ਜਦੋਂ ਖਰਾਬ ਪੈਰਾਸ਼ੂਟ ਨਾਲ ਜ਼ਮੀਨ ਵੱਲ ਡਿੱਗਣ ਵਾਲਾ ਪਾਇਲਟ ਜ਼ਿੰਦਾ ਬਚ ਗਿਆ, ਪਾਇਲਟ ਨੇ ਕਿਹਾ, 'ਇਹ ਚਮਤਕਾਰ ਹੀ ਹੈ'

ਅਮਰੀਕੀ ਹਵਾਈ ਸੈਨਿਕ

ਤਸਵੀਰ ਸਰੋਤ, CBS

ਤਸਵੀਰ ਕੈਪਸ਼ਨ, ਅਮਰੀਕੀ ਹਵਾਈ ਸੈਨਿਕ ਨੇ ਦੱਸਿਆ ਕਿ ਉਹ ਪੈਰਾਸ਼ੂਟ ਤੋਂ ਬਿਨ੍ਹਾਂ ਕਿਵੇਂ ਹੇਠਾਂ ਡਿੱਗੇ ਅਤੇ ਬਚਾਅ ਟੀਮ ਦੇ ਆਉਣ ਤੱਕ ਕਿਵੇਂ ਲੁਕੇ ਰਹੇ।
    • ਲੇਖਕ, ਮੈਕਸ ਮਾਤਜਾ
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

"ਇੱਕ ਵਾਰ ਮੈਂ ਉੱਤੇ ਦੇਖਿਆ, ਪਰ ਕੋਈ ਪੈਰਾਸ਼ੂਟ ਨਹੀਂ ਸੀ। ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਡਰਾਉਣਾ ਪਲ ਸੀ।"

ਇਹ ਕਹਿਣਾ ਹੈ ਅਮਰੀਕੀ ਹਵਾਈ ਸੈਨਾ ਦੇ ਉਸ ਪਾਇਲਟ ਦਾ, ਜਿਨ੍ਹਾਂ ਦਾ ਜਹਾਜ਼ ਈਰਾਨ ਦੇ ਉੱਤੇ ਮਾਰ ਸੁੱਟਿਆ ਗਿਆ ਸੀ। ਪੈਰਾਸ਼ੂਟ ਖ਼ਰਾਬ ਹੋ ਗਿਆ ਸੀ ਅਤੇ ਉਹ ਤੇਜ਼ੀ ਨਾਲ ਹੇਠਾਂ ਡਿੱਗ ਰਹੇ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਬਚਾਉਣ ਲਈ ਇੱਕ ਬਹੁਤ ਖ਼ਤਰਨਾਕ ਅਭਿਆਨ ਚਲਾਇਆ ਗਿਆ।

ਅਮਰੀਕਾ ਦੇ ਜਿਸ ਪਾਇਲਟ ਨੇ ਸੀਬੀਐਸ ਨਿਊਜ਼ ਦੇ ਪ੍ਰੋਗਰਾਮ '60 ਮਿੰਟ' ਨੂੰ ਇਹ ਇੰਟਰਵਿਊ ਦਿੱਤਾ। ਉਸ ਵਿੱਚ ਉਨ੍ਹਾਂ ਦਾ ਅਸਲੀ ਨਾਮ ਨਹੀਂ ਦੱਸਿਆ ਗਿਆ।

ਇਹ ਪ੍ਰੋਗਰਾਮ ਐਤਵਾਰ ਨੂੰ ਪ੍ਰਸਾਰਿਤ ਹੋਇਆ। ਅਪ੍ਰੈਲ ਵਿੱਚ ਈਰਾਨ ਦੇ ਉੱਤੇ ਕੀਤੇ ਗਏ ਅਮਰੀਕੀ ਹਮਲੇ ਵਿੱਚ ਸ਼ਾਮਿਲ ਕਿਸੇ ਪਾਇਲਟ ਨੇ ਪਹਿਲੀ ਵਾਰ ਦੱਸਿਆ ਕਿ ਉਨ੍ਹਾਂ ਨੂੰ ਕਿਹੜੇ ਹਾਲਾਤ ਵਿੱਚੋਂ ਗੁਜ਼ਰਨਾ ਪਿਆ ਸੀ।

"ਇਹ ਕੋਈ ਚਮਤਕਾਰ ਹੀ ਹੈ"

ਇੱਕ ਅਮਰੀਕੀ ਲੜਾਕੂ ਜੈਟ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅਪ੍ਰੈਲ ਵਿੱਚ ਈਰਾਨ ਦੇ ਉੱਤੇ ਕੀਤੇ ਗਏ ਅਮਰੀਕੀ ਹਮਲੇ ਵਿੱਚ ਸ਼ਾਮਿਲ ਪਾਇਲਟ ਨੇ ਪਹਿਲੀ ਵਾਰ ਦੱਸਿਆ ਕਿ ਉਨ੍ਹਾਂ ਨੂੰ ਕਿਹੜੇ ਹਾਲਾਤ ਵਿੱਚੋਂ ਗੁਜ਼ਰਨਾ ਪਿਆ ਸੀ।

ਸੀਬੀਐਸ ਦੇ ਪ੍ਰੋਗਰਾਮ ਵਿੱਚ ਪਾਇਲਟ ਦੀ ਪਛਾਣ 'ਬਰਾਵੋ' ਨਾਮ ਤੋਂ ਕਰਾਈ ਗਈ। ਇੰਟਰਵਿਊ ਵਿੱਚ ਜੋ ਗੱਲਾਂ ਦੱਸੀਆਂ ਗਈਆਂ ਉਹ ਰੌਂਗਟੇ ਖੜ੍ਹੇ ਕਰ ਦੇਣ ਵਾਲੀਆਂ ਸੀ।

ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਉਸ ਵਿੱਚ ਸਵਾਰ ਦੋਹਾਂ ਅਮਰੀਕੀ ਹਵਾਈ ਸੈਨਿਕਾਂ ਨੇ ਛਲਾਂਗ ਲਗਾ ਦਿੱਤੀ ਸੀ। ਇਸ ਤੋਂ ਬਾਅਦ ਦੋਹੇਂ ਇੱਕ ਦੂਜੇ ਤੋਂ ਵੱਖ ਹੋ ਗਏ। ਅਮਰੀਕੀ ਸਪੈਸ਼ਲ ਫੋਰਸ ਦੇ ਬਚਾਅ ਲਈ ਪਹੁੰਚਣ ਤੱਕ ਉਨ੍ਹਾਂ ਨੂੰ ਈਰਾਨੀ ਸੈਨਿਕਾਂ ਤੋਂ ਬਚਦੇ ਹੋਏ ਲੁਕਣਾ ਪਿਆ।

ਪੈਰਾਸ਼ੂਟ ਤੋਂ ਬਿਨ੍ਹਾਂ ਸੱਟਾਂ ਡਿੱਗਣ ਨੂੰ ਕਿਵੇਂ ਪਰਿਭਾਸ਼ਿਤ ਕਰੋਗੇ, ਇਸ 'ਤੇ ਕਰਾਵੋ ਨੇ ਕਿਹਾ, " ਇਸ ਨੂੰ ਬਿਨ੍ਹਾਂ ਕਿਸੇ ਸਹਾਰੇ ਦੇ ਹੇਠਾਂ ਡਿੱਗਣਾ ਕਹਿਣਾ ਸਹੀ ਹੋਏਗਾ।"

ਉਨ੍ਹਾਂ ਨੇ ਕਿਹਾ, "ਮੇਰਾ ਧਿਆਨ ਇਸ ਗੱਲ 'ਤੇ ਨਹੀਂ ਸੀ ਕਿ ਮੈਂ ਕਿੰਨੀ ਤੇਜ਼ੀ ਨਾਲ ਹੇਠਾਂ ਡਿੱਗ ਰਿਹਾ ਹਾਂ। ਇਸ ਦੀ ਬਜਾਏ ਮੇਰਾ ਪੂਰਾ ਧਿਆਨ ਆਪਣੇ ਸਾਹਮਣੇ ਖੜ੍ਹੀਆਂ ਮੁਸ਼ਕਲਾਂ ਦੂਰ ਕਰਨ 'ਤੇ ਸੀ। ਮੈਂ ਪੈਰਾਸ਼ੂਟ ਨੂੰ ਖੋਲ੍ਹਣ ਜਾਂ ਉਸ ਦੇ ਹਿੱਸਿਆਂ ਨੂੰ ਖਿੱਚ ਕੇ ਢਿੱਲਾ ਕਰਨ ਲਈ ਜੋ ਕਰ ਸਕਦਾ ਸੀ, ਕਰ ਰਿਹਾ ਸੀ।"

ਬਰਾਵੋ ਨੇ ਆਪਣੇ ਬਚ ਜਾਣ ਨੂੰ 'ਚਮਤਕਾਰ' ਦੱਸਿਆ। ਹਾਲਾਂਕਿ, ਉਨ੍ਹਾਂ ਦੀ ਪਿੱਠ, ਮੋਢੇ ਅਤੇ ਬਾਂਹ ਦੀ ਹੱਡੀ ਟੁੱਟ ਗਈ ਸੀ। ਜਦੋਂ ਉਹ ਜ਼ਮੀਨ ਨਾਲ ਟਕਰਾਏ, ਤਾਂ ਉਨ੍ਹਾਂ ਦੀ ਰਫਤਾਰ 70 ਤੋਂ 100 ਮੀਲ ਪਰਤੇ ਘੰਟੇ ਯਾਨੀ 113 ਤੋਂ 161 ਕਿੱਲੋਮੀਟਰ ਪ੍ਰਤੀ ਘੰਟੇ ਦੇ ਵਿੱਚ ਸੀ।

ਮਾਰ ਸੁੱਟੇ ਗਏ ਜਹਾਜ਼ ਵਿੱਚ ਸਵਾਰ ਦੂਜੇ ਅਮਰੀਕੀ ਹਵਾਈ ਸੈਨਿਕ ਦੀ ਪਛਾਣ 'ਅਲਫ਼ਾ' ਨਾਮ ਤੋਂ ਕਰਵਾਈ ਗਈ। ਉਨ੍ਹਾਂ ਨੇ ਸੀਬੀਐਸ ਨੂੰ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ।

ਸੱਟਾਂ ਦੇ ਬਾਵਜੂਦ ਪਹਾੜੀ ਦੀ ਚੋਟੀ ਤੱਕ ਪਹੁੰਚੇ

ਅਮਰੀਕੀ ਹਮਲੇ ਵਿਚ ਨੁਕਸਾਨੀ ਗਈ ਤੇਹਰਾਨ ਦੀ ਇਮਾਰਤ ਦੀ 3 ਸਤੰਬਰ ਦੀ ਤਸਵੀਰ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ-ਈਰਾਨ ਯੁੱਧ ਸੱਤਵੇਂ ਮਹੀਨੇ ਵਿੱਚ ਪਹੁੰਚ ਚੁੱਕਿਆ ਹੈ।

ਸੀਬੀਐਸ ਮੁਤਾਬਕ, ਦੋ ਸੀਟਾਂ ਵਾਲੇ ਐਫ਼ 15ਈ ਜਹਾਜ਼ ਨੂੰ ਮੋਢੇ ਨਾਲ ਦਾਗ਼ੀ ਗਈ ਮਿਜ਼ਾਈਲ ਨਾਲ ਮਾਰ ਸੁੱਟਿਆ ਗਿਆ ਸੀ। ਜਹਾਜ਼ ਦੀ ਕੀਮਤ ਤਿੰਨ ਕਰੋੜ ਡਾਲਰ ਯਾਨੀ 2.2 ਕਰੋੜ ਪਾਊਂਡ ਸੀ, ਜਦਕਿ ਮਿਜ਼ਾਈਲ ਦੀ ਕੀਮਤ ਕਰੀਬ ਇੱਕ ਲੱਖ ਡਾਲਰ ਸੀ। ਸੀਬੀਐਸ ਅਮਰੀਕਾ ਵਿੱਚ ਬੀਬੀਸੀ ਦਾ ਪਾਰਟਨਰ ਨੈਟਵਰਕ ਹੈ।

ਬਰਾਵੋ ਨੇ ਦੱਸਿਆ ਕਿ ਸੱਟਾਂ ਦੇ ਬਾਵਜੂਦ ਇਹ ਪੈਦਲ ਚੱਲੇ ਅਤੇ ਚੜ੍ਹਾਈ ਕਰਦਿਆਂ ਇੱਕ ਉੱਚੀ ਪਹਾੜੀ ਦੀ ਚੋਟੀ ਤੱਕ ਪਹੁੰਚੇ। ਪੂਰੇ ਰਸਤੇ ਉਨ੍ਹਾਂ ਨੂੰ ਡਰ ਸੀ ਕਿ ਈਰਾਨੀ ਸੈਨਿਕ ਉਨ੍ਹਾਂ ਨੂੰ ਫੜ ਸਕਦੇ ਹਨ।

ਉਸ ਸਥਿਤੀ ਵਿੱਚ ਖੁਦ ਨੂੰ ਸਮਝਾਉਂਦੇ ਹੋਇਆਂ ਉਨ੍ਹਾਂ ਨੇ ਖੁਦ ਨੂੰ ਕਿਹਾ, "ਹਿੰਮਤ ਨਾ ਹਾਰਨਾ, ਵਰਨਾ ਈਰਾਨੀ ਸੈਨਿਕ ਤੈਨੂੰ ਫੜ ਲੈਣਗੇ ਅਤੇ ਤੁਸੀਂ ਈਰਾਨੀ ਟੀਵੀ 'ਤੇ ਦਿਖੋਗੇ।"

ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਦੱਸਿਆ ਕਿ ਅਲਫ਼ਾ ਨੂੰ ਛੇ ਘੰਟਿਆਂ ਅੰਦਰ ਬਚਾ ਲਿਆ ਗਿਆ ਸੀ। ਇਸ ਅਭਿਆਨ ਦੌਰਾਨ ਭਿਆਨਕ ਗੋਲੀਬਾਰੀ ਹੋਈ ਸੀ।

ਹੇਗਸੇਥ ਨੇ ਕਿਹਾ, "ਅੰਦਰ ਜਾਂਦਿਆਂ ਲਗਾਤਾਰ ਗੋਲੀਬਾਰੀ ਹੋਈ ਅਤੇ ਬਾਹਰ ਨਿਕਲਦਿਆਂ ਵੇਲੇ ਵੀ। ਪਰ ਉਹ ਅਲਫ਼ਾ ਨੂੰ ਬਚਾ ਲੈ ਆਏ।"

ਬਰਾਵੋ ਨੂੰ ਦੁਸ਼ਮਣ ਦੇ ਇਲਾਕੇ ਵਿੱਚ 48 ਘੰਟੇ ਬਿਤਾਉਣ ਬਾਅਦ ਬਚਾਇਆ ਗਿਆ।

ਅਮਰੀਕਾ ਦਾ ਦਾਅਵਾ, ਉਨ੍ਹਾਂ ਨੂੰ ਕਈ ਹੈਲੀਕਾਪਟਰ ਖੁਦ ਨਸ਼ਟ ਕਰਨੇ ਪਏ

ਅਮਰੀਕਾ ਦਾ ਝੰਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਨੇ ਦੱਸਿਆ ਕਿ ਉਸ ਨੇ ਕਈ ਆਪਣੇ ਜਹਾਜ਼ ਹੀ ਨਸ਼ਟ ਕਰਨੇ ਪਏ ਤਾਂ ਕਿ ਉਨ੍ਹਾਂ ਦੀ ਤਕਨੀਕ ਈਰਾਨ ਦੇ ਹੱਥ ਨਾ ਲੱਗੇ।

ਅਮਰੀਕੀ ਸੈਂਟਰਲ ਕਮਾਂਡ ਦੇ ਐਡਮਿਰਲ ਬਰੈਡ ਕਪੂਰ ਨੇ ਦੱਸਿਆ ਕਿ ਅਭਿਆਨ ਦੌਰਾਨ ਇੱਕ ਵੇਲੇ ਈਰਾਨ ਅੰਦਰ 90 ਤੋਂ ਜ਼ਿਆਦਾ ਅਮਰੀਕੀ ਸੈਨਿਕ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ 46 ਸਾਲ ਵਿੱਚ ਇਹ ਪਹਿਲੀ ਵਾਰ ਸੀ, ਜਦੋਂ ਅਮਰੀਕੀ ਸੈਨਿਕ ਈਰਾਨ ਅੰਦਰ ਅਭਿਆਨ ਚਲਾ ਰਹੇ ਸੀ।

ਪਰ ਸੈਨਿਕਾਂ ਨੂੰ ਉੱਥੋਂ ਕੱਢਣ ਪਹੁੰਚੇ ਜਹਾਜ਼ ਅਤੇ ਹੈਲੀਕਾਪਟਰ ਰੇਗਿਸਤਾਨ ਦੀ ਰੇਤ ਵਿਚ ਫਸ ਗਏ। ਉਨ੍ਹਾਂ ਨੂੰ ਨਸ਼ਟ ਕਰਨਾ ਪਿਆ। ਇਸ ਤੋਂ ਬਾਅਦ ਸਪੈਸ਼ਲ ਫੋਰਸ ਦੇ ਸੈਨਿਕਾਂ ਨੂੰ ਬਚਾਅ ਲਈ ਦੂਜੀ ਟੀਮ ਦੇ ਆਉਣ ਦਾ ਇੰਤਜ਼ਾਰ ਕਰਨਾ ਪਿਆ।

ਸੀਬੀਐਸ ਦੀ ਰਿਪੋਰਟ ਮੁਤਾਬਕ ਨਸ਼ਟ ਕੀਤੇ ਗਏ ਦੋ ਅਮਰੀਕੀ ਜਹਾਜ਼ਾਂ ਵਿੱਚੋਂ ਹਰ ਇੱਕ ਦੀ ਕੀਮਤ ਕਰੀਬ 10 ਕਰੋੜ ਡਾਲਰ ਸੀ। ਇਸ ਤੋਂ ਇਲਾਵਾ ਕਈ 'ਲਿਟਿਲ ਬਰਡ' ਹੈਲੀਕੈਪਟਰਾਂ ਨੂੰ ਵੀ ਨਸ਼ਟ ਕਰਨਾ ਪਿਆ ਤਾਂ ਕਿ ਉਨ੍ਹਾਂ ਦੀ ਤਕਨੀਕ ਈਰਾਨ ਦੇ ਹੱਥ ਨਾ ਲੱਗੇ।

ਇਹ ਅਭਿਆਨ ਈਰਾਨ ਖ਼ਿਲਾਫ਼ ਯੁੱਧ ਸ਼ੁਰੂ ਹੋਣ ਦੇ ਕਰੀਬ ਪੰਜ ਹਫਤੇ ਬਾਅਦ ਚਲਾਇਆ ਗਿਆ ਸੀ। ਇਹ ਯੁੱਧ ਅਮਰੀਕਾ ਅਤੇ ਇਜ਼ਰਾਈਲ ਨੇ ਸ਼ੁਰੂ ਕੀਤਾ ਸੀ।

ਯੁੱਧ ਹੁਣ ਸੱਤਵੇਂ ਮਹੀਨੇ ਵਿੱਚ ਪਹੁੰਚ ਚੁੱਕਿਆ ਹੈ। ਨਵੰਬਰ ਵਿਚ ਅਮਰੀਕੀ ਕਾਂਗਰਸ ਦੀਆਂ ਮੱਧ ਕਾਲੀ ਚੋਣਾਂ ਹੋਣੀਆਂ ਹਨ ਅਤੇ ਉਨ੍ਹਾਂ ਦੇ ਪ੍ਰਚਾਰ ਦਾ ਸਮਾਂ ਨੇੜੇ ਆ ਰਿਹਾ ਹੈ। ਇਸ ਵਿਚਕਾਰ ਇਸ ਯੁੱਧ ਦੀ ਮਕਬੂਲੀਅਤ ਅਮਰੀਕੀ ਲੋਕਾਂ ਵਿਚਕਾਰ ਲਗਾਤਾਰ ਘਟ ਰਹੀ ਹੈ।

ਲੋਕਾਂ ਦੀ ਇਸ ਨਰਾਜ਼ਗੀ ਦੀ ਇੱਕ ਵੱਡੀ ਵਜ੍ਹਾ ਦੁਨੀਆਂ ਭਰ ਵਿੱਚ ਊਰਜਾ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਅਤੇ ਇਸ ਦਾ ਦੂਜੀਆਂ ਚੀਜ਼ਾਂ 'ਤੇ ਪੈਣ ਵਾਲਾ ਅਸਰ ਹੈ।

ਪਿਛਲੇ ਹਫਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਜੰਗ ਘੱਟੋ ਘੱਟ ਤਿੰਨ ਨਵੰਬਰ ਨੂੰ ਚੋਣਾਂ ਦੇ ਦਿਨ ਤੱਕ ਜਾਰੀ ਰਹੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)