਾਲ ਸ਼ੋਸ਼ਣ ਸਮੱਗਰੀ ਨੂੰ ਐਨਸੀਐਮਈਸੀ ਦੀ ਸਾਈਬਰ ਟਿਪਲਾਈਨ ਕੋਲ ਰਿਪੋਰਟ ਕਰਨਾ ਲਾਜ਼ਮੀ ਹੈ।
ਫਿਰ ਟਿਪਲਾਈਨ ਉਸ ਦੇਸ਼ ਦੀ ਢੁੱਕਵੀਂ ਕਾਨੂੰਨ ਏਜੰਸੀ ਨੂੰ ਰਿਪੋਰਟ ਭੇਜਦੀ ਹੈ ਜਿੱਥੇ ਉਸ ਮੁਤਾਬਕ ਇਹ ਘਟਨਾ ਵਾਪਰੀ ਹੁੰਦੀ ਹੈ।
ਸਾਲ 2025 ਵਿੱਚ 19 ਲੱਖ (1.9m) ਰਿਪੋਰਟਾਂ ਦੇ ਨਾਲ ਭਾਰਤ ਦੂਜੇ ਨੰਬਰ ਉੱਤੇ ਰਿਹਾ ਅਤੇ ਅਮਰੀਕਾ ਨੂੰ ਸਭ ਤੋਂ ਜ਼ਿਆਦਾ 20 ਲੱਖ (2m) ਰਿਪੋਰਟ ਭੇਜੀਆਂ ਗਈਆਂ।
ਤੇਲੰਗਾਨਾ ਵਿੱਚ ਸਾਈਬਰ ਸਕਿਉਰਟੀ ਬਿਓਰੋ ਦੇ ਡਾਇਰੈਕਟਰ ਅਤੇ ਭਾਰਤ ਦੀ ਟੌਪ ਸਾਈਬਰ ਪੁਲਿਸ ਅਫਸਰ ਸ਼ਿਖਾ ਗੋਇਲ ਨੇ ਕਿਹਾ ਕਿ ਮੈਟਾ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ਨੇ ਸਭ ਤੋਂ ਜ਼ਿਆਦਾ ਟਿਪਲਾਈਨਜ਼ ਜੈਨਰੇਟ ਕੀਤੀਆਂ।
ਆਨਲਾਈਨ ਖਤਰਿਆਂ ਦਾ ਸਾਹਮਣਾ ਕਰ ਰਹੇ ਬੱਚਿਆਂ ਲਈ ਕੰਮ ਕਰਦੀ ਮੁੰਬਈ ਦੀ ਇੱਕ ਐਨਜੀਓ, ਦ ਰਤੀ ਫਾਊਂਡੇਸ਼ਨ ਨੇ ਵੀ ਕਿਹਾ ਕਿ ਬਾਲ ਸ਼ੋਸ਼ਣ ਸਮੱਗਰੀ ਬਾਰੇ ਸਭ ਤੋਂ ਜ਼ਿਆਦਾ ਰਿਪੋਰਟਾਂ ਮੈਟਾ ਪਲੇਟਫ਼ਾਰਮਾਂ ਤੋਂ ਆਈਆਂ।
ਇਹ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨਾਲ ਕੋਲੈਬੋਰੇਟ ਕਰਕੇ ਨੁਕਸਾਨਦੇਹ ਕੰਟੈਂਟ ਹਟਾਉਣ ਵਿੱਚ ਮਦਦ ਕਰਦਾ ਹੈ ਪਰ ਕੋ-ਫਾਊਂਡਰ ਅਤੇ ਡਾਇਰੈਕਟਰ ਸਿਧਾਰਥ ਪਿੱਲਾਈ ਨੇ ਕਿਹਾ ਕਿ "ਅਪਰਾਧੀ ਇੰਸਟਾਗ੍ਰਾਮ ਤੋਂ ਟੈਲੀਗ੍ਰਾਮ ਤੱਕ ਜਾਣ ਲਈ ਨਿਰਵਿਘਨ ਰਸਤੇ ਦੀ ਵਰਤੋਂ ਕਰਦੇ ਹਨ ਅਤੇ ਉਸ ਸਮੱਗਰੀ ਨੂੰ ਵਾਰ-ਵਾਰ ਅਪਲੋਡ ਕਰਦੇ ਰਹੇ ਹਨ ਜਿਸ ਨੂੰ ਹਟਾਉਣ ਵਿੱਚ ਅਸੀਂ ਮਦਦ ਕਰਦੇ ਹਾਂ।"
ਮਾਹਿਰ ਕਹਿੰਦੇ ਹਨ ਕਿ ਭਾਰਤ ਵਿੱਚ ਬਾਲ ਜਿਨਸੀ ਸੋਸ਼ਣ ਸਮੱਗਰੀ ਆਮ ਤੌਰ 'ਤੇ ਮਨੁੱਖੀ ਤਸਕਰਾਂ ਜਿਹੇ ਅਪਰਾਧੀ ਸੰਗਠਨਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ ਪਰ ਪਰਿਵਾਰ ਅਤੇ ਭਾਈਚਾਰਾ ਵੀ ਕਈ ਵਾਰ ਜ਼ਿੰਮੇਵਾਰ ਸਨ।
ਭਾਰਤ ਵਿੱਚ ਬੱਚਿਆਂ ਖ਼ਿਲਾਫ਼ ਹਿੰਸਾ ਰੋਕਣ ਲਈ ਕੰਮ ਕਰਦੀਆਂ ਤਕਰੀਬਨ 250 ਸੰਸਥਾਵਾਂ ਦੇ ਨੈਟਵਰਕ 'ਜਸਟ ਫਾਰ ਰਾਈਟਸ' ਦੇ ਫਾਊਂਡਰ ਭੂਵਨ ਰਿਬੂ ਨੇ ਕਿਹਾ ਕਿ ਇਸ ਅਪਰਾਧ ਦੀ ਲੋੜੀਂਦੀ ਰਿਪੋਰਟ ਨਹੀਂ ਕੀਤੀ ਗਈ ਸੀ ਅਤੇ ਪੁਲਿਸ ਹਾਲੇ ਵੀ ਇਸ ਨਾਲ ਨਜਿੱਠਣ ਲਈ ਤਕਨੀਰੀ ਹੁਨਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਅਤੇ ਉਨ੍ਹਾਂ ਨੇ ਕਿਹਾ ਕਿ ਇਹ ਸਫਲਤਾਪੂਰਵਕ ਕਰਨ ਲਈ ਕੌਮਾਂਤਰੀ ਸਹਿਯੋਗ ਅਤੇ ਸਰਹੱਦਾਂ ਪਾਰ ਖੁਫੀਆ ਜਾਣਕਾਰੀ ਸਾਂਝੀ ਕਰਨਾ ਬਹੁਤ ਮਹੱਤਵਪੂਰਨ ਸੀ।
ਉਨ੍ਹਾਂ ਨੇ ਕਿਹਾ, "ਸੰਗਠਿਤ ਅਪਰਾਧ ਦੇ ਜਾਲ ਨੂੰ ਲੱਭਣ ਲਈ ਮੰਗ ਅਤੇ ਸਪਲਾਈ ਦੀ ਪੂਰੀ ਲੜੀ ਨੂੰ ਟਰੈਕ ਕਰਨ ਦੀ ਲੋੜ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ