ਬਟ ਦਾ ਸਾਈਜ਼ ਵਧਾਉਣ ਦਾ ਕੀ ਵੱਧ ਰਿਹਾ ਰੁਝਾਨ, ਇਸ ਦੀ ਪ੍ਰਕਿਰਿਆ ਕਿੰਨੀ ਖ਼ਤਰਨਾਕ ਹੈ? 24 ਘੰਟਿਆਂ 'ਚ ਔਰਤ ਦੀ ਮੌਤ ਨੇ ਖੜ੍ਹੇ ਕੀਤੇ ਸਵਾਲ

ਤਸਵੀਰ ਸਰੋਤ, PA Media
- ਲੇਖਕ, ਸ਼ੋਨਾ ਏਲੀਅਟ
- ਰੋਲ, ਬੀਬੀਸੀ ਨਿਊਜ਼ ਇਨਵੈਸਟੀਗੇਸ਼ਨਸ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 13 ਮਿੰਟ
ਸਤੰਬਰ 2024 ਦੀ ਇੱਕ ਸਵੇਰ ਐਲਿਸ ਵੈਬ ਇੱਕ ਕਿਰਾਏ ਦੇ ਬਿਊਟੀ ਸੈਲੂਨ 'ਚ ਬਣੇ ਅਸਥਾਈ ਕਲੀਨਿਕ ਵਿੱਚ ਪਹੁੰਚੇ ਸਨ। ਉਹ ਬਿਨਾਂ ਸਰਜਰੀ ਵਾਲੀ ਬ੍ਰਾਜ਼ੀਲੀਅਨ ਬਟ ਲਿਫਟ ਯਾਨੀ ਬੀਬੀਐੱਲ ਪ੍ਰਕਿਰਿਆ ਕਰਵਾਉਣਾ ਚਾਹੁੰਦੇ ਸਨ।
ਇਸ ਪ੍ਰਕਿਰਿਆ ਵਿੱਚ ਬਟ ਯਾਨੀ ਕੂਲ੍ਹੇ ਦਾ ਪਿਛਲਾ ਉਭਰੇ ਹੋਏ ਹਿੱਸੇ ਵਿੱਚ, ਵਿੱਚ ਵੱਡੀ ਮਾਤਰਾ ਵਿੱਚ ਡਰਮਲ ਫਿਲਰ ਇੰਜੈਕਟ ਕੀਤੇ ਜਾਂਦੇ ਹਨ। ਐਲਿਸ ਨੂੰ ਉਮੀਦ ਸੀ ਕਿ ਦੁਪਹਿਰ ਤੱਕ ਉਨ੍ਹਾਂ ਦਾ ਇਲਾਜ ਪੂਰਾ ਹੋ ਜਾਵੇਗਾ। ਉਹ ਬੱਚਿਆਂ ਨੂੰ ਸਕੂਲ ਤੋਂ ਲੈਣ ਵੀ ਜਾ ਸਕਣਗੇ।
ਪਰ 33 ਸਾਲਾ ਐਲਿਸ ਕਦੇ ਘਰ ਹੀ ਨਹੀਂ ਪਰਤ ਸਕੇ। ਪੰਜ ਬੱਚਿਆਂ ਦੀ ਮਾਂ ਐਲਿਸ ਦੀ ਇਸ ਪ੍ਰਕਿਰਿਆ ਦੇ 24 ਘੰਟਿਆਂ ਅੰਦਰ ਹੀ ਮੌਤ ਹੋ ਗਈ।
ਉਹ ਬਿਨਾਂ ਸਰਜਰੀ ਵਾਲੀ ਬੀਬੀਐੱਲ ਪ੍ਰਕਿਰਿਆ ਤੋਂ ਬਾਅਦ ਮੌਤ ਦਾ ਸ਼ਿਕਾਰ ਹੋਣ ਵਾਲੇ ਬ੍ਰਿਟੇਨ ਦੇ ਪਹਿਲੇ ਸ਼ਖਸ ਹਨ। ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਧਿਕਾਰਤ ਜਾਂਚ ਕੀਤੀ ਜਾਵੇਗੀ।
ਐਲਿਸ ਦਾ ਮਾਮਲਾ ਹੁਣ ਬ੍ਰਿਟੇਨ ਦੇ ਤੇਜ਼ੀ ਨਾਲ ਵਧ ਰਹੇ ਸੁੰਦਰਤਾ ਉਦਯੋਗ 'ਤੇ ਚਰਚਾ ਦਾ ਕੇਂਦਰ ਬਣ ਗਿਆ ਹੈ। ਸਰੀਰ ਦੀ ਬਣਤਰ ਬਦਲਣ ਵਾਲੇ ਕਾਸਮੈਟਿਕ ਇੰਜੈਕਸ਼ਨ ਹੁਣ ਬਹੁਤ ਆਸਾਨੀ ਨਾਲ ਉਪਲੱਬਧ ਹਨ।
ਇਹ ਸੇਵਾਵਾਂ ਵੱਡੇ ਬਾਜ਼ਾਰਾਂ ਦੇ ਬਿਊਟੀ ਸੈਲੂਨ ਤੋਂ ਲੈ ਕੇ ਕਿਰਾਏ ਦੇ ਦਫ਼ਤਰਾਂ ਅਤੇ ਹੋਟਲਾਂ ਦੇ ਕਮਰਿਆਂ ਤੱਕ ਦਿੱਤੀਆਂ ਜਾ ਰਹੀਆਂ ਹਨ।
ਪਿਛਲੇ ਦੋ ਸਾਲਾਂ ਤੋਂ ਅਸੀਂ ਇਸ ਇੰਡਸਟਰੀ ਦੀ ਜਾਂਚ ਕਰ ਰਹੇ ਹਾਂ।
ਮੈਂ ਆਪਣੀ ਪਛਾਣ ਲੁਕਾ ਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖ਼ਰ ਅਜਿਹੇ ਕਲੀਨਿਕਸ ਦੇ ਬੰਦ ਦਰਵਾਜ਼ਿਆਂ ਪਿੱਛੇ ਕੀ ਹੋ ਰਿਹਾ ਹੈ ?
ਮੈਨੂੰ ਅਜਿਹੇ ਲੋਕ ਮਿਲੇ ਜੋ ਅਸਥਾਈ ਇਲਾਜ ਕਮਰਿਆਂ ਵਿੱਚ ਮੇਰੇ ਸਰੀਰ ਵਿੱਚ ਸੈਂਕੜੇ ਮਿਲੀਲੀਟਰ ਫਿਲਰ ਭਰਨ ਲਈ ਤਿਆਰ ਸਨ।
ਕੁਝ ਲੋਕਾਂ ਨੇ ਬਿਨਾਂ ਢੁੱਕਵੀਂ ਮੈਡੀਕਲ ਸਲਾਹ ਦੇ ਮੈਨੂੰ ਅਜਿਹੀਆਂ ਦਵਾਈਆਂ ਦੇਣ ਦੀ ਪੇਸ਼ਕਸ਼ ਕੀਤੀ, ਜੋ ਸਿਰਫ਼ ਡਾਕਟਰ ਦੀ ਪਰਚੀ 'ਤੇ ਹੀ ਮਿਲਣੀਆਂ ਚਾਹੀਦੀਆਂ ਹਨ।
ਇੰਨਾ ਹੀ ਨਹੀਂ, ਮੈਨੂੰ ਸੋਸ਼ਲ ਮੀਡੀਆ ਜ਼ਰੀਏ ਬਿਨਾਂ ਲੇਬਲ ਵਾਲੇ ਵਜ਼ਨ ਘਟਾਉਣ ਵਾਲੇ ਇੰਜੈਕਸ਼ਨ ਵੀ ਵੇਚਣ ਦੀ ਕੋਸ਼ਿਸ਼ ਕੀਤੀ ਗਈ।
ਕਾਸਮੈਟਿਕ ਇੰਜੈਕਸ਼ਨਾਂ ਬਾਰੇ ਕੀ ਬੋਲੀਆਂ ਔਰਤਾਂ

ਮੈਂ ਦਰਜਨਾਂ ਔਰਤਾਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਕਾਸਮੈਟਿਕ ਇੰਜੈਕਸ਼ਨਾਂ ਨੂੰ ਘੱਟ ਖ਼ਤਰੇ ਵਾਲਾ ਅਤੇ ਲਗਭਗ ਦਰਦ ਰਹਿਤ ਦੱਸਿਆ ਗਿਆ ਸੀ, ਉਸ ਕਾਰਨ ਉਨ੍ਹਾਂ ਨੂੰ ਗੰਭੀਰ ਦਰਦ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਕੁਝ ਔਰਤਾਂ ਨੂੰ ਇਨਫੈਕਸ਼ਨ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ।
ਕਾਸਮੈਟਿਕ ਇਲਾਜਾਂ ਨੂੰ ਮਾਨਤਾ ਦੇਣ ਵਾਲੀ ਸੰਸਥਾ 'ਸੇਵ ਫੇਸ' ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਾਹਮਣੇ ਗੰਭੀਰ ਨੁਕਸਾਨ ਦੇ ਕਈ ਮਾਮਲੇ ਆਏ ਹਨ।
ਇਨ੍ਹਾਂ ਵਿੱਚ ਇੱਕ ਅਜਿਹੇ ਮਰੀਜ਼ ਵੀ ਸ਼ਾਮਲ ਹਨ ਜਿਨ੍ਹਾਂ ਦੀ ਪਲਕਾਂ ਦੀ ਸਰਜਰੀ ਗਲਤ ਤਰੀਕੇ ਨਾਲ ਹੋਈ। ਇਸ ਤੋਂ ਬਾਅਦ ਉਹ ਆਪਣੀਆਂ ਅੱਖਾਂ ਪੂਰੀ ਤਰ੍ਹਾਂ ਬੰਦ ਨਹੀਂ ਕਰ ਪਾਉਂਦੇ ਹਨ।
ਇੱਕ ਹੋਰ ਮਾਮਲੇ ਵਿੱਚ ਲਿਪੋਸਕਸ਼ਨ ਯਾਨੀ ਸਰੀਰ ਦੀ ਵਾਧੂ ਚਰਬੀ ਹਟਾਉਣ ਦੀ ਕਾਸਮੈਟਿਕ ਸਰਜਰੀ ਦੌਰਾਨ ਮਰੀਜ਼ ਦੀ ਅੰਤੜੀ ਵਿੱਚ ਛੇਦ ਹੋ ਗਿਆ।
'ਸੇਵ ਫੇਸ' ਦੇ ਡਾਇਰੈਕਟਰ ਐਸ਼ਟਨ ਕਾਲਿਨਜ਼ ਕਹਿੰਦੇ ਹਨ, "ਇਹ ਸਭ ਕਿਸੇ ਡਰਾਉਣੀ ਫ਼ਿਲਮ ਦੀ ਕਹਾਣੀ ਵਰਗਾ ਲੱਗਦਾ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਪ੍ਰਕਿਰਿਆਵਾਂ ਮੁੱਖ ਬਾਜ਼ਾਰਾਂ ਵਿੱਚ ਖੁੱਲ੍ਹੇਆਮ ਕੀਤੀਆਂ ਜਾ ਰਹੀਆਂ ਹਨ। ਕਾਸਮੈਟਿਕ ਇੰਜੈਕਸ਼ਨ ਦੇ ਮਾਮਲੇ ਵਿੱਚ ਬ੍ਰਿਟੇਨ ਯੂਰੋਪ ਦੇ ਸਭ ਤੋਂ ਘੱਟ ਰੈਗੂਲੇਟਿਡ ਬਾਜ਼ਾਰਾਂ 'ਚ ਸ਼ਾਮਿਲ ਹੈ।
ਯੂਰਪ ਦੇ ਕਈ ਦੇਸ਼ਾਂ ਦੇ ਮੁਕਾਬਲੇ ਬ੍ਰਿਟੇਨ ਵਿੱਚ ਨਿਯਮ ਕਾਫ਼ੀ ਢਿੱਲੇ ਹਨ।
ਉੱਥੇ ਕੋਈ ਵੀ ਵਿਅਕਤੀ ਸਿਖਲਾਈ ਲੈ ਕੇ ਕਾਨੂੰਨੀ ਤੌਰ 'ਤੇ ਡਰਮਲ ਫਿਲਰ ਦੇ ਇੰਜੈਕਸ਼ਨ ਲਗਾਉਣੇ ਸ਼ੁਰੂ ਕਰ ਸਕਦਾ ਹੈ। ਇਸ ਤੋਂ ਬਾਅਦ ਉਹ ਆਮ ਲੋਕਾਂ ਨੂੰ ਇਹ ਇਲਾਜ ਦੇ ਸਕਦਾ ਹੈ।
ਸਕਾਟਲੈਂਡ ਅਤੇ ਇੰਗਲੈਂਡ ਦੀਆਂ ਸਰਕਾਰਾਂ ਦਾ ਕਹਿਣਾ ਹੈ ਕਿ ਉਹ ਇਸ ਅਰਬਾਂ ਪਾਊਂਡ ਦੀ ਇੰਡਸਟਰੀ 'ਤੇ ਨਿਯਮਾਂ ਨੂੰ ਹੋਰ ਸਖ਼ਤ ਬਣਾ ਰਹੀਆਂ ਹਨ। ਪਰ ਸਵਾਲ ਇਹ ਹੈ ਕਿ ਕੀ ਇਹ ਕਦਮ ਕਾਫ਼ੀ ਸਾਬਤ ਹੋਣਗੇ ?
ਮਾਹਿਰ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਡਰਮਲ ਫਿਲਰ ਨਾਲ ਜੁੜੇ ਸੰਭਾਵਿਤ ਖ਼ਤਰਿਆਂ ਬਾਰੇ ਚਿਤਾਵਨੀ ਦੇ ਰਹੇ ਹਨ। ਫਿਰ ਵੀ ਅੱਜ ਤੱਕ ਲੋਕ ਅਜਿਹੇ ਨੁਕਸਾਨ ਦਾ ਸ਼ਿਕਾਰ ਕਿਉਂ ਹੋ ਰਹੇ ਹਨ, ਜਿਨ੍ਹਾਂ ਨੂੰ ਟਾਲਿਆ ਜਾ ਸਕਦਾ ਸੀ ?
ਦੱਸ ਦਈਏ ਕਿ ਡਰਮਲ ਫਿਲਰ ਅਜਿਹੇ ਇੰਜੈਕਸ਼ਨ ਹੁੰਦੇ ਹਨ ਜੋ ਝੁਰੜੀਆਂ ਨੂੰ ਘੱਟ ਕਰਦੇ ਹਨ ਅਤੇ ਚਿਹਰੇ ਦੀ ਢਿੱਲੀ ਚਮੜੀ ਵਿੱਚ ਮੁੜ ਉਭਾਰ (ਵਾਲਿਊਮ) ਲਿਆਉਂਦੇ ਹਨ।

ਇਹ ਘਟਨਾ ਐਲਿਸ ਦੀ ਮੌਤ ਤੋਂ ਪਹਿਲਾਂ ਦੀ ਹੈ।
ਸਾਲ 2024 ਦੇ ਜੂਨ ਵਿੱਚ ਜੋਆਨ ਨਾਂਅ ਦੀ ਇੱਕ ਔਰਤ ਐਸੈਕਸ ਦੇ ਇੱਕ ਫਲੈਟ ਵਿੱਚ ਬਣੇ ਅਸਥਾਈ ਕਲੀਨਿਕ ਵਿੱਚ ਬਿਨਾਂ ਸਰਜਰੀ ਵਾਲੀ ਬੀਬੀਐੱਲ ਪ੍ਰਕਿਰਿਆ ਕਰਵਾਉਣ ਗਏ ਸਨ।
ਜੋਆਨ ਸਿਰਫ਼ ਆਪਣਾ ਪਹਿਲਾ ਨਾਂਅ ਹੀ ਜਨਤਕ ਕਰਨਾ ਚਾਹੁੰਦੇ ਹਨ।
ਉਸ ਸਮੇਂ ਉਨ੍ਹਾਂ ਨੂੰ ਲੱਗਿਆ ਸੀ ਕਿ ਤੁਰਕੀ ਜਾ ਕੇ ਸਰਜਰੀ ਰਾਹੀਂ ਬੀਬੀਐੱਲ ਕਰਵਾਉਣ ਦੇ ਮੁਕਾਬਲੇ ਇਹ ਤਰੀਕਾ ਘੱਟ ਜ਼ੋਖਮ ਭਰਿਆ ਹੋਵੇਗਾ।
ਦੱਖਣੀ ਵੇਲਜ਼ ਵਿੱਚ ਰਹਿਣ ਵਾਲੇ ਦੋ ਬੱਚਿਆਂ ਦੀ ਮਾਂ ਜੋਆਨ ਕਹਿੰਦੇ ਹਨ,
"ਮੈਂ ਸਿਰਫ਼ ਆਪਣੇ ਬਟ ਨੂੰ ਹੋਰ ਉਭਰਿਆ ਹੋਇਆ ਆਕਾਰ ਦੇਣਾ ਚਾਹੁੰਦੀ ਸੀ।"
ਉਹ ਕਹਿੰਦੇ ਹਨ, "ਮੈਨੂੰ ਉੱਥੋਂ ਤੁਰੰਤ ਵਾਪਸ ਆ ਜਾਣਾ ਚਾਹੀਦਾ ਸੀ।"
ਇਲਾਜ ਦੌਰਾਨ ਉਨ੍ਹਾਂ ਦੇ ਸਰੀਰ ਵਿੱਚ ਇੱਕ ਲੀਟਰ ਫਿਲਰ ਇੰਜੈਕਟ ਕੀਤਾ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਸੈਪਸਿਸ ਹੋ ਗਿਆ।
ਉਨ੍ਹਾਂ ਦੀ ਹਾਲਤ ਇੰਨੀ ਗੰਭੀਰ ਹੋ ਗਈ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ।
ਜੋਆਨ ਕਹਿੰਦੇ ਹਨ ਕਿ ਦੋ ਸਾਲ ਬਾਅਦ ਵੀ ਇਸ ਇਲਾਜ ਦੇ ਨਿਸ਼ਾਨ ਉਨ੍ਹਾਂ ਦੇ ਪੱਟਾਂ ਅਤੇ ਬਟ 'ਤੇ ਮੌਜੂਦ ਹਨ।
ਡਰਮਲ ਫਿਲਰ 'ਚ ਕਿਉਂ ਵਧਿਆ ਨੌਜਵਾਨ ਔਰਤਾਂ ਦਾ ਰੁਝਾਨ ?
ਇੱਕ ਸਮਾਂ ਸੀ ਜਦੋਂ ਕਾਸਮੈਟਿਕ ਇੰਜੈਕਸ਼ਨਾਂ ਨੂੰ ਮੁੱਖ ਤੌਰ 'ਤੇ ਅਮੀਰ ਅਤੇ ਮੱਧ ਉਮਰ ਦੇ ਲੋਕਾਂ ਨਾਲ ਜੋੜਿਆ ਜਾਂਦਾ ਸੀ।
ਲੋਕ ਵਧਦੀ ਉਮਰ ਦੇ ਅਸਰ ਨੂੰ ਘੱਟ ਦਿਖਾਉਣ ਲਈ ਇਨ੍ਹਾਂ ਦੀ ਵਰਤੋਂ ਕਰਦੇ ਸਨ। ਪਰ ਪਿਛਲੇ ਇੱਕ ਦਹਾਕੇ ਦੌਰਾਨ ਇਸ ਇੰਡਸਟਰੀ ਵਿੱਚ ਵੱਡਾ ਬਦਲਾਅ ਆਇਆ ਹੈ।
ਡਰਮਲ ਫਿਲਰ ਇੱਕ ਤਰ੍ਹਾਂ ਦੀ ਜੈੱਲ ਹੁੰਦੀ ਹੈ। ਇਸ ਨੂੰ ਇੰਜੈਕਸ਼ਨ ਰਾਹੀਂ ਸਰੀਰ ਦੇ ਕਿਸੇ ਹਿੱਸੇ ਨੂੰ ਹੋਰ ਉਭਰਿਆ ਹੋਇਆ ਆਕਾਰ ਦੇਣ ਲਈ ਵਰਤਿਆ ਜਾਂਦਾ ਹੈ। ਇਹ ਆਮ ਤੌਰ 'ਤੇ ਹਾਇਲੂਰੋਨਿਕ ਐਸਿਡ ਤੋਂ ਬਣਾਈ ਜਾਂਦੀ ਹੈ।
ਹੁਣ ਡਰਮਲ ਫਿਲਰ ਅਤੇ ਬੋਟੌਕਸ ਵਰਗੀਆਂ ਪ੍ਰਕਿਰਿਆਵਾਂ ਦਾ ਪ੍ਰਚਾਰ ਨੌਜਵਾਨ ਗਾਹਕਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ਅਕਸਰ ਡਾਕਟਰੀ ਪ੍ਰਕਿਰਿਆ ਦੀ ਬਜਾਏ ਆਮ ਸੁੰਦਰਤਾ ਇਲਾਜ ਵਜੋਂ ਪੇਸ਼ ਕੀਤਾ ਜਾਂਦਾ ਹੈ।
'ਸੇਵ ਫੇਸ' ਦੀ ਐਸ਼ਟਨ ਕਾਲਿਨਜ਼ ਦਾ ਮੰਨਣਾ ਹੈ ਕਿ ਇਸ ਬਦਲਾਅ ਵਿੱਚ ਸੋਸ਼ਲ ਮੀਡੀਆ ਅਤੇ ਰਿਐਲਿਟੀ ਟੀਵੀ ਦੀ ਵੱਡੀ ਭੂਮਿਕਾ ਰਹੀ ਹੈ।
ਉਹ ਕਹਿੰਦੇ ਹਨ, "ਕਾਰਦਾਸ਼ੀਅਨਸ, ਲਵ ਆਈਲੈਂਡ ਅਤੇ ਸੋਸ਼ਲ ਮੀਡੀਆ ਨੇ ਨੌਜਵਾਨ ਔਰਤਾਂ ਵਿੱਚ ਭਰੇ ਹੋਏ ਬੁੱਲ੍ਹ, ਉਭਰੇ ਹੋਏ ਗੱਲ੍ਹ ਅਤੇ ਹਮੇਸ਼ਾ ਜਵਾਨ ਦਿਖਣ ਵਾਲੇ ਚਿਹਰੇ ਦਾ ਰੁਝਾਨ ਵਧਾਇਆ ਹੈ।"
ਦੱਸ ਦਈਏ ਕਿ ਕਾਰਦਾਸ਼ੀਅਨਜ਼ ਅਮਰੀਕਾ ਦਾ ਇੱਕ ਬਹੁਤ ਮਸ਼ਹੂਰ ਅਤੇ ਪ੍ਰਭਾਵਸ਼ਾਲੀ ਪਰਿਵਾਰ ਹੈ, ਜਿਸ ਨੇ ਆਪਣੇ ਰਿਐਲਿਟੀ ਟੀਵੀ ਸ਼ੋਅ, ਫੈਸ਼ਨ ਬ੍ਰਾਂਡਸ ਅਤੇ ਸੋਸ਼ਲ ਮੀਡੀਆ ਰਾਹੀਂ ਦੁਨੀਆ ਭਰ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ। ਇਸ ਪਰਿਵਾਰ ਦੀ ਮੁਖੀ ਕ੍ਰਿਸ ਜੇਨਰ ਹਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ 'ਕਾਰਦਾਸ਼ੀਅਨਜ਼-ਜੇਨਰਜ਼' ਵਜੋਂ ਜਾਣਿਆ ਜਾਂਦਾ ਹੈ।
ਉੱਥੇ ਹੀ, ਲਵ ਆਈਲੈਂਡ ਇੱਕ ਮਸ਼ਹੂਰ ਟੈਲੀਵਿਜ਼ਨ ਡੇਟਿੰਗ ਰਿਐਲਿਟੀ ਸ਼ੋਅ ਹੈ, ਜਿਸ ਦੀ ਸ਼ੁਰੂਆਤ ਮੁੱਖ ਤੌਰ 'ਤੇ ਬ੍ਰਿਟੇਨ ਵਿੱਚ ਹੋਈ ਸੀ। ਇਸ ਸ਼ੋਅ ਵਿੱਚ ਆਕਰਸ਼ਕ ਅਤੇ ਕੁਆਰੇ ਨੌਜਵਾਨ ਮੁੰਡੇ-ਕੁੜੀਆਂ ਇੱਕ ਵਿਲਾ ਵਿੱਚ ਇਕੱਠੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਆਪਸ ਵਿੱਚ ਜੋੜੀਆਂ ਬਣਾਉਣੀਆਂ ਹੁੰਦੀਆਂ ਹਨ।

ਕਾਲਿਨਜ਼ ਦਾ ਕਹਿਣਾ ਹੈ ਕਿ ਇੰਜੈਕਸ਼ਨ ਆਧਾਰਿਤ ਇਲਾਜ ਪਹਿਲਾਂ ਦੇ ਮੁਕਾਬਲੇ ਹੁਣ ਕਾਫ਼ੀ ਆਸਾਨੀ ਨਾਲ ਉਪਲੱਬਧ ਹੋ ਗਏ ਹਨ। ਇਨ੍ਹਾਂ ਵਿੱਚੋਂ ਕਈ ਸੇਵਾਵਾਂ ਹੁਣ ਬਿਊਟੀ ਸੈਲੂਨ ਵਿੱਚ ਵੀ ਦਿੱਤੀਆਂ ਜਾਂਦੀਆਂ ਹਨ।
ਕਾਲਿਨਜ਼ ਕਹਿੰਦੀ ਹੈ ਕਿ ਇਸ ਨਾਲ ਲੋਕਾਂ ਨੂੰ ਇਹ ਲੱਗ ਸਕਦਾ ਹੈ ਕਿ ਇਹ ਵੀ ਹੋਰ ਸੁੰਦਰਤਾ ਸੇਵਾਵਾਂ ਵਾਂਗ ਹੀ ਹਨ।
ਉਹ ਕਹਿੰਦੇ ਹਨ, "ਲੋਕ ਨਹੁੰਆਂ ਜਾਂ ਭਰਵੱਟਿਆਂ ਨੂੰ ਸੰਵਾਰਨ ਵਾਲੀਆਂ ਸੇਵਾਵਾਂ ਵਾਂਗ ਇਨ੍ਹਾਂ ਨੂੰ ਵੀ ਇੱਕ ਆਮ ਸੁੰਦਰਤਾ ਇਲਾਜ ਸਮਝਣ ਲੱਗਦੇ ਹਨ।"
ਉਨ੍ਹਾਂ ਦਾ ਕਹਿਣਾ ਹੈ ਕਿ 35 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਇਹ ਸੋਚ ਹੋਰ ਜ਼ਿਆਦਾ ਦਿਖਾਈ ਦਿੰਦੀ ਹੈ। ਉਹ ਇਨ੍ਹਾਂ ਪ੍ਰਕਿਰਿਆਵਾਂ ਨੂੰ ਡਾਕਟਰੀ ਇਲਾਜ ਨਹੀਂ, ਸਗੋਂ ਬਿਊਟੀ ਸਰਵਿਸ ਵਜੋਂ ਦੇਖਦੇ ਹਨ।
ਕਾਲਿਨਜ਼ ਮੁਤਾਬਕ, ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਗਾਹਕ ਸੁਰੱਖਿਆ ਅਤੇ ਯੋਗਤਾ ਦੀ ਬਜਾਏ ਸਹੂਲਤ, ਲੋਕਪ੍ਰਿਯਤਾ ਅਤੇ ਘੱਟ ਕੀਮਤ ਨੂੰ ਜ਼ਿਆਦਾ ਅਹਿਮੀਅਤ ਦੇਣ ਲੱਗਦੇ ਹਨ।
ਉਹ ਕਹਿੰਦੇ ਹਨ, "ਬਹੁਤ ਸਾਰੇ ਲੋਕਾਂ ਨੂੰ ਇਹ ਤੱਕ ਪਤਾ ਨਹੀਂ ਹੁੰਦਾ ਕਿ ਬੋਟੌਕਸ ਇੱਕ ਅਜਿਹੀ ਦਵਾਈ ਹੈ, ਜਿਸ ਨੂੰ ਸਿਰਫ਼ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਦਿੱਤਾ ਜਾਣਾ ਚਾਹੀਦਾ ਹੈ।"
"ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਸ ਤਰ੍ਹਾਂ ਦਾ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਸਿਹਤ ਮਾਹਿਰ ਵੱਲੋਂ ਉਨ੍ਹਾਂ ਦੀ ਉਚਿਤ ਜਾਂਚ ਕੀਤੀ ਜਾਣੀ ਚਾਹੀਦੀ ਹੈ।"
ਕਾਲਿਨਜ਼ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਕਾਰਨਾਂ ਕਰਕੇ ਇਹ ਉਦਯੋਗ ਬਹੁਤ ਤੇਜ਼ੀ ਨਾਲ ਵਧਿਆ ਹੈ।
ਪਰ ਇਸ ਦੇ ਨਾਲ ਹੀ ਅਸੁਰੱਖਿਅਤ ਤਰੀਕੇ ਨਾਲ ਇਲਾਜ ਕਰਨ ਵਾਲੇ ਲੋਕਾਂ ਲਈ ਵੀ ਮੌਕੇ ਵਧ ਗਏ ਹਨ।
ਉਹ ਕਹਿੰਦੇ ਹਨ, "ਸੋਸ਼ਲ ਮੀਡੀਆ 'ਤੇ ਇਨ੍ਹਾਂ ਇਲਾਜਾਂ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ, ਉਸ ਨਾਲ ਲੋਕਾਂ ਨੂੰ ਇਨ੍ਹਾਂ ਦੇ ਜ਼ੋਖਮ ਘੱਟ ਨਜ਼ਰ ਆਉਂਦੇ ਹਨ।"
"ਨਤੀਜਾ ਇਹ ਹੁੰਦਾ ਹੈ ਕਿ ਲੋਕ ਇਨ੍ਹਾਂ ਨਾਲ ਜੁੜੇ ਸੰਭਾਵਿਤ ਖ਼ਤਰਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ।"
ਕਾਸਮੈਟਿਕ ਇੰਜੈਕਸ਼ਨ ਦਾ ਰੁਝਾਨ ਕਿਉਂ ਵਧਿਆ ?

ਤਸਵੀਰ ਸਰੋਤ, Reuters
ਇਸ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਕੋਈ ਕੇਂਦਰੀ ਪ੍ਰਣਾਲੀ ਮੌਜੂਦ ਨਹੀਂ ਹੈ। ਨਾਲ ਹੀ ਇਸ ਇੰਡਸਟਰੀ ਦੇ ਵਾਧੇ 'ਤੇ ਨਜ਼ਰ ਰੱਖਣ ਵਾਲਾ ਕੋਈ ਅਧਿਕਾਰਤ ਡਾਟਾਬੇਸ ਵੀ ਉਪਲੱਬਧ ਨਹੀਂ ਹੈ।
ਇਸੇ ਵਜ੍ਹਾ ਕਰ ਕੇ ਇਸ ਬਾਜ਼ਾਰ ਦਾ ਅਸਲ ਆਕਾਰ ਅਜੇ ਤੱਕ ਸਪੱਸ਼ਟ ਨਹੀਂ ਹੈ।
ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਦੇ ਪਲਾਸਟਿਕ ਸਰਜਨ ਅਤੇ ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਾਰ ਡਾ. ਐਲੇਕਜ਼ੈਂਡਰ ਜ਼ਰਗਰਾਨ ਨੇ ਇਸ ਬਾਜ਼ਾਰ ਦੇ ਇੱਕ ਵੱਡੇ ਹਿੱਸੇ, ਯਾਨੀ ਬੋਟੌਕਸ ਖੇਤਰ, ਦਾ ਆਕਾਰ ਸਮਝਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਦੇ ਵਿਸ਼ਲੇਸ਼ਣ 'ਚ ਪਤਾ ਲੱਗਾ ਕਿ 2025 ਵਿੱਚ ਪੂਰੇ ਬ੍ਰਿਟੇਨ ਵਿੱਚ ਲਗਭਗ 20 ਹਜ਼ਾਰ ਲੋਕ ਇਹ ਕੰਮ ਕਰ ਰਹੇ ਸਨ। ਉਧਰ 2023 ਵਿੱਚ ਅਜਿਹੇ ਲੋਕਾਂ ਦੀ ਗਿਣਤੀ ਸਾਢੇ ਤਿੰਨ ਹਜ਼ਾਰ ਤੋਂ ਕੁਝ ਜ਼ਿਆਦਾ ਸੀ।
ਡਾ. ਐਲੇਕਜ਼ੈਂਡਰ ਜ਼ਰਗਰਾਨ ਕਹਿੰਦੇ ਹਨ, "ਅਸੀਂ ਜਾਣਦੇ ਹਾਂ ਕਿ ਇਹ ਇੰਡਸਟਰੀ ਤੇਜ਼ੀ ਨਾਲ ਵਧ ਰਹੀ ਹੈ।"
ਹਾਲਾਂਕਿ ਇਸ ਦੀ ਇੱਕ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਹੁਣ ਆਨਲਾਈਨ ਅਤੇ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਦੇਣ ਵਾਲਿਆਂ ਦੀ ਪਛਾਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵਿਵਸਥਿਤ ਤਰੀਕੇ ਨਾਲ ਕੀਤੀ ਜਾ ਰਹੀ ਹੈ।
ਫਿਰ ਵੀ, ਸਿਰਫ਼ ਦੋ ਸਾਲਾਂ ਵਿੱਚ ਦਰਜ ਕੀਤਾ ਗਿਆ ਇਹ ਵਾਧਾ ਕਾਫ਼ੀ ਵੱਡਾ ਹੈ।
ਖੋਜਕਾਰਾਂ ਨੇ ਇਹ ਵੀ ਪਾਇਆ ਕਿ ਬੋਟੌਕਸ ਵਰਗੀਆਂ ਸੇਵਾਵਾਂ ਸਭ ਤੋਂ ਵੱਧ ਪਿੱਛੜੇ ਇਲਾਕਿਆਂ ਵਿੱਚ ਜ਼ਿਆਦਾ ਉਪਲੱਬਧ ਹਨ।
ਡਾ. ਐਲੇਕਜ਼ੈਂਡਰ ਜ਼ਰਗਰਾਨ ਮੁਤਾਬਕ, ਇਸ ਖੇਤਰ ਦੇ ਵਿਸਥਾਰ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਇਸ 'ਚ ਬਿਨਾਂ ਮੈਡੀਕਲ ਯੋਗਤਾ ਵਾਲੇ ਲੋਕ ਵੀ ਵੱਡੀ ਗਿਣਤੀ ਵਿੱਚ ਕੰਮ ਕਰਨ ਲੱਗੇ ਹਨ।
ਅਧਿਐਨ ਮੁਤਾਬਕ, ਸਾਲ 2023 ਤੋਂ 2025 ਦੇ ਵਿਚਕਾਰ ਬਿਨਾਂ ਮੈਡੀਕਲ ਯੋਗਤਾ ਦੇ ਸੁੰਦਰਤਾ ਇਲਾਜ ਦੇਣ ਵਾਲੇ ਲੋਕਾਂ ਦਾ ਅਨੁਪਾਤ 12 ਫ਼ੀਸਦੀ ਤੋਂ ਵੱਧ ਕੇ 24.8 ਫ਼ੀਸਦੀ ਹੋ ਗਿਆ। ਯਾਨੀ ਇਹ ਗਿਣਤੀ ਲਗਭਗ ਦੋਗੁਣੀ ਹੋ ਗਈ।
ਅਧਿਐਨ ਵਿੱਚ ਇਹ ਵੀ ਪਾਇਆ ਗਿਆ ਕਿ ਸਭ ਤੋਂ ਵੱਧ ਪਿਛੜੇ ਭਾਈਚਾਰਿਆਂ 'ਚ ਬੋਟੌਕਸ ਦੀਆਂ ਸੇਵਾਵਾਂ ਆਸਾਨੀ ਨਾਲ ਉਪਲੱਬਧ ਸਨ।
ਸਭ ਤੋਂ ਘੱਟ ਪਿਛੜੇ ਇਲਾਕਿਆਂ ਦੀ ਤੁਲਨਾ 'ਚ ਸਭ ਤੋਂ ਵੱਧ ਪਿਛੜੇ ਇਲਾਕਿਆਂ ਵਿੱਚ ਇਲਾਜ ਦੇਣ ਵਾਲਿਆਂ ਦੀ ਗਿਣਤੀ ਛੇ ਗੁਣਾ ਤੋਂ ਵੀ ਜ਼ਿਆਦਾ ਸੀ।
ਪਰ ਇਸ ਦੇ ਨਾਲ ਇੱਕ ਹੋਰ ਸਮੱਸਿਆ ਵੀ ਸਾਹਮਣੇ ਆਈ।
ਸਭ ਤੋਂ ਵੱਧ ਪਿਛੜੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਮੈਡੀਕਲ ਯੋਗਤਾ ਰੱਖਣ ਵਾਲੇ ਮਾਹਿਰਾਂ ਦੀਆਂ ਸੇਵਾਵਾਂ ਤੁਲਨਾਤਮਕ ਤੌਰ 'ਤੇ ਘੱਟ ਉਪਲੱਬਧ ਸਨ।
ਇਹ ਸਥਿਤੀ ਇੱਕ ਵੱਡੇ ਸਵਾਲ ਨੂੰ ਜਨਮ ਦਿੰਦੀ ਹੈ।
ਜੇਕਰ ਅੱਜ ਪੂਰੇ ਬ੍ਰਿਟੇਨ ਵਿੱਚ ਹਜ਼ਾਰਾਂ ਲੋਕ ਕਾਸਮੈਟਿਕ ਇੰਜੈਕਸ਼ਨ ਲਗਾ ਰਹੇ ਹਨ ਤਾਂ ਕੀ ਇਸ ਖੇਤਰ ਨੂੰ ਨਿਯਮਬੱਧ ਕਰਨ ਦੀ ਜ਼ਿੰਮੇਵਾਰੀ ਕਿਸੇ ਸੰਸਥਾ ਜਾਂ ਸਰਕਾਰੀ ਵਿਭਾਗ ਕੋਲ ਨਹੀਂ ਹੋਣੀ ਚਾਹੀਦੀ ?
ਡਰਮਲ ਫ਼ਿਲਰ ਨਾਲ ਜੁੜੇ ਧੋਖਾਧੜੀ ਦੇ ਮਾਮਲੇ ਕਿਉਂ ਵੱਧ ਰਹੇ ਹਨ ?
ਬ੍ਰਿਟੇਨ ਵਿੱਚ ਮੌਜੂਦਾ ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ ਸਿਖਲਾਈ ਲੈ ਕੇ ਕਾਨੂੰਨੀ ਤੌਰ 'ਤੇ ਡਰਮਲ ਫ਼ਿਲਰ ਦੀ ਵਰਤੋਂ ਕਰ ਸਕਦਾ ਹੈ।
ਉਹ ਇਹ ਉਤਪਾਦ ਖਰੀਦ ਸਕਦਾ ਹੈ ਅਤੇ ਆਮ ਲੋਕਾਂ ਦਾ ਇਹ ਇਲਾਜ ਦੇ ਸਕਦਾ ਹੈ।
ਦੂਜੇ ਪਾਸੇ, ਡਾਕਟਰਾਂ, ਨਰਸਾਂ ਅਤੇ ਦੰਦਾਂ ਦੇ ਡਾਕਟਰਾਂ ਦੀ ਨਿਗਰਾਨੀ ਪੇਸ਼ੇਵਰ ਰੈਗੂਲੇਟਰੀ ਸੰਸਥਾਵਾਂ ਕਰਦੀਆਂ ਹਨ। ਇਨ੍ਹਾਂ ਸੰਸਥਾਵਾਂ ਨੂੰ ਸ਼ਿਕਾਇਤਾਂ ਦੀ ਜਾਂਚ ਕਰਨ ਅਤੇ ਲੋੜ ਪੈਣ 'ਤੇ ਕਾਰਵਾਈ ਕਰਨ ਦਾ ਅਧਿਕਾਰ ਹੁੰਦਾ ਹੈ।
ਪਰ ਸੁੰਦਰਤਾ ਨਾਲ ਸਬੰਧਤ ਇਲਾਜ ਦੇਣ ਵਾਲੇ ਬਿਨ੍ਹਾਂ ਡਾਕਟਰੀ ਯੋਗਤਾ ਵਾਲੇ ਲੋਕਾਂ ਲਈ, ਕੋਈ ਕਾਨੂੰਨੀ ਰੈਗੂਲੇਟਰੀ ਸੰਸਥਾ ਨਹੀਂ ਹੈ।
ਦੂਜੇ ਪਾਸੇ, ਆਸਟਰੀਆ ਵਿੱਚ ਬੋਟੁਲਿਨਮ ਟੌਕਸਿਨ ਅਤੇ ਡਰਮਲ ਫ਼ਿਲਰ ਨੂੰ ਡਾਕਟਰੀ ਪ੍ਰਕਿਰਿਆ ਮੰਨਿਆ ਜਾਂਦਾ ਹੈ। ਆਮ ਤੌਰ 'ਤੇ ਇਹ ਇਲਾਜ ਕਰਨ ਦੀ ਇਜਾਜ਼ਤ ਸਿਰਫ਼ ਡਾਕਟਰਾਂ ਨੂੰ ਹੀ ਹੁੰਦੀ ਹੈ।
ਫ਼ਰਾਂਸ ਵਿੱਚ ਵੀ ਬਿਨ੍ਹਾਂ ਡਾਕਟਰੀ ਯੋਗਤਾ ਵਾਲੇ ਲੋਕਾਂ ਨੂੰ ਟੀਕਿਆਂ ਰਾਹੀਂ ਦਿੱਤੇ ਜਾਣ ਵਾਲੇ ਕਾਸਮੈਟਿਕ ਇਲਾਜ ਕਰਨ ਦੀ ਇਜਾਜ਼ਤ ਨਹੀਂ ਹੈ।
ਜੌਇੰਟ ਕੌਂਸਲ ਫ਼ਾਰ ਕਾਸਮੈਟਿਕ ਪ੍ਰੈਕਟੀਸ਼ਨਰਜ਼ ਦੇ ਮੁੱਖ ਕਾਰਜਕਾਰੀ ਐਂਡਰਿਊ ਰੈਂਕਿਨ ਦਾ ਕਹਿਣਾ ਹੈ ਕਿ ਬ੍ਰਿਟੇਨ ਦਾ ਮੁਕਾਬਲਤਨ ਨਰਮ ਰੈਗੂਲੇਟਰੀ ਢਾਂਚਾ ਉੱਥੋਂ ਦੀ ਵਿਆਪਕ ਪ੍ਰਣਾਲੀ ਨੂੰ ਦਰਸਾਉਂਦਾ ਹੈ।
ਉਨ੍ਹਾਂ ਮੁਤਾਬਕ, ਬ੍ਰਿਟੇਨ ਵਿੱਚ ਲੰਬੇ ਸਮੇਂ ਤੋਂ ਖਪਤਕਾਰਾਂ ਦੀ ਪਸੰਦ ਅਤੇ ਆਰਥਿਕ ਵਿਕਾਸ ਨੂੰ ਤਰਜੀਹ ਦਿੱਤੀ ਜਾਂਦੀ ਰਹੀ ਹੈ।
ਉਹ ਕਹਿੰਦੇ ਹਨ, "ਸਾਡੀ ਸੋਚ ਅਜਿਹੀ ਰਹੀ ਹੈ ਕਿ ਸਰਕਾਰ ਜਨਤਕ ਸੁਰੱਖਿਆ ਅਤੇ ਆਰਥਿਕ ਗਤੀਵਿਧੀਆਂ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦੀ ਹੈ।"
ਸਾਲ 2023 ਵਿੱਚ ਇੰਗਲੈਂਡ ਵਿੱਚ ਲਾਇਸੈਂਸ ਆਧਾਰਿਤ ਪ੍ਰਣਾਲੀ ਲਾਗੂ ਕਰਨ ਦੇ ਮਤਿਆਂ 'ਤੇ ਸਰਕਾਰ ਨੇ ਲੋਕਾਂ ਅਤੇ ਹੋਰ ਸਬੰਧਤ ਧਿਰਾਂ ਤੋਂ ਰਾਇ ਮੰਗੀ ਸੀ।
ਉਸ ਸਮੇਂ ਕੁਝ ਲੋਕਾਂ ਨੇ ਚੇਤਾਵਨੀ ਦਿੱਤੀ ਸੀ ਕਿ ਨਵੇਂ ਨਿਯਮ ਸੰਤੁਲਿਤ ਹੋਣੇ ਚਾਹੀਦੇ ਹਨ। ਸੁਰੱਖਿਆ ਵਧਾਉਣ ਵਾਲੇ ਕਦਮਾਂ ਨੂੰ ਵਿਆਪਕ ਸਮਰਥਨ ਮਿਲਿਆ ਸੀ।
ਹਾਲਾਂਕਿ, ਛੋਟੇ ਕਾਰੋਬਾਰਾਂ 'ਤੇ ਇਸ ਦੇ ਪ੍ਰਭਾਵ ਨੂੰ ਲੈ ਕੇ ਵੀ ਚਿੰਤਾ ਜਤਾਈ ਗਈ ਸੀ। ਕੁਝ ਲੋਕਾਂ ਦਾ ਕਹਿਣਾ ਸੀ ਕਿ ਬਹੁਤ ਸਖ਼ਤ ਨਿਯਮ ਗਾਹਕਾਂ ਦੀ ਪਸੰਦ ਨੂੰ ਸੀਮਤ ਕਰ ਸਕਦੇ ਹਨ।
ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਇਸ ਕਾਰਨ ਉਦਯੋਗ ਦਾ ਕੁਝ ਹਿੱਸਾ ਲੁਕਵੇਂ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਸਕਦਾ ਹੈ।
ਗੈਰ-ਸਰਜੀਕਲ ਕਾਸਮੈਟਿਕ ਇਲਾਜ ਕਰਵਾਉਣ ਵਾਲਿਆਂ ਦੀ ਦੁਚਿੱਤੀ
ਡਾ. ਐਲੇਕਜ਼ੈਂਡਰ ਜ਼ਰਗਰਾਨ ਦਾ ਕਹਿਣਾ ਹੈ ਕਿ ਮੌਜੂਦਾ ਪ੍ਰਣਾਲੀ ਵਿੱਚ ਗਾਹਕਾਂ ਲਈ ਇਹ ਸਮਝਣਾ ਮੁਸ਼ਕਲ ਹੋ ਸਕਦਾ ਹੈ ਕਿ ਇਲਾਜ ਦੇਣ ਵਾਲੇ ਵਿਅਕਤੀ ਦੀ ਯੋਗਤਾ ਕੀ ਹੈ।
ਕਈ ਵਾਰ ਇਹ ਜਾਣਨਾ ਵੀ ਆਸਾਨ ਨਹੀਂ ਹੁੰਦਾ ਕਿ ਉਸ ਨੇ ਕਿਸ ਤਰ੍ਹਾਂ ਦੀ ਸਿਖਲਾਈ ਲਈ ਹੈ। ਇਹ ਵੀ ਸਪੱਸ਼ਟ ਨਹੀਂ ਹੁੰਦਾ ਕਿ ਜੇ ਇਲਾਜ ਦੌਰਾਨ ਕੋਈ ਸਮੱਸਿਆ ਆ ਜਾਵੇ ਤਾਂ ਮਦਦ ਕਿੱਥੋਂ ਮਿਲੇਗੀ।
ਡਾ. ਜ਼ਰਗਰਾਨ ਕਹਿੰਦੇ ਹਨ, "ਜੇ ਤੁਸੀਂ ਡਾਕਟਰੀ ਖੇਤਰ ਨਾਲ ਜੁੜੇ ਹੋ ਤਾਂ ਤੁਸੀਂ ਵਿਸ਼ੇਸ਼ ਸਿਖਲਾਈ ਲਈ ਹੋਵੇਗੀ।"
"ਉਸ ਵਿੱਚ ਮਰੀਜ਼ ਦੀ ਸਹਿਮਤੀ ਲੈਣਾ, ਇਲਾਜ ਕਰਨਾ, ਨਿਗਰਾਨੀ ਰੱਖਣਾ ਅਤੇ ਗੁੰਝਲਦਾਰ ਸਥਿਤੀਆਂ ਦੀ ਪਛਾਣ ਕਰਨ ਵਰਗੀਆਂ ਅਹਿਮ ਗੱਲਾਂ ਸ਼ਾਮਲ ਹੁੰਦੀਆਂ ਹਨ।"
ਇੱਕ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਪੀਆਈਪੀ ਬ੍ਰੈਸਟ ਇੰਪਲਾਂਟ ਘੁਟਾਲੇ ਤੋਂ ਬਾਅਦ ਸਰਕਾਰ ਨੇ ਕਾਸਮੈਟਿਕ ਇਲਾਜ ਉਦਯੋਗ ਦੀ ਸੁਤੰਤਰ ਸਮੀਖਿਆ ਕਰਵਾਈ ਸੀ।
ਇਸ ਘੁਟਾਲੇ ਵਿੱਚ ਹਜ਼ਾਰਾਂ ਔਰਤਾਂ ਨੂੰ ਅਜਿਹੇ ਸਿਲਿਕੌਨ ਇੰਪਲਾਂਟ ਲਗਾਏ ਗਏ ਸਨ, ਜਿਨ੍ਹਾਂ ਨੂੰ ਡਾਕਟਰੀ ਵਰਤੋਂ ਲਈ ਮਨਜ਼ੂਰੀ ਨਹੀਂ ਮਿਲੀ ਸੀ।
ਉਸ ਸਮੇਂ ਦੇ ਐਨਐਚਐਸ ਮੈਡੀਕਲ ਡਾਇਰੈਕਟਰ ਪ੍ਰੋਫੈਸਰ ਸਰ ਬਰੂਸ ਕੀਓ ਦੀ ਅਗਵਾਈ ਵਿੱਚ ਇਹ ਸਮੀਖਿਆ ਕੀਤੀ ਗਈ ਸੀ। ਇਸ ਵਿੱਚ ਡਰਮਲ ਫ਼ਿਲਰ, ਬੋਟੌਕਸ ਅਤੇ ਹੋਰ ਗੈਰ-ਸਰਜੀਕਲ ਕਾਸਮੈਟਿਕ ਪ੍ਰਕਿਰਿਆਵਾਂ ਦੀ ਵੀ ਜਾਂਚ ਕੀਤੀ ਗਈ ਸੀ।
ਸਮੀਖਿਆ ਵਿੱਚ ਚਿਤਾਵਨੀ ਦਿੱਤੀ ਗਈ ਸੀ ਕਿ ਗੈਰ-ਸਰਜੀਕਲ ਕਾਸਮੈਟਿਕ ਇਲਾਜ ਕਰਵਾਉਣ ਵਾਲੇ ਲੋਕਾਂ ਨੂੰ ਵਿਸ਼ੇਸ਼ ਸੁਰੱਖਿਆ ਨਹੀਂ ਮਿਲਦੀ।
ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸਥਿਤੀ ਕਈ ਮਾਮਲਿਆਂ ਵਿੱਚ ਕਿਸੇ ਆਮ ਖਪਤਕਾਰ ਵਰਗੀ ਹੈ।
ਸਮੀਖਿਆ ਦਾ ਨਤੀਜਾ ਸੀ, "ਸਾਡੇ ਵਿਚਾਰ ਵਿੱਚ ਡਰਮਲ ਫ਼ਿਲਰ ਇੱਕ ਅਜਿਹਾ ਸੰਕਟ ਹੈ, ਜੋ ਕਿਸੇ ਵੀ ਸਮੇਂ ਪੈਦਾ ਹੋ ਸਕਦਾ ਹੈ।"
ਰਿਪੋਰਟ ਵਿੱਚ ਸਿਫ਼ਾਰਸ਼ ਕੀਤੀ ਗਈ ਸੀ ਕਿ ਕਾਸਮੈਟਿਕ ਇਲਾਜ ਕਰਨ ਵਾਲਿਆਂ ਲਈ ਲਾਇਸੈਂਸ ਲਾਜ਼ਮੀ ਹੋਣਾ ਚਾਹੀਦਾ ਹੈ।
ਸਿਖਲਾਈ ਦੇ ਸਖ਼ਤ ਮਾਪਦੰਡ ਤੈਅ ਕੀਤੇ ਜਾਣੇ ਚਾਹੀਦੇ ਹਨ। ਅਤੇ ਇਹ ਵੀ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਅਜਿਹੀਆਂ ਪ੍ਰਕਿਰਿਆਵਾਂ ਕਰਨ ਦੀ ਇਜਾਜ਼ਤ ਕਿਹੜੇ ਲੋਕਾਂ ਨੂੰ ਮਿਲੇ।
ਕੀਓ ਸਮੀਖਿਆ ਤੋਂ ਬਾਅਦ ਸਰਕਾਰ ਨੇ ਸਵੈ-ਇੱਛੁਕ ਅਤੇ ਸੈਲਫ ਰੈਗੁਲੇਸ਼ਨ ਦਾ ਮਾਡਲ ਅਪਣਾਇਆ ਸੀ। ਇਸੇ ਮਕਸਦ ਨਾਲ ਜੇਸੀਸੀਪੀ ਵਰਗੀਆਂ ਸੰਸਥਾਵਾਂ ਬਣਾਈਆਂ ਗਈਆਂ।
ਇਨ੍ਹਾਂ ਦਾ ਮਕਸਦ ਇਲਾਜ ਦੇ ਮਾਪਦੰਡ ਤੈਅ ਕਰਨਾ ਅਤੇ ਇਲਾਜ ਦੇਣ ਵਾਲਿਆਂ ਨੂੰ ਮਾਨਤਾ ਪ੍ਰਾਪਤ ਰਜਿਸਟਰ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਾ ਸੀ।
ਪਰ ਐਂਡਰਿਊ ਰੈਂਕਿਨ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਸਫ਼ਲ ਸਾਬਤ ਨਹੀਂ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਵੀ ਵੱਡੀ ਗਿਣਤੀ ਵਿੱਚ ਇਲਾਜ ਦੇਣ ਵਾਲੇ ਲੋਕ ਇਨ੍ਹਾਂ ਸਵੈ-ਇੱਛੁਕ ਪ੍ਰਣਾਲੀਆਂ ਤੋਂ ਬਾਹਰ ਹਨ।
ਉਹ ਕਹਿੰਦੇ ਹਨ, "ਜਿਸ ਗੱਲ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਗਿਆ ਸੀ, ਉਹ ਇਹ ਸੀ ਕਿ ਬਹੁਤ ਸਾਰੇ ਲੋਕ ਇਨ੍ਹਾਂ ਮਾਪਦੰਡਾਂ ਦੀ ਪਾਲਣਾ ਕਰਨ ਵਿੱਚ ਦਿਲਚਸਪੀ ਹੀ ਨਹੀਂ ਰੱਖਦੇ।"
ਬੀਬੀਐੱਲ ਟ੍ਰੀਟਮੈਂਟ ਦੀ ਪੀੜਤ ਹੁਣ ਇਨਸਾਫ਼ ਲਈ ਪਹੁੰਚੀ

ਤਸਵੀਰ ਸਰੋਤ, Janet Taylor
2023 ਦੇ ਅਕਤੂਬਰ ਵਿੱਚ ਐਸੈਕਸ ਦੇ ਇੱਕ ਕਲੀਨਿਕ ਵਿੱਚ ਲਿਕਵਿਡ ਬੀਬੀਐਲ ਕਰਵਾਉਣ ਦੇ ਚਾਰ ਦਿਨ ਬਾਅਦ ਬੋਲਟਨ ਦੀ ਲੁਈਜ਼ ਮੋਲਰ ਗੰਭੀਰ ਰੂਪ ਵਿੱਚ ਬਿਮਾਰ ਹੋ ਗਈ ਸੀ। 28 ਸਾਲਾ ਲੁਈਜ਼ ਨੂੰ ਸੈਪਸਿਸ ਹੋ ਗਿਆ ਸੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਜਾਂਦਾ ਗਿਆ। ਹਸਪਤਾਲ ਦੇ ਐਮਰਜੈਂਸੀ ਵਿਭਾਗ ਤੋਂ ਉਨ੍ਹਾਂ ਨੇ ਆਪਣੀ ਮਾਂ ਜੈਨੇਟ ਟੇਲਰ ਨੂੰ ਫ਼ੋਨ ਕੀਤਾ ਸੀ।
ਲੁਈਜ਼ ਨੇ ਕਿਹਾ ਸੀ, "ਮਾਂ, ਮੈਨੂੰ ਲੱਗਦਾ ਹੈ ਕਿ ਮੈਂ ਮਰ ਜਾਵਾਂਗੀ।"
ਲਾਗ ਨੂੰ ਪੂਰੇ ਸਰੀਰ ਵਿੱਚ ਫੈਲਣ ਤੋਂ ਰੋਕਣ ਲਈ ਸਰਜਨਾਂ ਨੂੰ ਉਨ੍ਹਾਂ ਦੇ ਖੱਬੇ ਬੱਟ ਦਾ ਇੱਕ ਵੱਡਾ ਹਿੱਸਾ ਹਟਾਉਣਾ ਪਿਆ। ਉੱਥੋਂ ਦੀਆਂ ਮਾਸਪੇਸ਼ੀਆਂ ਨਸ਼ਟ ਹੋ ਚੁੱਕੀਆਂ ਸਨ।
ਜੈਨੇਟ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ। ਉਨ੍ਹਾਂ ਨੇ ਇਹ ਪ੍ਰਕਿਰਿਆ ਕਰਨ ਵਾਲੇ ਰਿਕੀ ਸਾਇਰ ਖ਼ਿਲਾਫ਼ ਵੀ ਸ਼ਿਕਾਇਤ ਦਰਜ ਕਰਵਾਈ। ਰਿਕੀ ਕਾਸਮੈਟਿਕ ਇੰਜੈਕਸ਼ਨਾਂ ਦੇ ਖੇਤਰ ਵਿੱਚ ਕਾਫ਼ੀ ਬਦਨਾਮ ਨਾਂ ਸੀ।
ਗੰਭੀਰ ਖੂਨ ਦਾ ਲਾਗ ਹੋ ਗਿਆ ਸੀ। ਉਨ੍ਹਾਂ ਨੂੰ ਬਿਨਾਂ ਸਰਜਰੀ ਵਾਲੀ ਬੀਬੀਐਲ ਪ੍ਰਕਿਰਿਆ ਵੀ ਰਿਕੀ ਨੇ ਹੀ ਦਿੱਤੀ ਸੀ। ਲੁਈਜ਼ ਗ੍ਰੇਟਰ ਮੈਨਚੈਸਟਰ ਵਿੱਚ ਰਹਿੰਦੀ ਸੀ ਅਤੇ ਉਨ੍ਹਾਂ ਦਾ ਇਲਾਜ ਐਸੈਕਸ ਵਿੱਚ ਹੋਇਆ ਸੀ।
ਜੈਨੇਟ ਦੇ ਮੁਤਾਬਕ, ਉਨ੍ਹਾਂ ਨੂੰ ਦੱਸਿਆ ਗਿਆ ਕਿ ਮਾਮਲਾ ਇੱਕ ਪੁਲਿਸ ਫੋਰਸ ਤੋਂ ਦੂਜੀ ਪੁਲਿਸ ਫੋਰਸ ਨੂੰ ਭੇਜਣਾ ਪਵੇਗਾ।
ਸਾਲ 2025 ਵਿੱਚ ਬੀਬੀਸੀ ਨਿਊਜ਼ ਨੇ ਇਸ ਬਾਰੇ ਗ੍ਰੇਟਰ ਮੈਨਚੈਸਟਰ ਪੁਲਿਸ ਅਤੇ ਐਸੈਕਸ ਪੁਲਿਸ ਨਾਲ ਸੰਪਰਕ ਕੀਤਾ। ਦੋਵਾਂ ਦਾ ਕਹਿਣਾ ਸੀ ਕਿ ਜਾਂਚ ਦੀ ਜ਼ਿੰਮੇਵਾਰੀ ਦੂਜੀ ਪੁਲਿਸ ਫੋਰਸ ਦੀ ਹੈ।
ਅਸੀਂ ਗ੍ਰੇਟਰ ਮੈਨਚੈਸਟਰ ਪੁਲਿਸ ਨਾਲ ਸੰਪਰਕ ਕੀਤਾ। ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ।
ਐਸੈਕਸ ਪੁਲਿਸ ਨੇ ਕਿਹਾ, "ਅਸੀਂ ਸਮਝਦੇ ਹਾਂ ਕਿ ਇਸ ਮਾਮਲੇ ਕਾਰਨ ਲੋਕਾਂ ਵਿੱਚ ਨਿਰਾਸ਼ਾ ਪੈਦਾ ਹੋਈ ਹੈ।"
ਹਾਲਾਂਕਿ ਪੁਲਿਸ ਨੇ ਫਿਰ ਦੁਹਰਾਇਆ ਕਿ ਜਾਂਚ ਦੀ ਜ਼ਿੰਮੇਵਾਰੀ ਗ੍ਰੇਟਰ ਮੈਨਚੈਸਟਰ ਪੁਲਿਸ ਦੀ ਹੈ।
ਐਸ਼ਟਨ ਕੋਲਿਨਸ ਦਾ ਮੰਨਣਾ ਹੈ ਕਿ ਲੁਈਜ਼ ਦਾ ਮਾਮਲਾ ਕਾਨੂੰਨ ਲਾਗੂ ਕਰਨ ਵਾਲੀ ਪ੍ਰਣਾਲੀ ਦੀ ਵਿਆਪਕ ਨਾਕਾਮੀ ਨੂੰ ਦਰਸਾਉਂਦਾ ਹੈ।
ਉਹ ਕਹਿੰਦੇ ਹਨ, "ਲੋਕਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਲੋਕਾਂ 'ਤੇ ਨਜ਼ਰ ਰੱਖਣ ਵਾਲਾ ਕੋਈ ਨਾ ਕੋਈ ਜ਼ਰੂਰ ਹੋਵੇਗਾ।"
"ਉਨ੍ਹਾਂ ਨੂੰ ਇਹ ਵੀ ਲੱਗਦਾ ਹੈ ਕਿ ਜੇ ਕੋਈ ਗੜਬੜ ਹੁੰਦੀ ਹੈ ਤਾਂ ਕਿਸੇ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਪਰ ਕਈ ਵਾਰ ਅਜਿਹਾ ਨਹੀਂ ਹੁੰਦਾ।"
ਪੜਤਾਲ ਦੇ ਬਾਅਦ ਇੱਕ ਉੱਤੇ ਬੈਨ ਲੱਗਿਆ ਪਰ...

ਇਸੇ ਦੌਰਾਨ ਜੈਨੇਟ ਆਪਣੀ ਧੀ ਲਈ ਇਨਸਾਫ਼ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਉੱਥੇ ਹੀ, ਮੈਂ ਗਾਹਕ ਬਣ ਕੇ ਆਪਣੀ ਪਛਾਣ ਲੁਕਾਈ।
ਮੈਂ ਲੰਡਨ ਦੇ ਬਾਹਰੀ ਇਲਾਕੇ ਵਿੱਚ ਇੱਕ ਦਫ਼ਤਰੀ ਇਮਾਰਤ ਵਿੱਚ ਚੱਲ ਰਹੇ ਅਸਥਾਈ ਕਲੀਨਿਕ ਦਾ ਦੌਰਾ ਕੀਤਾ। ਰਿਕੀ ਉੱਥੇ ਅਜੇ ਵੀ ਇਲਾਜ ਦੇ ਰਹੇ ਸਨ।
ਮੁਲਾਕਾਤ ਦੌਰਾਨ ਉਨ੍ਹਾਂ ਨੇ ਮੇਰੇ ਸਰੀਰ ਵਿੱਚ ਇੱਕ ਲੀਟਰ ਤੱਕ ਫ਼ਿਲਰ ਟੀਕੇ ਰਾਹੀਂ ਭਰਨ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਅਜਿਹੀਆਂ ਦਵਾਈਆਂ ਦੇਣ ਦੀ ਵੀ ਪੇਸ਼ਕਸ਼ ਕੀਤੀ, ਜੋ ਸਿਰਫ਼ ਡਾਕਟਰ ਦੇ ਨੁਸਖ਼ੇ 'ਤੇ ਹੀ ਮਿਲਣੀਆਂ ਚਾਹੀਦੀਆਂ ਸਨ।
ਉਸ ਸਮੇਂ ਉੱਥੇ ਨੁਸਖ਼ਾ ਲਿਖਣ ਦਾ ਅਧਿਕਾਰ ਰੱਖਣ ਵਾਲਾ ਕੋਈ ਵਿਅਕਤੀ ਮੌਜੂਦ ਨਹੀਂ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਸਥਾਨਕ ਅਨੇਸਥੀਸੀਆ ਦੇਣ ਦਾ ਸੁਝਾਅ ਦਿੱਤਾ।
ਇਨ੍ਹਾਂ ਦ੍ਰਿਸ਼ਾਂ ਦੀ ਸਮੀਖਿਆ ਪਲਾਸਟਿਕ ਸਰਜਨ ਦਲਵੀ ਹੁਮਜ਼ਾ ਨੇ ਕੀਤੀ।
ਉਨ੍ਹਾਂ ਨੇ ਇਨ੍ਹਾਂ ਗਤੀਵਿਧੀਆਂ ਨੂੰ "ਹੈਰਾਨ ਕਰਨ ਵਾਲੀਆਂ" ਅਤੇ "ਬੇਹੱਦ ਖ਼ਤਰਨਾਕ" ਦੱਸਿਆ। 2025 ਦੇ ਫ਼ਰਵਰੀ ਵਿੱਚ ਰਿਕੀ ਬਾਰੇ ਬੀਬੀਸੀ ਦੀ ਰਿਪੋਰਟ ਪ੍ਰਸਾਰਿਤ ਹੋਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ।
ਟ੍ਰੈਫ਼ਰਡ ਕੌਂਸਲ ਵੱਲੋਂ ਲਿਆਂਦੇ ਗਏ ਕਾਨੂੰਨੀ ਹੁਕਮ ਤਹਿਤ ਉਨ੍ਹਾਂ ਨੂੰ ਪ੍ਰੈਕਟਿਸ ਕਰਨ ਤੋਂ ਰੋਕ ਦਿੱਤਾ ਗਿਆ।
ਹਾਲ ਹੀ ਵਿੱਚ ਉਹ ਇਸ ਪਾਬੰਦੀ ਦੀ ਉਲੰਘਣਾ ਦੇ ਇਲਜ਼ਾਮ ਹੇਠ ਅਦਾਲਤ ਵਿੱਚ ਪੇਸ਼ ਹੋਏ। ਪਰ ਅਦਾਲਤ ਨੇ ਉਨ੍ਹਾਂ ਨੂੰ ਬੇਕਸੂਰ ਕਰਾਰ ਦਿੱਤਾ।
ਗਵਾਹੀ ਦੌਰਾਨ ਉਨ੍ਹਾਂ ਨੇ ਮੰਨਿਆ ਸੀ ਕਿ ਇਨ੍ਹਾਂ ਪ੍ਰਕਿਰਿਆਵਾਂ ਨਾਲ ਜੁੜੇ ਖ਼ਤਰਿਆਂ ਦੀ ਉਨ੍ਹਾਂ ਨੂੰ ਜਾਣਕਾਰੀ ਸੀ।
ਹੁਣ ਰਿਕੀ ਇੰਗਲੈਂਡ ਅਤੇ ਵੇਲਜ਼ ਵਿੱਚ ਕਿਤੇ ਵੀ ਇਸ ਤਰ੍ਹਾਂ ਦਾ ਇਲਾਜ ਨਹੀਂ ਦੇ ਸਕਦੇ। ਹਾਲਾਂਕਿ, ਉਨ੍ਹਾਂ 'ਤੇ ਇਹ ਪਾਬੰਦੀ ਲਗਾਉਣ ਵਿੱਚ ਕਈ ਸਾਲ ਲੱਗ ਗਏ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





















