ਕੀ ਭਵਿੱਖ ਵਿੱਚ ਅਸੀਂ ਤੈਅ ਕਰ ਸਕਾਂਗੇ ਕਿ ਸਾਡੇ ਬੱਚੇ ਕਿਵੇਂ ਦੇ ਦਿਖਣ ਅਤੇ ਉਨ੍ਹਾਂ ਵਿੱਚ ਕਿਹੜੇ-ਕਿਹੜੇ ਗੁਣ ਹੋਣ

    • ਲੇਖਕ, ਕੈਥਰੀਨ ਹੀਥਵੁਡ
    • ਰੋਲ, ਬੀਬੀਸੀ ਵਰਲਡ ਸਰਵਿਸ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਕੀ ਮਨੁੱਖ ਅਜੇ ਵੀ ਵਿਕਾਸ ਕਰ ਰਹੇ ਹਨ ਅਤੇ ਕੀ ਅਸੀਂ ਭਵਿੱਖ ਵਿੱਚ ਵੱਖ-ਵੱਖ ਰੂਪ ਧਾਰਨ ਕਰ ਸਕਦੇ ਹਾਂ? ਕੀ ਅਸੀਂ ਛੋਟੇ ਕੱਦ ਦੇ ਹੋ ਜਾਵਾਂਗੇ ਜਾਂ ਹੋਰ ਵੀ ਲੰਬੇ ਹੋਵਾਂਗੇ?

ਮਨੁੱਖੀ ਸਰੀਰਕ ਗੁਣ ਵੱਖ-ਵੱਖ ਹੋ ਸਕਦੇ ਹਨ ਜਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਜੈਨੇਟਿਕ ਤੌਰ 'ਤੇ ਕਿਸੇ ਖਾਸ ਵਿਸ਼ੇਸ਼ਤਾਵਾਂ ਦੇ ਅਨੁਸਾਰ ਡਿਜ਼ਾਈਨ ਕੀਤੇ ਜਾ ਸਕਦੇ ਹਾਂ। ਜਿਵੇਂ ਜਿਵੇਂ ਸੱਭਿਅਤਾ ਵਿਕਸਤ ਹੋਈ ਹੈ, ਅਸੀਂ ਬਦਲਦੇ ਗਏ ਹਾਂ।

ਅਤੀਤ ਵਿੱਚ ਬਿਮਾਰੀ, ਅਕਾਲ ਅਤੇ ਮੌਸਮ ਦੀਆਂ ਮੁਸ਼ਕਲ ਸਥਿਤੀਆਂ ਸਾਡੇ ਵਿਕਾਸ ਨੂੰ ਪ੍ਰਭਾਵਿਤ ਕਰਦੀਆਂ ਸਨ। ਜਿਵੇਂ ਜਿਵੇਂ ਸੱਭਿਅਤਾਵਾਂ ਵਿਕਸਿਤ ਹੁੰਦੀਆਂ ਗਈਆਂ, ਸਾਡੇ ਵਿਕਾਸ 'ਤੇ ਇਹਨਾਂ ਕਾਰਕਾਂ ਦਾ ਪ੍ਰਭਾਵ ਘੱਟਦਾ ਗਿਆ।

ਹਾਲਾਂਕਿ, ਯੂਕੇ ਵਿੱਚ ਐਂਗਲੀਆ ਰਸਕਿਨ ਯੂਨੀਵਰਸਿਟੀ ਦੇ ਇੱਕ ਮਾਨਵ-ਵਿਗਿਆਨੀ ਅਤੇ ਵਿਕਾਸਵਾਦੀ ਜੈਨੇਟਿਕਸਿਸਟ ਡਾ. ਜੇਸਨ ਹੌਜਸਨ ਕਹਿੰਦੇ ਹਨ, “ਵਿਕਾਸ ਬਿਨਾਂ ਸ਼ੱਕ ਅੱਜ ਵੀ ਜਾਰੀ ਹੈ। ਅਸੀਂ ਇਹ ਜਾਣਦੇ ਹਾਂ ਕਿਉਂਕਿ ਕੁਝ ਜੀਨ ਕੁਝ ਆਬਾਦੀਆਂ ਵਿੱਚ ਵਧੇਰੇ ਆਮ ਹੁੰਦੇ ਜਾ ਰਹੇ ਹਨ ਪਰ ਇਹ ਬਦਲਾਅ ਬਹੁਤ ਸਾਰੀਆਂ ਪੀੜ੍ਹੀਆਂ ਵਿੱਚ ਹੁੰਦਾ ਹੈ, ਇਸ ਲਈ ਕੋਈ ਵੀ ਵਿਅਕਤੀ ਆਪਣੇ ਜੀਵਨ ਕਾਲ ਵਿੱਚ ਇਹ ਵਿਕਾਸਵਾਦੀ ਤਬਦੀਲੀਆਂ ਨੂੰ ਨਹੀਂ ਦੇਖ ਸਕਦਾ।”

ਮਨੁੱਖੀ ਵਿਭਿੰਨਤਾ

ਅਮਰੀਕਾ ਦੇ ਸਮਿਥਸੋਨੀਅਨ ਨੈਸ਼ਨਲ ਮਿਊਜ਼ੀਅਮ ਆਫ਼ ਨੈਚੁਰਲ ਹਿਸਟਰੀ ਦੀ ਇੱਕ ਪੁਰਾਤੱਤਵ ਵਿਗਿਆਨੀ ਬ੍ਰਿਆਨਾ ਪੋਬਿਨਰ ਕਹਿੰਦੇ ਹਨ ਕਿ ਸਾਡੀ ਖੁਰਾਕ ਨੇ ਸਾਡੇ ਹਾਲੀਆ ਵਿਕਾਸ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ।

ਉਹ ਦੱਸਦੇ ਹਨ ਕਿ ਅੱਜ ਦੁਨੀਆ ਦੀ ਲਗਭਗ ਇੱਕ ਤਿਹਾਈ ਆਬਾਦੀ ਬਾਲਗਤਾ ਵਿੱਚ ਦੁੱਧ ਨੂੰ ਹਜ਼ਮ ਕਰ ਸਕਦੀ ਹੈ, ਜਦੋਂ ਕਿ 5,000 ਤੋਂ 10,000 ਸਾਲ ਪਹਿਲਾਂ, ਲਗਭਗ ਕੋਈ ਵੀ ਅਜਿਹਾ ਨਹੀਂ ਕਰ ਸਕਦਾ ਸੀ। ਇਹ ਇੱਕ ਵਿਕਾਸਵਾਦੀ ਤਬਦੀਲੀ ਹੈ ਜੋ ਬਹੁਤ ਤੇਜ਼ੀ ਨਾਲ ਵਾਪਰੀ।

ਪੋਬਿਨਰ ਸਮਝਾਉਂਦੀ ਹੈ ਕਿ ਇਹ ਉਦੋਂ ਸ਼ੁਰੂ ਹੋਇਆ ਜਦੋਂ ਮਨੁੱਖਾਂ ਨੇ ਡੇਅਰੀ ਜਾਨਵਰਾਂ ਨੂੰ ਪਾਲਣਾ ਸ਼ੁਰੂ ਕੀਤਾ। ਅਕਾਲ ਦੇ ਸਮੇਂ, ਜੋ ਲੋਕ ਦੁੱਧ ਨੂੰ ਹਜ਼ਮ ਕਰ ਸਕਦੇ ਸਨ, ਜਿਸ ਵਿੱਚ ਚਰਬੀ ਅਤੇ ਪ੍ਰੋਟੀਨ ਹੁੰਦਾ ਹੈ, ਉਨ੍ਹਾਂ ਦੇ ਬਚਣ ਦੀ ਸੰਭਾਵਨਾ ਵਧੇਰੇ ਹੁੰਦੀ ਸੀ ਅਤੇ ਉਹ ਆਪਣੇ ਜੀਨਾਂ ਨੂੰ ਅੱਗੇ ਵਧਾ ਸਕੇ। ਇਸ ਤਰ੍ਹਾਂ ਇਹ ਜੀਨ ਬਹੁਤ ਤੇਜ਼ੀ ਨਾਲ ਫੈਲ ਗਏ।

ਹੋਰ ਵਾਤਾਵਰਣ ਦੇ ਕਾਰਕਾਂ ਨੇ ਵੀ ਮਨੁੱਖੀ ਵਿਕਾਸ ਨੂੰ ਹੋਰ ਵੀ ਪਹਿਲਾਂ ਤੋਂ ਪ੍ਰਭਾਵਿਤ ਕੀਤਾ ਹੈ।

ਜਦੋਂ ਸਾਡੀ ਪ੍ਰਜਾਤੀ ਹਜ਼ਾਰਾਂ ਸਾਲ ਪਹਿਲਾਂ ਅਫਰੀਕਾ ਤੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਫੈਲੀ ਤਾਂ ਉਸ ਨੂੰ ਵੱਖ-ਵੱਖ ਤਰ੍ਹਾਂ ਦੇ ਜਲਵਾਯੂ ਦਾ ਸਾਹਮਣਾ ਕਰਨਾ ਪਿਆ ਅਤੇ ਉਸਨੇ ਨਵੇਂ ਸਰੀਰਕ ਅਨੁਕੂਲਨ ਵਿਕਸਿਤ ਕੀਤੇ।

ਉਦਾਹਰਣ ਦੇ ਲਈ ਜਿੱਥੇ ਯੂਵੀ ਪ੍ਰਕਾਸ਼ ਘੱਟ ਸੀ, ਉੱਥੇ ਹਲਕੀ ਚਮੜੀ ਵਿਕਸਿਤ ਹੋਈ ਤਾਂਕਿ ਸਰੀਰ ਵਿਟਾਮਿਨ ਡੀ ਬਿਹਤਰ ਤਰੀਕੇ ਨਾਲ ਬਣ ਸਕੇ।

ਹੌਜਸਨ ਦੇ ਅਨੁਸਾਰ, ਸਥਾਨਕ ਵਿਭਿੰਨਤਾ ਉਦੋਂ ਉਭਰੀ ਜਦੋਂ ਲੋਕ ਇੱਕ-ਦੂਜੇ ਤੋਂ ਅਲੱਗ ਹੋ ਕੇ ਵੱਖ-ਵੱਖ ਖੇਤਰਾਂ ਵਿੱਚ ਵਸ ਗਏ।

ਹੁਣ ਅਸੀਂ ਵੱਖ-ਵੱਖ ਤਰੀਕਿਆਂ ਨਾਲ ਦੁਬਾਰਾ ਇਕੱਠੇ ਆ ਗਏ ਹਾਂ, ਜਿਵੇਂ ਕਿ ਪ੍ਰਵਾਸ ਅਤੇ ਵਿਸ਼ਵੀਕਰਨ ਰਾਹੀਂ।

ਇਹ ਵਿਸ਼ਵੀਕਰਨ ਇਸ ਸੰਭਾਵਨਾ ਦਾ ਸੁਝਾਅ ਦਿੰਦਾ ਹੈ ਕਿ ਜੈਵਿਕ ਵਿਭਿੰਨਤਾ ਘੱਟ ਹੋ ਸਕਦੀ ਹੈ, ਪਰ ਸਥਿਤੀ ਇੰਨੀ ਸਰਲ ਨਹੀਂ ਹੈ।

ਹੌਜਸਨ ਇੱਕ ਚੀਜ਼ ਦੀ ਖੋਜ ਕਰਦੇ ਹਨ ਜਿਸਨੂੰ "ਅਸੋਰਟੇਟਿਵ ਮੇਟਿੰਗ" ਕਿਹਾ ਜਾਂਦਾ ਹੈ ਯਾਨੀ ਜਦੋਂ ਜੀਵ ਅਜਿਹੇ ਸਾਥੀ ਚੁਣਦੇ ਹਨ ਜੋ ਉਨ੍ਹਾਂ ਨਾਲ ਮਿਲਦੇ ਜੁਲਦੇ ਹਨ।

ਹੌਜਸਨ ਦਾ ਕਹਿਣਾ ਹੈ ਕਿ ਐਸੋਰਟੇਟਿਵ ਮੇਟਿੰਗ ਕਿਸੇ ਵੀ ਕੁਦਰਤੀ ਚੋਣ ਨੂੰ ਤੇਜ਼ ਕਰ ਸਕਦਾ ਹੈ ਜੋ ਪਹਿਲਾਂ ਤੋਂ ਹੀ ਚੱਲ ਰਹੀ ਹੈ, ਇਸ ਤਰ੍ਹਾਂ ਆਬਾਦੀ ਦੇ ਅੰਦਰ ਖਾਸ ਗੁਣਾਂ ਨੂੰ ਉਤਸ਼ਾਹਿਤ ਕਰਦਾ ਹੈ।

ਖੋਜਕਰਤਾਵਾਂ ਨੇ ਇਹ ਵੀ ਦੇਖਿਆ ਹੈ ਕਿ ਤੁਸੀਂ ਜਿੰਨੇ ਲੰਬੇ ਹੁੰਦੇ ਹੋ, ਤੁਹਾਡੇ ਜੀਵਨ ਸਾਥੀ ਦੇ ਵੀ ਲੰਬੇ ਹੋਣ ਦੀ ਸੰਭਾਵਨਾ ਓਨੀ ਹੀ ਜ਼ਿਆਦਾ ਹੁੰਦੀ ਹੈ।

ਉਹ ਕਹਿੰਦੇ ਹਨ ਹੈ ਕਿ ਉਚਾਈ, ਭਾਰ ਅਤੇ ਚਿਹਰੇ ਦੀ ਬਣਤਰ ਵਰਗੀਆਂ ਕਈ ਚੀਜਾਂ ਕੁਝ ਸਮੂਹਾਂ ਵਿੱਚ ਐਸੋਰਟੇਟਿਵ ਪਾਈਆਂ ਗਈਆਂ ਹਨ - ਹਾਲਾਂਕਿ ਸਾਰਿਆਂ ਵਿੱਚ ਨਹੀਂ ਅਤੇ ਇਸਦਾ ਅਸਰ ਜੀਨ ਫ੍ਰੀਕੁਐਂਸੀ ਨੂੰ ਪ੍ਰਭਾਵਤ ਕਰਦਾ ਹੈ।

ਇਸਦਾ ਕੁਝ ਹਿੱਸਾ ਸਮਾਜਿਕ ਅਤੇ ਸੱਭਿਆਚਾਰਕ ਕਾਰਕਾਂ ਨਾਲ ਜੁੜਿਆ ਹੁੰਦਾ ਹੈ, ਜਿਵੇਂ ਲੋਕ ਅਕਸਰ ਆਪਣੀ ਹੀ ਜਾਤੀ ਸਮੂਹ ਦੇ ਅੰਦਰ ਵਿਆਹ ਕਰਦੇ ਹਨ। ਇਹ ਕਾਰਕ ਕੁਝ ਆਬਾਦੀਆਂ ਵਿੱਚ ਬਦਲ ਵੀ ਰਹੇ ਹਨ।

ਹੌਜਸਨ ਕਹਿੰਦੇ ਹਨ ਕਿ ਅਜਿਹੇ ਬਹੁਤ ਸਾਰੇ ਕਾਰਕ ਲਗਾਤਾਰ ਮਨੁੱਖੀ ਵਿਕਾਸ ਨੂੰ ਪ੍ਰਭਾਵਿਤ ਕਰ ਰਹੇ ਹਨ।

'ਸਭ ਕੁਝ ਇਨਸਾਨ ਦੇ ਹੱਥ ਵਿੱਚ ਹੈ'

ਹਾਲਾਂਕਿ, ਕੁਝ ਅਜਿਹੇ ਵਿਕਲਪ ਵੀ ਹਨ ਜੋ ਵਿਕਾਸ ਨੂੰ ਪ੍ਰਭਾਵਿਤ ਨਹੀਂ ਕਰਦੇ।

ਉਦਾਹਰਣ ਵਜੋਂ, ਪੋਬਿਨਰ ਕਹਿੰਦੇ ਹਨ ਕਿ ਜੇਕਰ ਤੁਸੀਂ ਜਿੰਮ ਜਾਂਦੇ ਹੋ ਅਤੇ ਕਸਰਤ ਰਾਹੀਂ ਮਸਲ ਬਣਾਉਂਦੇ ਹੋ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਬੱਚਿਆਂ ਨੂੰ ਵੀ ਚੰਗੇ ਮਸਲਸ ਲਈ ਜੀਨ ਮਿਲਣਗੇ।

ਆਰਥੋਡੌਂਟਿਕਸ ਤੋਂ ਲੈ ਕੇ ਕਾਸਮੈਟਿਕ ਪ੍ਰਕਿਰਿਆਵਾਂ ਤੱਕ, ਬਹੁਤ ਸਾਰੇ ਸਰੀਰਕ ਗੁਣ ਹੁਣ ਇੱਕ ਹੀ ਜੀਵਨ ਕਾਲ ਵਿੱਚ ਬਦਲੇ ਜਾ ਸਕਦੇ ਹਨ ਅਤੇ ਇਹ ਬਦਲਾਅ ਅਕਸਰ ਕੁਦਰਤੀ ਚੋਣ ਦੀ ਬਜਾਏ ਸਮਾਜਿਕ ਪਸੰਦ ਤੋਂ ਪ੍ਰਭਾਵਿਤ ਹੁੰਦੇ ਹਨ।

ਇੰਟਰਨੈਸ਼ਨਲ ਸੋਸਾਇਟੀ ਆਫ਼ ਐਸਥੈਟਿਕ ਪਲਾਸਟਿਕ ਸਰਜਰੀ ਦੇ ਅਨੁਸਾਰ, 2024 ਵਿੱਚ ਦੁਨੀਆ ਭਰ ਵਿੱਚ ਲਗਭਗ 40 ਮਿਲੀਅਨ ਸਰਜੀਕਲ ਅਤੇ ਗੈਰ-ਸਰਜੀਕਲ ਸੁੰਦਰਤਾ ਪ੍ਰਕਿਰਿਆਵਾਂ ਕੀਤੀਆਂ ਗਈਆਂ ਸਨ। ਇਹ 2020 ਦੇ ਮੁਕਾਬਲੇ 40 ਪ੍ਰਤੀਸ਼ਤ ਵਾਧਾ ਦਰਸਾਉਂਦਾ ਹੈ। ਯਾਨੀ ਲੋਕ ਪੈਦਾਇਸ਼ੀ ਜਿਵੇਂ ਦਿੱਖਦੇ ਹਨ, ਉਸ ਤੋਂ ਕੁਝ ਵੱਖਰੇ ਦਿਖਣ ਦੀ ਚਾਹਤ ਉਨ੍ਹਾਂ ਵਿੱਚ ਵਧ ਰਹੀ ਹੈ।

ਡੈਨਮਾਰਕ ਦੀ ਆਰਹਸ ਯੂਨੀਵਰਸਿਟੀ ਦੇ ਬਾਇਓਇਨਫਾਰਮੈਟਿਕਸ ਮਾਹਰ ਅਤੇ ਸਾਬਕਾ ਐਸੋਸੀਏਟ ਪ੍ਰੋਫੈਸਰ, ਥਾਮਸ ਮੇਲੰਡ ਕਹਿੰਦੇ ਹਨ ਕਿ ਡਾਕਟਰੀ ਵਿਗਿਆਨ ਦੁਆਰਾ ਸਾਡੀ ਸਰੀਰਕ ਦਿੱਖ ਨੂੰ ਬਦਲਣ ਦੀ ਇਸ ਵਧਦੀ

ਸਮਰੱਥਾ ਦਾ ਮਤਲਬ ਹੈ ਕਿ ਸਾਨੂੰ ਜ਼ਰੂਰੀ ਨਹੀਂ ਕਿ ਅਸੀਂ ਆਪਣੇ ਜੀਨਾਂ ਦੁਆਰਾ ਦੱਸੇ ਗਏ ਤਰੀਕੇ ਨਾਲ ਦਿਖਾਈ ਦੇਈਏ।

ਭਵਿੱਖ ਵਿੱਚ ਅਸੀਂ ਸਿਰਫ਼ ਆਪਣੀ ਬਾਹਰੀ ਦਿੱਖ ਤੋਂ ਵੱਧ ਕੁਝ ਬਦਲਣ ਦੇ ਯੋਗ ਹੋ ਸਕਦੇ ਹਾਂ। ਵਿਗਿਆਨੀ ਕ੍ਰਿਸਪਰ ਨਾਮਕ ਤਕਨੀਕ ਦੀ ਵਰਤੋਂ ਕਰਕੇ ਮਨੁੱਖੀ ਜੀਨਾਂ ਵਿੱਚ ਤਬਦੀਲੀ ਕਰ ਰਹੇ ਹਨ।

ਇਸ ਤਕਨੀਕ ਨਾਲ, ਇੱਕ ਹਿੱਸਾ ਟਾਰਗੇਟ ਡੀਐਨਏ ਦਾ ਪਤਾ ਲਗਾਉਂਦਾ ਹੈ ਜਦੋਂ ਕਿ ਦੂਜਾ ਉਸਨੂੰ ਬਦਲ ਦਿੰਦਾ ਹੈ। ਇਹ ਤਕਨੀਕ ਲਗਾਤਾਰ ਬਿਹਤਰ ਹੋ ਰਹੀ ਹੈ ਅਤੇ ਇਸਦੀ ਵਰਤੋਂ ਪਹਿਲਾਂ ਹੀ ਕੁਝ ਜੈਨੇਟਿਕ ਵਿਕਾਰਾਂ, ਜਿਵੇਂ ਕਿ ਖਾਸ ਖੂਨ ਦੀਆਂ ਸਥਿਤੀਆਂ ਦੇ ਇਲਾਜ ਲਈ ਕੀਤੀ ਜਾਣੀ ਸ਼ੁਰੂ ਹੋ ਗਈ ਹੈ।

ਜੇਕਰ ਇਹ ਤਕਨਾਲੋਜੀ ਬਹੁਤ ਅੱਗੇ ਵਧ ਜਾਵੇ ਅਤੇ ਵਿਆਪਕ ਤੌਰ 'ਤੇ ਉਪਲਬਧ ਹੋ ਜਾਵੇ ਤਾਂ ਸਿਧਾਂਤਕ ਤੌਰ 'ਤੇ ਇੱਕ ਦਿਨ ਇਹ ਸੰਭਵ ਹੋ ਸਕਦਾ ਹੈ ਕਿ ਮਨੁੱਖ ਦੇ ਹੋਰ ਵੀ ਗੁਣਾਂ ਨੂੰ ਜੈਨੇਟਿਕ ਪੱਧਰ 'ਤੇ ਬਦਲਿਆ ਜਾਵੇ, ਉਹ ਵੀ ਕਈ ਪੀੜ੍ਹੀਆਂ ਵਿੱਚ ਹੌਲੀ-ਹੌਲੀ ਨਹੀਂ, ਸਗੋਂ ਇੱਕ ਹੀ ਕਦਮ ਵਿੱਚ। ਦੂਜੇ ਸ਼ਬਦਾਂ ਵਿੱਚ ਅਸੀਂ ਆਪਣੇ ਬੱਚਿਆਂ ਵਿੱਚ ਮਨਚਾਹੇ ਲੋੜੀਂਦੇ ਗੁਣ ਵਿਕਸਿਤ ਕਰਨ ਦੀ ਸਮਰੱਥਾ ਰੱਖ ਸਕਾਂਗੇ।

ਅਤੇ ਜੇਕਰ ਇਹ ਜਰਮਲਾਈਨ ਸੈੱਲਾਂ ਵਿੱਚ ਕੀਤਾ ਜਾਂਦਾ ਹੈ, ਯਾਨੀ ਉਨ੍ਹਾਂ ਸੈੱਲਾਂ ਵਿੱਚ ਜੋ ਸ਼ੁਕਰਾਣੂ ਅਤੇ ਅੰਡੇ ਨੂੰ ਬਣਾਉਂਦੀਆਂ ਹਨ, ਤਾਂ ਜੀਨ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਅਗਲੀ ਪੀੜ੍ਹੀਆਂ ਵਿੱਚ ਵੀ ਵਿਰਾਸਤ ਵਿੱਚ ਮਿਲ ਸਕਦੀਆਂ ਹਨ।

ਹਾਲਾਂਕਿ, ਅਸੀਂ ਅਜੇ ਵੀ ਇਸ ਤੋਂ ਬਹੁਤ ਦੂਰ ਹਾਂ ਕਿ ਇਸ ਨੂੰ ਸੁਰੱਖਿਅਤ ਢੰਗ ਨਾਲ ਅਤੇ ਪੂਰੀ ਗਾਰੰਟੀ ਦੇ ਨਾਲ ਕੀਤਾ ਜਾ ਸਕੇ।

ਹੌਜਸਨ ਕਹਿੰਦੇ ਹਨ ਕਿ ਇਹ ਲਗਭਗ ਪੂਰੀ ਤਰ੍ਹਾਂ ਨਾਲ ਸਵੀਕਾਰ ਕੀਤਾ ਜਾਂਦਾ ਹੈ ਕਿ ਮਨੁੱਖਾਂ ਵਿੱਚ ਅਜਿਹਾ ਕਰਨਾ ਉਚਿਤ ਨਹੀਂ ਹੈ, ਇਹ ਪੂਰੀ ਤਰ੍ਹਾਂ ਅਨੈਤਿਕ ਹੋਵੇਗਾ।

ਪਰ ਉਨ੍ਹਾਂ ਦਾ ਅਨੁਮਾਨ ਹੈ ਕਿ ਭਵਿੱਖ ਵਿੱਚ ਇਹ ਬਦਲ ਸਕਦਾ ਹੈ।

ਉਹ ਕਹਿੰਦੇ ਹਨ ਕਿ 5,000 ਸਾਲ ਬਾਅਦ ਸ਼ਾਇਦ ਸਥਿਤੀ ਉਲਟੀ ਹੋ ਜਾਵੇ, ਯਾਨੀ ਇੱਕ ਸਮਾਂ ਅਜਿਹਾ ਆ ਸਕਦਾ ਹੈ ਜਦੋਂ ਜੀਨੋਮ ਐਡਿਟਿੰਗ ਕਰਨਾ ਅਨੈਤਿਕ ਨਾ ਹੋ ਕੇ ਇਸ ਨੂੰ ਨਾ ਕਰਨਾ ਹੀ ਅਨੈਤਿਕ ਮੰਨਿਆ ਜਾਵੇ ਕਿਉਂਕਿ ਅਸੀਂ ਖਾਨਦਾਨੀ ਬਿਮਾਰੀਆਂ ਨੂੰ ਖਤਮ ਕਰਨ ਦੇ ਯੋਗ ਹੋ ਸਕਦੇ ਹਾਂ।

ਜੇ ਇਹ ਤਕਨੀਕ ਵੱਡੇ ਪੱਧਰ ਉਪਰ ਉਪਲਬਧ ਹੋ ਜਾਂਦੀ ਹੈ ਤਾਂ ਇਹ ਮਾਤਾ-ਪਿਤਾ ਨੂੰ ਇਹ ਬਦਲ ਵੀ ਦੇ ਸਕਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਸ਼ਕਲ-ਸੂਰਤ ਅਤੇ ਹੋਰ ਗੁਣ ਜੀਨ ਐਡਿਟਿੰਗ ਰਾਹੀਂ ਚੁਣ ਸਕਣ।

ਹੌਜਸਨ ਕਹਿੰਦੇ ਹਨ ਕਿ ਵਿਆਪਕ ਅਰਥਾਂ ਵਿੱਚ, ਮਨੁੱਖੀ ਵਿਕਾਸ ਦਾ ਭਵਿੱਖ ਪ੍ਰਭਾਵਸ਼ਾਲੀ ਢੰਗ ਨਾਲ ਮਨੁੱਖੀ ਹੱਥਾਂ ਵਿੱਚ ਚਲਾ ਜਾਵੇਗਾ, ਹਾਲਾਂਕਿ ਅਸੀਂ ਅਜੇ ਵੀ ਉਸ ਸਥਿਤੀ ਤੋਂ ਬਹੁਤ ਦੂਰ ਹਾਂ। ਇਸ ਤਕਨਾਲੋਜੀ ਬਾਰੇ ਅਜੇ ਵੀ ਬਹੁਤ ਕੁਝ ਸਮਝਣ ਵਾਲਾ ਹੈ ਅਤੇ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਆਪਣੇ ਜੀਵਨ ਕਾਲ ਵਿੱਚ ਇਸਦਾ ਅਜਿਹਾ ਰੂਪ ਨਹੀਂ ਦੇਖਣਗੇ।

ਨਵੀਆਂ ਪ੍ਰਜਾਤੀਆਂ

ਮੇਲੁੰਡ ਕਹਿੰਦੇ ਹਨ ਕਿ ਇਹ ਅਨੁਮਾਨ ਲਗਾਉਣਾ ਅਸੰਭਵ ਹੈ ਕਿ ਭਵਿੱਖ ਵਿੱਚ ਮਨੁੱਖ ਕਿਵੇਂ ਦਿਖੇਗਾ, ਜਦੋਂ ਤੱਕ ਸਾਨੂੰ ਇਹ ਨਾ ਪਤਾ ਹੋਵੇ ਕਿ ਸਾਡਾ ਵਾਤਾਵਰਣ ਕਿਵੇਂ ਬਦਲੇਗਾ।

ਜੇ ਬਹੁਤ ਦੂਰ ਦੇ ਭਵਿੱਖ ਦੀ ਗੱਲ ਕਰੀਏ ਤਾਂ ਸੰਭਵ ਹੈ ਕਿ ਅਸੀਂ ਇੱਕ ਨਵੀਂ ਪ੍ਰਜਾਤੀ ਬਣ ਚੁੱਕੇ ਹੋਈਏ।

ਲਗਭਗ ਦਸ ਲੱਖ ਸਾਲ ਪਹਿਲਾਂ ਮਨੁੱਖੀ ਪ੍ਰਜਾਤੀਆਂ ਜਿਵੇਂ ਹੋਮੋ ਈਰੈਕਟਸ ਧਰਤੀ ਉਪਰ ਮੌਜੂਦ ਸੀ। ਸਾਡੀ ਆਪਣੀ ਪ੍ਰਜਾਤੀ, ਹੋਮੋ ਸੇਪੀਅਨਜ਼, ਲਗਭਗ 3 ਲੱਖ ਸਾਲ ਪਹਿਲਾਂ ਹੋਂਦ ਵਿੱਚ ਆਈ ਸੀ।

ਮੇਲੁੰਡ ਕਹਿੰਦੇ ਹਨ ਕਿ ਜੇਕਰ ਅਸੀਂ ਹੋਰ 10 ਲੱਖ ਸਾਲ ਇੰਤਜਾਰ ਕਰੀਏ ਤਾਂ ਸਾਡੇ ਵੰਸ਼ਜ ਸਾਡੇ ਤੋਂ ਓਨੇ ਹੀ ਵੱਖਰੇ ਹੋਣਗੇ ਜਿੰਨੇ ਹੋਮੋ ਈਰੈਕਟਸ ਹਨ।

ਹਾਲਾਂਕਿ, ਉਹ ਚੇਤਾਵਨੀ ਦਿੰਦੇ ਹਨ ਕਿ ਪ੍ਰਜਾਤੀਆਂ ਵਿਚਕਾਰ ਅੰਤਰ ਓਨੇ ਸਪੱਸ਼ਟ ਨਹੀਂ ਹੋਣਗੇ ਜਿੰਨਾ ਅਸੀਂ ਕਲਪਨਾ ਕਰਦੇ ਹਾਂ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਅਸੀਂ ਕਿਸੇ ਹੋਮੋ ਈਰੈਕਟਸ ਨੂੰ ਦੇਖਕੇ ਇਹ ਪਹਿਚਾਣ ਪਾਵਾਂਗੇ ਕਿ ਉਹ ਸਾਡੇ ਤੋਂ ਬਹੁਤ ਵੱਖਰੇ ਹਨ।

ਇਹ ਵੀ ਸੰਭਵ ਹੈ ਕਿ ਸਾਡੀ ਪ੍ਰਜਾਤੀ ਦੋ ਹਿੱਸਿਆਂ ਵਿੱਚ ਵੰਡ ਜਾਵੇ, ਉਦਾਹਰਣ ਵਜੋਂ, ਜੇਕਰ ਸਾਡੇ ਵਿੱਚੋਂ ਕੁਝ ਨਵੇਂ ਵਾਤਾਵਰਣਾਂ ਜਿਵੇਂ ਕਿ ਸਪੇਸ ਵਿੱਚ ਵਸ ਜਾਣ।

ਮੇਲੁੰਡ ਕਹਿੰਦੇ ਹਨ ਕਿ ਜੇ ਤੁਸੀਂ ਚੰਦਰਮਾ 'ਤੇ ਰਹਿੰਦੇ ਹੋ ਤਾਂ ਉਥੇ ਘੱਟ ਗੁਰੂਤਾਆਕਰਸ਼ ਹੋਵੇਗਾ ਅਤੇ ਮੰਗਲ ਉਪਰ ਵੀ ਘੱਟ ਗਰੂਤਾਆਕਰਸ਼ਣ ਹੈ, ਇਸ ਲਈ ਉਨ੍ਹਾਂ ਸਥਿਤੀਆਂ ਦੇ ਅਨੁਕੂਲ ਸਰੀਰਕ ਅਨੁਕੂਲਤਾਵਾਂ ਦੀ ਲੋੜ ਪਵੇਗੀ।

ਅਸਲੀਅਤ ਵਿੱਚ, ਇੱਕ ਨਵੀਂ ਪ੍ਰਜਾਤੀ ਦੇ ਵਿਕਾਸ ਲਈ, ਇਹਨਾਂ ਆਬਾਦੀਆਂ ਨੂੰ ਕਈ ਪੀੜ੍ਹੀਆਂ ਲਈ ਧਰਤੀ-ਅਧਾਰਤ ਆਬਾਦੀਆਂ ਤੋਂ ਪੂਰੀ ਤਰ੍ਹਾਂ ਅਲੱਗ ਰਹਿਣਾ ਹੋਵੇਗਾ।

ਪਰ ਕੀ ਹੋਵੇਗਾ ਜੇਕਰ ਅਸੀਂ ਵਿਕਾਸ ਨੂੰ ਪੂਰੀ ਤਰ੍ਹਾਂ ਕਿਸਮਤ 'ਤੇ ਨਹੀਂ ਛੱਡਦੇ?

ਜੈਨੇਟਿਕ ਤਕਨਾਲੋਜੀ ਦੁਆਰਾ ਆਪਣੇ ਜੀਨਾਂ ਨੂੰ ਬਦਲਣ ਦੀ ਸੰਭਾਵਨਾ ਨੂੰ ਦੇਖਦੇ ਹੋਏ, ਮੇਲੁੰਡ ਦਾ ਮੰਨਣਾ ਹੈ ਕਿ ਅਸਲ ਸਵਾਲ ਇਹ ਨਹੀਂ ਹੈ ਕਿ ਜੀਵ ਵਿਗਿਆਨ ਸਾਡੇ ਨਾਲ ਕੀ ਕਰੇਗਾ, ਸਗੋਂ ਇਹ ਹੈ ਕਿ ਅਸੀਂ ਕਿਹੜੇ ਵਿਕਲਪ ਚੁਣਾਂਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)