You’re viewing a text-only version of this website that uses less data. View the main version of the website including all images and videos.
ਗੁਰਿੰਦਰਵੀਰ ਨੇ 6 ਸਾਲਾਂ ਤੋਂ ਕਿਉਂ ਸੰਭਾਲ ਰੱਖਿਆ 500 ਦਾ ਨੋਟ, ਕੀ ਹੈ ਦੇਸ਼ ਦੇ ਸਭ ਤੋਂ ਤੇਜ਼ ਦੌੜਾਕ ਦੇ ਸੰਘਰਸ਼ ਦੀ ਕਹਾਣੀ
- ਲੇਖਕ, ਹਰਪਿੰਦਰ ਸਿੰਘ ਟੌਹੜਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
"ਇਹ 500 ਦਾ ਨੋਟ ਯਾਦ ਦਵਾਉਂਦਾ ਕਿ ਮੈਂ ਉਹ ਸਮਾਂ ਵੀ ਦੇਖਿਆ"
ਇਹ ਸ਼ਬਦ ਗੁਰਿੰਦਰਵੀਰ ਸਿੰਘ ਦੇ ਹਨ ਜੋ ਅੱਜ ਕਿਸੇ ਪਛਾਣ ਦੇ ਮੁਥਾਜ ਨਹੀਂ।
ਪਿਛਲੇ ਕਰੀਬ ਛੇ ਸਾਲਾਂ ਤੋਂ ਗੁਰਿੰਦਰ ਨੇ ਉਹ 500 ਦਾ ਨੋਟ ਸੰਭਾਲ ਕੇ ਰੱਖਿਆ ਜੋ ਉਨ੍ਹਾਂ ਨੇ ਟੋਲ ਦੇਣ ਲਈ ਕਿਸੇ ਤੋਂ ਲਿਆ ਸੀ, ਕਿਉਂਕਿ ਉਸ ਸਮੇਂ ਉਨ੍ਹਾਂ ਕੋਲ ਪੈਸੇ ਨਹੀਂ ਸੀ, ਪਰ ਖਰਚਿਆ ਨਹੀਂ ਅਤੇ ਅੱਜ ਵੀ ਆਪਣੇ ਕੋਲ ਸੰਭਾਲ ਕੇ ਰੱਖਿਆ।
ਗੁਰਿੰਦਰਵੀਰ ਕਹਿੰਦੇ ਹਨ ਕਿ ਇਹ ਨੋਟ ਮੈਨੂੰ ਸੰਘਰਸ਼ ਦੇ ਦਿਨਾਂ ਦੀ ਯਾਦ ਦਵਾਉਂਦਾ ਹੈ।
ਮਹਿਜ਼ 10.9 ਸੈਕਿੰਡ ਵਿੱਚ 100 ਮੀਟਰ ਦੀ ਦੌੜ ਪੂਰੀ ਕਰਨ ਦਾ ਨੈਸ਼ਨਲ ਰਿਕਾਰਡ ਬਣਾਉਣ ਵਾਲੇ ਗੁਰਿੰਦਰ ਲਈ ਇਹ ਮੁਕਾਮ ਹਾਸਲ ਕਰਨਾ ਆਸਾਨ ਨਹੀਂ ਸੀ। ਬੀਬੀਸੀ ਨੇ ਗੁਰਿੰਦਰਵੀਰ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਜਾਣੀ
'ਲੋਕ 100 ਮੀਟਰ ਰੇਸ ਛੱਡਣ ਦੀ ਦਿੰਦੇ ਸੀ ਸਲਾਹ'
ਗੁਰਿੰਦਰਵੀਰ ਦੱਸਦੇ ਹਨ ਕਿ ਜਦੋਂ ਤੋਂ ਉਨ੍ਹਾਂ 100 ਮੀਟਰ ਰੇਸ ਦੀ ਤਿਆਰੀ ਸ਼ੁਰੂ ਕੀਤੀ ਉਦੋਂ ਤੋਂ ਲੋਕ ਉਨ੍ਹਾਂ ਨੂੰ ਇਹ ਸੁਪਨੇ ਛੱਡਣ ਦੀ ਸਲਾਹ ਦਿੰਦੇ ਸਨ। ਲੋਕਾਂ ਨੂੰ ਇਹ ਭਰੋਸਾ ਹੀ ਨਹੀਂ ਹੁੰਦਾ ਸੀ ਕਿ ਅਸੀਂ 100 ਮੀਟਰ ਰੇਸ ਵਿੱਚ ਰਿਕਾਰਡ ਬਣਾ ਸਕਦੇ ਹਨ।
ਉਹ ਕਹਿੰਦੇ ਹਨ, "ਕਈ ਮੁਕਾਬਲੇ ਜਿੱਤਣ ਦੇ ਬਾਵਜੂਦ ਵੀ ਮੈਨੂੰ ਇਹੀ ਸੁਣਨ ਨੂੰ ਮਿਲਦਾ ਸੀ। ਅੰਡਰ-14, ਅੰਡਰ-18, ਅੰਡਰ-20 ਦੇ ਮੁਕਾਬਲਿਆਂ ਦੌਰਾਨ ਵੀ ਮੈਂ ਰਿਕਾਰਡ ਬਣਾਏ ਸੀ ਪਰ ਉਦੋਂ ਤੱਕ ਮੈਨੂੰ ਸੁਣਨ ਨੂੰ ਮਿਲਦਾ ਰਿਹਾ ਕਿ ਅਜੇ ਵੀ ਸਮਾਂ ਹੈ, ਤੁਸੀਂ ਇਵੈਂਟ ਬਦਲ ਲਓ, ਇਹ ਨਹੀਂ ਹੋ ਸਕਦਾ ਪਰ ਮੈਂ ਉਨ੍ਹਾਂ ਦੀ ਨਹੀਂ ਸੁਣੀ ਅਤੇ ਅਭਿਆਸ ਕਰਦਾ ਰਿਹਾ। ਮੈਨੂੰ ਖੁਸ਼ੀ ਹੈ ਕਿ ਹੁਣ ਲੋਕ ਕਹਿ ਰਹੇ ਹਨ ਕਿ ਅਸੀਂ ਸਪ੍ਰਿੰਟ ਕਰ ਸਕਦੇ ਹਾਂ।"
'ਸ਼ਹੀਦਾਂ ਦੀਆਂ ਵਾਰਾਂ ਤੋਂ ਲੈਂਦਾ ਪ੍ਰੇਰਨਾ'
ਗੁਰਿੰਦਰਵੀਰ ਦੱਸਦੇ ਹਨ ਕਿ ਲੋਕ ਭਰੋਸਾ ਨਹੀਂ ਕਰਦੇ ਸਨ ਪਰ ਫਿਰ ਵੀ ਮੈਂ ਡਟਿਆ ਰਿਹਾ।
ਉਹ ਦੱਸਦੇ ਹਨ, "ਮੇਰਾ ਪਰਿਵਾਰ ਅਕਸਰ ਮੈਨੂੰ ਸ਼ਹੀਦਾਂ ਦੀਆਂ ਵਾਰਾਂ ਸੁਣਾਉਂਦਾ ਸੀ। ਭਾਈ ਬਚਿੱਤਰ ਸਿੰਘ ਨੇ ਹਾਥੀ ਦਾ ਮੁਕਾਬਲਾ ਕੀਤਾ ਸੀ। ਸ. ਹਰੀ ਸਿੰਘ ਨਲੂਆ ਨੇ ਸ਼ੇਰ ਦਾ ਜਬਾੜਾ ਪਾੜ ਦਿੱਤਾ ਸੀ। ਮੈਂ ਆਪਣੇ ਸਿੰਘਾਂ ਤੋਂ ਹੀ ਜੋਸ਼ ਲੈਂਦਾ ਹਾਂ। ਮੈਂ ਕਿਹੜਾ ਸ਼ੇਰ ਜਾਂ ਹਾਥੀ ਨਾਲ ਲੜਨਾ, ਮੈਂ ਤਾਂ ਭੱਜਣਾ ਅਤੇ ਮੈਂ ਭੱਜ ਕੇ ਦਿਖਾਵਾਂਗਾ।"
ਜਦੋਂ ਸਿਹਤ ਨੇ ਛੱਡ ਦਿੱਤਾ ਸੀ ਸਾਥ
ਬਚਪਨ ਤੋਂ ਹੀ ਤੇਜ਼ ਦੌੜਾਕ ਬਣਨ ਦਾ ਸੁਪਨਾ ਦੇਖ ਰਹੇ ਗੁਰਿੰਦਰਵੀਰ ਦੇ ਰਾਹ ਵਿੱਚ ਸਿਹਤ ਵੀ ਅੜਿੱਕਾ ਬਣੀ। ਸਾਲ 2022 ਦੇ ਆਸ-ਪਾਸ ਉਨ੍ਹਾਂ ਨੂੰ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਪਾਚਨ ਸ਼ਕਤੀ ਕਮਜ਼ੋਰ ਹੋ ਗਈ ਸੀ, ਜਿਸ ਕਾਰਨ ਭਾਰ ਤੇਜ਼ੀ ਨਾਲ ਘਟਿਆ।
ਗੁਰਿੰਦਰਵੀਰ ਦੱਸਦੇ ਹਨ, "2022 ਵਿੱਚ ਮੈਂ ਧਰਮਸ਼ਾਲਾ ਵਿੱਚ ਸੀ। ਉੱਥੇ ਮੇਰਾ ਭਾਰ 8 ਦਿਨਾਂ ਵਿੱਚ ਕਰੀਬ 12 ਕਿਲੋ ਘੱਟ ਗਿਆ ਸੀ। ਮੈਂ ਰੋਜ਼ ਭਾਰ ਚੈੱਕ ਕਰਨਾ ਤੋਂ ਡਰਦਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਕੀ ਹੋਇਆ।"
ਉਹ ਦੱਸਦੇ ਹਨ ਕਿ ਇਨ੍ਹਾਂ ਦਿਨਾਂ ਵਿੱਚ ਵੀ ਉਹ ਟ੍ਰੇਨਿੰਗ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਸਨ ਪਰ ਸਿਹਤ ਸਾਥ ਨਹੀਂ ਦੇ ਰਹੀ ਸੀ। ਉਹ ਕਹਿੰਦੇ ਹਨ, "ਮੈਂ ਆਪਣੇ ਕੋਚ ਨੂੰ ਸਵਾਲ ਕੀਤਾ ਕਿ ਕੀ ਮੈਂ ਭੱਜ ਸਕਾਂਗਾ। ਮੇਰੇ ਪਿਤਾ ਨੇ ਕਿਹਾ ਕਿ ਜੇ ਨਹੀਂ ਭੱਜਿਆ ਜਾ ਰਿਹਾ ਤਾਂ ਘਰ ਵਾਪਸ ਆ ਜਾ। ਅਸੀਂ ਕੁਝ ਹੋਰ ਕਰ ਲਵਾਂਗੇ।"
ਗੁਰਿੰਦਰਵੀਰ ਦੱਸਦੇ ਹਨ ਕਿ ਉਹ ਸਮਾਂ ਉਨ੍ਹਾਂ ਲਈ ਬਹੁਤ ਮੁਸ਼ਕਿਲ ਭਰਿਆ ਸੀ। ਉਨ੍ਹਾਂ ਨੂੰ ਘਰ ਵਾਪਸ ਆਉਣਾ ਪਿਆ। ਇਸ ਦੌਰਾਨ ਉਨ੍ਹਾਂ ਨੇ ਕਈ ਡਾਕਟਰਾਂ ਨੂੰ ਚੈੱਕ ਕਰਵਾਇਆ।
ਅਖੀਰ ਇੱਕ ਡਾਕਟਰ ਵੱਲੋਂ ਸੁਝਾਈਆਂ ਦਵਾਈਆਂ ਨੇ ਅਸਰ ਕੀਤਾ ਅਤੇ ਕਰੀਬ ਸਾਲ ਬਾਅਦ ਉਨ੍ਹਾਂ ਦੀ ਸਿਹਤ ਮੁੜ ਪਟੜੀ 'ਤੇ ਆਉਣੀ ਸ਼ੁਰੂ ਹੋਈ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੜ ਟ੍ਰੈਕ 'ਤੇ ਵਾਪਸੀ ਕੀਤੀ ਅਤੇ ਪੂਰੀ ਤਨਦੇਹੀ ਨਾਲ ਟ੍ਰੇਨਿੰਗ ਕਰਨੀ ਸ਼ੁਰੂ ਕਰ ਦਿੱਤੀ।
'ਮਾਂ ਨੂੰ ਮਿਲੇ ਸਾਲ ਹੋ ਗਿਆ'
ਗੁਰਿੰਦਰਵੀਰ ਦੱਸਦੇ ਹਨ ਕਿ ਉਹ ਆਪਣੀ ਟ੍ਰੇਨਿੰਗ ਨੂੰ ਲੈਕੇ ਪਾਬੰਦ ਹਨ ਕਿ ਕਰੀਬ ਇੱਕ ਸਾਲ ਤੋਂ ਘਰ ਨਹੀਂ ਗਏ। ਮਾਂ ਨੂੰ ਮਿਲੇ ਕਰੀਬ ਸਾਲ ਹੋ ਗਿਆ।
ਆਪਣੀ ਕਾਮਯਾਬੀ ਦਾ ਸਿਹਰਾ ਮਾਂ-ਬਾਪ ਨੂੰ ਦਿੰਦਿਆਂ ਗੁਰਿੰਦਰਵੀਰ ਦੱਸਦੇ ਹਨ ਕਿ ਉਨ੍ਹਾਂ ਦੀ ਕਾਮਯਾਬੀ ਪਿੱਛੇ ਪਰਿਵਾਰ ਦਾ ਵੀ ਸੰਘਰਸ਼ ਹੈ।
ਉਹ ਕਹਿੰਦੇ ਹਨ, "ਮੇਰੇ ਪਿਤਾ ਨਾਈਟ ਸ਼ਿਫਟ ਕਰਦੇ ਸਨ ਪਰ ਬਾਵਜੂਦ ਇਸ ਦੇ ਡਿਊਟੀ ਤੋਂ ਸਿੱਧਾ ਜਲੰਧਰ ਮੈਨੂੰ ਰੋਟੀ ਦੇਣ ਆਉਂਦੇ ਸਨ ਅਤੇ ਫਿਰ ਵਾਪਸ ਜਾ ਕੇ ਆਰਾਮ ਕਰਦੇ ਸਨ।"
ਗੁਰਿੰਦਰ ਦੱਸਦੇ ਹਨ ਕਿ ਜਦੋਂ ਉਨ੍ਹਾਂ ਦੀ ਭੈਣ ਦਾ ਵਿਆਹ ਸੀ ਤਾਂ ਉਨ੍ਹਾਂ ਦੇ ਪਿਤਾ ਨੇ ਨਵੇਂ ਕੱਪੜੇ ਤੱਕ ਨਹੀਂ ਸੀ ਖਰੀਦੇ।
ਉਹ ਕਹਿੰਦੇ ਹਨ ਕਿ ਮਾਤਾ-ਪਿਤਾ ਨੇ ਉਨ੍ਹਾਂ ਪਿੱਛੇ ਬਹੁਤ ਸੰਘਰਸ਼ ਕੀਤਾ ਅਤੇ ਉਹ ਹੁਣ ਉਨ੍ਹਾਂ ਦੇ ਸੁਪਨੇ ਪੂਰੇ ਕਰਨਾ ਚਾਹੁੰਦੇ ਹਨ।
'ਹੁਣ ਨਵੇਂ ਰਿਕਾਰਡ ਬਣਾਉਣ 'ਤੇ ਫੋਕਸ'
ਰਾਂਚੀ ਵਿੱਚ ਹੋਏ ਨੈਸ਼ਨਲ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਮੁਕਾਬਲੇ ਦੇ ਫਾਈਨਲ ਵਿੱਚ ਗੁਰਿੰਦਰਵੀਰ ਨੇ 10.09 ਸੈਕਿੰਡ ਵਿੱਚ 100 ਮੀਟਰ ਸਪ੍ਰਿੰਟ ਪੂਰੀ ਕਰਨ ਦਾ ਰਿਕਾਰਡ ਕਾਇਮ ਕੀਤਾ ਸੀ ਅਤੇ ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ ਦੌੜਾਕ ਹਨ।
ਇਸ ਮੁਕਾਬਲੇ ਦੌਰਾਨ ਗੁਰਿੰਦਰਵੀਰ ਨੇ ਆਪਣੀ ਜਰਸੀ 'ਤੇ ਲੱਗੇ ਬਿਬ ਨੰਬਰ 'ਤੇ ਲਿਖਿਆ ਸੀ, 'ਟਾਸਕ ਇਜ਼ ਨੌਟ ਫਿਨਿਸ਼ਡ ਯੈੱਟ, ਵੇਟ ਆਈ ਐਮ ਸਟਿੱਲ ਸਟੈਂਡਿੰਗ ('ਕੰਮ ਅਜੇ ਪੂਰਾ ਨਹੀਂ ਹੋਇਆ; ਇੰਤਜ਼ਾਰ ਕਰੋ, ਮੈਂ ਅਜੇ ਵੀ ਖੜ੍ਹਾ ਹਾਂ।)'
ਹਾਲਾਂਕਿ ਗੁਰਿੰਦਰ ਕਹਿੰਦੇ ਹਨ ਕਿ ਉਨ੍ਹਾਂ ਨੇ ਇਹ ਨਹੀਂ ਸੋਚਿਆ ਸੀ ਕਿ ਉਹ ਰਿਕਾਰਡ ਬਣਾਉਣਗੇ, ਸਿਰਫ਼ ਇਹ ਸੋਚਿਆ ਸੀ ਕਿ ਚੰਗਾ ਦੌੜਨਾ ਹੈ।
ਉਹ ਕਹਿੰਦੇ ਹਨ, "ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਰਿਕਾਰਡ ਬਣਾਉਣ ਵਿੱਚ ਕਾਮਯਾਬ ਰਿਹਾ। ਦੇਸ਼ ਨੇ ਮੈਨੂੰ ਮਾਣ ਦਿੱਤਾ ਅਤੇ ਹੁਣ ਉਹ ਮੇਰੇ 'ਤੇ ਹੋਰ ਭਰੋਸਾ ਕਰ ਰਹੇ ਹਨ। ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਸੋਚਣ ਲੱਗੇ ਹਨ ਕਿ ਇਹ ਸੰਭਵ ਹੈ।"
ਗੁਰਿੰਦਰਵੀਰ ਸਿੰਘ ਨੂੰ ਰਿਲਾਇੰਸ ਫਾਊਂਡੇਸ਼ਨ ਨੇ ਅਡਾਪਟ ਕੀਤਾ ਹੈ। ਉਹ ਦੱਸਦੇ ਹਨ ਕਿ ਇਸ ਤੋਂ ਪਹਿਲਾਂ ਉਨ੍ਹਾਂ ਕੋਲ ਆਪਣੀ ਡਾਈਟ, ਕੋਚ ਅਤੇ ਟ੍ਰੇਨਿੰਗ ਨੂੰ ਲੈਕੇ ਜ਼ਿਆਦਾ ਸਹੂਲਤਾਂ ਨਹੀਂ ਸਨ। ਪੈਸਿਆਂ ਦੀ ਕਮੀ ਕਾਰਨ ਉਨ੍ਹਾਂ ਨੂੰ ਅਕਸਰ ਸਮਝੌਤਾ ਕਰਨਾ ਪੈਂਦਾ ਸੀ। ਪਰ ਹੁਣ ਰਿਲਾਇੰਸ ਫਾਊਂਡੇਸ਼ਨ ਡਾਈਟ ਤੋਂ ਲੈਕੇ ਕੋਚ ਤੱਕ ਦਾ ਪੂਰਾ ਧਿਆਨ ਰੱਖਦੀ ਹੈ।
ਗੁਰਿੰਦਰ ਕਹਿੰਦੇ ਹਨ ਕਿ ਹੁਣ ਉਨ੍ਹਾਂ ਦਾ ਫੋਕਸ ਆਉਣ ਵਾਲੇ ਮੁਕਾਬਲਿਆਂ 'ਤੇ ਹੈ। ਉਹ ਕਹਿੰਦੇ ਹਨ ਕਿ ਓਲਪਿੰਕਸ ਵਿੱਚ ਖੇਡਣਾ ਅਤੇ ਮੈਡਲ ਜਿੱਤਣਾ ਉਨ੍ਹਾਂ ਦਾ ਸੁਪਨਾ ਹੈ ਪਰ ਫਿਲਹਾਲ ਉਨ੍ਹਾਂ ਦਾ ਫੋਕਸ ਆਉਣ ਵਾਲੀਆਂ ਕਾਮਨਵੈਲਥ ਅਤੇ ਏਸ਼ੀਅਨ ਖੇਡਾਂ 'ਤੇ ਹੈ।
ਕੰਪੀਟੀਸ਼ਨ ਦੌਰਾਨ ਸਟ੍ਰੈਸ ਨੂੰ ਕਿਵੇਂ ਡੀਲ ਕਰਦੇ ?
ਗੁਰਿੰਦਰ ਦੱਸਦੇ ਹਨ ਕਿ ਮੁਕਾਬਲਿਆਂ ਦੌਰਾਨ ਉਨ੍ਹਾਂ ਨੂੰ ਕਦੇ ਸਟ੍ਰੈਸ ਨਹੀਂ ਹੁੰਦਾ। ਸਗੋਂ ਸਟ੍ਰੈਸ ਉਦੋਂ ਹੁੰਦਾ ਹੈ ਜਦੋਂ ਕਿਸੇ ਕਾਰਨ ਉਹ ਪ੍ਰੈਕਟਿਸ ਨਹੀਂ ਕਰ ਪਾਉਂਦੇ।
ਉਹ ਕਹਿੰਦੇ ਹਨ, "ਫਤਿਹ ਤਾਂ ਵਾਹਿਗੁਰੂ ਨੇ ਦੇਣੀ ਹੈ। ਹਾਰ ਤੋਂ ਕਦੇ ਡਰ ਨਹੀਂ ਲੱਗਿਆ। ਜਦੋਂ ਕਦੇ ਹਾਰ ਹੁੰਦੀ ਹੈ ਤਾਂ ਉਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ