ਪੰਜਾਬ ਦੇ ਮੁਹਾਲੀ ਦੀ ਇੱਕ ਪੁਲਿਸ ਚੌਕੀ ਬਾਹਰ ਖੁਦ ਨੂੰ ਅੱਗ ਲਗਾਉਣ ਵਾਲੀ ਮਹਿਲਾ ਨੇ ਅਜਿਹਾ ਕਿਉਂ ਕੀਤਾ, ਹੁਣ ਤੱਕ ਕੀ-ਕੀ ਪਤਾ ਲੱਗਿਆ ਹੈ?

ਪੀਜੀਆਈ ਚੰਡੀਗੜ੍ਹ ਦੇ ਬਰਨ ਯੂਨਿਟ ਦੀ ਤਸਵੀਰ

ਤਸਵੀਰ ਸਰੋਤ, Navjot Kaur/BBC

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਹਿਲਾ ਦਾ ਇਲਾਜ ਚੱਲ ਰਿਹਾ ਹੈ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 7 ਮਿੰਟ

ਚੇਤਾਵਨੀ: ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ

ਪੰਜਾਬ ਦੇ ਮੁਹਾਲੀ ਅਧੀਨ ਪੈਂਦੇ ਬਲਟਾਣਾ ਪੁਲਿਸ ਥਾਣੇ ਦੇ ਬਾਹਰ ਇੱਕ ਮਹਿਲਾ ਨੇ ਖੁਦ ਨੂੰ ਅੱਗ ਲਗਾ ਲਈ ਸੀ। ਇਸ ਮਗਰੋਂ ਬੁਰੇ ਤਰੀਕੇ ਨਾਲ ਸੜਨ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਮਹਿਲਾ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਅਤੇ ਮਗਰੋਂ ਉਸਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ।

ਹੁਣ ਮਹਿਲਾ ਦਾ ਇਲਾਜ ਪੀਜੀਆਈ ਚੰਡੀਗੜ੍ਹ ਵਿੱਚ ਚਲ ਰਿਹਾ ਹੈ।

ਮਹਿਲਾ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਕਿ ਇੱਕ ਮੁੰਡੇ ਨੇ ਉਨ੍ਹਾਂ ਦੀ ਧੀ ਨਾਲ ਵਿਆਹ ਕਰਵਾਉਣ ਦਾ ਲਾਰਾ ਲਾ ਕੇ ਉਸ ਤੋਂ 4-5 ਲੱਖ ਰੁਪਏ ਠੱਗੇ ਅਤੇ ਕਥਿਤ ਤੌਰ ਉੱਤੇ ਰੇਪ ਕੀਤਾ। ਪਰਿਵਾਰ ਦਾ ਇਲਜ਼ਾਮ ਹੈ ਕਿ ਜਦੋਂ ਉਨ੍ਹਾਂ ਦੀ ਧੀ ਨੇ ਪੁਲਿਸ ਕੋਲ ਉਸ ਨਾਲ ਹੋਏ ਰੇਪ ਦੀ ਸ਼ਿਕਾਇਤ ਕਰਨੀ ਚਾਹੀ ਤਾਂ ਪਹਿਲਾਂ ਹਰਿਆਣਾ ਪੁਲਿਸ ਅਤੇ ਫਿਰ ਪੰਜਾਬ ਪੁਲਿਸ ਨੇ ਉਸਦੀ ਗੱਲ ਨਾ ਸੁਣੀ।

ਪੁਲਿਸ ਨੇ ਮੁਲਜ਼ਮ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਦਾ ਰਿਮਾਂਡ ਵੀ ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੀ ਮਹਿਲਾ ਦੀ ਸ਼ਿਕਾਇਤ 'ਤੇ ਕਾਰਵਾਈ ਨਾ ਕਰਨ ਵਾਲੇ ਅਧਿਕਾਰੀਆਂ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਕੀ ਹੈ ਪੂਰਾ ਮਾਮਲਾ ?

ਮਹਿਲਾ ਦੀ ਮਾਂ ਆਪਣੇ ਦੋ ਪੁੱਤਰਾਂ ਅਤੇ ਕੁਝ ਕੁ ਰਿਸ਼ਤੇਦਾਰਾਂ ਨਾਲ ਬਰਨ ਯੂਨਿਟ ਦੇ ਦਰਵਾਜ਼ੇ ਕੋਲ ਬੈਠ ਦਿਨ ਅਤੇ ਰਾਤਾਂ ਕੱਟ ਰਹੇ ਹਨ ਅਤੇ ਅੰਦਰ ਉਨ੍ਹਾਂ ਦੀ ਧੀ ਜਿਸਦਾ ਸਰੀਰ ਅੱਗ ਕਾਰਨ ਪੂਰਾ ਸੜ ਚੁੱਕਿਆ ਹੈ, ਉਸਦਾ ਇਲਾਜ ਚੱਲ ਰਿਹਾ ਹੈ।

ਮਹਿਲਾ ਦੀ ਮਾਂ ਕਹਿੰਦੇ ਹਨ, "ਪੂਰਾ ਸਰੀਰ ਸੜ ਗਿਆ ਹੈ, ਪਤਾ ਨਹੀਂ ਮੇਰੀ ਧੀ ਬਚੇਗੀ ਜਾਂ ਨਹੀਂ!"

28 ਅਪ੍ਰੈਲ 2026 ਨੂੰ ਮੁਹਾਲੀ ਅਧੀਨ ਪੈਂਦੇ ਜ਼ੀਰਕਪੁਰ ਦੇ ਬਲਟਾਣਾ ਦੀ ਪੁਲਿਸ ਚੌਕੀ ਦੇ ਬਾਹਰ ਇੱਕ 28 ਸਾਲਾ ਮਹਿਲਾ ਨੇ ਆਪਣੇ ਉੱਤੇ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਲਗਾ ਲਈ।

ਮਹਿਲਾ ਦੇ ਪਰਿਵਾਰ ਮੁਤਾਬਕ, "ਉਹ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਕਈ ਵਾਰ ਪੁਲਿਸ ਚੌਂਕੀ ਦੇ ਚੱਕਰ ਕੱਟਣ ਮਗਰੋਂ ਵੀ ਪੁਲਿਸ, ਇੱਕ ਨੌਜਵਾਨ ਵੱਲੋਂ ਉਸ ਨਾਲ ਕੀਤੀ ਗਈ ਧੋਖਾਧੜੀ ਅਤੇ ਕਥਿਤ ਬਲਾਤਕਾਰ ਦੀ ਸੁਣਵਾਈ ਨਹੀਂ ਕਰ ਰਹੀ ਸੀ। ਵਾਰ-ਵਾਰ ਪੁਲਿਸ ਚੌਂਕੀ ਆਉਣ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਅਪਮਾਨਿਤ ਕਰਨ 'ਤੇ ਉਹ ਬਹੁਤ ਪਰੇਸ਼ਾਨ ਹੁੰਦੀ ਸੀ। ਜਦੋਂ ਉਹ 28 ਅਪ੍ਰੈਲ ਨੂੰ ਪੁਲਿਸ ਚੌਂਕੀ ਗਈ ਤਾਂ ਉਸਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਨ ਲਈ ਕਿਹਾ ਪਰ ਕਿਸੇ ਪੁਲਿਸ ਮੁਲਾਜ਼ਮ ਨੇ ਉਸਦੀ ਗੱਲ ਨਾ ਸੁਣੀ। ਇਸ ਕਰਕੇ ਉਸਨੇ ਆਪਣੇ ਆਪ ਨੂੰ ਅੱਗ ਲਗਾ ਲਈ।"

ਮਹਿਲਾ ਦੇ ਭਰਾ ਮੁਤਾਬਕ, "ਜਦੋਂ ਉਸਨੇ ਨੇ ਆਪਣੇ ਆਪ ਨੂੰ ਅੱਗ ਲਗਾਈ ਤਾਂ ਪੁਲਿਸ ਅਧਿਕਾਰੀਆਂ 'ਚੋਂ ਕਿਸੇ ਨੇ ਵੀ ਉਸਦੀ ਮਦਦ ਨਾ ਕੀਤੀ ਸਗੋਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਦੋਂ ਉਹ ਬੁਰੀ ਤਰ੍ਹਾਂ ਝੁਲਸ ਗਈ ਤਾਂ ਪੁਲਿਸ ਨੇ ਉਸਨੂੰ ਪਹਿਲਾਂ ਸੈਕਟਰ 32 ਦੇ ਹਸਪਤਾਲ ਅਤੇ ਮਗਰੋਂ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ। ਇਸਤੋਂ ਬਾਅਦ ਪਰਿਵਾਰ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ।"

ਹਸਪਤਾਲ ਨੇ ਕੁੜੀ ਦੀ ਹਾਲਤ ਬਾਰੇ ਕੀ ਦੱਸਿਆ

ਪੀਜੀਆਈ ਚੰਡੀਗੜ੍ਹ ਦੇ ਬਰਨ ਯੂਨਿਟ ਦੀ ਤਸਵੀਰ

ਤਸਵੀਰ ਸਰੋਤ, Navjot Kaur/BBC

ਤਸਵੀਰ ਕੈਪਸ਼ਨ, ਹਸਪਤਾਲ ਮੁਤਾਬਕ ਮਹਿਲਾ ਲਗਭਗ 70% ਸੜ ਗਈ ਹੈ ਅਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ

ਪੀਜੀਆਈ ਚੰਡੀਗੜ੍ਹ ਵੱਲੋਂ ਬੀਬੀਸੀ ਨਾਲ ਸਾਂਝੀ ਕੀਤੀ ਜਾਣਕਾਰੀ ਮੁਤਾਬਕ, "ਮਹਿਲਾ ਲਗਭਗ 70% ਸੜ ਗਈ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੂਜੀ ਅਤੇ ਤੀਜੀ ਡਿਗਰੀ ਦੇ ਡੂੰਘੇ ਜਲਣ ਦੇ ਜ਼ਖਮ ਹਨ।"

"ਉਹ ਇੰਟੈਂਸਿਵ ਕੇਅਰ ਯੂਨਿਟ ਵਿੱਚ ਹੈ ਅਤੇ ਉਸਦੇ ਮਹੱਤਵਪੂਰਨ ਮਾਪਦੰਡ (ਵਾਇਟਲਸ) ਇਸ ਸਮੇਂ ਸਥਿਰ ਹਨ। ਹਾਲਾਂਕਿ, ਉਸਦੀਆਂ ਸੱਟਾਂ ਦੀ ਗੰਭੀਰਤਾ ਅਤੇ ਹੱਦ ਨੂੰ ਦੇਖਦੇ ਹੋਏ, ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸਦੀ ਹਾਲਤ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।"

ਮਹੱਤਵਪੂਰਨ ਸੂਚਨਾ

ਨੋਟ: ਦਵਾਈ ਅਤੇ ਥੈਰਿਪੀ ਦੇ ਰਾਹੀਂ ਮਾਨਸਿਕ ਬੀਮਾਰੀਆ ਦਾ ਇਲਾਜ ਸੰਭਵ ਹੈ। ਇਸ ਲਈ ਤੁਹਾਨੂੰ ਕਿਸੇ ਮਨੋਚਕਿਤਸਕ ਦੀ ਮਦਦ ਲੈਣੀ ਚਾਹੀਦੀ ਹੈ। ਜੇ ਤੁਹਾਡੇ ਵਿੱਚ ਜਾਂ ਤੁਹਾਡੇ ਕਿਸੇ ਨਜ਼ਦੀਕੀ ਵਿੱਚ ਕਿਸੇ ਤਰ੍ਹਾਂ ਦੀ ਮਾਨਸਿਕ ਤਕਲੀਫ਼ ਦੇ ਲੱਛਣ ਹਨ ਤਾਂ ਇਨ੍ਹਾਂ ਹੈਲਪਲਾਈਨ ਨੰਬਰਾਂ ਉੱਪਰ ਫ਼ੋਨ ਕਰ ਕੇ ਮਦਦ ਹਾਸਲ ਕੀਤੀ ਜਾ ਸਕਦੀ ਹੈ।

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ-1800-599-0019

ਇੰਸਟੀਚਿਊਟ ਆਫ਼ ਹਿਊਮਨ ਬਿਹੇਰਵੀਅਰ ਐਂਡ ਅਲਾਈਡ ਸਾਇੰਸਿਜ਼-9868396824, 9868396841, 011-22574820

ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼-080 - 26995000

ਵਿਦਿਆਸਾਗਰ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਅਲਾਈਡ ਸਾਇੰਸਿਜ਼-011 2980 2980

ਪੁਲਿਸ ਨੇ ਕੀ ਦੱਸਿਆ

ਹਾਲਾਂਕਿ ਮੁਹਾਲੀ ਪੁਲਿਸ ਨੇ 30 ਅਪ੍ਰੈਲ ਨੂੰ ਦੇਰ ਰਾਤ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 1 ਮਈ ਨੂੰ ਉਸਨੂੰ ਅਦਾਲਤ 'ਚ ਪੇਸ਼ ਕਰਕੇ ਇੱਕ ਦਿਨ ਰਿਮਾਂਡ ਵੀ ਹਾਸਲ ਕਰ ਲਿਆ ਸੀ।

ਇਸ ਘਟਨਾ ਤੋਂ ਬਾਅਦ ਐਸ.ਡੀ. ਜ਼ੀਰਕਪੁਰ ਦੇ ਏਐਸਪੀ ਗ਼ਜ਼ਲਪ੍ਰੀਤ ਕੌਰ ਵੱਲੋਂ ਮੀਡੀਆ ਨਾਲ ਸਾਂਝੇ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ, "ਬਲਟਾਣਾ ਚੌਂਕੀ ਦੇ ਬਾਹਰ ਇੱਕ ਮਹਿਲਾ ਵੱਲੋਂ ਆਪਣੇ ਆਪ ਨੂੰ ਅੱਗ ਲਗਾਉਣ ਦੀ ਘਟਨਾ ਮੰਦਭਾਗੀ ਹੈ। ਪੁਲਿਸ ਨੇ ਜ਼ੀਰਕਪੁਰ ਥਾਣੇ ਵਿੱਚ ਮਹਿਲਾ ਦੇ ਬਿਆਨਾਂ ਦੇ ਅਧਾਰ 'ਤੇ ਐੱਫਆਈਆਰ ਦਰਜ ਕਰ ਲਈ ਹੈ। ਮਹਿਲਾ ਦੀ ਸ਼ਿਕਾਇਤ 'ਤੇ ਕਾਰਵਾਈ ਨਾ ਕਰਨ ਵਾਲੇ ਅਧਿਕਾਰੀਆਂ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਐੱਸਪੀ ਰੂਰਲ ਮਨਪ੍ਰੀਤ ਸਿੰਘ ਨੂੰ ਸੌਂਪ ਦਿੱਤੀ ਗਈ ਹੈ।"

ਜ਼ੀਰਕਪੁਰ ਪੁਲਿਸ ਨੇ ਮਹਿਲਾ ਦੇ ਬਿਆਨਾਂ ਦੇ ਅਧਾਰ 'ਤੇ ਬੀਐੱਨਐੱਸ 69 (ਵਿਆਹ ਦਾ ਬਹਾਨਾ ਲਾ ਕੇ ਜਿਨਸੀ ਸੰਬੰਧ ਬਣਾਉਣੇ) ਤਹਿਤ ਐੱਫਆਈਆਰ ਦਰਜ ਕੀਤੀ ਹੈ।

ਪਰਿਵਾਰ ਮੁਤਾਬਕ ਮਹਿਲਾ ਤਲਾਕਸ਼ੁਦਾ ਹੈ, ਰੋਜ਼ੀ-ਰੋਟੀ ਕਮਾਉਣ ਲਈ ਉਹ ਹਰਿਆਣਾ ਦੇ ਪੰਚਕੂਲਾ ਵਿੱਚ ਘਰ ਰਹਿ ਕੇ ਇੱਕ ਫਾਰਮਾ ਕੰਪਨੀ ਨਾਲ ਕੰਮ ਕਰ ਰਹੀ ਸੀ ਅਤੇ ਚੰਗੀ ਆਮਦਨ ਕਮਾ ਰਹੀ ਸੀ।

ਮੁਲਜ਼ਮ ਲੜਕੇ ਬਾਰੇ ਜਾਣਕਾਰੀ ਦਿੰਦੇ ਉਹ ਦੱਸਦੇ ਹਨ, "ਲੜਕੇ ਨੇ ਉਸ ਤੋਂ ਸੈਲੂਨ ਖੋਲ੍ਹਣ ਲਈ ਕਰੀਬ 4 ਲੱਖ ਰੁਪਏ ਲਏ ਸਨ। ਪਰ ਜਦੋਂ ਲੜਕੇ ਨੇ ਪੈਸੇ ਵਾਪਸ ਨਾ ਕੀਤੇ ਤਾਂ ਉਸਨੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ। ਪਰ ਕੁਝ ਦਿਨਾਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਮੁਲਜ਼ਮ ਆਪਣਾ ਘਰ ਅਤੇ ਸੈਲੂਨ ਛੱਡ ਕੇ ਫਰਾਰ ਹੋ ਗਿਆ ਹੈ। ਜਿਸਤੋਂ ਬਾਅਦ ਸਾਡੀ ਧੀ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗੀ।"

ਏਐਸਪੀ ਜ਼ੀਰਕਪੁਰ ਗ਼ਜ਼ਲਪ੍ਰੀਤ ਕੌਰ

ਤਸਵੀਰ ਸਰੋਤ, Zirakpur Police

ਤਸਵੀਰ ਕੈਪਸ਼ਨ, ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏਐਸਪੀ ਜ਼ੀਰਕਪੁਰ ਗ਼ਜ਼ਲਪ੍ਰੀਤ ਕੌਰ

ਪਰਿਵਾਰ ਦਾ ਕਹਿਣਾ ਹੈ ਕਿ ਦੋਵੇਂ ਇੱਕ ਦੂਜੇ ਨੂੰ ਪਹਿਲਾਂ ਜਾਣਦੇ ਸਨ, ਮੁਲਜ਼ਮ ਦਾ ਸੈਲੂਨ ਖੁੱਲ੍ਹਵਾਉਣ ਲਈ ਵਿੱਤੀ ਮਦਦ ਵੀ ਉਨ੍ਹਾਂ ਦੀ ਧੀ ਨੇ ਹੀ ਕੀਤੀ ਸੀ। ਪਰ ਦੋਵਾਂ ਵਿਚਾਲੇ ਕੀ ਰਿਸ਼ਤਾ ਸੀ ਇਸਤੋਂ ਪਰਿਵਾਰ ਅਣਜਾਣ ਸੀ।

ਪਰਿਵਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਕਈ ਮਹੀਨੇ ਪੁਰਾਣਾ ਹੈ, ਇਸਤੋਂ ਪਹਿਲਾਂ ਉਨ੍ਹਾਂ ਦੀ ਧੀ ਵੱਲੋਂ ਹਰਿਆਣਾ ਦੇ ਚੰਡੀ ਮੰਦਰ ਥਾਣੇ ਵਿੱਚ ਵੀ ਮੁਲਜ਼ਮ ਖਿਲਾਫ਼ ਸ਼ਿਕਾਇਤ ਕੀਤੀ ਗਈ ਸੀ।

ਪਰਿਵਾਰ ਦਾ ਇਲਜ਼ਾਮ ਹੈ ਕਿ ਲੜਕੇ ਦੇ ਪੁਲਿਸ ਦੇ ਅੱਗੇ ਮੌਜੂਦ ਹੋਣ ਦੇ ਬਾਵਜੂਦ ਉਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਸਗੋਂ ਦੋਵਾਂ ਧਿਰਾਂ ਨੂੰ ਸਮਝੌਤਾ ਕਰਨ ਲਈ ਰਾਜ਼ੀ ਕਰ ਲਿਆ ਅਤੇ ਉਨ੍ਹਾਂ ਦੀ ਧੀ ਨਾਲ ਵਾਅਦਾ ਕੀਤਾ ਕਿ ਮੁਲਜ਼ਮ ਲੋਨ ਵਾਲੇ 4 ਲੱਖ ਰੁਪਏ ਵਾਪਸ ਕਰੇਗਾ।

ਪਰਿਵਾਰ ਮੁਤਾਬਕ, ਨਾ ਪੈਸੇ ਵਾਪਸ ਆਏ ਅਤੇ ਨਾ ਹੀ ਮੁਲਜ਼ਮ ਨੇ ਉਨ੍ਹਾਂ ਦੀ ਧੀ ਨਾਲ ਕੋਈ ਗੱਲ ਕੀਤੀ। ਕੋਈ ਕਾਰਵਾਈ ਨਾ ਹੁੰਦੀ ਦੇਖ, ਉਸ ਨੇ ਮੁੜ ਚੰਡੀਮੰਦਰ ਪੁਲਿਸ ਥਾਣੇ ਸ਼ਿਕਾਇਤ ਕਰਨੀ ਚਾਹੀ। ਜਿੱਥੇ ਪੁਲਿਸ ਅਧਿਕਾਰੀਆਂ ਨੇ ਉਸਨੂੰ ਸਲਾਹ ਦਿੱਤੀ ਕਿ "ਜਿੱਥੇ ਉਸ ਨਾਲ ਗਲਤ ਹੋਇਆ ਹੈ ਉੱਥੇ ਸ਼ਿਕਾਇਤ ਕੀਤੀ ਜਾਵੇ।"

ਜਿਸ ਤੋਂ ਬਾਅਦ ਉਸਨੂੰ ਬਲਟਾਣਾ ਚੌਂਕੀ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਕਈ ਗੇੜੇ ਮਾਰਨੇ ਪਏ।

ਪਰਿਵਾਰ 'ਚ ਪੁਲਿਸ ਮੁਲਾਜ਼ਮਾਂ ਖਿਲਾਫ ਰੋਸ

ਲੜਕੀ ਦੇ ਪਰਿਵਾਰਕ ਮੈਂਬਰਾਂ ਅੰਦਰ ਬਲਟਾਣਾ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਦੇ ਰਵੱਈਏ ਪ੍ਰਤੀ ਰੋਸ ਹੈ।

ਉਨ੍ਹਾਂ ਦਾ ਇਲਜ਼ਾਮ ਹੈ, " ਜਦੋਂ ਉਹ ਅੱਗ ਨਾਲ ਸੜ ਰਹੀ ਸੀ ਤਾਂ ਤੁਰੰਤ ਉਸਨੂੰ ਬੁਝਾਉਣ ਦੀ ਥਾਂ ਪੁਲਿਸ ਮੁਲਾਜ਼ਮਾਂ ਨੇ ਖੁਦ ਆਪਣੇ ਫੋਨ 'ਤੇ ਵੀਡੀਓ ਬਣਾਈ। ਸਾਡੀ ਧੀ ਦੇ ਦੋ ਮੋਬਾਈਲ ਫੋਨ ਵੀ ਪੁਲਿਸ ਨੇ ਖੋਹ ਲਏ, ਜਿਨ੍ਹਾਂ ਨੂੰ ਵਾਪਸ ਮੰਗਣ 'ਤੇ ਵੀ ਪੁਲਿਸ ਵਾਪਸ ਨਹੀਂ ਕਰ ਰਹੀ।"

ਹਾਲਾਂਕਿ ਇਸ ਸੰਬੰਧੀ ਐਸ.ਡੀ. ਜ਼ੀਰਕਪੁਰ ਦੇ ਏਐਸਪੀ ਗ਼ਜ਼ਲਪ੍ਰੀਤ ਕੌਰ ਨੇ ਬੀਬੀਸੀ ਨੂੰ ਦੱਸਿਆ ਕਿ ਮਹਿਲਾ ਦਾ ਕੋਈ ਵੀ ਫੋਨ ਪੁਲਿਸ ਕਸਟੱਡੀ ਵਿੱਚ ਨਹੀਂ ਹੈ। ਜਾਂਚ ਚੱਲ ਰਹੀ ਹੈ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਏਐਸਪੀ ਕੌਰ ਨੇ ਦੱਸਿਆ ਕਿ ਇਸ ਮਾਮਲੇ 'ਚ ਬਲਟਾਣਾ ਚੌਂਕੀ ਇੰਚਾਰਜ ਅਤੇ ਜਾਂਚ ਅਧਿਕਾਰੀ ਨੂੰ ਲਾਈਨ ਹਾਜ਼ਰ ਵੀ ਕਰ ਲਿਆ ਗਿਆ ਹੈ। ਵਿਭਾਗੀ ਜਾਂਚ ਮੁਕੰਮਲ ਹੋਣ 'ਤੇ ਅਗਲੀ ਕਾਰਵਾਈ ਵੀ ਕੀਤੀ ਜਾਵੇਗੀ।

ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਪੰਜਾਬ ਮਹਿਲਾ ਕਮਿਸ਼ਨ ਚੇਅਰਪਰਸਨ ਰਾਜ ਲਾਲੀ ਗਿੱਲ

ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸ਼ੁੱਕਰਵਾਰ ਸਵੇਰੇ ਹਸਪਤਾਲ ਪਹੁੰਚ ਕੇ ਮਹਿਲਾ ਨਾਲ ਮੁਲਾਕਾਤ ਕੀਤੀ। ਇਸਤੋਂ ਪਹਿਲਾਂ ਕਮਿਸ਼ਨ ਵੱਲੋਂ ਸੂਮੋਟੋ ਨੋਟਿਸ ਵੀ ਲਿਆ ਗਿਆ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਮਹਿਲਾ ਦੀ ਹਾਲਤ ਬਹੁਤ ਗੰਭੀਰ ਹੈ ਪਰ ਉਸਨੇ ਹਿੰਮਤ ਕਰਕੇ ਮੇਰੇ ਨਾਲ ਗੱਲ ਕੀਤੀ ਅਤੇ ਆਪਣੇ ਨਾਲ ਵਾਪਰੇ ਸਾਰੇ ਘਟਨਾਕ੍ਰਮ ਨੂੰ ਸਾਂਝਾ ਕੀਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਜਿਨ੍ਹਾਂ ਵੀ ਅਧਿਕਾਰੀਆਂ ਨੇ ਉਸਦੀ ਗੱਲ ਸੁਣ ਕੇ ਕਾਰਵਾਈ ਨਾ ਕਰਨ ਦੀ ਅਣਗਹਿਲੀ ਕੀਤੀ ਹੈ ਉਨ੍ਹਾਂ ਖਿਲਾਫ ਅਸੀਂ ਜਲਦ ਤੋਂ ਜਲਦ ਸਖਤ ਐਕਸ਼ਨ ਲਵਾਂਗੇ।"

ਇਸ ਤੋਂ ਇਲਾਵਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨਰ ਜਤਿੰਦਰ ਸਿੰਘ ਸ਼ੰਟੀ ਨੇ ਬੀਬੀਸੀ ਨੂੰ ਦੱਸਿਆ ਕਿ ਕਮਿਸ਼ਨ ਨੇ ਇਸ ਮਾਮਲੇ ਵਿੱਚ ਸੂਮੋਟੋ ਨੋਟਿਸ ਲਿਆ ਸੀ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਲਾਈਨ ਹਾਜ਼ਰ ਕਰਕੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)